Thursday, June 30, 2011

ਮਾਮਲਾ ਭੁੱਲ ਜਾਣ ਅਤੇ ਮੁਆਫ ਕਰਨ ਦਾ !

ਅੰਮ੍ਰਿਤਸਰ: ਸਿੱਖ ਕੌਮ ਵਿੱਚ ਵੀ ਬਹੁਤ ਕੁਝ ਭੁੱਲ ਜਾਣ ਅਤੇ ਮੁਆਫ ਕਰਨ ਵਾਲਾ ਰਵਈਆ ਕੋਈ ਨਵਾਂ ਨਹੀਂ ਇਸ ਲਈ ਜੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਵੀ ਨਵੰਬਰ-84 ਨੂੰ ਭੁੱਲ ਜਾਣ ਅਤੇ ,ਮੁਆਫ ਕਰਨ ਦੀ ਗੱਲ ਆਖ ਹੀ ਦਿੱਤੀ ਤਾਂ ਇਸ ਨਾਲ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ.ਜਲਿਆਂਵਾਲਾ ਬਾਗ ਵਿੱਚ ਨਿਹੱਥੇ ਲੋਕਾਂ ਤੇ ਗੋਲੀ ਚਲਾਈ ਗਈ, ਸਾਰਾ ਦੇਸ਼ ਤੜਪ ਉੱਠਿਆ, ਹਾਹਾਕਾਰ ਮਚ ਗਈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਨਰਲ ਡਾਇਰ ਨੂੰ ਸਿਰੋਪਾ ਭੇਂਟ ਕੀਤਾ ਗਿਆ. ਜਦੋਂ ਬਲਿਊ ਸਟਾਰ ਆਪ੍ਰੇਸ਼ਨ ਹੋਇਆ ਤਾਂ ਆਮ ਸਿੱਖ ਨੂੰ ਲੱਗਦਾ ਸੀ ਕਿ ਬਸ ਹੁਣ ਨਾਂ ਤਾਂ ਏਸ ਪਾਰਟੀ ਨਾਲ ਬਣ ਸਕਦੀ ਹੈ ਨਾਂ ਹੀ ਏਸ ਸਰਕਾਰ ਨਾਲ ਤੇ ਨਾਂ ਹੀ ਏਸ ਸਿਸਟਮ ਨਾਲ ਪਰ ਉਸ ਵੇਲੇ ਦੀ ਲੀਡਰਸ਼ਿਪ ਨੇ ਸਭ ਕੁਝ ਭੁੱਲ ਭਲਾ ਕੇ ਪਜਾਬ ਸਮਝੌਤਾ ਵੀ ਕੀਤਾ ਅਤੇ ਸਤਾ ਦਾ ਸੁੱਖ ਭੋਗਣ ਦੇ ਨਵੇਂ ਚੈਪਟਰ ਦੀ ਸ਼ੁਰੂਆਤ ਵੀ ਕੀਤੀ. ਹੋਲੀ ਹੋਲੀ  ਦਿੱਲੀ ਦੇ ਸਿੱਖ ਲੀਡਰਾਂ ਨੇ ਵੀ ਆਪਣੀਆਂ ਪੁਰਾਣੀਆਂ ਸਾਂਝਾਂ ਵਧਾਈਆਂ ਅਤੇ ਬਲਿਊ ਸਟਾਰ ਅਪਰੇਸ਼ਨ ਦੀ ਕਾਰਵਾਈ ਕਰਨ ਵਾਲੀ ਸਰਕਾਰ ਅਤੇ ਪਾਰਟੀ ਨਾਲ ਖੁੱਲ ਕੇ ਮੋਢੇ ਨਾਲ ਮੋਢਾ ਜੋੜਿਆ. ਜਗਦੀਸ਼ ਟਾਈਟਲਰ ਵਰਗਿਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ..ਇਹ ਕੁਝ ਦਿੱਲੀ ਵਿੱਚ ਹੀ ਨਹੀਉਂ ਪੰਜਾਬ ਵਿੱਚ ਵੀ ਹੋਇਆ.  ਬਲਿਊ ਸਤਰ ਅਪਰੇਸ਼ਨ ਹੋਣ ਤੇ ਮਠਿਆਈਆਂ ਵੰਡਣ ਵਾਲਿਆਂ ਨਾਲ ਗਲਵਕੜੀਆਂ ਪਾਈਆਂ ਗਈਆਂ. ਇਸ ਸਭ ਕੁਝ ਨੂੰ ਧਿਆਨ ਵਿੱਚ ਰਖਦਿਆਂ ਜੇ ਹੁਣ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵਲੋਂ ’ਨਵੰਬਰ-84 ਦੇ ਦੁਖਾਂਤ ਸੰਬੰਧੀ ਦਿੱਤੇ ਗਏ ਬਿਆਨ ਤੇ ਏਨਾ ਵਾਵੇਲਾ ਕਿਓਂ?  ਕਬੀਲੇ ਜ਼ਿਕਰ ਹੈ ਕਿ ਇਸ ਬਿਆਨ ਦੇ ਬਾਅਦ ਕੁਝ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਵਾਉਣ ਦੇ ਕੀਤੇ ਗਏ ਦਾਅਵੇ ਦੇ ਬਾਅਦ ਜਿਥੇ ਇਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕਡ਼ ਨੇ ਕਿਹਾ ਕਿ ਇਹ ਜਥੇਬੰਦੀਆਂ ਪੀ. ਚਿਦਾਂਬਰਮ ਨੂੰ ਸਮਾਗਮ ‘ਚ ਸੱਦਣ ਵਾਲਿਆਂ ਵਿਰੁੱਧ ਕਿਉਂ ਨਹੀਂ ਬੋਲਦੀਆਂ ਜਦੋਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪੀ. ਚਿਦਾਂਬਰਮ ਨੂੰ ਸਮਾਗਮ ਵਿਚ ਸੱਦ ਕੇ ਅਜਿਹੀ ਬਿਆਨਬਾਜ਼ੀ ਕਰਵਾਉਣ ਵਾਲੇ ਸਿੱਖ ਆਗੂਆਂ ਦਾ ਪਤਾ ਲੱਗਣ ‘ਤੇ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਜਾਏਗਾ ਪਰ ਇਸ ਸਬੰਧੀ ਉਨ੍ਹਾਂ ਕੋਲ ਅਜੇ ਤਕ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ. ਉਹ ਅੱਜ ਸਾਰਾਗਡ਼੍ਹੀ ਨਿਵਾਸ ਦੀ ਉਸਾਰੀ ਦੀ ਆਰੰਭਤਾ ਮੌਕੇ ਟੱਕ ਲਾਉਣ ਉਪਰੰਤ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੀ. ਚਿਦਾਂਬਰਮ ਨੂੰ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਸੀ ਕਿ ਸਿੱਖ ਕੌਮ ਨਾਲ ਹੁਣ ਤਕ ਜੋ ਬੀਤੀ ਹੈ, ਉਸ ਦਾ ਸਿੱਖ ਕੌਮ ਨੂੰ ਕੀ ਇਨਸਾਫ ਦਿੱਤਾ ਗਿਆ ਹੈ? ਤੇ ਉਸਦੇ ਬਾਅਦ ਹੀ ਸਿੱਖ ਕੌਮ ਨੂੰ ਅਜਿਹਾ ਦੁਖਦਾਈ ਵਰਤਾਰਾ ਭੁੱਲਣ ਦੀ ਸਲਾਹ ਦੇਣੀ ਚਾਹੀਦੀ ਸੀ. ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਨਸਲਕੁਸ਼ੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਫਿਰ ਇਹ ਵਰਤਾਰਾ ਭੁੱਲਣ ਦੀ ਸਲਾਹ ਦਿੱਤੀ ਜਾਵੇ, ਜਦੋਂਕਿ ਦੂਸਰੇ ਪਾਸੇ ਜਥੇਦਾਰ ਅਵਤਾਰ ਸਿੰਘ ਮੱਕਡ਼ ਨੇ ਕਿਹਾ ਕਿ ਪੀ. ਚਿਦਾਂਬਰਮ ਕਾਂਗਰਸ ਪੱਖੀਆਂ ਨਾਲ ਮਿਲ ਕੇ ‘ਭੁੱਲ ਜਾਓ ਤੇ ਮੁਆਫ ਕਰੋ’ ਦੀ ਜੋ ਦੁਹਾਈ ਪਾ ਰਹੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੌਮ ਨੇ ਕਦੇ ਵੀ ਜਬਰ-ਜ਼ੁਲਮ ਕਰਨ ਵਾਲਿਆਂ ਨੂੰ ਮੁਆਫ ਨਹੀਂ ਕੀਤਾ। ਭਾਵੇਂ ਉਹ ਬਾਬਰ, ਔਰੰਗਜ਼ੇਬ, ਸਰਹਿੰਦ ਦਾ ਨਵਾਬ ਜਾਂ ਫਿਰੰਗੀ ਹੋਣ. ਕੌਮ ‘ਤੇ ਇੰਨਾ ਵੱਡਾ ਕਹਿਰ ਢਾਹਿਆ ਗਿਆ ਹੋਵੇ ਤੇ ਉਹ ਅੱਜ ਉਠ ਕੇ ਇਹ ਕਹਿਣ ਕਿ ਕੌਮ ਇਸ ਵਰਤਾਰੇ ਨੂੰ ਭੁੱਲ ਜਾਵੇ ਇਹ ਕਿਵੇਂ ਸੰਭਵ ਹੋ ਸਕਦਾ ਹੈ? ਉਨ੍ਹਾਂ  ਚਿਤਾਵਨੀ ਭਰੇ ਸ਼ਬਦਾਂ ‘ਚ ਚਿਦਾਂਬਰਮ ਨੂੰ ਇਹ ਵੀ ਕਿਹਾ ਕਿ ਉਹ ਭਵਿੱਖ ‘ਚ ਅਜਿਹਾ ਬਿਆਨ ਦੇ ਕੇ ਕੌਮ ਨੂੰ ਨਾ ਵੰਗਾਰਨ. ਇਕ ਸਵਾਲ ਦੇ ਜਵਾਬ ‘ਚ ਜਥੇਦਾਰ ਮੱਕਡ਼ ਨੇ ਕਿਹਾ ਕਿ ਉਹ ਪੀ. ਚਿਦਾਂਬਰਮ ਦੇ ਬਿਆਨ ਦੀ ਜਿਥੇ ਸਖਤ ਸ਼ਬਦਾਂ ‘ਚ ਨਿਖੇਧੀ ਕਰਦੇ ਹਨ, ਉਥੇ ਹੀ ਉਹ ਉਨ੍ਹਾਂ ਸਿੱਖ ਜਥੇਬੰਦੀਆਂ ਨੂੰ ਇਹ ਵੀ ਪੁੱਛਦੇ ਹਨ ਕਿ ਉਹ ਉਨ੍ਹਾਂ ਅਖੌਤੀ ਸਿੱਖ ਆਗੂਆਂ ਵਿਰੁੱਧ ਕਿਉਂ ਨਹੀਂ ਕੋਈ ਅਪਰਾਧਿਕ ਮਾਮਲਾ ਦਰਜ ਕਰਵਾਉਂਦੀਆਂ ਜਿਨ੍ਹਾਂ ਨੇ ਪੀ. ਚਿਦਾਂਬਰਮ ਨੂੰ ਸੱਦ ਕੇ ਅਜਿਹੀ ਬਿਆਨਬਾਜ਼ੀ ਕਰਵਾਈ ਹੈ.

ਇਹਨਾਂ ਵਿਚਾਰਾਂ ਵਿੱਚ ਨਿਸਚੇ ਹੀ ਦਰਦ ਵੀ ਹੈ ਅਤੇ ਦਲੀਲ ਵੀ ਪਰ ਜਮਾਨਾ ਵੋਟ ਪਾਲਿਟਿਕ੍ਸ ਦਾ ਹੈ ਜਿਸ ਵਿੱਚ ਬਹੁਤ ਕੁਝ੍ਝ ਕੁਰੇਦ ਕੁਰੇਦ ਕੇ ਯਾਦ ਕਰਨਾ ਅਤੇ ਕਰਾਉਣ ਪੈਂਦਾ ਹੈ ਅਤੇ ਬਹੁਤ ਕੁਝ ਫੇਰ ਭੁੱਲ ਭਲਾ ਕੇ ਅਗਲੇ ਪੰਜਾਂ ਸਾਲਾਂ ਲਈ ਸੱਤਾ ਸੁੱਖ ਭੋਗਣ ਦੀਆਂ ਨਿਤ ਨਵੀਆਂ ਨਵੀਆਂ ਵਿਓਂਤਾਂ ਬਨਾਉਣੀਆਂ ਪੈਂਦੀਆਂ ਹਨ.   

No comments: