Sunday, April 24, 2011

ਸਿੱਖ ਧਰਮ ਦੇ ਪ੍ਰਚਾਰ ਨੂੰ ਸਮਰਪਿਤ ਇੱਕ ਹੋਰ ਕਲਮ--ਗੁਰਮੀਤ ਕੌਰ ਮੀਤ


ਪ੍ਰਿੰਟ ਮੀਡੀਆ ਅਤੇ ਇਲੈਕ੍ਟ੍ਰਾਨਿਕ ਮੀਡੀਆ ਦੇ ਨਾਲ ਨਾਲ ਹੁਣ ਪੰਜਾਬੀ ਦੇ ਬਲਾਗਾਂ ਵਿਹ੍ਚ ਵੀ ਸਿੱਖ ਧਰਮ ਅਤੇ ਗੁਰਬਾਣੀ ਬਾਰੇ ਵਿਚਾਰ ਵਟਾਂਦਰਿਆਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ. ਇਸ ਤਰਾਂ ਦਾ ਇੱਕ ਹੋਰ ਲਿੰਕ ਪ੍ਰਾਪਤ ਹੋਇਆ ਹੈ ਜਿਸ ਵਿੱਚ ਦਿਲ ਟੁੰਭਵੇਂ ਸ਼ਬਦਾਂ ਨਾਲ ਕੁਝ ਵਿਸ਼ੇਸ਼ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ ਹਨ. ਸਿੱਖ ਧਰਮ ਪ੍ਰਤੀ ਪੂਰੀ ਤਰਾਂ ਸਮਰਪਿਤ ਗੁਰਮੀਤ ਕੌਰ ਮੀਤ ਖਾਲਸਾ ਸਕੂਲ ਵਿੱਚ  ਵਾਈਸ ਪ੍ਰਿੰਸੀਪਲ ਵੱਜੋਂ ਵੀ ਸੇਵਾ ਨਿਭਾਉਂਦੇ ਰਹੇ ਹਨ. ਹੁਣ ਆਪਣੀ ਕਲਮੀ ਸ਼ਕਤੀ ਰਾਹੀਂ ਇਸ ਖੇਤਰ ਵਿੱਚ ਯੋਗਦਾਨ  ਪਾ ਰਹੇ ਹਾਂ. ਉਹਨਾਂ ਦੇ ਇਸ ਬਲਾਗ ਚੋਂ ਇੱਕ ਲਿਖਤ ਅਸੀਂ ਇਥੇ ਵੀ ਦੇ ਰਹੇ ਹਾਂ. ਬਾਕੀ ਲਿਖਤਾਂ ਪੜ੍ਹਨ ਲਈ ਏਥੇ ਕਲਿੱਕ ਕਰੋ. ਇਹ ਬਲਾਗ ਤੁਹਾਨੂੰ ਕਿਹੋ ਜਿਹਾ ਲੱਗਿਆ ਇਸ ਬਾਰੇ ਜ਼ਰੂਰ ਦੱਸਣਾ ..ਰੈਕਟਰ ਕਥੂਰੀਆ 
"ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
ਚਾਰ ਮੂਏ ਤੋ ਕਿਆ ਹੂਆ ਜੀਵਤ ਕਈਂ ਹਜਾਰ ||"
ਐ ਮੇਰੇ ਪਿਆਰੇ ਤੇ ਲਾਡਲੇ ਸਪੁੱਤਰ ! ਐ ਮੇਰੇ ਗੁਰਸਿੱਖ ਖਾਲਸੇ !! ਜਦ ਮੈਂ ਪਹਿਲੀ ਵਾਰ ਤੇਰੀ ਹੀ ਚੜ੍ਹਦੀਕਲਾ ਲਈ ਸਿੱਖੀ ਸਰੂਪ ਦਾ ਮੁੱਢ ਬੰਨ੍ਹਿਆ ਸੀ ,ਮੇਰੇ ਦਿਲ ’ਚ ਤੇਰੇ ਪਿਆਰ ਦਾ ਅਥਾਹ ਸਮੰਦਰ ਠਾਠ੍ਹਾਂ ਮਾਰ ਰਿਹਾ ਸੀ \ਆਪਣੇ ਪਿਤਾ ਜੀ ਨੂੰ ਮੈਂ ਤੇਰੇ ਸਿਰੋਂ ਵਾਰ ਦਿੱਤਾ, ਆਪਣੇ ਚਾਰੋਂ ਪੁੱਤਰਾਂ ਨੂੰ ਵੀ ਕੁਰਬਾਨ ਕਰ ਦਿੱਤਾ ਸਿਰਫ਼ ਇਸ ਵਾਸਤੇ ਕਿ ਤੇਰੇ ਸਾਹਮਣੇ ਪਰਤਖ ਤੌਰ ਤੇ ਸਿੱਖੀ ਸਿਦਕ ਦਾ ਉਦਾਹਰਣ ਪੇਸ਼ ਕਰ ਸਕਾਂ |ਮੇਰੇ ਚਾਰੋਂ ਪਿਆਰੇ ਲਾਲਾਂ ਨੇ ਵੀ ਹੱਸ ਹੱਸ ਕੇ ਜਾਨਾਂ ਵਾਰ ਦਿਤੀਆਂ ਪਰ ਸਿੱਖੀ ਸਿਦਕ ਤੇ ਆਂਚ ਨਾ ਆਣ ਦਿੱਤੀ | ਸਤਿਗੁਰ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਵੀ ਸੀਸ ਦੀਆ ਪਰ ਸਿਰੜ ਨਾ ਦੀਆ ਦਾ ਪਰਤਖ ਉਦਾਹਰਣ ਤੇਰੇ ਸਾਹਮਣੇ ਰਖਿਆ | ਮੇਰੇ ਜਾਨ ਤੋਂ ਪਿਆਰੇ ਸਿੰਘ ਭਾਈ ਮਨੀ ਸਿੰਘ ਦੇ ਇਤਿਹਾਸ ਤੋਂ ਵੀ ਤੂੰ ਚੰਗੀ ਤਰ੍ਹਾਂ ਜਾਣੂ ਹੈਂ.... ਕਿਵੇਂ ਅੰਗ ਅੰਗ ਜੁਦਾ ਕਰਵਾ ਲਏ ਸਿੱਖੀ ਸਿਦਕ ਨੂੰ ਜੁਦਾ ਨਹੀਂ ਹੋਣ ਦਿੱਤਾ |ਮੇਰੇ ਪਿਆਰੇ ਤੇ ਦੁਲਾਰੇ ਸਿੰਘ ਭਾਈ ਤਾਰੂ ਸਿੰਘ ਜੀ ਨੇ ਵੀ ਕੇਸਾਂ ਦੀ ਬੇਅੱਦਬੀ ਪਰਵਾਨ ਬਹੀਂ ਕੀਤੀ ਪਰ ਖੋਪੜੀ ਲੁਹਾਣ ਦਾ ਦਰਦ ਸਹਿਣ ਕਰ ਲਿਆ | ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰ ਜ਼ਰਾ !! ਜਿਨ੍ਹਾਂ ਨੇ ਸਿੱਖੀ -ਬਚਨ ਨਿਭਾਉਣ ਖਾਤਿਰ ਸੀਸ ਤੱਲੀ ਤੇ ਧਰ ਕੇ ਵੀ ਤੇਗ ਵਹਾਈ |
ਪਰ ਅਫ਼ਸੋਸ , ਐ ਗੁਰਸਿੱਖਾ ! ਮੇਰੀਆਂ ਉਹ ਖੁਸ਼ੀਆਂ , ਉਹ ਚਾਹ, ਸਭ ਥੋੜ-ਚਿਰੇ ਹੀ ਸਨ | ਅੱਜ ਕਿੱਥੇ ਗਈਆਂ ਉਹ ਬੀਬੀਆਂ ਲੰਮੀਆਂ ਦਾਹੜੀਆਂ ਜੋ ਇੱਕ ਮੋਹਰ ਦੇ ਰੂਪ ਵਿੱਚ ਨਿਸ਼ਾਨੀ ਸੀ ਜੋ ਮੈਂ ਤੈਨੂੰ ਵਿਰਸੇ ਵਿੱਚ ਸੌਂਪੀਆਂ ਸਨ?ਇਹੀ ਇੱਕ ਤੇਰੀ ਈਮਾਨਦਾਰ ਸ਼ੱਖਸੀਅਤ ਦੀ ਗਵਾਹੀ ਭਰਦੀ ਸੀ | ਜ਼ਰਾ ਸੋਚ ਜੇ ਮੈਂ ਤੇਰੇ ਸਾਹਮਣੇ ਕਿਤੇ ਹੋਵਾਂ ਤੇ ਆਪਣੀਆਂ ਅੱਖਾਂ ਨਾਲ ਕੈਂਚੀਆਂ ਨਾਲ ਆਪਣੀ ਇਸ ਮੋਹਰ ਦੀ ਦੁਰਗਤ ਹੁੰਦਿਆਂ ਵੇਖ ਲਵਾਂ,ਅੰਦਾਜ਼ਾ ਲਾ ਕਿ ਮੇਰੇ ਦਿਲ ਦੀ ਕੀ ਹਾਲਤ ਹੋਵੇਗੀ??ਮੇਰੇ ਆਪਣੇ ਸਰੂਪ ਦੀ ਇਹ ਬੇਇਜ਼ੱਤੀ.....? ਉਫ਼ ਗੁਰ੍ਸਿੱਖਾ !! ਅੱਜ ਜਿੱਥੇ ਵੀ ਨਜ਼ਰ ਫ਼ੇਰਾਂ ਦੱਸ ’ਚੋਂ ਇੱਕ ਦੀ ਦਾਹੜੀ ਸਾਬਤ ਦਿਸੇਗੀ |ਮੈਂ ਹੁਣ ਆਪਣੀ ਨਿਰਾਸ਼ਤਾ ਦਾ ਕਿਵੇਂ ਬਿਆਨ ਕਰਾਂ ਤੇ ਇਹ ਹਾਲਤ ਵੀ ਕਿਵੇਂ ਸਹਿਣ ਕਰਾਂ ? ਆ ਜ਼ਰਾ ਯਾਦ ਕਰ ਆਪਣ ਗੌਰਵਮਈ ਇਤਿਹਾਸ ਜਾਣਦਾ ਹੈਂ ਇਹਨਾਂ ਕੇਸਾਂ ਦਾਹੜੀਆਂ ਦੀ ਖਾਤਿਰ ਹੀ ਤਾਂ ਸਮੇਂ-ਸਮੇਂ ਤੇ ਮੇਰੇ ਪਿਆਰੇ ਲਾਡਲੇ, ਅਣਖੀਲੇ,ਸੂਰਮੇ ਸਿੰਘਾਂ ਨੇ ਵੱਡੇ ਵੱਡੇ ਕੱਸ਼ਟ ਵੀ ਸਹਿਣ ਕਰ ਲਏ ਪਰ ਇਸਦੀ ਰੱਖਿਆ ਕਰਦਿਆਂ ਮੁੱਖੋਂ ’ਸੀ’ ਨਹੀਂ ਉਚਾਰੀ |ਪਰ ਅੱਜ ਉਹ੍ਨਾਂ ਦੀ ਕੁਰਬਾਨੀ ਸਿਰਫ਼ ਤੇ ਸਿਰਫ਼ ਅਰਦਾਸ ਵਿੱਚ ਯਾਦ ਕਰ ਲੈਣ ਜੋਗੀ ਹੀ ਬਣ ਕੇ ਰਹਿ ਗਈ ਹੈ , ਅਮਲ ਕਰਨ ਲਈ ਨਹੀਂ |ਭਲਾ ਮੇਰੇ ਇਨ੍ਹਾਂ ਅਣਖੀਲੇ ਸ਼ੇਰ ਪੁੱਤਰਾਂ ਦੇ ਦੱਸੇ ਰਾਹ ਤੇ ਅੱਜ ਦੇ ਪੱਛਮੀ ਰੰਗ ’ਚ ਰੰਗੇ ਨਾਜ਼ੁਕ ਮਿਜ਼ਾਜ ਸਿੱਖ ਕਦੇ ਤੁਰ ਸਕਦੇ ਨੇ ...??

ਹੋਰ ਸੁਣੋ ਅੱਜੇ ! ਨਸ਼ਾ ਪੀਣਾ (ਜੋ ਜ਼ਹਿਰ ਹੀ ਹੈ)ਅੱਜ ਫੈਸ਼ਨ ਦੀ ਗੱਲ ਹੈ, ਵਿਆਹ ਸ਼ਾਦੀਆਂ ਦੇ ਮੌਕੇ ਨਸ਼ੇ ਤੋਂ ਬਿਨਾਂ ਫਿੱਕੇ ਹੀ ਸਮਝੇ ਜਾਂਦੇ ਨੇ | ਜਿਸ ਨਸ਼ੇ ਤੋਂ ਮੈਂ ਕੋਹਾਂ ਦੂਰ ਰਹਿਣ ਨੂੰ ਕਿਹਾ ਸੀ-ਕਦੇ | ਓਏ ਝ੍ਮ੍ਲੇ ਅਜੋਕੇ ਸਿੱਖਾ !! ਤੇਰੇ ਲੇ ਉਹ ਨਸ਼ਾ ਕੀ ਅਰਥ ਰਖਦਾ ਹੈ ਜਿਸਦੇ ਲਈ ਕਦੇ ਗੁਰੂ ਨਾਨਕ ਦੇਵ ਜੀ ਨੇ ਸਲਾਹ ਦਿੱਤੀ ਸੀ?
"ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤਿ||"
ਲਓ ਜੀ ’ਨਾਮ ਖੁਮਾਰੀ ’?ਇਹ ਵੀ ਕੋਈ ਨਸ਼ਾ ਹੈ?? ਮੇਰੇ ਸਿੱਖਾ ! ਤੈਨੂੰ ਕਿਵੇਂ ਯਕੀਨ ਹੋਵੇ ਕਿ ਨਾਮ ਨਾਲ ਵੀ ਨਸ਼ਾ ਹੋ ਸਕਦਾ ਹੈ | ਕੀ ਹੈ ਇਹ ਨਾਮ ਖੁਮਾਰੀ?ਤੇਰੇ ਭਾਣੇ ਇਹ ਸਭ ਢੋਂਗ ਹਨ,ਨਿਰੇ ਵਿਹਲੇ ਕੰਮ; ਇਹ ਸਭ ਤਾਂ ਬੁੱਢੇ ਠੇਰ੍ਹਿਆਂ ਲਈ ਰਿਜ਼ਰਵ ਨੇ ਤੇਰੇ ਜਿਹੇ ਅੱਪ-ਟੂ-ਡੇਟ ਬੰਦਿਆ ਲਈ ਨਹੀਂ |ਇੱਕ ਹੋਰ ਨਸ਼ਾ ਵੀ ਹੈ ਜਿਸ ਤੋਂ ਤੂੰ ਵਾਕਫ ਹੋ ਕੇ ਵੀ ਨਾਵਾਕਫ ਬਣਿਆ ਰਹਿਣਾ ਚਾਹੁੰਦਾ ਹੈਂ ,"ਬਾਣੀ ਦਾ ਨਸ਼ਾ" ਜਿਨ੍ਹਾਂ ਦੇ ਅੰਦਰ ਬਾਣੀ ਦਾ ਰੱਸ ਆ ਜਾਏ ਉਹ੍ਨਾ ਦੇ ਦਿਲ ਹਮੇਸ਼ਾਂ ਖਿੜਿਆ ਹੀ ਰਹਿੰਦਾ ਹੈ ਪਰ ਤੂੰ ਤਾਂ ਸ਼ਾਇਦ ਇਸ ਗੱਲ ਤੇ ਬਹੁਤ ਹਸਦਾ ਹੈਂ|’ਗੁਰਬਾਣੀ’ ਪੜ੍ਹਨਾ ਤੇ ਤੇਰੇ ਭਾਣੇ ਵਿਹਲੜਾਂ ਦਾ ਕੰਮ ਹੈ ਜਾਂ ਪੱਛੜੇ ਖਿਆਲਾਂ ਵਾਲਿਆਂ ਦਾ ਕੰਮ ਹੈ |ਤੂੰ ਤਾਂ ਮੇਰੇ ਸਿੱਖਾ! ਅੱਜ ਦਾ ਸਭ ਤੋਂ ਵੱਧ ਬਿਜ਼ੀ,ਮੌਡ ਤੇ ਸ਼ੋਸ਼ਲ ਬੰਦਾ ਹੈਂ,ਤੇਰੇ ਕੋਲ ਬਾਣੀ ਪੜ੍ਹਨ ਸੁਣਨ ਦੀ ਵਿਹਲ ਹੀ ਕਿੱਥੇ?

ਹਾਏ ਅਫਸੋਸ ਐ ਮੇਰੇ ਸਿੱਖਾ ! ਅੱਜ ਤੇਰੇ ਬੱਚੇ ਗੁਰਬਾਣੀ ਦੇ ਨਾਂ ਤੋਂ ਵਾਕਫ਼ ਹੀ ਨਹੀਂ ਨੇ |ਇਨ੍ਹਾਂ ਵਿਚਾਰਿਆਂ ਨੂੰ ਜਪੁ , ਜਾਪੁ ਦੇ ਚੱਕ੍ਰਾਂ ਵਿੱਚ ਹੁਣੇ ਤੋਂ ਹੀ ਕਿਉਂ ਪਾਇਆ ਜਾਏ?? ਸੱਕੂਲਾਂ ,ਕਾਲਜਾਂ ਦੀਆਂ ਪੜ੍ਹਾਈਆਂ ਘ‘ਟ ਨੇ ਇਨ੍ਹਾਂ ਦੇ ਨਾਜ਼ੁਕ ਦਿਮਾਗਾ ਦਾ ਲਹੂ ਸੁਕਾਉਣ ਲਈ?ਇਹ ਪੜ੍ਹਾਈ ਤੋਂ ਵਿਹਲੇ ਹੋ ਕੇ ਥੋੜਾ ਮਨੋਰੰਜਨ ਵੀ ਨਾ ਕਰਨ?? ਉਏ ਪੁੱਠੇ ਦਿਮਾਗ ਵਾਲਿਆ !! ਤੇਰੇ ਕੋਲ ਰੋਤੀ ਖਾਣ ਦਾ ਪੂਰਾ ਟਾਈਮ ਹੈ,ਕੱਲਬ ਤੇ ਸਿਨਮੇ ਵਾਸਤੇ ਖਾਸਾ ਸਮਾਂ ਹੈ,ਡਾਂਸ ਪਾਰਟੀਆਂ ਲਈ ਭਾਵੇਂ ਤੇਰਾ ਸਾਰਾ ਦਿਨ ਹੀ ਰੁੜ੍ਹ ਜਾਏ- ਪਰ ਗੁਰਦੁਆਰੇ ਜਾਣ ਲਈ ਤੇ ਗੁਰਬਾਣੀ ਪੜ੍ਹਨ ਸੁਣਨ ਲਈ ਤੇਰੇ ਕੋਲ ਕੋਈ ਵੇਲਾ ਨਹੀਂ??
ਹੋਸ਼ ਕਰ ਜ਼ਰਾ ਐ ਸਿੱਖਾ !! ਤੇਰੇ ਬੱਚੇ ਜੋ ਕਿ ਮੇਰੇ ਚਾਰੋਂ ਲਾਲਾਂ ਤੋਂ ਵੀ ਵੱਡੀ ਉਮਰ ਦੇ ਹੋ ਚੁੱਕੇ ਹੁੰਦੇ ਨੇ ਬਲਕਿ ਵੀਹਾਣਂ ਵਰਿਆਂ ਤੋਂ ਵੀ ਟੱਪ ਚੱਕੇ ਹੁੰਦੇ ਨੇ ਸਿਰ ਮੂਲ ਮੰਤਰ ਦੇ ਪਾਠ ਤੋਂ ਵੀ ਨਾਵਾਕਫ ਹੁੰਦੇ ਨੇ .. ਨਿਤਨੇਮ ਦੀਆਂ ਬਾਣੀਆਂ ਤੇ ਅੱਜੇ ਕੋਹਾਂ ਦੂਰ ਨੇ | ਇੱਥੇ ਤਕ ਹੀ ਨਹੀਂ ਬਲਕਿ ਆਪਣੇ ਦੱਸਾਂ ਗੁਰੂਆਂ ਦੇ ਨਾਂ ਤੋਂ ਵੀ ਅਣਜਾਨ ਹਨ..ਸਾਇਦ ਫ਼ਿਲਮ ਸੱਟਾਰਾਂ ਦਾ ਨਾਮ ਤੇ ਪੂਰੇ ਹੀ ਯਾਦ ਹੋਣ ਪਰ ਹੈਨ ਉਹ ਵੀ ਸਿੱਖ ..| ਕਿਸੇ ਵੀ ਗੁਰਪੁਰਬ ਵਾਲੇ ਦਿਨ ਗੁਰਦੁਆਰਿਆਂ ਦੇ ਅੰਦਰ ਬਾਹਰ ਹੱਦੋਂ ਵੱਧ ਭੀੜ ਦੇਖ ਕੇ ਭੁਲੇਖਾ ਪੈ ਹੀ ਜਾਂਦਾ ਹੈ ਕਿ ਮੇਰੇ ਸਿੱਖ ਅੱਜ ਵੀ ਆਪਣੇ ਗੁਰੂ ਸਾਹਿਬਾਨਾਂ ਨਾਲ ਕਿੰਨਾ ਪਿਆਰ ਰਖਦੇ ਹੋਣਗੇ..ਪਰ ਜੇ ਧਿਆਨ ਨਾਲ ਵੇਖਿਆ ਜਾਏ ਤਾਂ ਪਤਾ ਚਲਦਾ ਹੈ ਕਿ ਦੀਵਾਨ ’ਚ ਬਹਿ ਕੇ ਕੀਰਤਨ ਸੁਣਨ ਵਾਲੇ ਤਾਂ ਵਿਰਲੇ ਹੀ ਹੁੰਦੇ ਨੇ ਤੇ ਬਾਹਰ ਵੰਨ ਸੁਵੰਨੇ ਲੰਗਰ ਛਕਣ ਵਾਲੇ ਵਧੇਰੇ ਹੁੰਦੇ ਹਨ |ਵਾਹ ਮੇਰੇ ਸਿੱਖਾ ||
ਮੇਰੀ ਇੱਕ ਖਾਸ ਹਿਦਾਇਤ ਸੀ-"ਪਰ ਨਾਰੀ ਧੀ ਭੈਣ ਵਖਾਣੇ" ਇਹ ਹਿਦਾਇਤ ਤੇ ਅੱਜ ਪਰ ਨਾਰੀ ,ਧੀ ,ਭੈਣ ਬਾਰੇ ਮੇਰੇ ਅਜੋਕੇ ਸਿੱਖਾਂ ਦੇ ਕੀ ਖਿਆਲ ਹਨ ’ਸਤਿਨਾਮ ਸ਼੍ਰੀ ਵਾਹਿਗੁਰੂ’ ਦਸਦਿਆਂ ਵੀ ਮੇਰੀ ਜ਼ੁਬਾਨ ਥਿੜਕਦੀ ਹੈ |
ਹੁਣ ਤੂੰ ਆਪ ਹੀ ਦਸ ਮੇਰੇ ਲਾਡਲੇ ਖਲਸਿਆ!ਪੰਜਾਬ ਵਿੱਚ ਆਪਣੇ ਹੋਰ ਵੀਰਾਂ ਦੀ ਹਾਲਤ ਤੇ ਨਜ਼ਰ ਮਾਰ !! ਜਦ ਮੇਰੇ ਸਿੱਖ ਥਾਂ ਥਾਂ ਤੇ ਸ਼ਰਾਬ ਦੇ ਨਸ਼ੇ ਵਿੱਚ ਗੰਦੀਆਂ ਨਾਲੀਆਂ ਵਿੱਚ ਡਿੱਗੇ ਦਿਸਦੇ ਨੇ ਜਾਂ ਪਾਨ ਦੀਆਮ ਥੁੱਕਾ ਨਾਲ ਪੰਜਾਬ ਦੀ ਪਵਿੱਤਰ ਧਰਤੀ ਨੂੰ ਅਪਵਿੱਤਰ ਕਰ ਰਹੇ ਹੁੰਦੇ ਨੇ, ਹੋਰ ਅੱਗੇ ਵੱਧ ਕੇ ਦੇਖ ਜਦ ਨਾਈਆਂ ਦੀਆਂ ਦੁਕਾਨਾਂ ਤੇ ਬੈਠੇ ਮੇਰੇ ਲਾਡਲੇ ਸਿੱਖ ਸਿੱਖੀ ਦੀ ਇੱਕੋ ਇੱਕ ਨਿਸ਼ਾਨੀ ਕੇਸਾਂ ਦੀ ਬੇਅੱਅਬੀ ਕਰਾ ਰਹੇ ਹੁੰਦੇ ਨੇ- ਸੋਚੋ ਜ਼ਰਾ , ਮੇਰੇ ਦਿਲ ਦੀ ਕੀ ਹਾਲਤ ਹੁੰਦੀ ਹੋਵੇਗੀ???
ਕਦੇ ਮੇਰਾ ਇਹ ਵੀ ਕਹਿਣਾ ਸੀ-
ਖਾਲਸਾ ਮੇਰੋ ਰੂਪ ਹੈ ਖਾਸ ,ਖਾਲਸਾ ਮਹਿ ਹੌਂ ਕਰੋਂ ਨਿਵਾਸ ||"
ਪਰ ਅਫਸੋਸ ਮਹਾਂ ਅਫਸੋਸ ਐ ਮੇਰੇ ਗੁਰਸਿੱਖਾ !! ਤੂੰ ਮੇਰੀ ਕੋਈ ਵੀ ਇੱਛਾ ਪੂਰੀ ਨਹੀਂ ਹੋਣ ਦਿਤੀ | ਆਹ ! ਮੇਰੇ ਸਿੱਖਾ !! ਤੂੰ ਮੇਰਾ ਹਿਰਦਾ ਬੁਰੀ ਤਰ੍ਹਾਂ ਵਿੰਨ੍ਹ ਸੁੱਟਦਾ ਹੈਂ ਜਦ ਤੂੰ ਕਤਰੀਆਂ ਹੋਈਆਂ ਦਾੜ੍ਹੀ ਮੁੱਛਾਂ,ਪਾਨ ਨਾਲ ਰੰਗੇ ਬੁੱਲ੍ਹਾਂ,ਤੇ ਸ਼ਰਾਬ ਨਾਲ ਰੱਜ ਕੇ ਅੱਧ ਬੇਹੋਸ਼ੀ ਦੀ ਹਾਲਤ ਵਿੱਚ ਮੇਰੀ ਨਜ਼ਰ ਵਿੱਚ ਆ ਜਾਂਦਾ ਹੈਂ, ਸੱਚ ਜਾਣੀ ਇੱਕ ਮੈਨੂੰ ਹੀ ਨਹੀਂ ਤੇਰੇ ਹੋਰ ਵੀਰ ਜਿੰਨਾ ਨੇ ਅੱਜ ਵੀ ਆਪਣਾ ਸਿੱਖੀ ਵਾਲਾ ਆਦਰਸ਼ ਕਾਇਮ ਰਖਿਆ ਹੋਇਆ ਹੈ ,ਤੈਨੂੰ ਵੇਃ ਵੇਖ ਕੇ ਉਨ੍ਹਾਂ ਦੇ ਦਿਲ ਵੀ ਮੇਰੇ ਨਾਲ ਰੱਲ ਕੇ ਰੋਂਦੇ ਨੇ |
ਐ ਮੇਰੇ ਗੁਰਸਿੱਖ ! ਮੇਰੇ ਲਾਡਲੇ !! ਐ ਮੇਰੇ ਪਿਆਰੇ ਸਪੁੱਤਰ !!! ਆ ਜਾ ਹੁਣ ਵੀ ਵਾਪਿਸ ਆ ਜਾ | ਆਪਣੇ ਸਿੱਖੀ ਸਰੂਪ ਵਿੱਚ ਵਾਪਿਸ ਆ ਜਾ , ਮੇਰੀਆਂ ਬਾਹਾਂ ਅੱਜ ਵੀ ਤੈਨੂੰ ਹੀ ਉਡੀਕਦੀਆਂ ਨੇ ਗਲਵਕੜੀ ਪਾਉਣ ਲਈ | ਮੈਂ ਅੱਜੇ ਵੀ ਤੈਨੂੱ ਬਖਸ਼ ਦੇਣ ਲਈ ਤਿਆਰ ਹਾਂ ਪਰ ਸ਼ਰਤ ਇਹ ਹੈ ਕਿ ਜਿੰਨ੍ਹਾਂ ਸਿੱਖੀ ਦੀਆਂ ਰਹਾਂ ਤੋਂ ਭਟਕ ਕੇ ਤੂੰ ਅਨਮੱਤੀ ਰਾਹਾਂ ਤੇ ਤੁਰ ਪਿਆ ਸੀ ਉੱਥੇ ਹੀ ਵਾਪਿਸ ਆ ਜਾ, ਜਾਗ ਪੈ ਹੁਣ ,ਸੰਭਾਲ ਲੈ ਆਪਣਾ ਗੌਰਵਮਈ ਵਿਰਸਾ ਜੋ ਮੈਂ ਤੈਨੂੰ ਸਰਬੰਸ ਵਾਰ ਕੇ ਸੌਂਪਿਆ ਸੀ ਕਦੇ...ਉਠ ਜਾਗ ....!!
ਐ ਮੇਰੇ ਸਿੱਖਾ ! ਸਿੱਖੀ ਜਨਮ ਕਿਸੇ ਭਾਗਾਂ ਵਾਲੇ ਨੂੰ ਹੀ ਮਿਲਦਾ ਹੈ ਪਰ ਤੂੰ ਇਸਨੂੰ ਭੰਗ ਦੇ ਭਾੜੇ ਗੰਵਾ ਰਿਹਾ ਹੈਂ| ਅੱਜੇ ਵੀ ਸਮਾਂ ਹੈ ਸੁਚੇਤ ਹੋਣ ਦਾ ,ਕਿਉਂ ਆਪਣੀਆਂ ਜੜ੍ਹਾ ’ਚ ਆਪ ਹੀ ਤੇਲ ਪਾਉਣ ਲੱਗਾ ਹੋਇਆ ਹੈਂ?? ਤੈਨੂੰ ਪਤਾ ਹੈ ਕਿ ਕਦੇ ਇੱਕ ਸਿੱਖ ਦੀ ਦਿੱਤੀ ਹੋਈ ਗਵਾਹੀ ਤੇ ਅਦਾਲਤ ਆਪਣਾ ਫੈਸਲਾ ਸੁਣਾ ਦਿਆ ਕਰਦੀ ਸੀ ,ਅੱਜ? ਤੇਰੀ ਗੱਲ ਤੇ ਕਿਸੇ ਨੂੰ ਵਿਸ਼ਵਾਸ ਹੁੰਦਾ ਹੈ???ਸ਼ਾਇਦ ਕੌਡੀ ਜਿੰਨਾ ਵੀ ਨਹੀਂ,ਯਾਦ ਰੱਖ ਜੇ ਅੱਜੇ ਵੀ ਨਾ ਸੰਭਲਿਆ ਤਾਂ ਇੱਕ ਦਿਨ ਸਿੱਕ ਕੌਮ ਦਾ ਦੁਨੀਆਂ ’ਚ ਨਾਮੋ-ਨਿਸ਼ਾਣ ਵੀ ਨਹੀਂ ਹੋਣਾ | ਕਿਸੇ ਕਵੀ ਨੇ ਕਿਹਾ ਹੈ-"ਗੂੜ੍ਹੀ ਨੀਂਦ ਜਦੋਂ ਦੇ ਸੁੱਤੇ ,ਰੋਟੀਆਂ ਲੈ ਜਾਂਦੇ ਰਹੇ ਕੁੱਤੇ ||"
ਉੱਠ ,ਹੁਣ ਵੀ ਸੁਚੇਤ ਹੋ ਤੇ ਸਾਂਭ ਆਪਣੀ ਸਿੱਖੀ ਜਿਸ੍ਦੇ ਅੰਦਰ ਮੇਰਾ ਹੀ ਨਿਵਾਸ ਹੈ-"ਖਾਲਸਾ ਮੇਰੋ ਰੂਪ ਹੈ ਖਾਸ ,ਖਾਲਸ ਮਹਿ ਹੌਂ ਕਰੌਂ ਨਿਵਾਸ ||"      ###੦੦੦###

ਜੇ ਤੁਹਾਡੀ ਨਜ਼ਰ ਵਿੱਚ  ਵੀ ਕਿਸੇ ਚੰਗੇ ਬਲਾਗ, ਚੰਗੀ ਸਾਈਟ, ਚੰਗੇ ਕਲਮਕਾਰ ਬਾਰੇ ਕੋਈ ਲਿੰਕ ਹੈ ਤਾਂ ਸਾਰੇ ਮਤਭੇਦਾਂ ਅਤੇ ਵਖਰੇਵਿਆਂ ਤੋਂ ਉੱਪਰ ਉਠ ਕੇ  ਉਸ ਬਾਰੇ ਆਪਣੇ ਵਿਚਾਰ ਉਸ ਲਿੰਕ ਸਮੇਤ ਜ਼ਰੂਰ ਭੇਜੋ. ਉਹਨਾਂ ਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਏਗਾ. ਕੋਸ਼ਿਸ਼ ਕਰਨਾ ਕਿ ਕਲਮਕਾਰ ਦੀ ਤਸਵੀਰ ਵੀ ਨਾਲ ਭੇਜੀ ਜਾ ਸਕੇ.    ਰੈਕਟਰ ਕਥੂਰੀਆ 

No comments: