Wednesday, February 16, 2011

ਸੂਬਾਈ ਹਾਲਾਤ ਤੇ ਇੱਕ ਹੋਰ ਤਿੱਖੀ ਨਜ਼ਰ:: ਪੰਜਾਬ ਪੜਚੋਲ

ਪੰਜਾਬ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਾਫੀ ਲੰਮੇ ਸਮੇਂ ਤੋਂ ਜਾਰੀ ਹਨ ਪਰ ਸਫਲਤਾ ਮਿਲਦੀ ਨਜ਼ਰ ਨਹੀਂ ਆਉਂਦੀ. ਪੰਜਾਂ ਦਰਿਆਵਾਂ ਦੀ ਇਸ ਧਰਤੀ ਤੇ ਪਹਿਲਾਂ ਖੂਨ ਦਾ ਛੇਵਾਂ ਦਰਿਆ ਵਗਿਆ ਸੀ ਅਤੇ ਹੁਣ ਉਸੇ ਪਾਕ ਪਵਿੱਤਰ ਧਰਤੀ ਤੇ ਨਸ਼ਿਆਂ ਦਾ ਨਵਾਂ ਦਰਿਆ ਵਗ ਰਿਹਾ ਹੈ.  ਕੈੰਪ ਲੱਗੇ, ਸਭਾ ਸੋਸਾਇਟੀਆਂ ਬਣੀਆਂ, ਸੈਮੀਨਾਰ ਹੋਏ, ਡਰਾਮੇ ਖੇਡੇ ਗਏ, ਮਾਰਚ ਆਯੋਜਿਤ  ਹੋਏ, ਫਿਲਮਾਂ ਬਣੀਆਂ, ਕਾਨੂੰਨ ਬਣੇ, ਛਾਪੇ ਮਾਰੇ ਗਏ, ਨਸ਼ੀਲੀਆਂ ਵਸਤਾਂ ਸਾੜੀਆਂ ਗਈਆਂ ਪਰ ਨਸ਼ਿਆਂ ਨੂੰ ਠੱਲ ਨਾਂ ਪਈ. ਆਖਿਰ ਪੰਜਾਬ ਨੂੰ ਕਿਸਦੀ ਨਜ਼ਰ ਲੱਗ ਗਈ. ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਵਾਲੀ ਇਸ ਧਰਤੀ ਤੋਂ ਲੱਸੀ ਮੱਖਣ ਮੁੱਕ ਗਏ. ਪੀਣ ਵਾਲਾ ਪਾਣੀ ਵੀ ਵਿਕਣ ਲੱਗ ਪਿਆ.ਹੁਣ ਹਰ ਗਲੀ ਦੇ ਮੋੜ ਤੇ ਮਿਲਦੀਆਂ ਹਨ ਤੰਬਾਕੂ ਵਾਲਿਆਂ ਪੁੜੀਆਂ. ਕਿਸ ਨੇ ਰਚੀ ਪੰਜਾਬ ਨੂੰ ਤਬਾਹ ਕਰਨ ਦੀ ਸਾਜ਼ਿਸ਼...??? ਅਜਿਹੇ ਕਈ ਸੁਆਲ ਹਨ ਜਿਹੜੇ ਅਕਸਰ ਪੁਛੇ ਨਹੀਂ ਜਾਂਦੇ. ਜੇ ਪੁਛ ਲਏ ਜਾਣ ਤਾਂ ਉਹਨਾਂ ਦੇ ਜੁਆਬ ਦੇਣ ਵਾਲੇ ਟਾਲਾ ਵੱਟ ਜਾਂਦੇ ਹਨ. ਮੀਡੀਆ ਵਿਚਲੇ ਸੁਹਿਰਦ ਕਲਮਕਾਰ ਇਸ ਪ੍ਰਤੀ ਹਮੇਸ਼ਾਂ ਹੀ ਸੁਚੇਤ ਰਹੇ ਹਨ. ਹੁਣ ਇਸ ਸੰਬੰਧ ਵਿੱਚ ਇਕ ਨਵੀਂ ਕੋਸ਼ਿਸ਼ ਹੋਈ ਹੈ ਪਟਿਆਲਾ ਤੋਂ. ਪੰਜਾਬ ਪੜਚੋਲ ਨਾਂਅ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਚੜ੍ਹਦੀਕਲਾ ਟਾਈਮ ਟੀਵੀ ਤੇ. ਇਸ ਖਾਸ ਪੇਸ਼ਕਸ਼ ਦੀ ਪਹਿਲੀ ਕਿਸ਼ਤ ਵਿੱਚ ਮਹਿਮਾਣ ਸਨ ਬੀਰ ਦਵਿੰਦਰ ਸਿੰਘ, ਸੁਖਪਾਲ ਸਿੰਘ ਖਹਿਰਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ. ਇਹਨਾਂ ਨਾਲ ਗੱਲਬਾਤ ਕੀਤੀ ਨੌਜਵਾਨ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਨੇ. ਇਸ ਗੱਲਬਾਤ ਵਿੱਚ ਕਈ ਅਹਿਮ ਮੁਦੇ ਵਿਚਾਰੇ ਗਏ. ਇਸ ਵਿਸ਼ੇਸ਼ ਗੱਲਬਾਤ ਦਾ ਦੂਸਰਾ ਹਿਸਾ ਤੁਸੀਂ ਸੁਣ ਸਕਦੇ ਹੋ ਵੀਰਵਾਰ 17 ਫਰਵਰੀ 2011 ਨੂੰ ਰਾਤ ਅਠ ਵਜੇ ਚੜ੍ਹਦੀਕਲਾ ਟਾਈਮ ਟੀਵੀ ਤੇ. ਭਵਿਖ ਵਿੱਚ ਵੀ ਇਸਦਾ ਇਹੀ ਟਾਈਮ ਰਹੇਗਾ ਹਰ ਵੀਰਵਾਰ ਨੂੰ ਰਾਤ ਅਠ ਵਜੇ.ਨਵੇਂ ਮਹਿਮਾਣ ਅਤੇ ਨਵੇਂ ਵਿਸ਼ੇ. ਇਸ ਬਾਰੇ ਆਪਣੇ ਖਿਆਲਾਂ ਦਾ ਪ੍ਰਗਟਾਵਾ ਜ਼ਰੂਰ ਕਰਨਾ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. --ਰੈਕਟਰ ਕਥੂਰੀਆ        

No comments: