Monday, May 16, 2011

ਕਿਧਰੇ ਅਸੀਂ ਹੋਰ ਰਿਆਇਤਾਂ ਉੱਪਰ ਵੀ ਪਾਬੰਦੀਆਂ ਨਾ ਲੁਆ ਬੈਠੀਏ

ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਅਤੇ ਮਾਤਾ ਦਿਲਜੀਤ ਕੌਰ ਦੇ ਘਰ ਜਨਮ ਲੈਣ ਵਾਲੇ ਇਕ਼ਬਾਲ ਰਾਮੂਵਾਲੀਆ ਨੇ ਜ਼ਿੰਦਗੀ ਦੇ ਬੜੇ ਰੰਗ ਦੇਖੇ ਹਨ, ਬੇਰੰਗ ਅਤੇ ਬੇਰਸ ਦੌਰ ਨੂੰ ਵੀ ਯਾਦਗਾਰੀ ਢੰਗ ਨਾਲ ਜਿਊਣ ਦੀ ਜਾਚ ਵਿੱਚ ਮਾਹਿਰ ਇਕ਼ਬਾਲ ਰਾਮੂਵਾਲੀਆ ਉਹਨਾਂ ਸਾਰੇ ਸਮਿਆਂ ਨੂੰ ਖੂਬਸੂਰਤ ਸ਼ਬਦਾਂ ਵਿੱਚ ਪਰੋ ਸਕਣ ਦੀ ਸਮਰਥਾ ਵੀ ਰੱਖਦਾ ਹੈ. ਗੱਲ ਭਾਵੇਂ ਜਨਮ ਸਥਾਨ ਮੋਗੇ ਨੇੜੇ ਪਿੰਡ ਰਾਮੂਵਾਲਾ ਦੀ ਹੋਵੇ, ਭਾਵੇਂ ਲੁਧਿਆਣਾ ਦੇ ਗੋਰਮਿੰਟ ਕਾਲਜ ਦੀ ਜਾਂ  ਫੇਰ ਗੁਰੂ ਸਰ ਸੁਧਾਰ ਵਾਲੇ ਖਾਲਸਾ ਕਾਲਜ ਦੀ...ਇਕ਼ਬਾਲ ਰਾਮੂਵਾਲੀਆ ਆਪਣੀਆਂ ਯਾਦਾਂ ਦੇ ਅਮੁਕ ਸਰਮਾਏ ਚੋਂ ਲਗਾਤਾਰ ਸੱਚੀਆਂ ਕਥਾਵਾਂ ਸੁਣਾ ਸਕਦਾ ਹੈ.ਇਹ ਸੱਚੀਆਂ ਕਥਾਵਾਂ, ਇਹ ਲਿਖਤਾਂ ਸਿਰਫ ਦਿਲ ਦਾ ਗੁਬਾਰ ਨਹੀ ਹੁੰਦੀਆਂ. ਇਹ ਸੇਧ ਵੀ ਦੇਂਦੀਆਂ ਹਨ. ਇੱਕ ਅਜਿਹੀ ਹੀ ਲਿਖਤ ਅਸੀਂ ਪੇਸ਼ ਕਰ ਰਹੇ ਹਾਂ ਕੈਨੇਡਾ ਵਿੱਚ ਕਿਰਪਾਨ ਦਾ ਮੁੱਦਾ ਇਹ ਰਚਨਾ ਬਾਰ ਬਾਰ ਸੋਚਣ ਲਈ ਮਜਬੂਰ ਕਰਦੀ ਹੈ.ਤੁਹਾਨੂੰ ਇਹ ਲਿਖਤ ਅਤੇ ਇਸ ਵਿਚਲੇ ਵਿਚਾਰ ਕਿਵੇਂ ਲੱਗੇ ਜ਼ਰੂਰ ਦੱਸਣਾ.--ਰੈਕਟਰ ਕਥੂਰੀਆ 
ਕਿਧਰੇ ਆਲੇ-ਦੁਆਲੇ ਨਾਲ ਵੈਰ ਨਾ ਸਹੇਡ਼ ਬੈਠੀਏ!
ਕਿਧਰੇ ਫਰਾਂਸ ਵਾਂਗ ਦਸਤਾਰਾਂ ਵੀ ਨਾ ਗੁਆ ਬੈਠੀਏ!
-
-ਇਕਬਾਲ ਰਾਮੂਵਾਲੀਆ
ਕੈਨੇਡਾ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ ਪਬਲਿਕ ਮੁਕਾਮਾਂ (ਕਚਹਿਰੀਆਂ, ਸਕੂਲਾਂ, ਅਸੈਂਬਲੀਆਂ, ਜਹਾਜ਼ਾਂ ਆਦਿਕ) ਵਿੱਚ ਕਿਰਪਾਨ ਪਹਿਨਣ ਦਾ ਮੁੱਦਾ ਬੀਤੇ ਤਿੰਨ ਮਹੀਨਿਆਂ ਤੋਂ ਕੈਨੇਡਾ ਦੇ ਪੰਜਾਬੀ ਮੀਡੀਆ ਦੇ ਨਾਲ-ਨਾਲ, ਗੈਰ-ਸਿੱਖ ਮੀਡੀਆ ਵਿੱਚ ਵੀ ਭਖਵੀਂ ਬਹਿਸ ਦਾ ਕੇਂਦਰ ਬਣਿਆ ਹੋਇਆ ਹੈ। ਜਨਵਰੀ ਵਿੱਚ ਚਾਰ-ਪੰਜ ਸਿੱਖ, ਕੈਨੇਡਾ ਦੇ ਕਿਊਬੈੱਕ ਸੂਬੇ ਦੀ ਨੈਸ਼ਨਲ ਅਸੈਂਬਲੀ ਦੇ ਸੱਦੇ ’ਤੇ, ਅਸੈਂਬਲੀ ਵਿੱਚ ਹੋ ਰਹੀ ਇੱਕ ਬਹਿਸ ਵਿੱਚ ਸ਼ਾਮਲ ਹੋਣ ਲਈ ਗਏ ਤਾਂ ਸਕਿਉਰਟੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਰਪਾਨਾਂ ਉਤਾਰਨ ਲਈ ਆਖਿਆ। (ਇਹ ਬਹਿਸ ਬੁਰਕਾ ਪਹਿਨਣ ਦੀ ਅਜ਼ਾਦੀ ਉੱਪਰ ਸੀ।)  ਇਨ੍ਹਾਂ ਸਿੱਖਾਂ ਨੇ ਕਿਰਪਾਨਾਂ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਸਕਿਉਰਿਟੀ ਅਧਿਕਾਰੀਆਂ ਨੇ ਇਨ੍ਹਾਂ ਨੂੰ ਅਸੈਂਬਲੀ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਇਹ ਮੁੱਦਾ ਜਦੋਂ ਮੀਡੀਆ ਵਿਚ ਲੈ ਆਂਦਾ ਗਿਆ ਤਾਂ ਸਿੱਖ ਭਾਈਚਾਰਾ ਇੱਕ ਵਾਰ ਫਿਰ ਕੈਨਡਾ ਭਰ ਦੇ ਰੇਡੀਓ, ਅਖ਼ਬਾਰਾਂ ਅਤੇ ਟੀ ਵੀ ਦਾ ਨਿਸ਼ਾਨਾ ਬਣ ਗਿਆ। 

ਕੈਨੇਡਾ ਦੇ ਦੇਸੀ ਪੰਜਾਬੀ ਮੀਡੀਆ ਵਿੱਚ (ਜਿਸ ਨੂੰ ਕੇਵਲ ਪੰਜਾਬੀ ਲੋਕ ਹੀ ਸੁਣਦੇ ਤੇ ਸਮਝਦੇ ਨੇ) ਇਸ ਨੂੰ ਮਾਨਵੀ ਅਧਿਕਾਰਾਂ ਦੀ ਉਲੰਘਣਾ ਦੇ ਤੌਰ ’ਤੇ ਉਛਾਲਿਆ ਗਿਆ, ਜਦੋਂ ਕਿ ਮੇਨਸਟਰੀਮ (ਯਾਨੀ ਗ਼ੈਰ-ਸਿੱਖ ਮੀਡੀਆ) ਵਿੱਚ ਪਾਠਕਾਂ ਦੀਆਂ ਟਿੱਪਣੀਆਂ ਰਾਹੀਂ, ਪਬਲਿਕ ਮੁਕਾਮਾਂ ਵਿੱਚ ਕਿਰਪਾਨ ਪਹਿਨਣ ਦਾ ਡਟਵਾਂ ਤੇ ਗੁੱਸੇ-ਭਰਿਆ ਵਿਰੋਧ ਹੋ ਰਿਹਾ ਹੈ। ਫਿਰ ਨੌਂ ਫਰਵਰੀ ਨੂੰ ਕਿਊਬੈੱਕ ਦੀ ਲਿਬਰਲ ਸਰਕਾਰ ਅਤੇ ਅਸੈਂਬਲੀ ਵਿੱਚ ਹਾਜ਼ਰ 113 ਮੈਂਬਰਾਂ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕਰ ਦਿੱਤਾ ਹੈ ਕਿ ਕਿਰਪਾਨ ਇੱਕ ਹਥਿਆਰ ਹੈ, ਇਸ ਲਈ ਇਸ ਨੂੰ ਅਸੈਂਬਲੀ ਵਿੱਚ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਅਸੀਂ ਮੁੱਢ ਵਿੱਚ ਹੀ ਇਹ ਸਾਫ਼ ਕਰ ਦੇਈਏ ਕਿ ਸਾਡੀ ਨਜ਼ਰ ਵਿੱਚ ਪੰਜੇ ਕਕਾਰ, ਅੰਮ੍ਰਿਤਧਾਰੀ ਸਿੱਖਾਂ ਦੀ ਵਰਦੀ ਦਾ ਅੰਗ ਨੇ। ਅਸੀਂ ਕਿਰਪਾਨ ਸਮੇਤ, ਪੰਜਾਂ ਹੀ ਕਕਾਰਾਂ ਦਾ ਭਰਪੂਰ ਅਦਬ ਕਰਦੇ ਹਾਂ। ਅਸੀਂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅੱਜ ਦੇ ਲੋਕਰਾਜੀ ਯੁੱਗ ਵਿੱਚ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਮੁਤਾਬਿਕ ਜੀਉਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ ਬਸ਼ਰਤੇ ਕਿ ਇਹ ਮਰਜ਼ੀਆਂ ਤੇ ਅਜ਼ਾਦੀਆਂ ਕਿਸੇ ਹੋਰ ਵਿਅਕਤੀ ਨਾਲ, ਮੁਲਕ ਦੇ ਕਾਇਦੇ-ਕਨੂੰਨਾਂ ਨਾਲ ਅਤੇ ਸੇਫਟੀ-ਸਕਿਉਰਿਟੀ ਦੇ ਇੰਤਜ਼ਾਮਾਂ ਨਾਲ ਟਕਰਾ ਨਾ ਰੱਖਦੀਆਂ ਹੋਵਣ।
ਸਿੱਖਾਂ ਦੇ ਪੰਜਾਂ ਕਕਾਰਾਂ ਵਿੱਚੋਂ ਕੰਘੇ, ਕੱਛਹਿਰੇ, ਕਡ਼ੇ ਅਤੇ ਕੇਸਾਂ ਦਾ, ਕੈਨੇਡਾ ਦੇ ਕਾਇਦੇ-ਕਨੂੰਨ ਨਾਲ ਕੋਈ ਟਕਰਾ ਕਦੇ ਵੀ ਸੁਣਨ ਵਿੱਚ ਨਹੀਂ ਆਇਆ, ਲੇਕਿਨ ਕਿਰਪਾਨ ਉੱਪਰ ਹਮੇਸ਼ਾ ਹੀ ਤਿੱਖਾ ਵਾਦ-ਵਿਵਾਦ, ਨੋਕ-ਝੋਕ ਅਤੇ ਨੁਕਤਾਚੀਨੀ ਹਰ ਮੁਲਕ ਵਿੱਚ  ਚਲਦੇ ਰਹਿੰਦੇ ਨੇ। ਕਿਉਂਕਿ ਸਾਡੇ ਪ੍ਰਚਾਰਕ, ਗੁਰਦਵਾਰੇ, ਅਤੇ ਤਖ਼ਤਾਂ ਦੇ ਜੱਥੇਦਾਰ ਹੀ ਕਿਰਪਾਨ ਨੂੰ ਗੱਜ-ਵਜਾ ਕੇ ‘ਸ਼ਸਤਰ’ ਮੰਨਦੇ ਨੇ, ਇਸ ਲਈ ਕੈਨੇਡਾ ਵਰਗੇ ਮੁਲਕਾਂ ਦੇ ਕਰੋਡ਼ਾਂ ਗੈਰਸਿੱਖ ਲੋਕ ਅਤੇ ਸਕਿਉਰਿਟੀ ਏਜੰਸੀਆਂ ਵੀ ਕਿਰਪਾਨ ਨੂੰ ਹਥਿਆਰ ਹੀ ਸਮਝਣਗੇ, ਜਿਸ ਕਰ ਕੇ ਉਹ ਪਬਲਿਕ ਮੁਕਾਮਾਂ ਉੱਤੇ ਇਸ ਨੂੰ ਪਹਿਨਣ ਦੀ ਇਜਾਜ਼ਤ ਦਾ ਭਰਵਾਂ ਵਿਰੋਧ ਕਰਦੇ ਨੇ।
ਕਿਰਪਾਨ ਦਾ ਮਸਲਾ ਅਤਿ ਨਾਜ਼ੁਕ ਅਤੇ ਅਤਿ ਸੰਜੀਦਾ ਹੈ ਜਿਸ ਨੂੰ ਨਵੀਆਂ ਪ੍ਰਸਥਿਤੀਆਂ, ਨਵੇਂ ਦੇਸ਼ਾਂ ਦੇ ਕਨੂੰਨਾਂ ਅਤੇ ਸਕਿਉਰਿਟੀ ਦੀ ਰੌਸ਼ਨੀ ਵਿੱਚ, ਠਰ੍ਹੰਮੇ ਅਤੇ ਖੁੱਲ੍ਹਦਿਲੀ ਨਾਲ ਸੁਲਝਾਇਆ ਜਾ ਸਕਦਾ ਸੀ/ਹੈ ਪ੍ਰੰਤੂ ਸਾਡੇ ‘ਜੱਥੇਦਾਰਾਂ’ ਦੇ ਨਾਲ-ਨਾਲ, ਨਿੱਕੀ ਨਜ਼ਰ ਵਾਲੇ  ਲੋਕਲ ਆਗੂਆਂ, ਅਤੇ ਮਾਅਰਕੇਬਾਜ਼/ਤਮਾਸ਼ਬੀਨ ਲੋਕਲ ਪੰਜਾਬੀ ਮੀਡੀਆ ਨੇ ਬੁਰੀ ਤਰ੍ਹਾਂ ਉਲਝਾ ਲਿਆ ਹੈ। ਮੀਡੀਆ ਦੀ ਗੱਲ ਕਰਦਿਆਂ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸਾਡੇ ਬਹੁਤੇ ਪਾਠਕ, ਸ੍ਰੋਤੇ ਤੇ ਦਰਸ਼ਕ ਇਸ ਭਰਮ ਦਾ ਸ਼ਿਕਾਰ ਹਨ ਕਿ ਜੋ ਕੁਝ ਸਾਡੇ ਪੰਜਾਬੀ ਮੀਡੀਆ ਵਿੱਚ ਬੋਲਿਆ ਤੇ ਲਿਖਿਆ ਜਾ ਰਿਹਾ ਹੈ, ਸ਼ਾਇਦ ਉਹ ਹੀ ਪੂਰੇ ਕੈਨੇਡਾ ਦਾ ਸੱਚ ਹੈ। ਕੈਨੇਡਾ ਵਿੱਚ ਸਾਡੇ ਲੋਕਾਂ ਦੀ ਭਾਰੀ ਗਿਣਤੀ ਨਾ ਤਾਂ ਕਦੇ ਇੰਟਰਨੈੱਟ ਉੱਪਰ ਕਨੇਡੀਅਨ ਮੇਨਸਟਰੀਮ ਦੇ ਅਖ਼ਬਾਰਾਂ ਵਿੱਚ ਸਿੱਖਾਂ ਬਾਰੇ ਛਪਦੀਆਂ ਟਿੱਪਣੀਆਂ ਪਡ਼੍ਹਦੀ ਹੈ ਤੇ ਨਾ ਹੀ ਉਸ ਨੂੰ ਇਹ ਇਲਮ ਹੈ ਕਿ 195 ਦੇਸ਼ਾਂ ਤੋਂ ਆਏ ਤਿੰਨ-ਸਾਢੇ ਤਿੰਨ ਕਰੋਡ਼ ਗੈਰ-ਸਿੱਖ ਲੋਕ ਸਾਡੀ ਹਰ ਹਰਕਤ ਨੂੰ ਖੁਰਚਵੀਂ ਨਜ਼ਰ ਨਾਲ ਦੇਖ ਰਹੇ ਨੇ।
ਕਿਰਪਾਨ ਹਥਿਆਰ ਹੈ ਜਾਂ ਚਿੰਨ੍ਹ, ਇਸ ਬਾਰੇ ਸਿੱਖ ਪੰਥ ਵਿੱਚ ਹੀ ਇਕਸੁਰਤਾ ਨਹੀਂ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਸਾਡੇ ਧਾਰਮਿਕ ਆਗੂ, ਇੱਥੋਂ ਤੀਕ ਕਿ ਸਾਡੇ ਤਖ਼ਤਾਂ ਦੇ ਜੱਥੇਦਾਰ (ਪੁਜਾਰੀ), ਕਿਰਪਾਨ ਦੇ ਦਰਜੇ (ਸਟੈਟਸ) ਬਾਰੇ ਹਾਲੇ ਤੀਕ ਇੱਕ ਬੋਲੀ ਨਹੀਂ ਬੋਲ ਸਕੇ ਅਤੇ ਇਹ ਅੰਤਮ ਫੈਸਲਾ ਨਹੀਂ ਦੇ ਸਕੇ ਕਿ ਕਿਰਪਾਨ ਹਥਿਆਰ ਹੈ ਜਾਂ ਧਾਰਮਿਕ ਚਿੰਨ੍ਹ! ਜਦੋਂ ਤਾਂ ਉਹ ਗੁਰਦਵਾਰਿਆਂ ਜਾਂ ਹੋਰ ਧਾਰਮਿਕ ਸਮਾਗਮਾਂ ਵਿੱਚ ਸਿੱਖਾਂ ਨੂੰ ਸੰਬੋਧਿਤ ਹੁੰਦੇ ਹਨ ਤਾਂ ਕਿਰਪਾਨ ਨੂੰ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ‘ਸ਼ਸਤਰ’ ਯਾਨੀ ‘ਹਥਿਆਰ’ ਆਖ-ਆਖ ਕੇ ਸੰਗਤ ਦੀ ਵਾਹ-ਵਾਹ ਖੱਟ ਲੈਂਦੇ ਨੇ, ਪ੍ਰੰਤੂ ਜਦੋਂ ਸਕਿਉਰਿਟੀ ਦੇ ਹਵਾਲੇ ਨਾਲ, ਉਨ੍ਹਾਂ ਨੂੰ ਕੋਰਟ-ਕਚਹਿਰੀਆਂ, ਹਵਾਈ ਅੱਡਿਆਂ, ਤੇ ਪਾਰਲੀਮੈਂਟਾਂ ਵਿੱਚ ਇਸ ‘ਹਥਿਆਰ’ ਨੂੰ ਉਤਾਰਨ ਲਈ ਆਖਿਆ ਜਾਂਦਾ ਹੈ, ਤਾਂ ਉਹ ਇਸ ‘ਹਥਿਆਰ’ ਨੂੰ ਧਾਰਮਿਕ ਚਿੰਨ੍ਹ ਕਹਿ ਕੇ, ਇਸ ਨੂੰ ਉਤਾਰਨ ਤੋਂ ਇਨਕਾਰ ਕਰ ਦੇਂਦੇ ਨੇ। ਹੁਣ ਇੱਕ ਪਾਸੇ ਤਾਂ ਕੈਨੇਡਾ ਦੇ ਗੁਰਦਵਾਰੇ ਤੇ ਤਖ਼ਤਾਂ ਦੇ ਜੱਥੇਦਾਰ ਕਿਰਪਾਨ ਨੂੰ ਹਥਿਆਰ ਆਖ ਰਹੇ ਹਨ, ਤੇ ਦੂਸਰੇ ਪਾਸੇ “ਵਰਲਡ ਸਿੱਖ ਔਰਗੇਨਾਈਜ਼ੇਸ਼ਨ” ਵਾਲਿਆਂ ਨੇ ਇੱਕ ਅਸਲੋਂ ਹੀ ਨਵਾਂ ਪੈਂਤਡ਼ਾ ਲੈ ਕੇ ਇਸ ਮਸਲੇ ਵਿੱਚ ਚੱਲ ਰਿਹਾ ਭੰਬਲ਼ਭੂਸਾ ਹੋਰ ਸੰਘਣਾ ਕਰ ਮਾਰਿਆ ਹੈ। ਉਹ ਕਹਿਣ ਲੱਗ ਪਏ ਨੇ ਕਿ ਨਾ ਤਾਂ ਕਿਰਪਾਨ ਹਥਿਆਰ ਹੈ ਤੇ ਨਾ ਹੀ ਚਿੰਨ੍ਹ; ਸਗੋਂ ਇਹ ਤਾਂ ਸਿੱਖਾਂ ਦੇ ਵਿਸ਼ਵਾਸ ਦਾ ਅਟੁੱਟ ਅੰਗ ਹੈ।
ਉੱਧਰ ‘ਕਿਰਪਾਨ’ ਨੂੰ ‘ਹਥਿਆਰ’ ਆਖਣ ਵਾਲੇ ਸਾਡੇ ਤਖ਼ਤ ਦੇ ਇੱਕ ਜੱਥੇਦਾਰ ਨੇ ਤਾਂ ਇੱਥੋਂ ਤੀਕ ਆਖ ਦਿੱਤਾ ਹੈ ਕਿ ਕਿਰਪਾਨ ਦੀ ਨੌਂ ਇੰਚ ਤੋਂ ਘੱਟ ਲੰਬਾਈ ਉਨ੍ਹਾਂ ਨੂੰ ਮਨਜ਼ੂਰ ਹੀ ਨਹੀਂ। (ਸਪੈਸ਼ਲ ਨੋਟ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦਸਤਾਵੇਜ਼, “ਸਿੱਖ ਰਹਿਤ ਮਰਯਾਦਾ,” ਵਿੱਚ ਕਿਰਪਾਨ ਦੀ ਕੋਈ ਬਾਕਾਇਦਾ ਲੰਬਾਈ ਨਿਰਧਾਰਤ ਨਹੀਂ ਕੀਤੀ ਗਈ। ਸਫ਼ਾ 31 ਉੱਪਰ ਦਿੱਤੇ ਇੱਕ ਫੁੱਟਨੋਟ ਵਿੱਚ ਕਿਹਾ ਗਿਆ ਹੈ ਕਿ ਕਿਰਪਾਨ ਦੀ ਕੋਈ ਹੱਦ ਨਹੀਂ ਹੋ ਸਕਦੀ; ਜਿਸ ਦਾ ਮਤਲਬ ਇਹ ਨਿੱਕਲਦਾ ਹੈ ਕਿ ਕਿਰਪਾਨ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ, ਕਿਸੇ ਵੀ ਸਾਈਜ਼ ਦੀ ਹੋ ਸਕਦੀ ਹੈ।) ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਗੁਰਦਵਾਰਿਆਂ ਵਿੱਚ ਕਿਰਪਾਨ ਨੂੰ ਸਿੱਖੀ ਦਾ ਅਹਿਮ ਅੰਗ ਆਖਣ ਵਾਲੇ ਪ੍ਰਚਾਰਕ, ਰਾਗੀ, ਢਾਡੀ, ਅਤੇ ਇੱਥੋਂ ਤੀਕ ਕਿ ਤਖ਼ਤਾਂ ਦੇ ਜੱਥੇਦਾਰ, ਦਿੱਲੀ ਸਥਿਤ, ਬਦੇਸ਼ੀ ਸਫ਼ਾਰਤਖ਼ਾਨਿਆਂ ਵਿੱਚ ਵੀਜ਼ਾ-ਪ੍ਰਾਪਤੀ ਲਈ ਜਾਣ ਵੇਲੇ ਅਤੇ ਹਵਾਈ ਜਹਾਜ਼ਾਂ ਵਿੱਚ ਅਸਵਾਰ ਹੋਣ ਵੇਲੇ ਆਪਣੀਆਂ ਕਿਰਪਾਨਾਂ, ਬਿਨਾਂ ਕਿਸੇ ਇਤਰਾਜ਼ ਦੇ, ਉਤਾਰ ਕੇ, ਦਫ਼ਤਰ ਜਾਂ ਜਹਾਜ਼ ਦੇ ਸਟਾਫ਼ ਦੇ ਹਵਾਲੇ ਕਰ ਦੇਂਦੇ ਨੇ। ਕੁਝ ਮਹੀਨੇ ਪਹਿਲਾਂ ਵਾਦ-ਵਿਵਾਦ ਦਾ ਕੇਂਦਰ ਬਣੇ ਸੰਤ ਢੱਡਰੀਆਂ ਵਾਲੇ ਨੇ ਭਾਵੇਂ ਇਹ ਬਿਆਨ ਵੀ ਦੇ ਦਿੱਤਾ ਸੀ ਕਿ ਭਾਰਤ ਤੋਂ ਬਦੇਸ਼ਾਂ ਨੂੰ ਹਵਾਈ ਉਡਾਣ ਭਰਨ ਵੇਲੇ ਉਹ ਆਪਣੀ ਕਿਰਪਾਨ ਬਾਕਾਇਦਾ ਪਹਿਨਦਾ ਹੈ, ਪਰ ਅੱਜ ਦੇ ਅੱਤਵਾਦੀ ਮਾਹੌਲ ਵਿੱਚ ਜਦੋਂ ਕਿ ਪੇਚਕਸ, ਦਾਹਡ਼ੀ ਚਾਡ਼੍ਹਨ ਵਾਲਾ ਬਾਜ, ਸੂਈ, ਨੇਲ-ਕੱਟਰ ਅਤੇ ਪਾਣੀ ਦੀ ਬੋਤਲ ਤੀਕਰ ਨੂੰ ਜਹਾਜ਼ ਦੇ ਅੰਦਰ ਲਿਜਾਣ ਦੀ ਮਨਾਹੀ ਹੈ, ਤਾਂ ਸੰਤ ਢੱਡਰੀਆਂ ਨੂੰ ਕਿਸ ਸਪੈਸ਼ਲ ਕੈਟੇਗੋਰੀ ਅਧੀਨ, ਜਹਾਜ਼ ਵਿੱਚ ਕਿਰਪਾਨ ਪਹਿਨਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ, ਇਹ ਸੰਤ ਢੱਡਰੀਆਂ ਹੀ ਜਾਣੇ।
ਸਾਨੂੰ ਇਹ ਸਵੀਕਾਰ ਕਰਨਾ ਪੈਣਾ ਹੈ ਕਿ ਅਸੀਂ ਸਿੱਖ ਭਾਈਚਾਰਾ, ਪੰਜਾਬ ਵਿੱਚ ਨਹੀਂ ਸਗੋਂ ਕੈਨੇਡਾ ਵਿੱਚ ਵਸਦੇ ਹਾਂ ਜਿੱਥੇ ਸਾਡੀ ਗਿਣਤੀ ਕੈਨੇਡਾ ਦੀ ਕੁੱਲ ਵਸੋਂ ਦਾ ਮਸਾਂ ਇੱਕ-ਡੇਢ ਫੀ ਸਦੀ ਬਣਦੀ ਹੈ; ਜਦੋਂ ਕਿ 195 ਮੁਲਕਾਂ ਤੋਂ ਆਏ ਗੋਰਿਆਂ, ਕਾਲਿਆਂ, ਭੂਰਿਆਂ, ਪੀਲਿਆਂ-ਫੀਨਿਆਂ ਦੀ ਕੈਨੇਡਾ ਵਿੱਚ ਗਿਣਤੀ 98% ਦੇ ਲਗਭਗ ਹੈ। ਕੈਨੇਡਾ ਦੇ ਨਾਮਵਰ ਅਖ਼ਬਾਰ ‘ਦ ਗਲੋਬ ਐਂਡ ਮੇਲ’ ਤੇ ‘ਸੀ ਬੀ ਸੀ’ ਦੀਆਂ ਵੈੱਬਸਾਈਟਾਂ ਉੱਪਰ ਸਿੱਖਾਂ ਅਤੇ ਕਿਰਪਾਨ ਬਾਰੇ ਇੱਕ ਦੋ ਨਹੀਂ ਸਗੋਂ ਆਮ ਪਬਲਿਕ ਵੱਲੋਂ ਭੇਜੀਆਂ ਹਜ਼ਾਰਾਂ ਟਿੱਪਣੀਆਂ ਛਪਦੀਆਂ ਨੇ, ਜਿਨ੍ਹਾਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸਾਡੇ ਉਦਾਲ਼ੇ ਭਾਰੀ ਗਿਣਤੀ ਵਿੱਚ ਵਸਦੇ ਅਨੇਕਾਂ ਨਸਲਾਂ/ਧਰਮਾਂ/ਸੱਭਿਆਚਾਰਾਂ ਦੇ ਲੋਕ, ਸਾਨੂੰ ਜ਼ਿੱਦੀ, ਅਡ਼ੀਅਲ, ਉਜੱਡ, ਜਨੂੰਨੀ, ਗੰਵਾਰ, ਜਾਹਲ, ਲਕੀਰ ਦੇ ਫ਼ਕੀਰ, ਮੂਲਵਾਦੀ, ਕੁ-ਲੱਕਡ਼, ਜਾਂਗਲ਼ੀ, ਕੱਟਡ਼ਪੰਥੀ ਅਤੇ ਹੋਰ ਅਣਗਿਣਤ ‘ਕੁਨਾਵਾਂ’ ਨਾਲ ਪੁਕਾਰਨ ਲੱਗ ਪਏ ਨੇ। ਸੀ ਬੀ ਸੀ ਦੇ ਇੱਕ ਸਰਵੇ ਅਨੁਸਾਰ ਕੈਨੇਡਾ ਦੇ 80% ਲੋਕ ਕਿਰਪਾਨ ਨੂੰ ਹਥਿਆਰ ਸਮਝਦੇ ਨੇ ਅਤੇ ਇਸ ਨੂੰ ਪਬਲਿਕ ਮੁਕਾਮਾਂ ਉੱਤੇ ਪਹਿਨਣ ਉੱਪਰ ਪਾਬੰਦੀ ਲਾਉਣ ਦੇ ਹੱਕ ਵਿੱਚ ਹਨ। ਅਗਰ ਸਾਡੇ ਆਲੇ-ਦੁਆਲੇ ਵਸਦੀ ਏਡੀ ਵੱਡੀ ਗਿਣਤੀ ਤਲਖ਼ ਲਫ਼ਜ਼ਾਂ ਵਿੱਚ ਸਾਡੇ ਖਿਲਾਫ਼ ਬੋਲਣ ਲੱਗ ਪਈ ਹੈ ਤਾਂ ਇਸ ਅਸਲੀਅਤ ਅਤੇ ਰੁਝਾਨ ਤੋਂ ਖਫ਼ਾ ਹੋਣ ਦੀ ਬਜਾਏ, ਫਿਕਰਮੰਦ ਹੋਣ ਦੀ ਅਤੇ ਸ੍ਵੈ-ਪਡ਼ਚੋਲ ਦੀ ਜ਼ਰੂਰਤ ਹੈ।
ਇਹ ਗੱਲ ਸਵੀਕਾਰਨੀ ਪੈਣੀ ਹੈ ਕਿ ਕੈਨੇਡਾ-ਅਮਰੀਕਾ ਦੇ ਗੁਰਦਵਾਰਿਆਂ ਵਿੱਚ ਆਏ ਦਿਨ ਹੁੰਦੀਆਂ ਖੂਨੀ ਟੱਕਰਾਂ, ਚਲਦੀਆਂ ਕਿਰਪਾਨਾਂ, ਲੱਥਦੀਆਂ ਦਸਤਾਰਾਂ ਤੇ ਬੇਅਦਬ ਹੁੰਦੀਆਂ ਦਾਹਡ਼ੀਆਂ ਦੀਆਂ ਖ਼ਬਰਾਂ ਨੂੰ ਸਾਥੋਂ ਬਿਨਾਂ ਗੋਰੇ-ਕਾਲੇ ਲੋਕ ਵੀ ਪਡ਼੍ਹਦੇ-ਸੁਣਦੇ ਨੇ। ਏਅਰ ਇੰਡੀਆ ਜਹਾਜ਼ ਨੂੰ ਉਡਾ ਕੇ 329 ਮਸੂਮਾਂ ਨੂੰ ਮਾਰਨ ਵਾਲੇ ਬੰਬ ਦੇ ਇਕਬਾਲੀਆ-ਸਿਰਜਕ ਇੰਦਰਜੀਤ ਸਿੰਘ ਰਿਆਤ ਦੇ ਪੂਰਨ ਸਿੱਖੀ ਸਰੂਪ ਤੇ ਭਰਵੇਂ ਦਾਹਡ਼ੇ ਵਾਲੀਆਂ, ਵਾਰ-ਵਾਰ ਮੀਡੀਆ ਵਿੱਚ ਨਸ਼ਰ ਹੁੰਦੀਆਂ ਫੋਟੋਆਂ ਨੂੰ ਗੋਰੇ-ਕਾਲੇ ਲੋਕ ਵੀ ਗਹੁ ਨਾਲ ਦੇਖਦੇ ਨੇ। ਇਸ ਤਿਆਰ-ਬਰ-ਤਿਆਰ ‘ਸਿੰਘ’ ਨੂੰ ਅਦਾਲਤ ਵਿੱਚ ਸਹੁੰ ਚੁੱਕ ਕੇ, 19 ਵਾਰ ਝੂਠ ਬੋਲਣ ਦੀ ਸਜ਼ਾ ਵੀ ਹਰ ਗੋਰੇ-ਕਾਲੇ ਨੇ ਮੀਡੀਆ ਰਾਹੀਂ ਵਾਰ-ਵਾਰ ਸੁਣੀ/ਪਡ਼੍ਹੀ ਹੈ। ਪੂਰਨ ਸਿੱਖੀ ਸਰੂਪ ਵਾਲੇ ਅਨੇਕਾਂ ਸਿੰਘ-ਸੰਘਣੀਆਂ ਸਮਗਲਿੰਗ ਅਤੇ ਹੋਰ ਹੇਰਾਫੇਰੀਆਂ ਕਾਰਨ ਅਮਰੀਕਾ-ਕੈਨੇਡਾ ਬੌਰਡਰ ਉੱਪਰ ਜੇਲ੍ਹਾਂ ਵਿੱਚ ਨੇ, ਇਸ ਗੱਲ ਦਾ ਇਲਮ, ਕੈਨੇਡੀਅਨ ਲੋਕਾਂ ਨੂੰ ਵੀ ਹੈ। ਸਰੀ ਗੁਰਦਵਾਰੇ ਵਿੱਚ ਤੱਪਡ਼ਾਂ-ਕੁਰਸੀਆਂ ਦੇ ਮੁੱਦੇ ’ਤੇ ਹੋਈਆਂ ਖ਼ੂਨੀ ਝਡ਼ਪਾਂ ਦੀਆਂ ਖ਼ਬਰਾਂ ਕੈਨੇਡਾ ਭਰ ਦੇ ਟੈਲਾਵਿਯਨਾਂ ‘ਚ ਨਾਲ਼-ਦੀ-ਨਾਲ਼ ‘ਲਾਈਵ’ ਨਸ਼ਰ ਹੋਈਆਂ। ਸਰੀ ਦੇ ਗੁਰਦਵਾਰੇ ਵਿੱਚ ਹੋਈਆਂ ਇਨ੍ਹਾਂ ਖੂਨੀ ਝਡ਼ਪਾਂ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੇ ਹੀ ਇੱਕ-ਦੂਜੇ ਦੀਆਂ ਪੱਗਾਂ ਉਤਾਰੀਆਂ, ਦਾਹਡ਼ੇ ਬੇਅਦਬ ਕੀਤੇ, ਅਤੇ ਕਿਰਪਾਨਾਂ ਦੇ ਨਾਲ-ਨਾਲ ਉੱਬਲ਼ਦੀਆਂ ਦਾਲਾਂ ਤੇ ਪ੍ਰਸ਼ਾਦ ਤਿਆਰ ਕਰਨ ਵਾਲੇ ਖੁਰਚਣਿਆਂ/ਕਡ਼ਛਿਆਂ ਨੂੰ ਵੀ ਹਥਿਆਰਾਂ ਦੇ ਤੌਰ ’ਤੇ ਵਰਤ ਕੇ ਸਿੱਖੀ ਸਰੂਪ ਨੂੰ ਖੂਬ ਜ਼ਲੀਲ ਕੀਤਾ। ਹਾਲੇ ਕੁਝ ਚਿਰ ਪਹਿਲਾਂ ਹੀ, ਬਰੈਂਪਟਨ ਦੇ ਸਿੱਖ ਲਹਿਰ ਗੁਰਦਵਾਰੇ ਵਿੱਚ ਬਾਹਰੋਂ ਗਏ ‘ਸਿੰਘਾਂ’ ਨੇ ਇੱਕ ਅੰਮ੍ਰਿਤਧਾਰੀ ਬਜ਼ੁਰਗ ਵਕੀਲ ਨੂੰ ਉਸ ਦੇ ਪੇਟ ਵਿੱਚ ਕਿਰਪਾਨ ਖੁਭੋ ਕੇ ਸਖ਼ਤ ਜ਼ਖ਼ਮੀ ਕੀਤਾ। ਨਿਊ ਯੌਰਕ ਦੇ ਇੱਕ ਗੁਰਦਵਾਰੇ ਵਿੱਚ ਡਾਂਗਾਂ, ਕਿਰਪਾਨਾਂ ਦੇ ਨਾਲ-ਨਾਲ, ਕੀਰਤਨ ਕਰਨ ਵੇਲੇ ਖਡ਼ਕਾਏ ਜਾਂਦੇ ਢੰਡਰੀਆਂ-ਮਾਰਕਾ ਚਿਮਟਿਆਂ ਨਾਲ ਗੁਰਦਵਾਰੇ ਵਿੱਚ ਗਹਿ-ਗੱਚ ਲਡ਼ਾਈ ਹੋਈ। ਵਿੰਡਜ਼ਰ ਸ਼ਹਿਰ ਦੇ ਗੁਰਦਵਾਰੇ ਵਿੱਚ ਲੰਮੇ ਸਮੇਂ ਤੋਂ ਚਲਦਾ ਘੈਂਸ-ਘੈਂਸ ਤੇ ਕੁੱਟ-ਕੁਟੱਈਆ ਕੈਨੇਡੀਅਨ ਮੀਡੀਆ ਵਿੱਚ ਅਕਸਰ ਹੀ ਦਰਸ਼ਨ ਦਿੰਦਾ ਰਹਿੰਦਾ ਹੈ। ਬਰੈਂਪਟਨ ਦੇ ਇੱਕ ਗੁਰਦਵਾਰੇ ਵਿੱਚ ਗੋਲਕ ਉੱਪਰ ਕਬਜ਼ੇ ਨੂੰ ਲੈ ਕੇ ਚੰਗੀ ਮਾਰ-ਧਾਡ਼ ਤੇ ਖ਼ੂਨ-ਖ਼ਰਾਬਾ ਮੀਡੀਆ ਵਿੱਚ ਛਪੇ ਤੇ ਨਸ਼ਰ ਹੋਏ। ਇਸ ਲਈ ਇਸ ਗੱਲ ਤੋਂ ਅੱਖਾਂ ਨਾ ਮੀਟੀਏ ਕਿ ਇਨ੍ਹਾਂ ਸਾਰਿਆਂ ਕਾਰਨਾਂ ਕਰ ਕੇ, ਦੂਸਰੀਆਂ ਕਮਿਊਨਿਟੀਆਂ ਵਿੱਚ ਸਾਡਾ ਅਕਸ ਹੁਣ ਝਗਡ਼ਾਲੂਆਂ, ਮਾਰਧਾਡ਼ੀਆਂ, ਲੱਠਮਾਰਾਂ, ਖਰੂਦੀਆਂ, ਬੇਮੁਹਾਰਾਂ ਤੇ ਬੇਰਹਿਮਾਂ ਵਾਲਾ ਬਣ ਗਿਆ ਹੈ।
ਪੰਜਾਬੀ ਦੇ ਰੇਡੀਓ ਟਾਕ ਸ਼ੋਅਜ਼ ਵਿੱਚ ਕਾਲਾਂ ਕਰਨ ਵਾਲਿਆਂ ਵਿੱਚੋਂ ਕਿੰਨੇ ਕੁ ਲੋਕ ਇਹ ਪਡ਼੍ਹਦੇ ਨੇ ਕਿ ਆਮ ਕਨੇਡੀਅਨ ਲੋਕਾਂ ਵਿੱਚੋਂ ਹੁਣ ਅਵਾਜ਼ਾਂ ਉੱਠਣ ਲੱਗ ਪਈਆਂ ਹਨ ਕਿ ‘ਬਾਹਰੋਂ’ ਆਏ ਅਸੀਂ ਲੋਕ, ਆਪਣਾ ਧਾਰਮਿਕ ਜਨੂੰਨ, ਰਾਜਨੀਤਕ ਬੋਰੀਆ-ਬਿਸਤਰਾ ਤੇ ਮਾਰਧਾਡ਼ ਦੀ ਲਾਂਡਰੀ ਆਪਣੇ ਨਾਲ ਕੈਨੇਡਾ ਵਿੱਚ ਵੀ ਘਡ਼ੀਸ ਲਿਆਏ ਹਾਂ ਤੇ ਫਿਰ ਇੰਡੀਆ ਦੀ ਸਿਆਸੀ ਖੇਡ ਅਸੀਂ ਕੈਨੇਡਾ ਵਿੱਚ ਮਾਰਧਾਡ਼ ਤੇ ਗੁੱਥਮਗੁੱਥਾ ਹੋ ਕੇ ਤੇ ਝੰਡੇ ਸਾਡ਼-ਲਿਤਾਡ਼ ਕੇ ਲਡ਼ਦੇ ਹਾਂ।  ਏਅਰ ਇੰਡੀਆ ਵਰਗੇ ਸ਼ਰਮਨਾਕ ਕਾਂਡ ਵਰਤਾ ਕੇ, ਕਨੇਡੀਅਨ ਖ਼ਜ਼ਾਨੇ ਦਾ ਕਰੋਡ਼ਾਂ ਡਾਲਰਾਂ ਦਾ ਨੁਕਸਾਨ ਕਰਾਉਂਦੇ ਹਾਂ। ਕਨੇਡੀਅਨ ਲੋਕਾਂ ਦੇ ਇਸ ਸਵਾਲ ਦਾ ਸਾਡੇ ਕੋਲ ਕੀ ਜਵਾਬ ਹੈ ਕਿ ਇੰਦਰਜੀਤ ਰਿਆਤ ਇਹ ਕਿਉਂ ਨਹੀਂ ਦੱਸਦਾ ਕਿ ਉਸ ਨੇ ਬੰਬ ਬਣਾ ਕੇ, ਏਅਰ ਇੰਡੀਆ ਜਹਾਜ਼ ਵਿੱਚ ਰੱਖਣ ਲਈ ਕਿਨ੍ਹਾਂ ਬੇਰਹਿਮ ਲੋਕਾਂ ਦੇ ਸਪੁਰਦ ਕੀਤੇ ਸਨ? ਸਿੱਖੀ ਸਰੂਪ ਵਿੱਚ ਸਹੁੰ ਖਾ ਕੇ ਅਦਾਲਤਾਂ ਵਿੱਚ 19-20 ਵਾਰ ਝੂਠ ਬੋਲਣ ਵਾਲਿਆਂ ਦਾ ਅਕਸ ਭਲਾ ਝੂਠਿਆਂ ਤੇ ਬੇਇਤਬਾਰਿਆਂ ਤੋਂ ਬਿਨਾਂ ਹੋਰ ਕੀ ਬਣ ਸਕਦਾ ਹੈ? ਸਿੱਖੀ ਸਰੂਪ ਵਾਲਿਆਂ ਵੱਲੋਂ ਹੀ ਗੁਰਦਵਾਰਿਆਂ ਦੀਆਂ ਕੁਰਕੀਆਂ ਕਰਾਉਣ ਦੀ ਖ਼ਬਰਾਂ ਪਡ਼੍ਹ ਕੇ ਕਨੇਡੀਅਨ ਲੋਕਾਂ ਵਿੱਚ ਸਾਡਾ ਵਕਾਰ ਕਿਹੋ ਜਿਹਾ ਬਣਦਾ ਹੈ, ਇਹ ਦੱਸਣ ਦੀ ਜ਼ਰੂਰਤ ਨਹੀਂ। ਗੁਰਦਵਾਰਿਆਂ ਵਿੱਚ ਤੱਪਡ਼ਾਂ-ਕੁਰਸੀਆਂ ਦੇ ਮੁੱਦਿਆਂ ਉੱਤੇ ਖੂਨੀ ਝਗਡ਼ੇ ਪਡ਼੍ਹ-ਪਡ਼੍ਹ ਕੇ ਗੋਰੇ-ਕਾਲੇ ਲੋਕ ਸਾਨੂੰ ‘ਬੇਹੂਦਾ’, ‘ਝਗਡ਼ਾਲੂ’, ‘ਖਰੂਦੀ’, ‘ਗੁਸੈਲ਼ੇ’, ਤੇ ‘ਜਾਹਲ’ ਨਾ ਸਮਝਣ ਤਾਂ ਹੋਰ ਕੀ ਸਮਝਣ? ਕਨੇਡੀਅਨ ਲੋਕ ਅਮਨ-ਅਮਾਨ ਨਾਲ ਰਹਿਣ ਦੇ ਆਦੀ ਤੇ ਇੱਛੁਕ ਹਨ ਅਤੇ ਇਹ ਕਿਸੇ ਵੀ ਕਿਸਮ ਦੀ ਮਾਰਧਾਡ਼, ਲਾ-ਲਾ ਲਾ-ਲਾ, ਫੋਕੀ ਨਾਹਰੇਬਾਜ਼ੀ, ਕੌਮੀ ਝੰਡਿਆਂ ਦੀ ਬੇਅਦਬੀ ਅਤੇ ਧਾਰਮਿਕ ਕੱਟਡ਼ਤਾ ਨੂੰ ਕਦੇ ਵੀ ਪਰਵਾਨ ਨਹੀਂ ਕਰਨਗੇ। ਉਨ੍ਹਾਂ ਨੂੰ ਕੀ ਕਿ ਕਿਸੇ ‘ਬਿਗਾਨੇ’ ਮੁਲਕ ਵਿੱਚ ਕੀ ਹੋ ਰਿਹਾ ਹੈ? ਉਹ ਤਾਂ ਇਸ ਗੱਲੋਂ ਖਫ਼ਾ ਹੋ ਰਹੇ ਨੇ ਕਿ 2% ਲੋਕ ਕਥਿਤ ਤੌਰ ‘ਤੇ ਕੈਨੇਡਾ ਵਰਗੇ ਸਾਫ਼ ਸੁਥਰੇ ਮੁਲਕ ਦੇ ਕਾਇਦੇ-ਕਨੂੰਨਾਂ, ਸਕਿਉਰਿਟੀ ਅਤੇ ਹੋਰ ਰਵਾਇਤਾਂ ਨੂੰ ਵਿਗਾਡ਼ ਰਹੇ ਨੇ। ਇਹੀ ਕਨੇਡੀਅਨ ਲੋਕ ਹੀ ਇੰਟਰਨੈੱਟ ਦੀਆਂ ਵੈੱਬਸਾਈਟਸ ਰਾਹੀਂ ਵਾਰ-ਵਾਰ ਇਹ ਸਵਾਲ ਕਰਦੇ ਨੇ ਕਿ (1) ਕੈਨੇਡਾ ਵਿੱਚ ਪਬਲਿਕ ਮੁਕਾਮਾਂ ’ਤੇ ਹਥਿਆਰ ਲਿਜਾਣ ਦੀ ਮਨਾਹੀ ਹੈ; ਅਗਰ ਸਿੱਖ ਆਗੂਆਂ ਮੁਤਾਬਿਕ ਕਿਰਪਾਨ ਇੱਕ ਹਥਿਆਰ ਹੈ ਤਾਂ ਇਸ ਨੂੰ ਪਬਲਿਕ ਮੁਕਾਮਾਂ ਉੱਤੇ ਪਹਿਨਣ ਦੀ ਜ਼ਿੱਦ ਕਿਉਂ ਕੀਤੀ ਜਾਂਦੀ ਹੈ? (2) ਅਗਰ ਕਿਰਪਾਨ ਧਾਰਮਿਕ ਚਿੰਨ੍ਹ (ਸਿੰਬਲ) ਹੈ ਤਾਂ ਚਿੰਨ੍ਹ ਦੀ ਲੰਬਾਈ ਨੌਂ ਇੰਚ ਦੀ ਬਜਾਏ ਇੱਕ-ਡੇਢ ਇੰਚ ਕਿਉਂ ਨਹੀਂ ਰੱਖੀ ਜਾ ਸਕਦੀ, ਅਤੇ ਇਸ ਨੂੰ ਨਿੱਕੇ ਜਿਹੇ ਕਰਾਸ ਵਾਂਗ, ਗਲ਼ ਦੇ ਉਦਾਲ਼ੇ ਕਿਉਂ ਨਹੀਂ ਪਹਿਨਿਆ ਜਾ ਸਕਦਾ? (3) ਅਗਰ ਸਿੱਖਾਂ ਦੇ ਪੋਪ (ਤਖ਼ਤਾਂ ਦੇ ਜੱਥੇਦਾਰ), ਪ੍ਰਚਾਰਕ ਤੇ ਪ੍ਰੀਸਟ (ਗ੍ਰੰਥੀ) ਦਿੱਲੀ ਤੋਂ ਟਰਾਂਟੋ ਤੀਕ 18-20 ਘੰਟੇ, ਕਿਰਪਾਨਾਂ ਉਤਾਰ ਕੇ, ਜਹਾਜ਼ ਵਿੱਚ ਬੈਠ ਸਕਦੇ ਨੇ ਤਾਂ ਸਕਿਉਰਿਟੀ ਦੇ ਨਿਯਮਾਂ ਦਾ ਆਦਰ ਕਰਦਿਆਂ, ਬਾਕੀ ਸਿੱਖ ਦੋ ਚਾਰ ਘੰਟੇ ਲਈ ਕਿਰਪਾਨ ਕਿਉਂ ਨਹੀਂ ਉਤਾਰ ਸਕਦੇ? (4) ਬਾਕੀ ਧਰਮਾਂ – ਕ੍ਰਿਸਚਨ, ਬੋਧੀ, ਜੈਨੀ, ਯਹੂਦੀ, ਹਿੰਦੂ, ਪਾਰਸੀ ਆਦਿਕ - ਦਾ ਕਨੇਡੀਅਨ ਕਨੂੰਨਾਂ ਅਤੇ ਰਵਾਇਤਾਂ ਨਾਲ ਕਦੇ ਟਕਰਾਓ ਨਹੀਂ ਹੁੰਦਾ, ਪਰ ਸਿੱਖ ਤੇ ਮੁਸਲਿਮ ਹੀ ਵਾਰ-ਵਾਰ ਖ਼ਾਸ ਰਿਆਇਤਾਂ ਕਿਉਂ ਮੰਗਦੇ ਰਹਿੰਦੇ ਨੇ? (ਵਰਨਣਯੋਗ ਹੈ ਕਿ ਵਿਨੀਪੈੱਗ ਵਿੱਚ ਬੀਤੇ ਮਹੀਨੇ ਇੰਮੀਗਰੈਂਟ ਬਣ ਕੇ ਆਏ ਦੋ ਦਰਜਣ ਮੁਸਲਿਮ ਪਰਵਾਰਾਂ ਨੇ ਸਕੂਲ ਬੋਰਡ ਨੂੰ ਕਿਹਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਕੋਐਜੂਕੇਸ਼ਨ ਵਿੱਚ ਨਾ ਲਾਇਆ ਜਾਵੇ (ਯਾਨੀ ਉਹਨਾਂ ਦੇ ਲਡ਼ਕਿਆਂ ਲਈ ਖ਼ਾਲਸ ਲਡ਼ਕਿਆਂ ਵਾਲੇ ਤੇ ਲਡ਼ਕੀਆਂ ਲਈ ਨਿਰੋਲ ਲਡ਼ਕੀਆਂ ਵਾਲੇ ਸਕੂਲਾਂ ਦਾ ਪ੍ਰਬੰਧ ਕੀਤਾ ਜਾਵੇ!) ਅਤੇ ਉਹਨਾਂ ਨੂੰ ਸੰਗੀਤ ਅਤੇ ਸਿਹਤ-ਸਿੱਖਿਆ ਦੇ ਮਜ਼ਮੂਨਾਂ ਤੋਂ ਛੋਟ ਦਿੱਤੀ ਜਾਵੇ! 21ਵੀਂ ਸਦੀ ਵਿੱਚ ਅਜਿਹੀਆਂ “ਬੇਹੂਦਾ” ਮੰਗਾਂ ਨੂੰ ਕੈਨੇਡੀਅਨ ਲੋਕ ਕਿੰਨੀਆਂ ਕੁ ਜਾਇਜ਼ ਸਮਝਣਗੇ?)
ਕੈਨੇਡੀਅਨ ਲੋਕਾਂ ਵੱਲੋਂ ਪੁੱਛੇ ਜਾਂਦੇ ਇਨ੍ਹਾਂ ਤਿੱਖੇ ਸਵਾਲਾਂ ਦਾ ਭਲਾ ਸਾਡੇ ਕੋਲ ਕੀ ਜਵਾਬ ਹੈ? ਟਰਾਂਟੋ ਵਿੱਚ ਹੈਲਮਟ ਤੋਂ ਬਿਨਾਂ ਮੋਟਰਸਾਈਕਲ ਚਲਾਉਣ ਦੀ ਜ਼ਿੱਦ ਕਰਨ ਵਾਲੇ ਸਾਡੇ ਇੱਕ ਸਿੱਖ ਭਰਾ ਨੇ ਗੋਰਿਆਂ ਦੇ ਰੇਡੀਓ, ਟੀ ਵੀ ਅਤੇ ਅਖ਼ਬਾਰਾਂ ਰਾਹੀਂ ‘ਉਜੱਡ’, ‘ਅਹਿਮਕ’, ‘ਮੂਰਖ਼’ ‘ਬੇਦਲੀਲੇ’ ਤੇ ਹੋਰ ਕੁਨਾਂਵ ਸਾਡੀ ਝੋਲ਼ੀ ਵਿੱਚ ਪੁਆਉਣ ਤੋਂ ਸਿਵਾ ਸਾਡਾ ਕੀ ਸੰਵਾਰਿਆ? ਇਸੇ ਤਰ੍ਹਾਂ ਕਨਸਟਰਕਸ਼ਨ ਵਾਲੀਆਂ ਥਾਵਾਂ ’ਤੇ ਹਾਰਡ-ਹੈਟ ਨਾ ਪਹਿਨਣ ਦੀ ਅਡ਼ੀ ਨਾਲ ਕੈਨੇਡੀਅਨ ਲੋਕਾਂ ਦੇ ਮਨਾਂ ਵਿੱਚ ਸਾਡੇ ਪ੍ਰਤੀ ਵੱਡੇ ਸ਼ੰਕੇ ਖਡ਼੍ਹੇ ਹੋ ਗਏ ਨੇ। ਕਨੇਡੀਅਨ ਲੋਕਾਂ ਦੇ ਇਹ ਤਿੱਖੇ ਸਵਾਲ ਹਨ ਜਿਹਡ਼ੇ ਕਿਰਪਾਨ ਵਰਗੇ ਮਸਲਿਆਂ ਨੂੰ ਚੁੱਕਣਾ ਦੇਣ ਵਾਲ਼ੇ ਸਿੰਘ, ਆਮ ਸਿੱਖਾਂ ਨਾਲ ਕਦੇ ਵੀ ਸਾਂਝੇ ਨਹੀਂ ਕਰਦੇ।
ਕਨੇਡੀਅਨ ਕਨੂੰਨਾਂ, ਕਨੇਡੀਅਨ ਲੋਕਾਂ ਅਤੇ ਕਨੇਡੀਅਨ ਸਰਕਾਰਾਂ ਦਾ ਸਾਨੂੰ ਸ਼ੁਕਰੀਆ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਨੇ ਫਰਾਂਸ ਵਾਂਗ ਦਸਤਾਰ ’ਤੇ ਪਾਬੰਦੀ ਨਹੀਂ ਲਗਾਈ, ਅਤੇ ਸੁਪਰੀਮ ਕੋਰਟ ਨੇ ਇੱਕ ਖ਼ਾਸ ਲੰਬਾਈ ਵਾਲੀ ਕਿਰਪਾਨ ਨੂੰ ਕੁਝ ਸ਼ਰਤਾਂ ਅਧੀਨ, ਸਕੂਲਾਂ ਵਿੱਚ ਪਹਿਨਣ ਦੀ ਖੁੱਲ੍ਹਦਿਲੀ ਦਿਖਾਈ ਹੈ। ਅਮਰੀਕਾ ਦੀ ਮਿਸ਼ੀਗਨ ਸਟੇਟ ਨੇ ਸਵਾ ਦੋ ਇੰਚ ਬਲੇਡ ਵਾਲੀ ਕਿਰਪਾਨ ਨੂੰ ਸਕੂਲਾਂ ਵਿੱਚ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਹੈ ਬਸ਼ਰਤੇ ਕਿ ਕਿਰਪਾਨ ਦਾ ਬਲੇਡ, ਕਿਰਪਾਨ ਦੇ ਮਿਆਨ ਅੰਦਰ ਇਸ ਤਰੀਕੇ ਨਾਲ ਸਿਓਂ ਕੇ ਜੋਡ਼ਿਆ ਹੋਇਆ ਹੋਵੇ ਕਿ ਇਸ ਨੂੰ ਖਿੱਚ ਕੇ ਬਾਹਰ ਨਾ ਕੱਢਿਆ ਜਾ ਸਕੇ। ਇਹ ਸ਼ਰਤ ਵੀ ਲਾਈ ਗਈ ਹੈ ਕਿ ਕਿਰਪਾਨ ਨੂੰ ਕੱਪਡ਼ਿਆਂ ਦੇ ਹੇਠੋਂ ਦੀ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਇਹ ਕਿਸੇ ਨੂੰ ਨਜ਼ਰ ਨਾ ਆਵੇ। ਕਨੇਡੀਅਨ ਲੋਕ ਏਨੇ ਖੁੱਲ੍ਹਦਿਲੇ ਹਨ ਕਿ ਕਿਸੇ ਵੀ ਮੁਲਕ/ਕਲਚਰ ਦੇ ਪਹਿਰਾਵੇ, ਖਾਣੇ ਅਤੇ ਗੀਤ-ਸੰਗੀਤ ਨੂੰ ਹੱਸ ਕੇ ਸਵੀਕਾਰ ਕਰਦੇ ਨੇ।
ਕਨੇਡੀਅਨ ਸਰਕਾਰਾਂ ਤੇ ਲੋਕਾਂ ਦੀ ਖੁੱਲ੍ਹਦਿਲੀ ਦੀ ਇੱਕ ਵੱਡੀ ਮਿਸਾਲ ਇਹ ਹੈ ਕਿ ਕਨੇਡੀਅਨ ਅਦਾਲਤਾਂ ਵਿੱਚ ਦੇਸ਼ ਦੇ ਸਾਢੇ ਤਿੰਨ ਕਰੋਡ਼ ਵਿਅਕਤੀਆਂ ਨੂੰ ਆਪਣਾ ਸਿਰ ਨੰਗਾ ਕਰ ਕੇ ਬੈਠਣ ਦਾ ਹੁਕਮ ਹੈ ਲੇਕਿਨ ਪੰਜ ਲੱਖ ਵਿੱਚੋਂ ਕੁਝ ਕੁ ਹਜ਼ਾਰ ਦਸਤਾਰਧਾਰੀ ਸਿੱਖਾਂ ਨੂੰ ਇਸ ਹੁਕਮ ਤੋਂ ਛੋਟ ਹੈ। ਪ੍ਰੰਤੂ ਜਿੱਥੇ ਸੇਫ਼ਟੀ, ਸਕਿਉਰਿਟੀ, ਅਮਨ-ਕਾਨੂੰਨ ਅਤੇ ਇਨਸ਼ੋਰੈਂਸ ਆਦਿਕ ਦਾ ਸਵਾਲ ਆ ਜਾਂਦਾ ਹੈ, ਤਾਂ ਇਹ ਲੋਕ ਕਨੂੰਨ ਨੂੰ ਚੈਲੰਜ ਕਰਨ ਵਾਲਿਆਂ ਦੇ ਖਿਲਾਫ਼ ਤਡ਼ਫ਼ ਉੱਠਦੇ ਨੇ।
ਅੱਜ ਦਾ ਯੁਗ ਤਿੰਨ-ਚਾਰ ਸੌ ਸਾਲਾਂ ਪਹਿਲਾਂ ਵਾਲੇ ਯੁੱਗ ਤੋਂ ਬਿਲਕੁਲ ਹੀ ਵੱਖਰਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਇੱਕੋ ਹੀ ਧਰਮ ਅਤੇ ਕਲਚਰ ਦੇ ਲੋਕ ਨਿੱਕੇ-ਨਿੱਕੇ ਇਲਾਕਿਆਂ/ਰਿਆਸਤਾਂ ਵਿੱਚ ਰਹਿੰਦੇ ਸਨ ਤਾਂ ਪਹਿਰਾਵੇ ਪੱਖੋਂ ਟਕਰਾ ਦੀ ਗੁੰਜਾਇਸ਼ ਨਹੀਂ ਸੀ ਰਹਿੰਦੀ। ਪਰੰਤੂ ਅੱਜ ਦੇ ਨਵੇਂ ਸੰਸਾਰ ਵਿੱਚ ਹੋਈ ਜ਼ਬਰਦਸਤ ਇੰਮੀਗਰੇਸ਼ਨ ਕਾਰਨ ਵੱਖ-ਵੱਖ ਧਰਮਾਂ, ਬੋਲੀਆਂ ਅਤੇ ਕਲਚਰਾਂ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਰਹਿਣਾ ਤੇ ਕੰਮ-ਕਾਰ ਕਰਨਾ ਪੈ ਰਿਹਾ ਹੈ, ਇਸ ਲਈ ਸੰਪੂਰਨ ਅਲਹਿਦਗੀ ਚੱਲ ਨਹੀਂ ਸਕਣੀ; ਧਾਰਮਿਕ ਕੱਟਡ਼ਤਾ ਪ੍ਰਵਾਨ ਨਹੀਂ ਹੋਣੀ। ਅਗਰ ਲੋਕਾਂ ਨੇ ਆਪਣੇ ਵਿਚਾਰਾਂ, ਅਕੀਦਿਆਂ ਅਤੇ ਕਦਰਾਂ-ਕੀਮਤਾਂ ਵਿੱਚ ਲਚਕ ਤੇ ਤਬਦੀਲੀਆਂ ਨਾ ਕੀਤੀਆਂ ਤਾਂ ਸਦਾ ਟਕਰਾ ਦੀ ਸਥਿਤੀ ਬਣੀ ਰਹਿਣੀ ਹੈ। ਇਸ ਲਈ ਭਿੰਨ-ਭਿੰਨ ਕੌਮਾਂ ਨੂੰ ਮਿਲਜੁਲ ਕੇ ਰਹਿਣਾ ਸਿੱਖਣਾ ਪੈਣਾ ਹੈ ਅਤੇ ਸਦੀਆਂ ਪੁਰਾਣੀਆਂ ਰਵਾਇਤਾਂ, ਤੌਰ-ਤਰੀਕਿਆਂ ਅਤੇ ਰਸਮਾਂ ਵਿੱਚ ਤਬਦੀਲੀ ਵੀ ਕਰਨੀ ਹੀ ਪੈਣੀ ਹੈ।
ਸਾਨੂੰ ਦੂਸਰੇ ਲੋਕਾਂ ਅਤੇ ਕਮਿਊਨਿਟੀਜ਼ ਦੇ ਸਾਡੇ ਪ੍ਰਤੀ ਨਿਖੇਧੀ (ਨੈਗਟਿਵ) ਵਿਚਾਰਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਕੁਝ ਵਰ੍ਹੇ ਪਹਿਲਾਂ ਹੋਏ ਇੱਕ ਸਰਵੇ ਵਿੱਚ ਬਹੁਤੇ ਕਨੇਡੀਅਨ ਲੋਕਾਂ ਨੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਉਹਨਾਂ ਲੋਕਾਂ ਵਿੱਚ ਸ਼ਾਮਲ ਕੀਤਾ ਸੀ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦੇ। ਇਹ ਲੋਕ ਸਿੱਖਾਂ ਤੇ ਮੁਸਲਮਾਨਾਂ ਨੂੰ ਟੈਰੋਰਿਜ਼ਮ ਨਾਲ ਜੋਡ਼ਦੇ ਨੇ। ਇਸ ਸਰਵੇ ਤੋਂ ਬਾਅਦ ਸਾਡੇ ਲੀਡਰਾਂ ਨੂੰ ਚੌਕਸ ਹੋ ਕੇ, ਉਨ੍ਹਾਂ ਕਾਰਨਾਂ ਦੀ ਤਹਿ ਤੀਕ ਜਾਣਾ ਚਾਹੀਦਾ ਸੀ ਜਿਨ੍ਹਾਂ ਕਰ ਕੇ ਕਨੇਡੀਅਨ ਲੋਕਾਂ ਦੀਆਂ ਨਜ਼ਰਾਂ ਵਿੱਚ ਸਾਡਾ ਅਕਸ ਮੈਲ਼ਾ ਹੁੰਦਾ ਜਾ ਰਿਹਾ ਹੈ।
ਸਾਨੂੰ ਇਸ ਗੱਲ ਤੋਂ ਵੀ ਸਬਕ ਸਿੱਖਣਾ ਚਾਹੀਦਾ ਹੈ ਕਿ ਨੈਦਰਲੈਂਡਜ਼ (ਹਾਲੈਂਡ) ਅਤੇ ਡੈਨਮਾਰਕ ਵਿੱਚ ਦੋ ਦਹਾਕੇ ਪਹਿਲਾਂ ਉੱਥੋਂ ਦੀਆਂ ਸਰਕਾਰਾਂ ਅਤੇ ਲੋਕਾਂ ਨੇ, ਕੈਨੇਡਾ ਦੀਆਂ ਸਰਕਾਰਾਂ ਤੇ ਲੋਕਾਂ ਵਾਂਗ ਹੀ ਬਦੇਸ਼ੀਆਂ ਨੂੰ ਬਾਹਾਂ ਖੋਲ੍ਹ ਕੇ ਜੀ ਆਇਆਂ ਆਖਿਆ ਸੀ। ਉਨ੍ਹਾਂ ਨੇ ਬਦੇਸ਼ੀਆਂ ਨੂੰ ਵੈੱਲਫੇਅਰ ਦਿੱਤੀ, ਭਾਸ਼ਾ ਦੀਆਂ ਕਲਾਸਾਂ ਦਿੱਤੀਆਂ ਅਤੇ ਹਰ ਯੋਗ ਸਹੂਲਤ ਦਿੱਤੀ। ਲੇਕਿਨ ਇਨ੍ਹਾਂ ਦੇਸ਼ਾਂ ਦੇ ਮੁੱਠੀਭਰ ਬਡ਼ਬੋਲੇ ਕੱਟਡ਼ਪੰਥੀ ਮੁਸਲਮਾਨਾਂ ਨੇ ਇਨ੍ਹਾਂ ਮੁਲਕਾਂ ਦੇ ਕਾਇਦੇ-ਕਨੂੰਨਾਂ ਵਿੱਚ ਆਪਣੀ ਸ਼ਰੀਅਤ ਮੁਤਾਬਿਕ ਤਬਦੀਲੀਆਂ ਦੀ ‘ਨਾਜਾਇਜ਼’ ਮੰਗ ਕਰਨੀ ਸ਼ੁਰੂ ਕਰ ਦਿੱਤੀ। ਵੈੱਲਫ਼ੇਅਰ ਦੇ ਜਾਅਲੀ ਤੌਰ ’ਤੇ ਕਲੇਮ ਲੈ-ਲੈ ਕੇ, ਵੈੱਲਫੇਅਰ ਸਿਸਟਮ ਦਾ ਦੀਵਾਲਾ ਕੱਢ ਦਿੱਤਾ। ਬੁਰਕੇ ਪਹਿਨਣ ਦੀ ਜ਼ਿੱਦ ਕਰ ਦਿੱਤੀ, ਮੁਸਲਮਾਨਾਂ ਲਈ ਵੱਖਰੇ ਸਕੂਲਾਂ ਦੀ ਮੰਗ ਕਰ ਦਿੱਤੀ, ਅਤੇ ਹੋਰ ਅਜੀਬ ਕਿਸਮ ਦੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਜਿਹਡ਼ੀਆਂ ਇਨ੍ਹਾਂ ਮੁਲਕਾਂ ਦੇ ਲੋਕਾਂ ਤੇ ਸਰਕਾਰਾਂ ਨੂੰ ਖਫ਼ਾ ਕਰਨ ਲੱਗ ਪਈਆਂ। ਇਸ ਦਾ ਨਤੀਜਾ ਇਹ ਹੋਇਆ ਕਿ ਦੋ-ਤਿੰਨ ਦਹਾਕੇ ਪਹਿਲਾਂ ਜੀ-ਆਇਆਂ ਕਹਿਣ ਵਾਲੇ ਉਹੀ ਉਦਾਰ-ਚਿੱਤ ਲੋਕ, ਮੁਸਲਮਾਨਾਂ ਨੂੰ ਨਫ਼ਰਤੀ ਨਜ਼ਰਾਂ ਨਾਲ ਦੇਖਣ ਲੱਗ ਪਏ। ਮੁਸਲਮਾਨਾਂ ’ਤੇ  ਖਫ਼ਾ ਹੋਏ ਇਨ੍ਹਾਂ ਲੋਕਾਂ ਨੇ ਬੀਤੇ ਸਾਲ, ਨਰਮ-ਨੀਤੀ ਵਾਲੀਆਂ ਲਿਬਰਲ ਸਰਕਾਰਾਂ ਨੂੰ ਹਰਾ ਕੇ, ਉਹਨਾਂ ਰਾਜਨੀਤਕ ਪਾਰਟੀਆਂ ਨੂੰ ਜਿਤਾ ਦਿੱਤਾ ਜਿਹਡ਼ੀਆਂ ਇੰਮੀਗਰਾਂਟਾਂ ਅਤੇ ਖ਼ਾਸ ਤੌਰ ਤੇ ਮੁਸਲਮਾਨਾਂ ਦੇ ਖਿਲਾਫ਼ ਖੁੱਲ੍ਹ ਕੇ ਭਡ਼ਾਸ ਕੱਢਦੀਆਂ ਸਨ/ਹਨ। ਅੱਜ ਹਾਲਾਤ ਇਹ ਹੋ ਗਏ ਹਨ ਕਿ ਇਹਨਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਬਸ਼ਿੰਦੇ ਮੁਸਲਮਾਨਾਂ ਦੀਆਂ ਮਸੀਤਾਂ ਉੱਤੇ ਪਾਬੰਦੀਆਂ ਲਗਾ ਰਹੇ ਨੇ। ਇਸ ਦੇ ਨਾਲ ਹੀ ਮੁਸਲਮਾਨਾਂ ਦੀਆਂ ਇੰਮੀਗਰੇਸ਼ਨ ਅਰਜ਼ੀਆਂ ਵਿੱਚ ਅਡ਼ਿੱਕੇ ਡਾਹੁਣ ਲੱਗ ਪਏ ਨੇ। ਇਹ ਹਾਲਾਤ ਦੇਖ ਕੇ ਸਾਨੂੰ ਸਿੱਖਾਂ ਨੂੰ ਆਪਣੇ ਵਿਵਹਾਰ ਅਤੇ ਵਰਤਾਓ ਵਿੱਚ ਇਨਕਲਾਬੀ ਤਬਦੀਲੀਆਂ ਕਰ ਲੈਣੀਆਂ ਚਾਹੀਦੀਆਂ ਨੇ ਤਾਂ ਕਿ ਕੈਨੇਡਾ ਦੇ 98% ਗੈਰ-ਸਿੱਖ ਲੋਕ ਕਿਧਰੇ ਸਾਡੇ ਖਿਲਾਫ਼ ਹੋ ਕੇ, ਮੁਸਲਮਾਨਾਂ ਵਾਂਗ ਸਾਨੂੰ ਅਲੱਗ-ਥਲੱਗ ਨਾ ਕਰ ਸੁੱਟਣ। ਅਗਰ ਹਾਲੈਂਡ ਤੇ ਡੈਨਮਾਰਕ ਦੇ ਬਸ਼ਿੰਦੇ ਨਰਮ-ਚਿੱਤ ਪਾਰਟੀਆਂ ਨੂੰ ਦੁਰਕਾਰ ਕੇ, ਪਿਛਾਂਹ-ਖਿੱਚੂ ਨਸਲਵਾਦੀ ਪਾਰਟੀਆਂ ਮਗਰ ਲੱਗ ਸਕਦੇ ਹਨ, ਤਾਂ ਇਹੀ ਵਰਤਾਰਾ ਕੈਨੇਡਾ ਵਿੱਚ ਵੀ ਦੁਹਰਾਇਆ ਜਾ ਸਕਦਾ ਹੈ। ਇਹ ਕੋਈ ਅੱਤ-ਕਥਨੀ ਨਹੀਂ ਕਿ ਬਾਹਰੋਂ ਆਏ ਇੰਮੀਗਰਾਂਟਾਂ ਦੀਆਂ ਅਜੀਬੋ-ਗ਼ਰੀਬ ਮੰਗਾਂ ਤੋਂ ਖਫ਼ਾ ਹੋ ਕੇ, ਕੈਨੇਡਾ ਦੇ ਨਸਲਵਾਦੀ ਬਾਸ਼ਿੰਦੇ, ਡੈਨਮਾਰਕ ਅਤੇ ਹਾਲੈਂਡ ਵਾਂਗ ਹੀ, ਲਿਬਰਲਾਂ, ਟੋਰੀਆਂ ਅਤੇ ਡੈਮੋਕਰੈਟਾਂ ਦੇ ਟਾਕਰੇ, ਇੱਕ ਦਿਨ ਕੋਈ ਅੱਤ ਦੀ ਨਸਲਵਾਦੀ ਪਾਰਟੀ ਖਡ਼੍ਹੀ ਕਰ ਕੇ, ਉਸ ਨੂੰ ਸਰਕਾਰ ਸੌਂਪ ਦੇਵਣ।
ਇਹ ਹਕੀਕਤ ਹੈ ਕਿ ਕੱਟਡ਼ਵਾਦ, ਜ਼ਿੱਦ, ਅਤੇ ਮੈਂ-ਨਾ-ਮਾਨੂੰ ਵਾਲੇ ਕਿਰਦਾਰ ਵਾਲੇ ਕਿਸੇ ਵੀ ਧਾਰਮਿਕ-ਕਲਚਰਲ ਭਾਈਚਾਰੇ ਨੂੰ, ਦੂਸਰੇ ਲੋਕ ਕੌਡ਼ੀਆਂ ਨਿਗਾਹਾਂ ਨਾਲ ਦੇਖਣ ਲੱਗ ਜਾਂਦੇ ਨੇ। ਇਸ ਲਈ ਸਾਨੂੰ ਅਜੇਹੇ ਪੈਂਤਡ਼ਿਆਂ ਤੋਂ ਪੂਰੀ ਤਰ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਨਾਲ ਗੈਰ-ਸਿੱਖਾਂ ਦਾ, ਸਾਡੇ ਨਾਲ ਲਮਕਵਾਂ ਤਕਰਾਰ ਅਤੇ ਟਕਰਾ ਸ਼ੁਰੂ ਹੋ ਜਾਵੇ। ਸਾਨੂੰ ਇਸ ਗੱਲੋਂ ਸੁਚੇਤ ਹੋਣਾ ਚਾਹੀਦਾ ਹੈ ਕਿ ਗੱਲ-ਗੱਲ ਉੱਤੇ ਕਨੇਡੀਅਨ ਕਨੂੰਨਾਂ ਨਾਲ ਟਕਰਾਓ ਦੀ ਨੀਤੀ ਅਪਣਾ ਕੇ ਕਿਧਰੇ ਅਸੀਂ ਆਪਣੇ ਖਿਲਾਫ਼ ਨਸਲੀ ਨਫ਼ਰਤ ਨਾ ਭਡ਼ਕਾ ਬੈਠੀਏ।
ਇੱਕ ਹੋਰ ਗੱਲ ਦਾ ਆਮ ਸਿੱਖਾਂ ਨੂੰ ਇਲਮ ਨਹੀਂ ਕਿ ਯੂਰਪ ਦੇ ਮੁਲਕਾਂ ਨੇ ਪਹਿਲਾਂ ਹੀ ਮਲਟੀਕਲਚਰਲਿਜ਼ਮ ਨੂੰ ਨਿਕਾਰਨਾ ਸ਼ੁਰੂ ਕੀਤਾ ਹੋਇਆ ਹੈ। ਜਰਮਨੀ ਦੀ ਚਾਂਸਲਰ ਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਨੇ ਸਾਫ਼ ਲਫ਼ਜ਼ਾਂ ਵਿੱਚ ਆਖ ਦਿੱਤਾ ਹੈ ਕਿ ਮਲਟੀਕਲਚਰਲਿਜ਼ਮ ਮਰ ਚੁੱਕਾ ਹੈ, ਫ਼ੇਅਲ ਹੋ ਚੁੱਕਾ ਹੈ (ਗਲੋਬ ਐਂਡ ਮੇਲ: 11 ਫ਼ਰਵਰੀ, 2011) ਤੇ ਉਹਨਾਂ ਦੀ ਰੀਸੇ ਹੀ ਹੁਣ ਕੈਨਡਾ ਵਿੱਚ ਵੀ ਇਹ ਅਵਾਜ਼ਾਂ ਉੱਠਣ ਲੱਗ ਪਈਆਂ ਨੇ ਕਿ ‘ਬਾਹਰੋਂ’ ਆਏ ਲੋਕ, ਕੈਨੇਡਾ ਦੇ ਕਾਇਦੇ-ਕਾਨੂੰਨਾਂ, ਕਦਰਾਂ-ਕੀਮਤਾਂ, ਕਲਚਰ, ਅਤੇ ਰਵਾਇਤਾਂ ਨੂੰ ਤੋਡ਼-ਮਰੋਡ਼ ਰਹੇ ਨੇ ਜਿਸ ਕਰ ਕੇ ਮਲਟੀਕਚਰਲਿਜ਼ਮ ਖਤਮ ਕਰ ਦੇਣਾ ਚਾਹੀਦਾ ਹੈ। 11 ਫਰਵਰੀ ਦੇ ‘ਗਲੋਬ ਐਂਡ ਮੇਅਲ’ ਦੀ ਵੈੱਬਸਾਈਟ ’ਤੇ ਛਪੀਆਂ ਦੋ ਹਜ਼ਾਰ ਤੋਂ ਵਧੇਰੇ ਟਿੱਪਣੀਆਂ ਵਿੱਚ ਬਹੁ-ਗਿਣਤੀ ਪਾਠਕਾਂ ਨੇ ਮਲਟੀਕਲਚਰਲਿਜ਼ਮ ਨੂੰ ਸਖ਼ਤ ਸ਼ਬਦਾਂ ਵਿੱਚ ਨਿਕਾਰਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕਈ ਵਾਰ ਇਹ ਦੁਹਰਾ ਚੁੱਕੇ ਹਨ ਕਿ ਜਿਨ੍ਹਾਂ ਬਦੇਸ਼ੀਆਂ ਨੂੰ ਆਸਟ੍ਰੇਲੀਅਨ ਕਨੂੰਨਾਂ ਵਿੱਚ ਰਹਿਣ ਵਿੱਚ ਔਖ ਆ ਰਹੀ ਹੈ, ਉਹ ਬਡ਼ੀ ਖੁਸ਼ੀ ਨਾਲ ਆਸਟ੍ਰੇਲੀਆ ਨੂੰ ਛੱਡ ਕੇ ਆਪਣੇ ਜੱਦੀ ਮੁਲਕਾਂ ਨੂੰ ਵਾਪਿਸ ਜਾ ਸਕਦੇ ਨੇ। ਫਰਾਂਸ ਨੇ ਹਰ ਕਿਸਮ ਦੇ ਧਾਰਮਿਕ ਚਿੰਨ੍ਹਾਂ ਨੂੰ ਪਬਲਕਿ ਮੁਕਾਮਾਂ ’ਤੇ ਪਹਿਨਣ ਉੱਪਰ ਪਾਬੰਦੀ ਲਾ ਦਿੱਤੀ ਹੈ ਜਿਸ ਕਾਰਨ ਸਕੂਲਾਂ ਵਿੱਚ ਦਸਤਾਰ ਉੱਪਰ ਬੈਨ ਲੱਗ ਗਿਆ ਹੈ। ਇਟਲੀ ਵਿੱਚ ਰਹਿੰਦੇ ਸਿੱਖਾਂ/ਪੰਜਾਬੀਆਂ ਉੱਪਰ ਨਸਲੀ ਹਮਲੇ ਸ਼ੁਰੂ ਹੋ ਗਏ ਹਨ। ਸਪੇਨ ਵਿੱਚ ਸਿੱਖਾਂ ਨੂੰ ਨਸਲੀ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟਰੀਆ ਵਿੱਚ ਇੱਕ ਗੁਰਦਵਾਰੇ ਵਿੱਚ ਦਸਤਾਰਧਾਰੀ ਸਿੰਘਾਂ ਵੱਲੋਂ ਗੋਲੀਆਂ ਚਲਾ ਕੇ ਕੀਤੇ ਇੱਕ ‘ਸੰਤ’ ਦੇ ਕਤਲ ਤੋਂ ਬਾਅਦ, ਆਸਟਰੀਅਨ ਭਾਈਚਾਰਾ ਵੀ ਸਿੱਖਾਂ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਣ ਲੱਗ ਪਿਆ ਹੈ। ਇਸ ਹਿਸਾਬ ਇਹ ਗੱਲ ਵਿਚਾਰਨੀ ਬਣਦੀ ਹੈ ਕਿ ਕਿਧਰੇ ਸਾਡੇ ਕਿਰਦਾਰ-ਵਿਵਹਾਰ ਵਿੱਚ ਕੋਈ ਬਹੁਤ ਹੀ ਸੰਗੀਨ ਖ਼ਾਮੀਆਂ ਤਾਂ ਨਹੀਂ ਜਿਨ੍ਹਾਂ ਕਰ ਕੇ ਹਰ ਮੁਲਕ ਦੇ ਬਾਸ਼ਿੰਦੇ ਸਾਡੇ ਖਿਲਾਫ਼ ਹੋ ਜਾਂਦੇ ਨੇ! ਸਾਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਬਾਕੀ ਮੁਲਕਾਂ ਵਾਂਗ ਕਿਧਰੇ ਕੈਨਡਾ ਵਿੱਚ ਵੀ ਸਾਡੇ ਵਿਰੋਧ ਵਿੱਚ ਉੱਠ ਰਹੀਆਂ ਆਵਾਜ਼ਾਂ ਜ਼ੋਰ ਨਾ ਫਡ਼ ਜਾਵਣ, ਤੇ ਸਾਨੂੰ ਸਾਡੇ ਆਲ਼ੇ-ਦੁਆਲ਼ੇ ਦੇ ਕਹਿਰ ਦਾ ਸ਼ਿਕਾਰ ਹੋਣਾ ਪਵੇ!
ਸਾਡੇ ਖਿਆਲ ਵਿੱਚ ਸਾਡੇ ਜੱਥੇਦਾਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨੌਂ ਇੰਚੀ ਕਿਰਪਾਨ ਨੂੰ ਹਥਿਆਰ ਦੇ ਤੌਰ ’ਤੇ ਪਹਿਨਣ ਦੀ ਇਜਾਜ਼ਤ ਉਨ੍ਹਾਂ ਮੁਲਕਾਂ ਵਿੱਚ ਮਿਲਣੀ ਅਸੰਭਵ ਹੈ ਜਿੱਥੇ ਹਰ ਕਿਸਮ ਦੇ ਹਥਿਆਰ ਨੂੰ ਪਬਲਿਕ ਵਿੱਚ ਲਿਆਉਣ ਦੀ ਪਾਬੰਦੀ ਹੈ, ਅਤੇ ਇਹ ਇਜਾਜ਼ਤ ਲੈਣ ਲਈ ਜ਼ਿੱਦ ਕਰਨ ਨਾਲ ਕਸ਼ਮਕਸ਼ ਤੇ ਪੇਚੀਦਗੀਆਂ ਜਨਮ ਲੈਣਗੀਆਂ; ਇਸ ਲਈ ਬਦੇਸ਼ਾਂ ਵਿੱਚ ਇਸ ਮਾਮਲੇ ਨੂੰ ਨਜਿੱਠਣ ਲਈ ਉਹ ਨਰਮਾਈ ਵਰਤਣ ਦੇ ਆਦੇਸ਼ ਦੇਵਣ। ਨਾਲ ਹੀ ਜਿਨ੍ਹਾਂ ਸ਼ਰਤਾਂ ਅਧੀਨ ਕੈਨੇਡਾ ਦੀ ਸੁਪਰੀਮ ਕੋਰਟ ਨੇ ਕਿਰਪਾਨ ਪਹਿਨਣ ਦੀ ਇਜਾਜ਼ਤ ਦਿੱਤੀ ਹੋਈ ਹੈ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਸ ਉੱਤੇ ਹੀ ਸਬਰ ਕਰਨਾ ਚਾਹੀਦਾ ਹੈ। ਸਾਡੇ ਤਖ਼ਤਾਂ ਦੇ ਜੱਥੇਦਾਰ, ਗ੍ਰੰਥੀ, ਸੰਤ, ਕੀਰਤਨੀਏ ਅਤੇ ਹੋਰ ਅੰਮ੍ਰਿਤਧਾਰੀ ਸਿੰਘ ਅਗਰ ਜਹਾਜ਼ ਚਡ਼੍ਹਨ ਵੇਲੇ ਕਿਰਪਾਨ ਉਤਾਰ ਦੇਂਦੇ ਹਨ ਤਾਂ ਸਾਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਸਕਿਉਰਿਟੀ ਏਜੰਸੀਆਂ ਨਾਲ ਮਿਲਵਰਤਣ ਕਰਦਿਆਂ ਕਿਸੇ ਖ਼ਾਸ ਹਾਲਾਤ ਵਿੱਚ ਕੈਨੇਡਾ ਵਿੱਚ ਕਿਰਪਾਨਾਂ ਕਿਉਂ ਨਹੀਂ ਉਤਾਰੀਆਂ ਜਾ ਸਕਦੀਆਂ।
ਕਿਰਪਾਨ ਵਰਗੇ ਮਸਲਿਆਂ ਨੂੰ ਲਚਕਾ ਨਾਲ ਨਜਿੱਠਣ ਦੀ ਬਜਾਏ, ਅਡ਼ੀਅਲ ਅਤੇ ਟਕਰਾਊ ਵਤੀਰਾ ਧਾਰ ਕੇ ਕਿਧਰੇ ਅਸੀਂ ਕੈਨੇਡਾ ਦੇ ਨਰਮ-ਚਿੱਤ ਲੋਕਾਂ ਦੀ ਹਮਦਰਦੀ ਨਾ ਗੁਆ ਬੈਠੀਏ! ਕਿਰਪਾਨਾਂ ਲਈ ਤੇ ਹੈਲਮਟਾਂ ਤੋਂ ਬਿਨਾਂ ਮੋਟਰਸਾਈਕਲ ਚਲਾਉਣ ਵਰਗੀਆਂ ਸਹੂਲਤਾਂ ਲਈ ਅਡ਼ੀ ਕਰਦਿਆਂ-ਕਰਦਿਆਂ ਕਿਧਰੇ ਅਸੀਂ ਦਸਤਾਰਾਂ, ਭਾਸ਼ਾਵਾਂ ਅਤੇ ਹੋਰ ਰਿਆਇਤਾਂ ਉੱਪਰ ਹੀ ਫਰਾਂਸ ਵਾਂਗ ਪਾਬੰਦੀਆਂ ਨਾ ਲੁਆ ਬੈਠੀਏ! (ਲਿਖਾਰੀ ਚੋਂ ਧੰਨਵਾਦ ਸਹਿਤ) 
 --ਇਕਬਾਲ ਰਾਮੂਵਾਲੀਆ
21 Squirreltail Way, Brampton
Ont, Canada, L6R 1X4
Phone: 905-792-7357
iqbal < ramoowalia@rogers.com>

No comments: