Thursday, April 28, 2011

ਪ੍ਰਵਾਸੀ ਮਜਦੂਰ : ਸ਼ੌਕ, ਮਜਬੂਰੀ ਅਤੇ ਸਿਆਸਤ // ਡਾ: ਸੁਖਦੀਪ

ਪੰਜਾਬ ਵਿੱਚ ਪ੍ਰਵਾਸੀ ਮਜਦੂਰਾਂ ਨੂੰ ਦੈਂਤ ਦੀ ਤਰਾਂ ਦੇਖਿਆ ਹੈ ਰਾਜਿੰਦਰ ਰਾਹੀ ਨੇ “ਪੰਜਾਬ ਦੀ ਪੱਗ - ਜਸਵੰਤ ਸਿੰਘ ਕੰਵਲ” ਨਾਮ ਦੀ ਕਿਤਾਬ ਵਿੱਚ, ਤੇ ਜੋ ਤਰਕ ਦਿੱਤੇ ਹਨ ਉਹ ਹਾਸੋਹੀਣੇ ਹਨ ਜਾਂ ਤਥ-ਯੁਕਤ ਚਲੋ ਥੋੜੀ ਪੁਣ-ਛਾਣ ਕਰ ਲਈਏ ਤਾਂ ਜੋ ਸੰਵਾਦ ਅੱਗੇ ਵਧ ਸਕੇ : 
ਜਸਵੰਤ ਕੰਵਲ ਦੇ ਫਿਕਰ ਦੇ ਵੇਰਵੇ ਨਾਲ ਰਾਹੀ ਨੇ ਲਿਖਿਆ ਹੈ ਕੰਵਲ ਪੰਜਾਬ ਨੂੰ ਇੱਕ ਵਖਰੀ ਸਭਿਆਚਾਰਕ ਇਕਾਈ ਮੰਨਦਾ ਹੈ ਪਰ ਇਹ ਕਿਤੇ ਵੀ ਨਹੀਂ ਲਿਖਿਆ ਕਿ ਜਿਥੋਂ ਵੀ ਇਹ ਪ੍ਰਵਾਸੀ ਮਜਦੂਰ ਆ ਰਹੇ ਹਨ ਉਹ ਥਾਂ ਵੀ ਇੱਕ ਵਖਰੀ ਇਕਾਈ ਹੈ ਜਾਂ ਨਹੀਂ, ਅਗਰ ਨਹੀਂ ਤਾਂ ਕਿਉਂ ? ਹੋਰ ਕਮਾਲ ਦੀ ਗੱਲ ਲਿਖੀ ਹੈ ਜਿਸਦਾ ਸਿਧਾ ਸਰੋਕਾਰ ਪ੍ਰਵਾਸੀ ਮਜਦੂਰਾਂ ਦੇ ਮਸਲੇ ਨਾਲ ਨਹੀਂ ਜੁੜਦਾ, ਕਿਹਾ ਹੈ ਕਿ ਕੇਂਦਰ ਦਾ ਪੰਜਾਬ ਨਾਲ ਸੰਬੰਧ ਬਸਤੀਵਾਦੀ ਹੈ | ਜਿਸਤੋਂ ਸਾਬਤ ਹੁੰਦਾ ਹੈ ਕਿ ਇਹ ਪੰਜਾਬ ਨੂੰ ਹਿੰਦੋਸਤਾਨ ਦੇ ਕਬਜ਼ੇ ਹੇਠਲਾ “ਕੋਈ ਹੋਰ ਮੁਲਕ” ਮੰਨਦੇ ਨੇ ਪਰ ਜੇ ਇਹ ਸਹੀ ਹੋਣ ਤਾਂ ਪੰਜਾਬ ਦੇ ਸਮੁਚੇ ਪ੍ਰਸ਼ਾਸ਼ਨਿਕ ਅਧਿਕਾਰੀ ਜੱਜ, ਪੁਲੀਸ ਦੇ ਵੱਡੇ ਅਫਸਰ, ਪੰਜਾਬ ਦੀ ਕਠਪੁਤਲੀ ਸਰਕਾਰ ਵਿਚ ਇੱਕ ਵੀ ਪੰਜਾਬੀ ਨਾ ਹੁੰਦਾ, ਇਹਨਾਂ ਖੱਬਲਸਿਰਿਆਂ ਦੀ ਸਮਝ ਦੇਖਕੇ ਅਫਸੋਸ ਹੀ ਹੁੰਦਾ ਹੈ | ਪ੍ਰਵਾਸੀ ਮਜਦੂਰ ਤਾਂ ਇਥੇ ਪੰਜਾਬ ਵਿਚ ਆਪਣੀ ਕਿਰਤ ਸ਼ਕਤੀ ਲੁਟਾਉਂਦਾ ਹੈ ਨਾ ਕਿ ਲੁੱਟਦਾ | ਇਸ ਲਈ ਅੱਜ ਵੀ ਵੱਡੀ/ਛੋਟੀ ਖੇਤੀ ਦੇ ਮਾਲਕ ਲੋਕ ਇਹਨਾਂ ਪ੍ਰਵਾਸੀ ਮਜਦੂਰਾਂ ਨੂੰ ਸਟੇਸ਼ਨਾਂ ‘ਤੇ ਬੈਠੇ ਉਡੀਕਦੇ ਨਜ਼ਰ ਪੈਂਦੇ ਹਨ, ਕਿਉਂਕਿ ਉਦੋਂ ਉਹਨਾਂ ਸਾਹਮਣੇ ਮਸਲਾ ਪੰਜਾਬ ਦਾ ਨਹੀਂ ਹੁੰਦਾ ਸਸਤੀ ਕਿਰਤ ਲੱਭ ਕੇ ਆਪਣਾ ਖੀਸਾ ਹੌਲਾ ਹੋਣ ਤੋਂ ਬਚਾਉਣ ਦਾ ਹੁੰਦਾ ਹੈ | ਇਸ ਪ੍ਰਵਾਸੀ ਮਜਦੂਰ ਵਾਲੇ ਮਸਲੇ ਨੂੰ ਪਾਸੇ ਰੱਖ ਕੇ ਵੀ ਦੇਖਿਆ ਜਾਵੇ ਤਾਂ ਸਾਫ਼ ਹੁੰਦਾ ਹੈ ਕਿ ਸੰਬੰਧ ਬਸਤੀਵਾਦੀ ਨਹੀਂ ਕਿਉਂਕਿ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਣ ਦਰ ਭਾਰਤ ਦੇ ਬਹੁਤੇ ਸੂਬਿਆਂ ਨਾਲੋਂ ਜਿਆਦਾ ਹੈ ਜੇ ਬਸਤੀਵਾਦੀ ਸੰਬੰਧ ਹੋਣ ਤਾਂ ਇਹ ਹੋਣਾ ਨਾ–ਮੁਮਕਿਨ ਹੈ |
ਹੈਰਾਨੀ ਦੀ ਗੱਲ ਹੈ ਕਿ ਇਹਨਾਂ ਵਿਦਵਾਨਾਂ ਨੂੰ ਰੋਟੀ ਲਈ ਦਰੋਂ ਬੇ ਦਰ ਹੋਕੇ ਆਏ ਮਜਦੂਰ ਵੀ ਸਿਆਸਤੀ ਲਗਦੇ ਹਨ ਤੇ ਸੁਰਜੀਤ ਪਾਤਰ ਦੀ ਬਹੁਤ ਹੀ ਨਿਰਦੋਸ਼ ਕਵਿਤਾ ‘ਨੰਦ ਕਿਸ਼ੋਰ ਵਿੱਚ ਵੀ “ਚਾਲ” ਨਜਰ ਆਉਂਦੀ ਹੈ “ਇਹਨਾਂ ਦੀ ਸੁੰਘਣ ਸ਼ਕਤੀ ਕਮਾਲ ਦੀ ਹੈ |” ਜਿਵੇਂ ਕਿਤੇ ਪਾਤਰ ਨੂੰ ਆਰ.ਐਸ.ਐਸ. ਨੇ ਇਹ ਕਵਿਤਾ ਲਿਖਾਉਣ ਬਦਲੇ ਚੈਕ ਭੇਂਟ ਕੀਤਾ ਹੋਵੇ | ਆਰ.ਐਸ.ਐਸ. ਤੋਂ ਯਾਦ ਆਇਆ ਹੁਣੇ ਜਿਹੇ ਹੀ ਕਿਸੇ ਨੇ ਆਰ.ਐਸ.ਐਸ. ਦੇ ਖਾਸਮਖਾਸ ਸਿੱਖ ਜਥੇਦਾਰ ਮੈਂਬਰਾਂ ਦੇ ਨਾਵਾਂ ਦੀ ਲਿਸਟ ਫੇਸਬੁੱਕ ਤੇ ਪਾਈ ਹੈ ਸੋ ਇਹ ਮਾਮਲਾ “ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ” ਵਾਲਾ ਲਗਦਾ ਹੈ | 
ਪੰਜਾਬ ਵਿਚ ਧਰਮਾਂ ਦੇ ਵਖਰੇਵਿਆਂ ਨਾਲ ਰੋਜੀ-ਰੋਟੀ ਕਮਾਉਣ ਦੇ ਸਾਧਨ ਵਖਰੇ ਹੋਣਾ ਪਹਿਲੀ ਵਾਰ ਲਿਖਿਆ ਨਜਰ ਆ ਰਿਹਾ ਹੈ ਇਹ ਇਲਮ ਰਾਹੀ ਸਾਹਬ ਅੰਦਰ “ਅਧਿਆਤਮਿਕ ਅੰਤਰ ਬੋਧ” ਰਾਹੀਂ ਪ੍ਰਗਟ ਹੋਇਆ ਲਗਦਾ ਹੈ | ਜੇਕਰ ਅਜਿਹਾ ਹੁੰਦਾ ਤਾਂ ਦੁਨੀਆਂ ਦੇ ਵੱਖ ਵੱਖ ਧਰਮਾਂ ਦੇ ਲੋਕ ਵੱਖੋ ਵਖਰੇ ਕਿੱਤਿਆਂ ਦੇ ਮਾਲਕ ਹੁੰਦੇ |
ਇਹ ਸੱਚ ਹੈ ਕਿ ਭਾਰਤੀ ਸਟੇਟ ਨੂੰ ਬੁਰਜੁਆਜੀ ਆਪਰੇਟ ਕਰਦੀ ਹੈ ਪਰ ਇਸਦੇ ਅੱਗੇ ਹਿੰਦੂ ਲਫਜ਼ ਲਗਾਉਣਾ ਰਾਹੀ ਹੁਰਾਂ ਦੇ ਫਿਰਕੂ ਖਾਸੇ ਵੱਲ ਹੀ ਇਸ਼ਾਰਾ ਕਰਦਾ ਹੈ ਹੋਰ ਕੁਝ ਨਹੀਂ | ਇਹੋ ਜਿਹੇ “ਵਿਦਵਾਨਾਂ” ਨੇ ਧਰਮ ਅਤੇ ਪੰਥ ਦੇ ਨਾਮ ‘ਤੇ ਸਾਡੇ ਮੂਹਾਂ ਤੇ ਫਿਰਕਾਪ੍ਰਸਤੀ ਐਨੀ ਵਾਰ ਮਾਰੀ ਹੈ ਕਿ ਸਾਨੂੰ ਘਿਣ ਆਉਣ ਲੱਗ ਪਈ ਹੈ | ਪੰਜਾਬ ਦੀ ਬੁਰਜੂਆ ਜਮਾਤ ਅਤੇ ਜਾਗੀਰਦਾਰੀ ਵਿਚੋਂ ਨਿੱਕਲੀ ਬੁਰਜੁਆਜੀ ਵੀ ਉਸ (ਭਾਰਤੀ ਸਟੇਟ) ਵਿੱਚ ਅਜਾਦੀ ਵੇਲੇ ਤੋਂ ਸ਼ਰੀਕ ਹੈ | ਰਾਹੀ ਵੱਲੋਂ ਆਪਣੀ ਇਸ ਲਿਖਤ ਵਿਚੋਂ ਪੰਜਾਬ ਦੀ ਜਿਸ ਰਾਜਨੀਤਿਕ ਪਾਰਟੀ ਦਾ ਨਾਮ ਬੜੀ ਚਲਾਕੀ ਨਾਲ ਛੱਡ ਦਿਤਾ ਹੈ ਮਤਲਬ ਸ੍ਰੋਮਣੀ ਅਕਾਲੀ ਦਲ ਉਸਦੀ ਭਾਈਵਾਲੀ ਪਾਰਟੀ ਭਾਜਪਾ ਹੈ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਤੇ ਪੰਜਾਬ ਦੀ ਸਰਵਉਚ ਸਿੱਖ ਸੰਸਥਾ ਤੇ ਵੀ ਇਹੋ ਪਾਰਟੀ ਕਾਬਜ਼ ਹੈ ਇਹ ਵੀ ਦੱਸਣ ਦੀ ਜਰੂਰਤ ਨਹੀਂ | ਰਾਹੀ ਸਾਹਿਬ ਭੁੱਲ ਰਹੇ ਹਨ ਕਿ ਬੁਰਜੂਆ ਡਿਕਟੇਟਰਸ਼ਿਪ ਧਰਮ ਦੀ ਬਹੁਤੀ ਚਿੰਤਾ ਨਹੀਂ ਕਰਦੀ (ਮਿਸਾਲ : ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ) ਕਿਉਂਕਿ ਧਰਮ ਜਗੀਰੂ ਪ੍ਰਬੰਧ ਨੂੰ ਪ੍ਰਫੁਲਿਤ ਕਰਨ ਲਈ ਤਾਂ ਸਿਧਾ ਸਹਾਈ ਹੁੰਦਾ ਹੈ ਪਰ ਪੂੰਜੀਵਾਦ ਵਿਚ ਇਹ ਰਾਜਨੀਤਿਕ ਮੰਚ ਦੇ ਪਿਛੇ ਚਲਾ ਜਾਂਦਾ ਹੈ, ਜਿਸਤੋਂ ਇਹ ਆਪਣੇ ਤੇ ਆਏ ਸੰਕਟ ਦੇ ਸਮਿਆਂ ਵਿਚ ਫਾਸੀਵਾਦੀ ਜਨੂਨ ਬਣਾਕੇ ਕੰਮ ਲੈਂਦਾ ਹੈ | ਰਾਹੀ (ਕੰਵਲ ਰਾਹੀਂ) ਨੂੰ ਪੰਜਾਬ ਵਿਚ ਪ੍ਰਵਾਸੀ ਮਜਦੂਰਾਂ ਦੇ ਵਸੇਵੇ ਤੇ ਤਾਂ ਇਤਰਾਜ਼ ਹੈ ਪਰ ਉਹ ਪੰਜਾਬੀਆਂ ਦੇ ਕਿਤੇ ਵੀ ਜਾਕੇ ਪੱਕੇ ਤੌਰ ਤੇ ਵਸ ਜਾਣ ਵੱਲੋਂ ਅੱਖਾਂ ਮੀਟਣ ਦਾ ਯਤਨ ਕਰਦਾ ਹੈ, ਜਦਕਿ ਸਿਧਾ ਸਾਦਾ ਤਰਕ ਹੈ ਕਿ ਇਸ ਨਾਲ ਪੰਜਾਬ ਵਿਚ ਪੰਜਾਬੀਆਂ ਦੀ ਵਸੋਂ ਘਟਦੀ ਹੈ | ਇਹ ਪ੍ਰਵਾਸੀ ਮਜਦੂਰ ਪੰਜਾਬ ਵਿਚ ਕੀਤੀ ਜਨਗਨਣਾ ਵਿਚ ਆਪਣੇ ਆਪ ਨੂੰ ਹਿੰਦੂ ਲਿਖਵਾਉਣਗੇ (ਜਦਕਿ ਇਹਨਾਂ ਵਿਚ ਮੁਸਲਿਮ ਧਰਮ ਦੇ ਮਜਦੂਰ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹਨ) ਤਾਂ ਝੂਠ ਕੀ ਬੋਲਣਗੇ ? ਇੱਕ ਦਰਦ ਹੁੰਦਾ ਨਜਰ ਆਉਂਦਾ ਹੈ ਇਹਨਾਂ ਲਿਖਾਰੀਆਂ ਦੇ ਪੇਟ ਵਿਚ ਇਸ ਨਾਲ, ਪਰ ਇਹ ਕਦੇ ਨਹੀਂ ਦੱਸਦੇ ਕਿ ਜੋ ਪੰਜਾਬੀ ਕਨੇਡਾ ਵਿਚ ਵਸ ਗਏ ਉਹਨਾਂ ਨੇ ਖੁਦ ਨੂੰ ਕ੍ਰਿਸ਼ਚਿਯਨ ਕਦੋ ਲਿਖਵਾਇਆ ਹੈ ? ਜਾਂ ਜੋ ਬੰਬਈ ਵਰਗੇ ਸ਼ਹਿਰ ਵਿਚ ਜਾਂ ਯੂ ਪੀ ਵਿੱਚ ਜਾ ਵਸੇ ਹਨ ਉਹਨਾਂ ਨੇ ਖੁਦ ਨੂੰ ਹਿੰਦੂ/ਮੁਸਲਮਾਨ ਕਦੋ ਲਿਖਾਇਆ ਹੈ ? ਪੰਜਾਬ ਦੇ ਕੁਝ ਲੋਕਾਂ ਨੇ ਜਦ ਆਪਣੀ ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਲਿਖਾਈ ਸੀ, ਇੱਕ ਪ੍ਰਤੀਕਰਮ ਸੀ ਧਾਰਮਿਕ ਫਿਰਕਾਪ੍ਰਸਤੀ ਦੇ ਖਿਲਾਫ਼, ਨਾ ਕਿ ਉਹਨਾਂ ਦੀ ਦਿਲੀ ਇਛਾ, ਕਿਉਂਕਿ ਉਹਨਾਂ ਨੇ ਉਸ ਸਮੇਂ ਪੰਜਾਬ ਵਿਚ ਵਸਣ ਦਾ ਖਮਿਆਜਾ ਭੁਗਤਿਆ ਸੀ ਆਪਣੇ ਰਿਸ਼ਤੇਦਾਰਾਂ ਦੇ ਕਤਲਾਂ ਦੇ ਰੂਪ ਵਿਚ ਜਾਂ ਉਜਾੜੇ ਦੇ ਰੂਪ ਵਿਚ|
ਪੰਜਾਬ ਵਿਚ ਆਏ ਪ੍ਰਵਾਸੀ ਹਿੰਦੀ ਬੋਲਦੇ ਹਨ ਤੇ ਪੰਜਾਬੀ ਸਮਝ ਲੈਂਦੇ ਹਨ ਦਾ ਕਾਰਨ ਇਹ ਹੈ ਕਿ ਪੰਜਾਬੀ ਦੇ ਹਿੰਦੀ ਇੱਕ ਦੂਜੇ ਦੇ ਕਾਫੀ ਨੇੜੇ ਹਨ ਜੇ ਪੰਜਾਬੀ ਤੇ ਹਿੰਦੀ ਵਿਚ ਵੀ ਅੰਗ੍ਰੇਜੀ ਜਿੰਨਾ ਹੀ ਫਾਸਲਾ ਹੁੰਦਾ ਤਾਂ ਇਥੇ ਆਇਆ ਪ੍ਰਵਾਸੀ ਮਜਦੂਰ ਵੀ ਇਥੋਂ ਦੀ ਸਥਾਨਕ ਭਾਸ਼ਾ ਸਿਖਦਾ ਹੀ ਕਿਉਂਕਿ ਉਸ ਬਿਨਾ ਸਰ ਹੀ ਨਹੀਂ ਸੀ ਸਕਦਾ | ਕਦੇ ਪੰਜਾਬ ਵਿਚ ਉਰਦੂ ਆਮ ਬੋਲੀ ਜਾਂਦੀ ਰਹੀ ਹੈ ਪਟਵਾਰਖਾਨਿਆਂ ਵਿਚ ਅਜੇ ਤੱਕ ਵੀ ਉਰਦੂ ਆਦਿ ਭਾਸ਼ਾਵਾਂ ਦੇ ਅੰਸ਼ ਹਾਲੇ ਵੀ ਮਿਲਦੇ ਹਨ, ਮਤਲਬ ਬੋਲੀ ਵਿਚ ਸਮੇਂ ਸਮੇਂ ਤੇ ਫਰਕ ਪੈਂਦਾ ਹੀ ਰਹਿੰਦਾ ਹੈ | ਕਨੇਡਾ ਵਿਚ ਵਸੇ ਪੰਜਾਬੀਆਂ ਦੀ ਪੰਜਾਬੀ ਵਿਚ ਅੰਗ੍ਰੇਜੀ ਦੇ ਸ਼ਬਦਾਂ ਦੀ ਬਹੁਤਾਤ ਹੋਣਾ ਵੀ ਇਵੇਂ ਹੀ ਸੁਭਾਵਿਕ ਜਿਹਾ ਕਰਮ ਹੈ ਜਿਵੇਂ ਪੰਜਾਬ ਵਿਚ ਆਏ ਪ੍ਰਵਾਸੀਆਂ ਦੀ ਹਿੰਦੀ ਵਿਚ ਪੰਜਾਬੀ ਸ਼ਬਦਾਂ ਦਾ ਆ ਜਾਣਾ ਤੇ ਪੰਜਾਬੀਆਂ ਦੀ ਬੋਲੀ ਵਿਚ ਉਹਨਾਂ ਨਾਲ ਗੱਲ ਕਰਨ ਸਮੇਂ ਹਿੰਦੀ ਦਾ ਆ ਜਾਣਾ | ਇੱਕ ਗੱਲ ਹੋਰ ਜੋ ਭਾਸ਼ਾਵਾਂ ਦੇ ਰਲੇਵੇਂ ਦਾ ਕਾਰਨ ਬਣਦੀ ਹੈ ਉਹ ਇਹ ਕਿ ਪੂੰਜੀਵਾਦ ਸਾਡੇ ਜਗੀਰੂ ਵਪਾਰਕ ਸੰਬੰਧਾਂ ਜੋ ਬਹੁਤ ਹੀ ਸੀਮਤ ਅਤੇ ਵਸੋਂ ਦੇ ਬਹੁਤ ਹੀ ਘੱਟ ਘੇਰੇ ਨੂੰ ਆਪਣੀ ਵਲਗਣ ਵਿਚ ਲੈਂਦੇ ਨੇ ਨੂੰ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਬਣਾ ਦਿੰਦਾ ਹੈ ਜਿਸ ਕਾਰਨ ਭਾਸ਼ਾਵਾਂ ਆਪਸ ਵਿਚ ਗੁਥਮ ਗੁਥਾ ਹੁੰਦੀਆਂ ਰਹਿੰਦੀਆਂ ਹਨ ਬੁਧੀਜੀਵੀ ਕਿੰਨਾ ਵੀ ਰੌਲਾ ਪਾਉਂਦੇ ਰਹਿਣ ਇਹ ਅਮਲ ਨਹੀਂ ਰੁਕਦਾ |
ਰਾਜਿੰਦਰ ਰਾਹੀ ਨੇ ਲਿਖਿਆ ਹੈ ਕਿ ਗੋਰਿਆਂ ਦੇ ਸਭਿਆਚਾਰ ਨੂੰ ਪੰਜਾਬੀਆਂ ਤੋਂ ਕੋਈ ਖਤਰਾ ਨਹੀਂ, ਉਹ ਸ਼ਾਇਦ ਭੁੱਲ ਰਹੇ ਹਨ ਕਿ ਯੂਰਪ ਵਿਚ ਨਸ਼ਾ ਵੇਚਣ ਤੇ “ਕੁੜੀ ਮਾਰਨ” ਦੇ ਸਭ ਤੋਂ ਵਧ ਮਾਮਲੇ ਪੰਜਾਬੀਆਂ ਤੇ ਦਰਜ਼ ਹਨ | ਪੰਜਾਬੀ ਹੀ ਨੰਗੀਆਂ ਤਲਵਾਰਾਂ ਲੈਕੇ ਸੜਕਾਂ ਤੇ ਨਿੱਕਲਦੇ ਹਨ | ਆਸ੍ਟ੍ਰੇਲਿਆ ਵਿਚ ਹੋ ਰਹੇ ਨਸਲੀ ਹਮਲਿਆਂ ਦਾ ਕੀ ਕਾਰਨ ਹੈ ਇਹ ਵੀ ਰਾਹੀ ਲਈ ਖੋਜ ਦਾ ਵਿਸ਼ਾ ਹੈ, ਜੇ ਉਹਨਾਂ ਦੇ ਸਭਿਆਚਾਰ ਵਿਚ ਪੰਜਾਬੀ ਆਤਮਸਾਤ ਹੋਏ ਹੁੰਦੇ ਤਾਂ ਘੱਟੋ ਘੱਟ ਇਹ ਹਮਲੇ ਨਹੀਂ ਸੀ ਹੋਣੇ (ਗਲਤ ਅਰਥ ਨਾ ਲਿਆ ਜਾਵੇ ਕਿ ਮੇਰੇ ਵੱਲੋਂ ਨਸਲੀ ਹਮਲਿਆਂ ਨੂੰ ਵਾਜਿਬ ਕਿਹਾ ਜਾ ਰਿਹਾ ਹੈ) ਦੁਬਈ ਵਿਚ ਜਿਥੇ ਸ਼ਰਾਬ ਬੰਦ ਹੈ ਸ਼ਰਾਬ ਸਮਗਲਿੰਗ ਵਿਚ ਪੰਜਾਬੀਆਂ ਦਾ ਪਹਿਲਾ ਨੰਬਰ ਹੈ | ਸਭਿਆਚਾਰ ਤੇ ਹੋਰ ਮਾੜਾ ਪ੍ਰਭਾਵ ਕਿਸ ਤਰਾਂ ਪੈਂਦਾ ਹੈ ? ਆਖਣ ਦਾ ਅਰਥ ਜਿਥੇ ਵੀ ਕੋਈ ਜਾਂਦਾ ਹੈ ਆਪਣੀਆਂ ਚੰਗਿਆਈਆਂ ਤੇ ਬੁਰਾਈਆਂ ਨਾਲ ਉਸ ਥਾਂ ਨੂੰ ਪ੍ਰਭਾਵਿਤ ਕਰਦਾ ਹੀ ਹੈ, ਪੰਜਾਬੀਆਂ ਨੇ ਕਿਸੇ ਅਖੌਤੀ ਰੱਬ ਤੋਂ ਪ੍ਰਭਾਵਿਤ ਨਾ ਕਰਨ ਦਾ ਠੇਕਾ ਨਹੀਂ ਲਿਆ |
ਰਾਹੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਮੋਹ ਦੀ ਗੱਲ ਕੀਤੀ ਗਈ ਹੈ ਇਹ ਨਹੀਂ ਦੱਸਿਆ ਕਿਹੜੇ ਲੋਕਾਂ ਨਾਲ ਮੋਹ ? ਪੰਜਾਬ ਦੀ ਖੁਦ ਮੁਖਤਿਆਰੀ ਤੋਂ ਰਾਹੀ ਦਾ ਕੀ ਅਰਥ ਹੈ ਇਹ ਵੀ ਸਪਸ਼ਟ ਨਹੀਂ ਕੀਤਾ | ਚੰੜੀਗੜ ਭਾਰਤ ਦਾ ਇੱਕ ਖੂਬਸੂਰਤ ਸ਼ਹਿਰ ਹੈ ਇਸ ਨਾਲ ਫਰਕ ਨਹੀਂ ਪੈਂਦਾ ਕਿ ਉਥੇ ਵਧ ਵਸੋਂ ਕਿਸਦੀ ਹੈ ਤੇ ਕਿਸਦੀ ਨਹੀਂ, ਜੇ ਪੰਜਾਬ ਚੰੜੀਗੜ ਵਰਗਾ ਖੂਬਸੂਰਤ ਹੋ ਸਕਦਾ ਹੈ ਤਾਂ ਇਸਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਨਾ ਨਿੰਦਾ |
ਜਿਥੇ ਪੰਜਾਬੀ ਜਾ ਕੇ ਵਸੇ ਹਨ ਉਹਨਾਂ ਨੇ ਉਥੇ ਪੰਜਾਬੀ ਢਾਬੇ ਖੋਹਲੇ | ਦੁਬਈ ਵਿਚ ਸ਼ਰਾਬ ਲੈ ਗਏ, ਇਥੇ ਬਿਹਾਰੀ ਆਏ ਜੋ ਪਾਨ ਜਰਦਾ ਖਾਂਦੇ ਹਨ ਉਹਨਾਂ ਨੇ ਉਹ ਖੋਖੇ ਖੋਹਲੇ | ਜੇ ਪੰਜਾਬ ਦੇ ਉਹ ਲੋਕ ਇਨਕਾਰ ਕਰ ਦੇਣ ਜਿੰਨਾ ਕੋਲ ਇਹ ਕੰਮ ਕਰਦੇ ਹਨ ਕਿ ਤੰਬਾਕੂ ਖਾਣ ਵਾਲੇ ਨੂੰ ਅਸੀਂ ਕੰਮ ਨਹੀਂ ਦੇਣਾ ਤਾਂ ਇਹ ਖੋਖੇ ਗੈਰ ਜਰੂਰੀ ਹੋ ਜਾਣਗੇ ਬਸ਼ਰਤੇ ਪੰਜਾਬੀ ਤੰਬਾਕੂ ਤੋਂ ਪੂਰੀ ਤਰਾਂ ਦੂਰ ਹੋਣ ਕਿਉਂਕਿ ਹੱਟ ਮੰਗ ਨਾਲ ਹੀ ਚਲਦੀ ਰਹਿ ਸਕਦੀ ਹੈ | ਪ੍ਰਵਾਸੀ ਮਜਦੂਰ ਅਫੀਮ ਤੇ ਪੋਸਤ ਨਹੀਂ ਵੇਚਦੇ, ਕੌਣ ਨਹੀਂ ਜਾਣਦਾ ਕਿ ਪੰਜਾਬ ਵਿੱਚ ਇਹ ਨਸ਼ੇ ਵੀ ਸਮਗਲ ਹੁੰਦੇ ਹਨ ਜੋ ਕਰਦੇ ਹਨ ਉਹਨਾਂ ਦੇ ਅੰਕੜੇ ਇਕਠੇ ਕਰਕੇ ਦੇਖ ਲੈਣੇ ਚਾਹੀਦੇ ਹਨ ਕਿ ਇਹ ਕੌਣ ਲੋਕ ਹਨ | ਪੰਜਾਬ ਵਿਚ ਵਗ ਰਹੇ ਛੇਵੇਂ ਦਰਿਆ ਮਤਲਬ ਸ਼ਰਾਬ ਦੇ ਠੇਕੇ ਸਭ ਤੋਂ ਵਧ ਕਿਨਾਂ ਕੋਲ ਹਨ ਇਹ ਵੀ ਰਾਹੀ ਸਾਹਿਬ ਲਈ ਖੋਜ ਦਾ ਵਿਸ਼ਾ ਹੈ |

ਕੁਝ ਗੱਲ ਧਰਮ ਪ੍ਰਚਾਰ ਬਾਰੇ : ਸਾਡੇ ਪੰਜਾਬ ਦੇ ਧਾਰਮਿਕ ਵਿਦਵਾਨ ਵਿਦੇਸ਼ਾਂ ਵਿਚ ਵੀ ਧਾਰਮਿਕ ਪ੍ਰਚਾਰ ਲਈ ਜਾਂਦੇ ਹਨ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਵੀ ਇਹ ਦੀਵਾਨ ਅਕਸਰ ਹੁੰਦੇ ਰਹਿੰਦੇ ਹਨ ਕਿਤੇ ਵੀ ਕੋਈ ਵਿਰੋਧ ਕਰਦਾ ਨਜਰ ਨਹੀਂ ਆਉਂਦਾ ਜਿੰਨਾ ਕਿ ਪੰਜਾਬ ਵਿਚ ਕਿਸੇ ਹੋਰ ਮਾਨਤਾ ਦੇ ਦੀਵਾਨ ਤੇ ਹੰਗਾਮੇ ਨਜਰ ਆਉਂਦੇ ਹਨ (ਅਸੀਂ ਹਰ ਕਿਸਮ ਦੇ ਧਾਰਮਿਕ ਪਿਛਾਖੜੀ ਰੂੜੀਵਾਦੀ ਵਿਚਾਰਾਂ ਦੇ ਪ੍ਰਚਾਰ ਦੇ ਵਿਰੋਧੀ ਹਾਂ) ਜਦ ਪੰਜਾਬ ਦਾ ਕਲਚਰ, ਸਭਿਆਚਾਰ ਬਹੁਤ ਅਮੀਰ ਹੈ (?) ਤਾਂ ਕਿਸੇ ਪ੍ਰਚਾਰ ਤੋਂ ਇੰਨਾ ਡਰ ਸਮਝ ਤੋਂ ਪਰੇ ਦੀ ਗੱਲ ਹੈ |
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅੱਜ ਭਾਰਤ ਵਿਚ ਯੁਗ ਸਨਅਤੀਕਰਨ ਦਾ ਹੈ ਤੇ ਪੰਜਾਬ ਵਿਚ ਵੀ ਖੇਤ ਮਜਦੂਰਾਂ ਦੇ ਨਾਲ ਨਾਲ ਇੱਕ ਵੱਡੀ ਸੰਖਿਆ ਸਨਅਤੀ ਮਜਦੂਰਾਂ ਦੀ ਹੈ | ਪੰਜਾਬ ਦੇ ਕਿਹੜੇ ਬੁਨਿਆਦੀ ਮਸਲੇ ਹਨ ਤੇ ਕੌਣ ਸੰਘਰਸ਼ ਕਰ ਰਿਹਾ ਹੈ ਇਸ ਬਾਰੇ ਵੀ ਰਾਹੀ ਜੀ ਬਿਲਕੁਲ ਚੁੱਪ ਹਨ (ਲਿਖਤ ਦੇ ਇਸ ਅੰਸ਼ ਵਿਚ) |
ਲੁਧਿਆਣਾ ਵਿਚ ਪ੍ਰਵਾਸੀ ਮਜਦੂਰਾਂ ਵੱਲੋਂ ਕੀਤੀ ਭੰਨ-ਤੋੜ ਪ੍ਰਸ਼ਾਸ਼ਨ ਦੇ ਗਲਤ ਸਖਤ ਕਦਮਾਂ ਦੀ ਦੇਣ ਸੀ | ਇੱਕ ਮਜਦੂਰ ਤੋਂ ਦਿਹਾੜੀ ਦੇ ਪੈਸੇ ਵੀ ਕੋਈ ਗੁੰਡਾ ਖੋਹ ਲਵੇ ਤੇ ਪ੍ਰਸ਼ਾਸ਼ਨ ਉਸਦੀ ਨਾ ਸੁਣੇ ਤਾਂ ਉਹ ਇੱਕਠੇ ਹੋਕੇ ਉਹੀ ਕਰਨਗੇ ਜੋ ਹੋਇਆ | ਪੰਜਾਬੀ ਮਜਦੂਰ ਵੀ ਇਹੋ ਕੁਝ ਹੀ ਕਰਦੇ ਬਿਨਾ ਕਿਸੇ ਫਰਕ ਦੇ |
ਬਾਹਰਲੀ ਗੱਲ ਛਡ ਵੀ ਦੇਈਏ ਤਾਂ ਭਾਰਤ ਦੇ ਮੁੰਬਈ ਸ਼ਹਿਰ ਵਿਚ ਇੱਕ ਵੱਡਾ ਇਲਾਕਾ ਪੰਜਾਬੀਆਂ ਦਾ ਹੈ ਤੇ ਉਹਨਾਂ ਦੇ ਆਪਣੇ ਕੌਂਸਲਰ ਆਦਿ ਹਨ ਕਿਸੇ ਨੂੰ ਕੋਈ ਇਤਰਾਜ਼ ਨਹੀਂ | ਹਾਂ ਇੱਕ ਸਿਰਫਿਰੇ ਦਾ ਬਿਆਨ ਜਰੂਰ ਆਇਆ ਸੀ ਇੱਕ ਵੇਰ ਕਿ ਮੁੰਬਈ ਵਿਚ ਇੱਕਲੇ ਮਰਾਠੀ ਰਹਿਣਗੇ ਇਹ ਧਾਰਮਿਕ ਫਿਰਕਾਪ੍ਰਸਤੀ ਸੀ ਰਾਹੀ ਦੇ ਵਿਚਾਰ ਵੀ ਇਸ ਤੋਂ ਕਿਵੇਂ ਵੀ ਵਖਰੇ ਨਹੀਂ ਹਨ ਇਵੇਂ ਹੀ ਰਾਹੀ ਜੀ ਪੰਜਾਬ ਨੂੰ ਸਿਖਾਂ ਲਈ ਰਾਖਵਾਂ ਕਰ ਦੇਣਾ ਲੋਚਦੇ ਹਨ | ਪਰ ਕਿਸੇ ਨੇ ਵੀ ਇਹਨਾਂ ਦੀ ਕਦੇ ਵੀ ਬਾਤ ਨਹੀਂ ਪੁਛੀ | ਚੀਕਦੇ ਰਹਿੰਦੇ ਹਨ ਕਿਉਂਕਿ ਇਹਨਾਂ ਨੇ ਇਸ ਨਾਲ ਬੁਰਜੁਆਜ਼ੀ ਤੋਂ ਸ਼ਲਾਘਾ ਜੁ ਖੱਟਣੀ ਹੁੰਦੀ ਹੈ | ਤਰਸ ਜਰੂਰ ਆਉਂਦਾ ਹੈ ਕਿ ਮੁੰਬਈ ਵਿਚ ਬੋਲਣ ਵਾਲਾ ਤਾਂ ਸਪਸਟ ਰੂਪ ਵਿਚ ਫਿਰਕੂ ਹੈ ਉਸਤੋਂ ਕੋਈ ਹੋਰ ਆਸ ਕੀਤੀ ਵੀ ਨਹੀਂ ਜਾ ਸਕਦੀ ਪਰ ਇਹ ਲੋਕ ਤਾਂ ਖੁਦ ਨੂੰ ਵਿਦਵਾਨ ਮੰਨਦੇ ਹਨ |
ਇੱਕ ਗੱਲ ਸਹੀ ਹੈ ਕਿ ਕਮਿਉਨਿਸਟ ਮਜਦੂਰ ਜਮਾਤ ਦੀ ਪਦਾਇਸ਼ ਹਨ ਹਰ ਤਰਾਂ ਦੀ ਮਜਦੂਰ ਜਮਾਤ ਇਹਨਾਂ ਨਾਲ ਜੁੜਦੀ ਹੈ ਤੇ ਪ੍ਰਵਾਸੀ ਮਜਦੂਰਾਂ ਦੀ ਆਮਦ ਨਾਲ ਇਹਨਾਂ ਦਾ ਆਧਾਰ ਮਜਬੂਤ ਹੁੰਦਾ ਹੈ | ਪਰ ਰਾਹੀ ਹੁਰਾਂ ਦਾ ਇਸ ਗੱਲ ਤੇ ਦੁਖੀ ਹੋਣਾ ਕੀ ਸਿਧਾ ਸਿਧਾ ਇਹ ਸਾਬਿਤ ਨਹੀਂ ਕਰਦਾ ਕਿ ਇਹ ਲੋਕ ਮਜਦੂਰ ਜਮਾਤ ਦੇ ਦੁਸ਼ਮਣ ਹਨ ?

ਅਖੀਰ ਤੇ ਜੋ ਗੱਲ ਅਖੌਤੀ ਵਿਦਵਾਨ ਰਾਹੀ ਨੇ ਲਿਖੀ ਹੈ ਉਹ ਉਵੇਂ ਦੀ ਉਵੇਂ ਲਿਖਣ ਦਾ ਮਨ ਹੋ ਰਿਹਾ ਹੈ ਸੋ ਪੜੋ :
ਵਿਗਿਆਨਕ ਵਿਚਾਰਧਾਰਾ ਨੇ ਉਹਨਾਂ (ਕਮਿਉਨਿਸਟਾਂ : ਮੇਰੇ ਵਲੋਂ) ਦੇ ਦਿਮਾਗਾਂ ਨੂੰ ਜੰਦਰੇ ਮਾਰ ਦਿੱਤੇ ਹਨ......

ਇਹ ਗੱਲ ਪੱਕੀ ਹੈ ਕਿ ਇਹ ਕਥਨ ਕੋਈ “ਲੱਕੜਸਿਰਾ” ਹੀ ਲਿਖ ਸਕਦਾ ਹੈ |


ਇਹ ਵਿਦਵਾਨ ਵਿਗਿਆਨ ਦੇ ਵੀ ਉਲਟ ਭੁਗਤਦੇ ਹੋਏ ਬਾਬੇ ਆਦਮ ਦੇ ਜਮਾਨੇ ਵੱਲ ਕਿਉਂ ਨੱਸਣਾ ਲੋਚ ਰਹੇ ਹਨ ????? ਤੁਸੀਂ ਖੁਦ ਸੋਚੋ .....--ਡਾ: ਸੁਖਦੀਪ3 comments:

Jatinder Lasara ( ਜਤਿੰਦਰ ਲਸਾੜਾ ) said...

ਜਸਵੰਤ ਸਿੰਘ ਕੰਵਲ ਸਾਹਿਬ ਅਤੇ ਰਾਹੀ ਸਾਹਿਬ ਨੂੰ ਪੰਜਾਬ ਵਿੱਚ ਆ ਰਹੇ ਭਈਆਂ ਦਾ ਤਾਂ ਫ਼ਿਕਰ ਹੈ ਪਰ ਪੰਜਾਬੋਂ ਬਾਹਰ ਜਾ ਰਹੇ ਪੰਜਾਬੀਆਂ ਵਾਰੇ ਬਿਲਕੁੱਲ ਚੁੱਪ ਹਨ, ਬੁਨਿਆਦੀ ਤੌਰ 'ਤੇ ਦੋਵੇਂ ਸਮਾਨ ਹਨ । ਇਹ ਦੋਗਲੀਆਂ ਨੀਤੀਆਂ ਨੇ ਪੰਜਾਬ ਅਤੇ ਪੰਜਾਬੀਅਤ ਦਾ ਬਹੁੱਤ ਘਾਣ ਕੀਤਾ ਹੈ...

ਬਿੰਦਰਪਾਲ ਫਤਿਹ said...

ਡਾ. ਸੁਖਦੀਪ ਨੇਂ ਬਹੁਤ ਵਧੀਆ ਲਿਖਿਆ ਹੈ ਸੱਚਮੁੱਚ ਕਮਾਲ ਤੇ ਹੈਰਾਨੀ ਹੁੰਦੀ ਹੈ ਕਿ ਰਾਹੀ ਜਿਹੇ ਲੋਕ ਜਿੰਨਾਂ ਦੀ ਖੁਦ ਦੀ ਸੋਚ ਸੱਤ ਜਿੰਦਿਆਂ ਅੰਦਰ ਕੈਦ ਹੋਵੇ ਉਹ ਵੀ ਆਖ ਰਹੇ ਨੇਂ ਵਿਗਿਆਨਕ ਵਿਚਾਰਧਾਰਾ ਨੇ ਉਹਨਾਂ ਦੇ ਦਿਮਾਗਾਂ ਨੂੰ ਜੰਦਰੇ ਮਾਰ ਦਿੱਤੇ ਹਨ......
ਸੋ ਰਾਹੀ ਵਰਗਿਆਂ ਬਾਰੇ ਤਾਂ ਹੁਣ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਲੋਕ ਇਂਨੀ ਹੇਠਾਂ ਡਿੱਗ ਚੁੱਕੇ ਹਂਨ ਕਿ ਜੇ ਸਾਡੇ ਵਰਗੇ ਲੋਕ ਇਹਨਾਂ ਦੀ ਸੋਚ ਨੂੰ ਹਲੂਣਾਂ ਵੀ ਦੇਣ ਤਾਂ ਵੀ ਉਹ ਗੱਲ ਹੋਵੇਗੀ ਅਖੈ "ਖੋਤੇ ਨੂੰ ਲੂਣ ਦਿੱਤਾ ਖੋਤਾ ਕਹਿੰਦਾ ਮੇਰੀ ਅੱਖ ਭੰਨਤੀ".........

Iqbal Gill said...

ਡਾ: ਸੁਖਦੀਪ ਬਹੁਤ ਸੋਹਣਾ ਪ੍ਰਤੀਕਰਮ ਲਿਖਿਆ | ਇਹਨਾਂ ਦੋਗਲੇ ਕਿਰਦਾਰ ਵਾਲੇ ਲੋਕਾਂ ਨੂੰ ਬਿਲਕੁਲ ਸਟੀਕ ਜਵਾਬ | ਰਾਹੀ ਤੇ ਕੰਵਲ ਪ੍ਰਵਾਸੀਆਂ ਦੇ ਕਿਰਤ ਕਰਨ ਲਈ ਪੰਜਾਬ ਆਉਣ ਤੇ ਖੁਸ਼ ਹਨ ਕਿਉਂ ਜੋ ਇਹਨਾਂ ਤੋਂ ਕਿਰਤ ਸ਼ਕਤੀ ਸਸਤੇ ਵਿੱਚ ਲੁੱਟੀ ਜਾ ਸਕਦੀ ਹੈ ਪਰ ਕਿੰਨੇ ਸ਼ਰਮ ਦੀ ਗੱਲ ਹੈ ਜੋ ਇਥੇ ਸਸਤੇ ਭਾਅ ਵਿੱਚ ਕੰਮ ਕਰਦਾ ਹੈ ਉਸਨੂੰ ਇਹਨਾਂ ਤੋਂ ਪੰਜਾਬ ਵਿੱਚ ਵਸਦਾ ਨਹੀਂ ਜਰਿਆ ਜਾਂਦਾ | ਇਹਨਾਂ ਦੀ ਸੌੜੀ ਸੋਚ ਤੋਂ ਤਾਂ ਗੋਰੇ ਹੀ ਇਮਾਨਦਾਰ ਲਗਦੇ ਹਨ ਜੋ ਸਮੇਂ ਦੀ ਸੀਮਾਂ ਨਾਲ ਇਥੋਂ ਗਏ ਪੰਜਾਬੀ ਕਾਮਿਆਂ ਨੂੰ ਉਥੇ ਵਸੇਵੇ ਦਾ ਹੱਕ ਦੇ ਦਿੰਦੇ ਹਨ (ਬੇ-ਸ਼ੱਕ ਆਪਣੇ ਫਾਇਦੇ ਲਈ ਹੀ) ਕਿਉਂਕਿ ਇਥੋਂ ਗਏ ਪੰਜਾਬੀ ਪ੍ਰਵਾਸੀ ਕਾਮਿਆਂ ਦੀ ਕਿਰਤ ਦਾ ਸ਼ੋਸ਼ਣ ਉਥੇ ਵੀ ਸਸਤੇ ਵਿਚ ਹੋ ਜਾਂਦਾ ਹੈ |
ਸ਼ਰਮ ਤਦ ਹੋਰ ਵੀ ਆਉਂਦੀ ਹੈ ਜਦ ਵਿਦੇਸ਼ ਵਿਚ ਬੈਠਾ "ਅਖੌਤੀ ਪੰਜਾਬ ਹਤੈਸ਼ੀ ਲਾਣਾ" ਜੋ ਉਥੇ ਪੱਕਾ ਵਸਿਆ ਹੋਇਆ ਹੈ ਰਾਹੀ ਤੇ ਕੰਵਲ ਦੇ ਗੁਣ ਗਾਉਂਦੇ ਨਜਰ ਪੈਂਦਾ ਹੈ | ਉਹ ਘੱਟੋ ਘੱਟ ਇੰਨੀ ਸ਼ਰਮ ਤਾਂ ਮੰਨ ਲੈਣ ਕਿ ਉਹਨਾਂ ਨੂੰ ਵੀ ਪ੍ਰਵਾਸੀ ਹੁੰਦੇ ਹੋਏ ਕਿਸੇ ਨੇ ਉਥੇ ਵਸੇਵੇ ਦਾ ਅਧਿਕਾਰ ਦੇ ਦਿੱਤਾ ਹੈ ਪਰ ਨਹੀਂ ਲਗਦਾ ਹੈ ਇਹ ਲੋਕ ਪੰਜਾਬੀ ਨੂੰ ਰੱਬ ਦਾ ਖਾਸ ਅਧਿਕਾਰ ਦੇਕੇ ਭੇਜਿਆ ਜੀਵ ਸਮਝਦੇ ਹਨ |

ਡਾ: ਸੁਖਦੀਪ ਤੁਹਾਡੇ ਲੇਖ ਵਿਚ ਇੱਕ ਘਾਟ ਰੜਕਦੀ ਹੈ ਤੁਸੀਂ ਸਿਰਲੇਖ ਵਿਚ ਲਫਜ਼ ਵਰਤਿਆ ਹੈ "ਸ਼ੌਕ" ਪਰ ਪੂਰੇ ਲੇਖ ਵਿਚ ਕਿਤੇ ਵੀ ਇਸ ਸ਼ਬਦ ਦੁਆਲੇ ਕੁਝ ਵੀ ਉਕਰਿਆ ਨਹੀਂ ਮਿਲਦਾ |