Friday, June 24, 2011

ਉਹ ਵੀ ਸਮਾਂ ਸੀ

ਤੁਸੀਂ ਅੰਗ੍ਰੇਜ਼ਾਂ ਦੇ ਜਮਾਨੇ ਨੂੰ ਜਿੰਨਾ ਮਰਜ਼ੀ  ਮਾੜਾ  ਕਹਿ ਲਓ ਪਰ ਬਜੁਰਗ ਅੱਜ ਵੀ ਉਸ ਜ਼ਮਾਨੇ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ. ਅੰਗ੍ਰੇਜ਼ ਆਪਣੇ ਰਾਜਨੀਤਕ ਵਿਰੋਧੀਆਂ ਨਾਲ ਸਖਤੀਆਂ ਕਰਦੇ ਹੋਣਗੇ ਪਰ ਆਮ ਇਨਸਾਨ ਪ੍ਰਤੀ ਉਹਨਾਂ ਦੀ ਪਹੁੰਚ ਕੁਝ ਅਜਿਹੀ ਸੀ ਕਿ ਲੋਕ ਅੱਜ ਵੀ ਉਸਨੂੰ ਯਾਦ ਕਰਦੇ ਹਨ. ਇਸਦੀ ਇੱਕ ਮਿਸਾਲ ਬਣ ਕੇ ਖੜਾ ਹੈ ਰੇਲਵੇ ਸਟੇਸ਼ਨ ਬੜੋਗਸ਼ਿਮਲਾ ਨੇੜੇ ਸੋਲਾਂ ਜ਼ਿਲੇ ਵਿੱਚ ਬਣੇ ਹੋਏ ਇਸ ਰੇਲਵੇ ਸਟੇਸ਼ਨ ਅਤੇ ਇਸਦੇ ਨਾਮ ਬਾਰੇ ਇੱਕ ਅਜਿਹੀ ਕਹਾਣੀ ਹੈ ਜੋ ਉਸ ਯੁਗ ਅਤੇ ਅੱਜ ਦੇ ਸਮੇਂ ਬਾਰੇ ਬਿਨਾ ਕੋਈ ਭੂਮਿਕਾ ਬੰਨਿਆਂ ਬਹੁਤ ਕੁਝ ਦੱਸ ਦੇਂਦੀ ਹੈ. ਇਸ ਸਟੇਸ਼ਨ ਦਾ ਨਾਮ ਇੱਕ ਅਜਿਹੇ ਇੰਜੀਨੀਅਰ ਦੇ ਨਾਮ ਤੇ ਹੈ ਜਿਸ ਨੇ ਲਾਪਰਵਾਹੀ ਦਾ ਮਾਮੂਲੀ ਜਿਹਾ ਇਲਜ਼ਾਮ ਲੱਗਣ ਅਤੇ ਸਿਰਫ ਇੱਕ ਰੁਪੈ ਦਾ ਜੁਰਮਾਨਾ ਹੋਣ ਤੇ ਖੁਦਕੁਸ਼ੀ ਕਰ ਲਈ ਸੀ ਤੇ ਪਛਤਾਵੇ ਵੱਜੋਂ ਅੰਗ੍ਰੇਜ਼ਾਂ ਦੀ ਸਰਕਾਰ ਨੇ ਇਸ ਰੇਲਵੇ ਸਟੇਸ਼ਨ ਦਾ ਨਾਮ ਉਸਦੇ ਨਾਮ ਤੇ ਹੀ ਰੱਖ ਦਿੱਤਾ ਸੀ. ਦੇਖੋ ਇਹ ਸੀ ਅਧਿਕਾਰੀਆਂ ਅਤੇ ਸਰਕਾਰਾਂ ਦਰਮਿਆਨ ਇੱਕ ਰਿਸ਼ਤਾ ਜਿਸ ਵਿੱਚ ਮਾਮੂਲੀ ਜਿਹੀ ਦਰਾੜ ਵੀ ਕਿੰਨੀ ਗੰਭੀਰ ਬਣ ਜਾਂਦੀ ਸੀ. ਤੇ ਜਦੋਂ ਸਰਕਾਰਾਂ ਨੂੰ ਗਲਤੀਆਂ ਦਾ ਅਹਿਸਾਸ ਹੁੰਦਾ ਤਾਂ ਓਹ ਵੀ ਆਪਣੇ ਅਫਸਰਾਂ ਦਾ ਮਾਣ ਰੱਖਦੀਆਂ. ਹੁਣ ਕੀ ਹੁੰਦਾ ਹੈ ਇਹ ਸਾਰੇ ਜਾਣਦੇ ਹੀ ਹਨ. ਆਓ ਗੱਲ ਕਰਦੇ ਹਾਂ ਉਸ ਸਮੇਂ ਦੀ ਜਦੋਂ ਲੋਕਾਂ ਨੂੰ ਅਹਿਸਾਸ ਹੁੰਦਾ ਸੀ ਆਪਣੀ ਜਿੰਮੇਵਾਰੀ ਦਾ, ਆਪਣੇ ਕੰਮ ਦੇ ਮਾਨ ਦਾ, ਆਪਣੀ ਇਜ਼ਤ ਦਾ, ਆਪਣੀ ਮਰਿਯਾਦਾ ਦਾ, ਆਪਣੇ ਵੱਕਾਰ ਦਾ, ਮਾੜੀ ਜਿਹੀ ਉਂਗਲੀ ਦੇਖ ਕੇ ਲੋਕ ਆਪਣੇ ਬਾਰੇ ਸੋਚਾਂ ਲੱਗ ਪੈਂਦੇ ਸਨ. ਇਹ ਉਹ ਦੌਰ ਸੀ ਜਦੋਂ ਲੋਕ ਅੰਦਰੋਂ ਬਾਹਰੋਂ ਸੱਚੇ ਸੁੱਚੇ ਸਨ. ਮਾੜੀ ਜਿਹੀ ਗੱਲ ਹੋਵੇ ਸਹੀ ਬਾਸ ਚਿੰਤਾ ਲੱਗ ਜਾਂਦੀ ਸੀ...ਲਾਗਾ ਚੁਨਰੀ ਪੈ ਦਾਗ ਛੁਪਾਊਂ ਕੈਸੇ, ਘਰ ਜੂਨ ਕੈਸੇ....ਹੁਣ ਤਾਂ ਸਭ ਕੁਝ ਸਾਬਿਤ ਹੋ ਜਾਣ ਤੇ ਵੀ ਲੋਕ ਕੈਮਰੇ ਮੂਹਰੇ ਦੰਦ ਕਢਨੋਂ ਨੀ ਸ਼ਰਮਾਉਂਦੇ.
ਤੇ ਵਿਚਾਰੇ ਉਸ ਲਾਇਕ ਇੰਜੀਨੀਅਰ ਤੇ ਇਲ੍ਜ਼ਾਮ ਸੀ ਸਿਰਫ ਲਾਪਰਵਾਹੀ ਦਾ ਅਤੇ ਇਸ ਲਈ ਉਸਤੇ ਲਗਾਇਆ ਗਿਆ ਸੀ ਸਿਰਫ ਇੱਕ ਰੁਪਏ ਦਾ ਜੁਰਮਾਨਾ. ਕਾਲਕਾ ਤੋਂ  ਤਕਰੀਬਨ 42 ਕਿਲੋਮੀਟਰ ਦੂਰ ਬੜੋਗ ‘ਚ ਬਣੀ ਹੋਈ 1143.61 ਮੀਟਰ ਲੰਬਾਈ ਵਾਲੀ ਇਹ ਸੁਰੰਗ ਸੰਸਰ ਵਿੱਚ ਸਭ ਤੋਂ ਸਿਧੀ ਸੁਰੰਗ ਹੈ. ਇਸਦੇ ਖਤਮ ਹੁੰਦੀਆਂ ਸਾਰ ਹੀ ਸਟੇਸ਼ਨ ਆ ਜਾਂਦਾ ਹੈ.1.14 ਕਿਲੋਮੀਟਰ ਦੀ ਇਹ ਸਭ ਤੋਂ ਲੰਬੀ ਸੁਰੰਗ ਨੂੰ ਬਣਾਉਣ ਦਾ ਕੰਮ ਜੁਲਾਈ 1900 ‘ਚ ਸ਼ੁਰੂ ਹੋਇਆ ਸੀ ਤੇ 1903 ਤੱਕ ਜਾਰੀ ਰਿਹਾ. ਇਸ ਇਲਾਕੇ ਦੀਆਂ 103 ਸੁਰੰਗਾਂ ਵਿੱਚੋਂ ਇਹ ਸ਼ਾਇਦ ਸਭ ਤੋਂ ਲੰਮੀ ਸੁਰੰਗ ਹੈ. ਯੋਜਨਾ ਮੁਤਾਬਿਕ ਇਹ 2 ਕਿਲੋਮੀਟਰ ਲੰਬੀ ਸੁਰੰਗ ਬਣਾਈ ਜਾਣੀ ਸੀ, ਪਰ ਜਾਂਚ ਪੜਤਾਲ ਦੌਰਾਨ ਸੁਰੰਗ ਦੇ ਦੋਵਾਂ ਪਾਸਿਆਂ ਵਾਲੇ ਕਿਨਾਰਿਆਂ ਤੇ ਅਲਾਈਮੈਂਟ ਠੀਕ ਨਹੀ ਬੈਠਿਆ ਤੇ ਅਖੀਰ ਇਸ ਨੂੰ ਏਸੇ ਤਰਾਂ ਹੀ  ਛੱਡ ਦਿੱਤਾ ਗਿਆ. ਇਸ ਕੁਤਾਹੀ ਬਦਲੇ ਬ੍ਰਿਟਿਸ਼ ਹਕੂਮਤ ਨੇ ਉਸ ਇੰਜੀਨਿਅਰ ਬੜੋਗ ਤੇ ਇਕ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ.ਸੰਵੇਦਨਸ਼ੀਲ ਮਨ ਵਾਲੇ ਉਸ ਇਮਾਨਦਾਰ ਅਤੇ ਮਿਹਨਤੀ ਇੰਜੀਨੀਅਰ ਨੂੰ ਇਸ ਜੁਰਮਾਨੇ ਵਾਲੇ ਹੁਕਮ ਨੇ ਡੂੰਘਾ ਸਦਮਾ ਦਿੱਤਾ. ਉਦਾਸੀ ਅਤੇ ਨਿਰਾਸ਼ਾ ਦੇ ਆਲਮ ਵਿੱਚ ਉਸਨੇ ਸ਼ਰਮਸਾਰ ਹੋ ਕੇ  ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ. ਆਉਣ ਵਾਲੇ ਜੁਲਾਈ ਮਹੀਨੇ ਵਿੱਚ ਇਸ ਦੁੱਖਦਾਈ ਘਟਨਾ ਨੂੰ 111 ਸਾਲ ਹੋ ਜਾਣਗੇ. ਅੰਗ੍ਰੇਜ਼ ਸਰਕਾਰ ਨੂੰ ਵੀ ਇਹ ਖਬਰ ਸੁਣ ਕੇ ਪਛਤਾਵਾ ਜਿਹਾ ਹੋਇਆ ਅਤੇ ਸ਼ਰਧਾਂਜਲੀ ਵਜੋਂ ਇਸ ਰੇਲਵੇ ਸਟੇਸ਼ਨ ਦਾ ਨਾਮ ਹੀ ਉਸ ਇੰਜੀਨੀਅਰ ਬਰੋਦ ਦੇ ਨਾਮ ਤੇ ਰੱਖ ਦਿੱਤਾ ਗਿਆ. ਹੁਣ ਦੇਖਣਾ ਇਹ ਹੈ ਕਿ ਅਰਬਾਂ ਰੁਪਏ ਦੇ 2 ਜੀ ਸਪੈਕਟ੍ਰਮ ਘੋਟਾਲੇ ਤੇ ਕਰੋਡ਼ਾਂ ਰੁਪਏ ਦੇ ਰਾਸ਼ਟਰਮੰਡਲ ਖੇਡ ਘੋਟਾਲੇ ਦੇ ਦੋਸ਼ੀ ਜੇਲ ਜਾਣ ਤੇ ਵੀ ਸ਼ਰਮਸਾਰ ਨਹੀ ਹੋਏ. ਜੁੱਤੀਆਂ ਦੇ ਹਰ ਪੈਣ ਤੇ ਵੀ ਕਦੇ ਮਾਯੂਸ ਨਹੀਂ ਹੁੰਦੇ, ਬੂਟ ਸੁੱਟੇ ਜਾਣ ਤੇ ਵੀ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੁੰਦਾ....ਆਖਿਰ ਕੀ ਬਣੇਗਾ ਇਸ ਦੇਸ਼ ਦਾ ? ਕੁਰੱਪਸ਼ਨ ਦੇ ਇਹਨਾਂ ਅਵਤਾਰਾਂ  ਦੇ ਅਕਾਲ ਚਲਾਣੇ ਤੇ ਇਹਨਾਂ ਨੂੰ ਕਿਸਤਰਾਂ ਦੀ ਸ਼ਰਧਾਂਜਲੀ ਦਿੱਤੀ ਜਾਏਗੀ ? ਹਾਂ ਤੁਸੀਂ ਉਸ ਇੰਜੀਨੀਅਰ ਨੂੰ ਸ਼ਰਧਾਂਜਲੀ ਦੇਣ ਲਈ ਬੜੋਗ ਜਾਣਾ ਚਾਹੋ ਤਾਂ ਸ਼ਿਮਲਾ-ਕਾਲਕਾ ਰੂਟ ਵਾਲੇ ਇਸ ਸਟੇਸ਼ਨ ਤੇ ਤੁਸੀਂ ਚੰਡੀਗੜ੍ਹ ਤੋਂ ਵੀ ਪੁੱਜ ਸਕਦੇ ਹੋ ਜਿਥੋਂ ਇਹ ਸਿਰਫ 60-65 ਕਿਲੋਮੀਟਰ ਦੂਰ ਪਏਗਾ. ਜੇ ਤੁਹਾਨੂੰ ਉਥੋਂ ਦੇ ਲੋਕ ਇਸ ਬਾਰੇ ਕੁਝ ਹੋਰ ਵੀ ਦੱਸਣ ਤਾਂ ਉਸ ਬਾਰੇ ਕੁਝ ਲਿਖ ਕੇ ਭੇਜਣਾ ਨਾ ਭੁੱਲਣਾ. ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਬਣੀ ਰਹੇਗੀ. --ਬਿਊਰੋ ਰਿਪੋਰਟ 

1 comment:

asianmodelandactors said...

dhanvaad rector, main bohat vari shimle geya haan kalka ton baad ehi ek station hai jithe kujh khaan peen nu milda hai par es da nam kiven peya kade socheya hi nahi....rahi gal sade beimaan leadrs di bohta dil nu laoun di gal nahi 1984 vich sikhan da katleaam karan valeian de na university hospital ban geye han enhan de nam kujh chor bazar dian sarkan jarror banan geyian