Tuesday, July 05, 2011

"ਸਾਨੂੰ ਸਿਰਫ ਇਨਸਾਫ਼ ਦੀ ਲੋੜ ਹੈ ਕਿਸੇ ਰਹਿਮ ਦੀ ਨਹੀਂ."

ਫਿਰ ਉਠਿਆ ਸਪਲਿਟ ਜਜਮੈਂਟ ਦਾ ਹਵਾਲਾ:ਰਣਜੀਤ ਸਿੰਘ ਗਿੱਲ ਉਰਫ ਕੁੱਕੀ ਵੀ ਪੁੱਜੇ 
"ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸਾਨੂੰ ਸਿਰਫ ਇਨਸਾਫ਼ ਦੀ ਲੋੜ ਹੈ ਕਿਸੇ ਰਹਿਮ ਦੀ ਨਹੀਂ." ਇਹ ਆਵਾਜ਼  ਬੁਲੰਦ ਹੋਈ  ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਵਿੱਚ ਬਣੇ ਲੁਧਿਆਣਾ ਦੇ ਗੁਰਦੁਆਰਾ ਸ਼ਹੀਦਾਂ ਵਿੱਚ. ਮੰਗਲਵਾਰ ਪੰਜ ਜੁਲਾਈ ਨੂੰ ਹੋਈ ਇੱਕ ਅਹਿਮ ਮੀਟਿੰਗ ਵਿੱਚ ਸਿੱਖ ਸੰਘਰਸ਼ ਦੀ ਮਹਤਵਪੂਰਣ ਸ਼ਖਸੀਅਤ ਰਣਜੀਤ ਸਿੰਘ ਗਿੱਲ ਕੁੱਕੀ ਵੀ ਉਚੇਚੇ ਤੌਰ ਤੇ ਸਮਾਂ ਕਢਕੇ ਸ਼ਾਮਿਲ ਹੋਏ. ਨਵੰਬਰ ਚੁਰਾਸੀ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ 26 ਸਾਲਾਂ ਮਗਰੋਂ ਹੋਂਦ ਚਿਲੜ ਦਾ ਪਤਾ ਲਾਉਣ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਕੋਸ਼ਿਸ਼ਾਂ ਨਾਲ ਹੋਈ ਇਸ ਖਾਸ ਬੈਠਕ ਵਿੱਚ ਕਈ ਹੋਰ ਮੁੱਦੇ ਵੀ ਵਿਚਾਰੇ ਗਏ. ਬੇਬਾਕੀ ਨਾਲ ਕਈ ਮਾਮਲਿਆਂ ਤੋਂ ਪਰਦੇ ਉਠਾਉਣ ਵਾਲੇ ਪਤਰਕਾਰ ਬਲਜੀਤ ਸਿੰਘ ਖਾਲਸਾ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਸਨ. ਉਹੀ ਬਲਜੀਤ ਸਿੰਘ ਜਿਹੜੇ  ਜਿਹੜੇ ਪਹਿਲਾਂ ਖਾਲਸਾ ਫਤਿਹਨਾਮਾ ਰਾਹੀਂ ਆਪਣੀ ਅਵਾਜ਼ ਬੁਲੰਦ ਕਰਦੇ ਸਨ ਅਤੇ ਹੁਣ ਵੰਗਾਰ ਨਾਮੀ ਪਰਚੇ ਰਾਹੀਂ ਇਸ ਸਿਲਸਿਲੇ ਨੂੰ ਜਾਰੀ ਰੱਖ ਰਹੇ ਹਨ. ਇਸੇ ਤਰਾਂ ਆਨੰਦਪੁਰ ਸਾਹਿਬ ਤੋਂ ਆਏ ਕਮਲਜੀਤ ਸਿੰਘ ਅਤੇ ਕਈ ਹੋਰ ਵੀ ਸ਼ਾਮਿਲ ਹੋਏ. ਮਨਵਿੰਦਰ ਸਿੰਘ ਦੇ ਪਿਤਾ ਗੁਰਮੇਲ ਸਿੰਘ ਖਾਲਸਾ ਨੇ ਮੀਟਿੰਗ ਦੀ ਕਾਰਵਾਈ ਦਾ ਸੰਚਾਲਨ ਬਹੁਤ ਹੀ ਅਨੁਸ਼ਾਸਨ ਨਾਲ ਕੀਤਾ. ਮੀਟਿੰਗ ਵਿੱਚ ਸਿੱਖ ਸੰਘਰਸ਼ ਦੀ ਮੋਹਰੀ ਕਤਾਰ ਵਾਲੇ ਸਰਗਰਮ ਆਗੂ ਰਣਜੀਤ ਸਿੰਘ ਗਿੱਲ ਕੁੱਕੀ ਨੇ ਆਪਣੇ ਸ਼ਬਦਾਂ ਵਿੱਚ ਸਿੱਖ ਸੰਘਰਸ਼  ਦੇ ਦਿਨਾਂ ਦੀ ਇੱਕ ਤਸਵੀਰ ਹੀ ਖਿਚ ਕੇ ਰੱਖ ਦਿੱਤੀ. ਉਹਨਾਂ ਦੱਸਿਆ ਕਿ ਅਮਰੀਕਨ ਜੇਲ੍ਹ ਦੀ ਸਜ਼ਾ ਦੌਰਾਨ ਉਹਨਾਂ ਨੇ ਕਈ ਸਾਲ  ਨਾਂ ਤਾਂ ਅਸਮਾਨ ਦੇਖਿਆ ਤੇ ਨਾਂ ਹੀ ਧਰਤੀ. ਨਾਂ ਹੀ ਤਾਜ਼ੀ ਹਵਾ ਅਤੇ ਨਾ ਹੀ ਤਾਰੇ. ਉਹਨਾਂ ਪਲਾਂ ਨੂੰ ਯਾਦ ਕਰਦਿਆਂ ਕੁੱਕੀ ਗਿੱਲ ਹੁਰਾਂ ਨੇ ਇਸ਼ਾਰੇ ਇਸ਼ਾਰੇ ਨਾਲ ਬਹੁਤ ਕੁਝ ਦੱਸਿਆ ਜੋ ਅੱਜ ਵੀ ਸੋਚਾਂ ਲਈ ਮਜਬੂਰ ਕਰਦਾ ਹੈ, ਜਹਿਨ ਵਿੱਚ ਕਈ ਸੁਆਲ ਉਠਾਉਂਦਾ ਹੈ. ਉਹਨਾਂ ਦੀਆਂ ਇਹਨਾਂ ਖਾਸ ਗੱਲਾਂ ਨੂੰ ਜਲਦੀ ਹੀ ਇੱਕ ਵੱਖਰੀ ਪੋਸਟ ਰਾਹੀਂ ਤੁਹਾਡੇ ਸਾਹਮਣੇ ਰੱਖਿਆ ਜਾਏਗਾ. ਪ੍ਰੋਫੈਸਰ ਭੁੱਲਰ ਦੇ ਮਾਮਲੇ ਵਿੱਚ ਸਪਲਿਟ ਜਜਮੈਂਟ  ਦਾ ਹਵਾਲਾ ਦੇਂਦਿਆਂ ਸਪਸ਼ਟ ਸ਼ਬਦਾਂ ਵਿੱਚ  ਉਹਨਾਂ 
ਇੱਕ ਪੁਰਾਨੀ ਤਸਵੀਰ 
ਕਿਹਾ ਕਿ ਇਨਸਾਫ਼ ਦਾ ਤਕਾਜਾ ਵੀ ਇਹੀ ਹੈ ਕਿ ਫਾਂਸੀ ਦੇ ਫੈਸਲੇ ਨੂੰ ਮੁੜ ਵਿਚਾਰ ਕੇ ਬਿਨਾ ਕਿਸੇ ਦੇਰੀ ਦੇ ਵਾਪਿਸ ਲਿਆ ਜਾਏ. ਇਸ ਗੱਲ ਤੇ ਸਾਰਿਆਂ ਨੇ ਸਰਬ ਸੰਮਤੀ ਵੀ ਪ੍ਰਗਟਾਈ. ਰਣਜੀਤ ਸਿੰਘ ਗਿੱਲ ਨੇ  ਪ੍ਰੋਫੈਸਰ ਭੁੱਲਰ ਦੇ ਪਰਿਵਾਰ ਅਤੇ ਖਾਸ ਕਰ ਪਤਨੀ ਨਵਨੀਤ ਕੌਰ ਦੀ ਕੁਰਬਾਨੀ ਦਾ ਵੀ ਉਚੇਚੇ ਤੌਰ ਤੇ ਕੀਤਾ. ਉਹਨਾਂ ਦੱਸਿਆ ਕਿ ਪ੍ਰੋਫੈਸਰ  ਭੁੱਲਰ ਦਾ ਵਿਆਹ ਹੋਏ ਨੂੰ ਅਜੇ ਸਿਰਫ 14 ਦਿਨ ਹੀ ਹੋਏ ਸਨ ਜਦੋਂ ਸਿੱਖ ਕੌਮ ਨਾਲ ਹੋਈਆਂ ਜ਼ਿਆਦਤੀਆਂ ਨੇ ਉਹਨਾਂ ਨੂੰ ਆਪਣਾ ਘਰ ਬਾਹ ਛੱਡਣ  ਤੇ ਮਜਬੂਰ ਕਰ ਦਿੱਤਾ. ਕਾਬਿਲੇ ਜ਼ਿਕਰ ਹੈ ਕਿ  ਸਿੱਖ ਸੰਘਰਸ਼ ਦੀਆਂ ਇਹਨਾਂ ਸਖਤੀਆਂ ਨੂੰ ਹਸ ਹਸ ਕੇ ਗਲੇ ਲਗਾਉਣ ਵਾਲੇ ਜਿਆਦਾਤਰ ਨੌਜਵਾਨ ਘਰੋਂ ਪੂਰੀ ਤਰਾਂ ਸੌਖੇ ਸਨ. ਨਾਂ ਉਹਨਾਂ ਨੂੰ ਕੋਈ ਕਮੀ ਸੀ ਤੇ ਨਾਂ ਹੀ ਕੋਈ ਤਕਲੀਫ਼ ਪਰ ਮਨ ਵਿੱਚ ਉਠਿਆਂ  ਦਰਦ  ਇਹਨਾਂ ਨੌਜਵਾਨਾਂ ਨੂੰ ਉਹਨਾਂ ਰਾਹਾਂ ਤੇ ਲੈ ਤੁਰਿਆ ਜਿਥੋਂ ਜਿਊਂਦੇ ਜੀਅ  ਵਾਪਿਸ ਮੁੜਣ ਦੀ ਕੋਈ ਸੰਭਾਵਨਾ ਹੀ ਨਹੀਂ ਸੀ.  ਹੋਂਦ ਚਿਲੜ ਦੇ ਖਂਡਰਾਂ ਨੂੰ ਨਵੰਬਰ-ਚੁਰਾਸੀ ਦੀ ਯਾਦਗਾਰ ਵੱਜੋਂ ਬਚਾਉਣ ਲਈ ਵੀ ਵਿਚਾਰਾਂ ਹੋਈਆਂ. ਇਸਦੇ ਨਾਲ ਹੀ ਸਿੱਖ ਸੰਘਰਸ਼ ਨੂੰ ਅਧਾਰ ਬਣਾ ਕੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਬੇਨਕਾਬ ਕਰਨ ਬਾਰੇ ਵੀ ਸਹਿਮਤੀ ਹੋਈ ਅਤੇ ਇਸ ਮਕਸਦ ਲਈ ਸੰਘਰਸ਼ ਦਾ ਐਲਾਨ ਅਗਲੀ ਮੀਟਿੰਗ ਵਿੱਚ ਕਰਨ ਦਾ ਫੈਸਲਾ ਵੀ ਕੀਤਾ ਗਿਆ., ਇੰਜੀਨੀਅਰ ਮਨਵਿੰਦਰ ਸਿੰਘ ਅਤੇ ਉਹਨਾਂ ਦੇ ਪਿਤਾ ਗੁਰਮੇਲ ਸਿੰਘ ਖਾਲਸਾ ਨੇ ਉਹਨਾਂ ਨਾਲ ਹੋਏ ਸਿਆਸੀ ਧੋਖਿਆਂ ਬਾਰੇ ਵੀ ਸੰਖੇਪ ਵਿੱਚ ਦੱਸਿਆ  ਅਤੇ ਕਿਹਾ ਕਿ ਜਲਦੀ ਹੋ ਉਹ ਸਾਰਾ ਪਰਦਾਫਾਸ਼ ਕਰਨਗੇ. ਰੈਕਟਰ ਕਥੂਰੀਆ  

No comments: