Saturday, April 30, 2011

ਕੋਸ਼ਿਸ਼ ਕਰੇ ਇਨਸਾਨ ਤਾਂ ਕੀ ਨਹੀ ਹੋ ਸਕਦਾ !

"ਜੇਕਰ ਲੈਣਾ ਹੈ ਮੇਰੇ ਖੰਭਾਂ ਦਾ ਇਮਤਹਾਨ ਤਾਂ ਅਕਾਸ਼ ਨੂੰ ਕਹੋ ਥੋਡ਼ਾ ਹੋਰ ਉੱਚਾ ਹੋ ਜਾਏ"। ਇਨਸਾਨ ਕੁਦਰਤ ਦੀ ਸੱਭ ਤੋਂ ਵਧੀਆ ਰਚਨਾ ਹੈ। ਰੱਬ ਨੇ ਇਸ ਨੂੰ ਇਸ ਤਰ੍ਹਾਂ ਹੀ ਬਣਾਇਆ ਹੈ ਕਿ ਇਹ ਕੁਝ ਵੀ ਕਰ ਸਕਦਾ ਹੈ। ਜੇ ਇਨਸਾਨ ਚਾਹੇ ਤਾਂ ਦੁਨੀਆਂ ਦਾ ਵੱਡੇ ਤੋਂ ਵੱਡਾ ਕੰਮ ਸਹੀ ਸੋਚ, ਲਗਾਤਾਰ ਕੋਸ਼ਿਸ਼ ਤੇ ਬੁਲੰਦ ਹੌਂਸਲੇ ਨਾਲ਼ ਕਰ ਸਕਦਾ ਹੈ ਪਰ ਸਾਡੀ ਆਦਤ ਇਹ ਹੈ ਕਿ ਜੇ ਕੋਈ ਮੁਸ਼ਕਿਲ ਕੰਮ ਆ ਜਾਏ ਤਾਂ ਅਸੀਂ ਕਹਿੰਦੇ ਹਾਂ ਕਿ ਯਾਰ ਇਹ ਤਾਂ ਹੋ ਹੀ ਨਹੀਂ ਸਕਦਾ। ਕੋਸ਼ਿਸ਼ ਤਾਂ ਕਰੋ! ਜੇ ਪਹਿਲੀ ਕੋਸ਼ਿਸ਼ ਸਫ਼ਲ ਨਹੀਂ ਹੁੰਦੀ ਤਾਂ ਦੁਬਾਰਾ ਵਿਓਂਤ ਬਣਾ ਕੇ ਫੇਰ ਕੋਸ਼ਿਸ਼ ਕਰੋ। ਵਿਓਂਤਾਂ ਬਣਾਉਂਦੇ ਜਾਉ,ਕੋਸ਼ਿਸ਼ਾਂ ਕਰਦੇ ਜਾਉ,ਕਾਮਯਾਬੀ ਜਰੂਰ ਤੁਹਾਡੇ ਕਦਮ ਚੁੰਮੇਗੀ। ਦੁਨੀਆ ਦਾ ਮਹਾਨ ਵਿਗਿਆਨੀ 'ਥੋਮਸ ਐਡੀਸਨ' ਵੀ ਆਪਣੀ ਮਸ਼ਹੂਰ ਖੋਜ 'ਬਲਬ ਦੀ ਕਾਢ' ਤੋਂ ਪਹਲਾਂ ਸੈਕਡ਼ੇ ਵਾਰੀ ਅਸਫ਼ਲ ਰਿਹਾ। 
ਇਸੇ ਤਰ੍ਹਾਂ ਹੀ 'ਜੇਮਸ ਵਾਟ' ਨੇ ਕਿਹੜਾ ਪਹਿਲੀ ਕੋਸ਼ਿਸ਼ ਵਿੱਚ ਹੀ 'ਸਟੀਮ ਇੰਜਣ' ਬਣਾ ਲਆਿ ਸੀ, ਨਾ 'ਗੈਲੀਲਿਓ ਨੇ ਪਹਿਲੀ ਕੋਸ਼ਿਸ਼ ਵਿੱਚ 'ਟੈਲੀਸਕੋਪ', ਨਾਂ ਹੀ 'ਚਾਰਲਸ ਬੈਬਜਿ' ਨੇ ਪਹਿਲੀ ਵਾਰ ਵਿੱਚ ਹੀ 'ਕੰਪਿਊਟਰ'। ਇਹਨਾਂ ਸਭ ਨੇ ਲਗਾਤਾਰ ਕੋਸ਼ਿਸ਼ ਕੀਤੀ ਸੀ। ਕਈ ਤਾਂ ਪਹਿਲੀ ਕੋਸ਼ਿਸ਼ ਵਿੱਚ ਅਸਫ਼ਲ ਹੋਣ ਤੋਂ ਬਾਅਦ ਹੀ ਹਿੰਮਤ ਹਾਰ ਜਾਂਦੇ ਹਨ ਤੇ ਨਿਰਾਸ਼ ਹੋ ਕੇ ਬੈਠ ਜਾਂਦੇ ਹਨ। ਓਏ ਇਨਸਾਨੋ ! ਨਿਰਾਸ਼ ਹੋ ਕੇ ਆਪਣਾ ਅਪਮਾਨ ਨਾ ਕਰੋ। ਆਸ਼ਾਵਾਦੀ ਬਣੋ ! ਤੁਹਾਨੂੰ ਮੈਂ ਭਾਰਤ ਦੀ ਕੋਇਲ 'ਲਤਾ ਮੰਗੇਸ਼ਕਰ' ਦੀ ਉਦਾਹਰਣ ਦੇਂਦਾ ਹਾਂ। 'ਲਤਾ ਮੰਗੇਸ਼ਕਰ' ਨੂੰ ਉਸ ਦੀ ਬਾਰੀਕ ਅਵਾਜ ਕਰਕੇ ਨਕਾਰ ਦਿੱਤਾ ਗਿਆ ਸੀ। ਉਸ ਨੂੰ ਫਿਲਮਾਂ ਵਿੱਚ  ਗਾਉਣ ਨਹੀਂ ਸੀ ਦਿੱਤਾ ਗਿਆ ਪਰ ਉਸ ਨੇ ਹਾਰ ਨਾ ਮੰਨੀ, ਨਾ ਨਿਰਾਸ਼ ਹੋਈ, ਨਾ ਹੀ ਉਸ ਨੇ ਗਾਉਣਾ ਛੱਡਿਆ। ਜਿੱਥੇ ਦੂਸਰੇ ਗਾਇਕ 'ਹਜਾਰਾਂ ਰੁਪੈ' ਲੈ ਕੇ ਗਾਉਂਦੇ ਸਨ, ਓਥੇ ਉਹ ਦਸ-ਦਸ ਰੁਪੈ ਲੈ ਕੇ ਗਾਉਂਦੀ ਰਹੀ। ਅੱਜ ਉਹ ਸੱਭ ਤੋਂ ਵੱਧ ਸੁਣੀ ਜਾਣ ਵਾਲ਼ੀ ਗਾਇਕਾ ਹੈ।
ਮਨੁੱਖ ਦਾ ਸਫ਼ਲ ਹੋਣਾ ਉਸ ਦੀ ਕਿਸਮਤ ਤੇ ਨਹੀਂ ਉਸ ਦੇ ਕਰਮਾ ਤੇ ਸੂਝ-ਬੂਝ ਤੇ ਨਿਰਭਰ ਕਰਦਾ ਹੈ। ਸੂਝ-ਬੂਝ ਨੂੰ ਹੀ ਲੋਕਾਂ ਨੇ ਕਿਸਮਤ ਦਾ ਨਾਮ ਦੇ ਕੇ ਬਹੁਤਿਆਂ ਨੂੰ ਗੁੰਮਰਾਹ ਕਰ ਛੱਡਿਆ ਹੈ। ਅਸਲ ਵਿੱਚ ਕਾਮਯਾਬੀ ਦੀ ਸੁਰੂਆਤ ਮਨੁੱਖ ਦੀ ਸੋਚ ਤੋਂ ਹੀ ਹੁੰਦੀ ਹੈ। ਜਿਸ ਇਨਸਾਨ ਨੇ ਵੀ ਸਫ਼ਲਤਾ ਹਾਸਿਲ ਕੀਤੀ ਹੈ ਉਹ ਅਸਲ ਵਿੱਚ ਕੁਝ ਨਹੀਂ ਸੀ ਜਾਣਦਾ, ਸਵਾਏ ਇਹਦੇ ਕਿ ਉਸਨੇ ਉਸ ਨੇ ਸਫਲਤਾ ਹਾਸਿਲ ਕਰਨੀ ਹੈ'।
ਫੋਰਡ ਕੰਪਨੀ ਦਾ ਮਾਲਕ 'ਹੈਨਰੀ ਫੋਰਡ' ਆਪਣੀ ਬਣਾਈ ਪਹਿਲੀ ਗੱਡੀ ਵਿੱਚ 'ਬੈਕ ਗੇਅਰ ਤੇ ਬਰੇਕਾਂ' ਪਉਣਾ ਹੀ ਭੁੱਲ ਗਿਆ ਸੀ ਪਰ ਕੀ ਉਸ ਨੇ ਹਾਰ ਮੰਨੀ? ਨਹੀਂ ਉਸ ਨੇ ਆਪਣੀ ਗਲਤੀ ਤੋਂ ਸਿੱਖਿਆ ਤੇ ਹੁਣ ਫੋਰਡ ਕੰਪਨੀ ਦੁਨੀਆਂ ਦੀਆਂ ਸਿਖਰਲੀਆਂ ਕੰਪਨੀਆਂ ਵਿੱਚ ਗਿਣੀ ਜਾਂਦੀ ਹੈ।  
ਦੁਨੀਆਂ ਦਾ ਕ੍ਰਾਂਤੀਕਾਰੀ ਵਿਗਿਆਨੀ 'ਮਾਈਕਲ ਫੈਰਾਡੇਅ' ਬਹੁਤ ਗਰੀਬ ਘਰ ਦਾ ਸੀ। ਉਹ ਕਿਤਾਬਾਂ ਤੇ ਜਿਲਦਾਂ ਚੜ੍ਹਾਉਣ ਦਾ ਕੰਮ ਕਰਦਾ ਸੀ। ਜਿਹੜੀਆਂ ਕਿਤਾਬਾਂ ਉਸ ਕੋਲ਼ ਜਿਲਦਾਂ ਲਈ ਆਉਂਦੀਆਂ ਉਹ ਉਹਨਾਂ ਨੂੰ ਪਡ਼੍ਹਦਾ ਸੀ। ਉਸ ਦੀ ਰੁਚੀ 'ਭੌਤਿਕ ਵਿਗਿਆਨ' ਵਿੱਚ ਬਣ ਗਈ। 'ਇਲੈਕਟ੍ਰਕਿ ਮੋਟਰ' ਤੇ 'ਇਲੈਕਟ੍ਰਕਿ ਜਨਰੇਟਰ' ਦੇ ਸਿਧਾਂਤਾਂ ਦੀ ਖੋਜ ਕਰਕੇ ਉਸ ਨੇ ਪੂਰੀ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ ਸੀ। ਅਮਰੀਕਾ ਦੇ ਰਾਸਟਰਪਤੀ 'ਬਰਾਕ ਉਬਾਮਾ' ਦੀ ਉਦਾਹਰਣ ਹੀ ਲੈ ਲਵੋ। 'ਬਰਾਕ ਉਬਾਮਾ'ਤੋਂ ਉਸ ਦੀ ਅਸ਼ਿਆਪਿਕਾ ਨੇ ਤੀਸਰੀ ਜਮਾਤ ਵਿੱਚ ਪੁਛਿਆ ਸੀ ਕਿ ਤੂੰ  ਵੱਡਾ ਹੋ ਕੇ ਕੀ ਬਣਨਾਂ ਚਹੁੰਦਾ ਹੈ? ਉਬਾਮਾ ਨੇ ਕਿਹਾ 'ਅਮਰੀਕਾ ਦਾ ਰਾਸਟਰਪਤੀ'। ਇਸ ਤੇ ਸਾਰੇ ਵਿਦਿਆਰਥੀ ਉਸ ਤੇ ਹੱਸਣ ਲੱਗ ਗਏ, ਪਰ ਉਸ ਨੂੰ ਕੋਈ ਫਰਕ ਨਾ ਪਿਆ। ਉਸ ਨੇ ਠਾਨ ਲਿਆ ਹੋਇਆ ਸੀ ਉਹ ਆਪਣਾ ਸੁਫ਼ਨਾ ਪੂਰਾ ਕਰ ਕੇ ਹੀ ਰਹੇਗਾ ।
ਇਨਸਾਨ ਚਾਹੇ ਤਾਂ ਮਾਰੂਥਲ ਨੂੰ ਹਰਿਆਲੀ ਭਰਿਆ ਕਰ ਸਕਦਾ ਹੈ। ਹਵਾ ਦੀ ਦਿਸ਼ਾ ਮੋਡ਼ ਸਕਦਾ ਹੈ। ਲਾਇਲਾਜ ਬਮਾਰੀਆ ਦਾ ਇਲਾਜ ਕਰ ਸਕਦਾ ਹੈ ।
ਜੇ 'ਇੰਜੀਨੀਅਰ ਗਿਆਸਪੁਰਾ' ਛੱਬੀ ਸਾਲ ਪੁਰਾਣੀ ਸਿੱਖਾਂ ਦੇ ਕਤਲੇਆਮ ਦੀ ਕਹਾਣੀ ਲਿਖ ਕੇ ਲੋਕਾਂ ਨੂੰ ਜਗਾ ਸਕਦਾ ਹੈ, 'ਅੰਨਾ ਹਜਾਰੇ' ਭਰਸਿਟ ਸਮਾਜ ਨੂੰ ਬਦਲਣ ਲਈ ਸਰਕਾਰ ਨੂੰ ਪੁੱਠੇ ਗੇਡ਼ੇ ਦੁਆ ਸਕਦਾ ਹੈ, ਅਤੇ ਪੋਲੀਓ ਪੀਡ਼ਤ 'ਵਲਿਮਾ ਰਡੋਲਫ' ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਮਗੇ ਜਿੱਤ ਸਕਦੀ ਹੈ। ਚਾਰ ਫੁੱਟ ਦਸ ਇੰਚ ਦਾ 'ਲਾਲ ਬਹਾਦਰ ਸ਼ਾਸਤਰੀ' ਜੇ ਗਰੀਬੀ ਨੂੰ ਹਰਾ ਕੇ ਭਾਰਤ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਮੰਜਿਆਂ ਦੀਆ ਚੂਲ਼ਾਂ ਠੀਕ ਕਰਨ ਵਾਲ਼ਾ 'ਗਿਆਨੀ ਜ਼ੈਲ ਸਿੰਘ ਰਾਸਟਰਪਤੀ ਬਣ ਸਕਦਾ ਹੈ ਤਾਂ ਇਨਸਾਨ ਕੀ ਨਹੀਂ ਕਰ ਸਕਦਾ। ਕੋਸ਼ਿਸ਼ ਕਰੋ ਤੁਸੀ ਸੱਭ ਕੁਝ ਕਰ ਲਵੋਂਗੇ। 'ਇੰਮਪੋਸੀਬਲ' ਦਾ ਮਤਲਬ 'ਆਈ ਐਮ ਪੋਸੀਬਲ' ਹੁੰਦਾ ਹੈ ਨਾ ਕਿ ਇਮਪੌਸੀਬਲ'। 
--ਸੁੱਖਨਧਾਨ ਸਿੰਘ
ਮੋਬਾਇਲ ਨੰਬਰ: 09855301699
ਕਲਾਸ = 10+1
ਕੈਪਟਨ ਭਗਤ ਸਿੰਘ ਹਾਊਸ
ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ.
ਲੁਧਿਆਣਾ।


ਨੋਟ: ਸਕੂਲ ਕੰਪੀਟੀਸ਼ਨ ਵਿੱਚ ਇਨਾਮ ਜੇਤੂ ਰਚਨਾ ।