Wednesday, August 18, 2010

ਕੈਡਰ ਦਾ 'ਜ਼ਿਹਨੀ ਰੇਪ"......?

.....ਹਿੰਦ ਚੀਨ ਦੀ ਜੰਗ ਤੋਂ ਬਾਅਦ ਜਦੋਂ ਹਿੰਦੁਸਤਾਨ ਦੀ ਕਮਿਊਨਿਸਟ ਲਹਿਰ ਦੋ ਹਿੱਸਿਆਂ ਵਿੱਚ ਵੰਡੀ ਗਈ ਤਾਂ ਉਹ ਕਿਸ ਸਿਧਾਂਤ ਪਿੱਛੇ ਸੀ ? ਕੀ ਕੈਡਰ ਵੀ ਜਿਹੜਾ ਦੋ ਹਿਸਿਆਂ ਵਿੱਚ ਵੰਡਿਆ ਗਿਆ, ਉਸਨੂੰ ਸਿਧਾਂਤਕ ਸਪਸ਼ਟਤਾ ਸੀ ? ਪੰਜਾਬ ਵਿੱਚ ਇਹ ਗੱਲ ਬੜੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਕਮਿਊਨਿਸਟ ਕਿਸੇ ਸਿਧਾਂਤ ਦੇ ਕਾਰਣ ਨਹੀਂ, ਕੇਵਲ ਧੜੇ ਦੇ ਕਾਰਣ ਦੋ ਪਾਰਟੀਆਂ ਬਣਾ ਗਏ ਸਨ. ਸੂਬਾ ਕਮੇਟੀ ਵਿੱਚ ਜਿਹੜੇ ਸਾਥੀ ਹਰਕਿਸ਼ਨ ਸਿੰਘ ਸੁਰਜੀਤ ਧੜੇ ਦੇ ਸਨ, ਉਹ ਮਾਰਕਸੀ ਹੋ ਗਏ, ਜਿਹੜੇ ਦੂਜੇ ਧੜੇ ਸਨ, ਉਹਨਾਂ ਦੀ ਸੀ.ਪੀ.ਆਈ.  ਰਹੀ. ਫਿਰ ਇੱਕ ਪਾਸੇ ਪ੍ਰਚਾਰ ਨਾਲ (ਕਿਸੇ ਬੁਨਿਆਦੀ ਸਿਧਾਂਤਕ ਪ੍ਰਚਾਰ ਨਾਲ ਨਹੀਂ) ਉਸ ਕੈਡਰ ਨੂੰ ਕੱਟੜ ਪੰਥੀ ਬਣਾ ਦਿੱਤਾ. ਇਹ ਗੱਲ ਪ੍ਰਸਿਧ ਨਾਟਕਕਾਰ ਗੁਰਸ਼ਰਨ ਸਿੰ ਹੁਰਾਂ ਨੇ ਸਰਦਲ ਦੇ ਨਵੰਬਰ -1973 ਦੇ ਅੰਕ ਵਿੱਚ ਕਹੀ ਸੀ. 
ਆਪਣੇ ਏਸੇ ਲੇਖ ਵਿੱਚ ਗੁਰਸ਼ਰਨ ਭਾਅ  ਜੀ ਨੇ ਨੰਗਲ ਪਾਰਟੀ ਦਾ ਤਜਰਬਾ ਵੀ ਪੇਸ਼ ਕੀਤਾ 
...........ਜਦੋਂ ਉੱਤਲੀ ਪਧਰ ਤੇ ਪਾਰਟੀ ਇੱਕ ਤੋਂ ਦੋ ਹੋਈ ਤਾਂ ਨੰਗਲ ਪਾਰਟੀ ਵੀ ਵੰਡੀ ਗਈ. ਪੰਡਿਤ ਰਾਮ ਕ੍ਰਿਸ਼ਨ ਭੜੋਲੀਆ ਸੁਰਜੀਤ ਧੜੇ ਦੇ ਸਨ, ਉਹ ਮਾਰਕਸੀ ਹੋ ਗਏ. ਕਾਮਰੇਡ ਦਰਸ਼ਨ ਸਿੰਘ, ਸਤੀਸ਼ ਲੂੰਬਾ  ਆਦਿਕ ਨਾਲ ਸੰਬੰਧਤ ਸਨ ਉਹ ਸੀ.ਪੀ.ਆਈ. ਨਾਲ ਜੁੜੇ ਰਹੇ. ਹੁਣ ਜਦੋਂ ਇਹ ਦੋ ਧੜੇ ਬਣ ਹੀ ਗਏ ਤਾਂ ਸਿਧਾਂਤਕ ਟੇਕ ਦੀ ਲੋੜ ਪੈ ਗਈ, ਅੰਦਰਮੁਖੀ ਸੋਚ ਨਾਲ ਹੀ ਇਹਨਾਂ ਨੇ ਸਿਧਾਂਤ ਘੜ ਲਏ ਅਤੇ ਆਪਣੇ ਆਪ ਨੂੰ ਠੀਕ ਤੇ ਦੂਜੇ ਨੂੰ ਗਲਤ ਕਰਾਰ ਦੇਣਾ ਸ਼ੁਰੂ ਕਰ ਦਿੱਤਾ. ਅਤਿਵਾਦੀ, ਸੋਧਵਾਦੀ ਇੱਕ ਦੂਜੇ ਗਰਦਾਨਿਆ ਜਾਂ ਲੱਗ ਪਿਆ. ਕੈਡਰ ਬਿਲਕੁਲ ਘਚੌਲੇ ਵਿੱਚ ਪੈ ਗਿਆ. ਗੁੱਟਬੰਦੀ ਦੇ ਸੱਟਡੀ ਸਰਕਲ ਲੱਗਣੇ ਸ਼ੁਰੂ ਹੋ ਗਏ. (ਇਹ ਸੱਟਡੀ ਸਰਕਲ ਕਿਸੇ ਬੁਨਿਆਦੀ ਮਾਰਕਸਿਜ਼ਮ ਦੇ ਲੱਗਦੇ ਸਨ.) ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਸਾਂਝੀ ਪਾਰਟੀ ਵਿੱਚ ਵਿਚਾਰ ਵਟਾਂਦਰਾ ਕਰਕੇ ਚਿਰੋਕਣੀਆਂ ਖਤਮ ਕਰ ਦਿੱਤੀਆਂ ਗਈਆਂ ਸਨ ਉਹਨਾਂ ਨੂੰ ਸਿਧਾਂਤਕ ਰੰਗ (ਬੁਰਜੂਆ, ਨਿੱਕ ਬੁਰਜੂਆ ਸੋਚ ਆਦਿਕ) ਦਿੱਤਾ ਜਾਣ ਲੱਗ ਪਿਆ. ਸਿਰਫ ਆਪਣੇ ਧੜੇ ਦੀ ਗੱਲ ਪੜ੍ਹਨਾ, ਸੁਣਨਾ ਅਤੇ ਦੂਜੇ ਨੂੰ ਬਗੈਰ ਪੜ੍ਹੇ ਸੁਣੇ ਰੱਦ ਕਰ ਦੇਣਾ, ਇਹ ਦੋਨੋ ਕਮਿਊਨਿਸਟ ਪਾਰਟੀਆਂ ਦਾ ਖਾਸਾ ਬਣ ਗਿਆ.ਅੰਦਰ ਮੁਖੀ ਸੋਚ ਅਤੇ ਇੱਕ ਪਾਸੇ ਦੇ ਪ੍ਰਚਾਰ ਦਾ ਇਹ ਅਸਰ ਹੋਇਆ ਕਿ ਕੈਡਰ ਹੋਲੇ ਹੋਲੇ ਕੱਟੜਪੰਥੀ ਬਣ ਗਿਆ ਅਤੇ ਇੱਕ ਦੂਜੇ ਤੋਂ ਦੂਰ ਹੁੰਦਾ ਚਲਾ ਗਿਆ.ਉਹੀ ਕੈਡਰ ਜਿਹਨਾਂ ਨੇ ਸਾਥੀਆਂ ਵਾਂਗ ਮਹਾਨ ਘੋਲ ਲੜੇ ਹੋਏ ਸਨ ਇੱਕ ਦੂਜੇ ਦੀ ਜਾਤੀ ਭੰਡੀ ਕਰਨ ਤੇ ਆ ਗਏ.....ਉਹ ਇਲਾਕਾ ਜਿਹੜਾ ਮਜ਼ਦੂਰ, ਮੁਜ੍ਹਾਰਾ ਅਤੇ ਕਿਸਾਨ ਤਹਿਰੀਕਾਂ  ਕਰਕੇ ਕਮਿਊਨਿਸਟ ਗੜ੍ਹ ਸੀ, ਇਹਨਾਂ ਦੋਨਾਂ ਪਾਰਟੀਆਂ ਦੀ ਰਲਵੀਂ ਜ਼ਿੱਦ ਕਰਕੇ ਕਮਿਊਨਿਸਟ  ਵਿਰੋਧੀ ਤਾਕਤਾਂ ਦਾ ਗੜ੍ਹ ਬਣ ਗਿਆ.....ਮੈਂ ਇਹ ਮਹਿਸੂਸ ਕੀਤਾ ਜਿਹੜੇ ਮਾਰਕਸੀ ਪਾਰਟੀ ਦੇ ਅਸਰ ਥੱਲੇ ਹਨ, ਉਹਨਾਂ ਦੀ ਸਾਰੀ ਜਾਣਕਾਰੀ "ਲੋਕ ਲਹਿਰ" ਵਿੱਚ ਦਿੱਤੀ ਜਾਂਦੀ ਜਾਣਕਾਰੀ ਦੇ ਅਧਾਰ ਤੇ ਹੈ ਤੇ ਜਿਹੜੇ ਸੀ.ਪੀ.ਆਈ. ਦੇ ਅਸਰ ਥੱਲੇ ਹਨ, ਉਹ "ਨਵਾਂ ਜ਼ਮਾਨਾ" ਦੀ ਜਾਣਕਾਰੀ ਉੱਤੇ ਹੀ ਆਪਣੀ ਜਾਣਕਾਰੀ ਦਾ ਅਧਾਰ ਬਣਾਂਦੇ ਹਨ, ਇੱਕ ਦੂਸਰੇ ਦੀ ਜਾਣਕਾਰੀ ਨੂੰ ਇੱਕ ਹੂੰਝਾ ਫੇਰ ਬਿਆਨ ਨਾਲ ਝੂਠ ਕਹਿਣ ਵਿੱਚ ਇਹ ਕੋਈ ਗੁਰੇਜ਼ ਨਹੀਂ ਕਰਦੇ. ਬੁਨਿਆਦੀ ਤੌਰ ਤੇ ਇਹ ਕੈਡਰ ਸੁਹਿਰਦ ਕਮਿਊਨਿਸਟ  ਹਨ. ਹੱਕ ਅਤੇ ਨਿਆਂ ਤੇ ਅਧਾਰਿਤ ਸੋਸ਼ਲਿਸਟ ਸਮਾਜ ਇਹਨਾਂ ਦਾ ਆਦਰਸ਼ ਹੈ. ਇਹ ਆਪਣੇ ਆਦਰਸ਼ ਤੋਂ ਨਹੀਂ ਥਿੜਕੇ ਪਰ ਇੱਕ ਘਸੀ ਜਾਣਕਾਰੀ ਨੇ ਇਹਨਾਂ ਨੂੰ ਦੂਜੀ ਪਾਰਟੀ ਦੇ ਅਸਰ ਥੱਲੇ ਕਮਿਊਨਿਸਤਾਂ ਬਾਰੇ ਇੱਕ ਕੱਟੜਪੰਥੀ ਰਵਈਆ ਇਖਤਿਆਰ ਕਰਨ ਤੇ ਮਜਬੂਰ ਕਰ ਦਿੱਤਾ. ਮੈਂ ਜੇਕਰ ਸਖਤ ਸ਼ਬਦ ਵਰਤਾਂ ਤਾਂ ਮੈਂ ਸਮਝਦਾ ਹਾਂ ਕਿ ਇਸ ਕੈਡਰ ਦਾ 'ਜ਼ਿਹਨੀ ਰੇਪ"(ਜਬਰ ਜ਼ਨਾਹ)  ਕੀਤਾ ਗਿਆ. ਜੋ ਕਹਾਣੀ ਨੰਗਲ ਪਾਰਟੀ ਦੀ ਹੈ, ਇਹੀ ਕਹਾਣੀ ਲਗਭਗ ਹੋਰਨਾਂ ਥਾਵਾਂ ਦੀ ਵੀ ਹੈ. ਸਿਧਾਂਤਕ ਮਤਭੇਦ ਹੋ ਜਾਣਾ ਕੋਈ ਕੋਈ ਮਾੜੀ ਗੱਲ ਨਹੀਂ. ਕਮਿਊਨਿਸਟ ਤਹਿਰੀਕ ਵਿੱਚ ਇਹ ਮਤਭੇਦ ਅਤੇ ਉਹਨਾਂ ਨੂੰ ਦੂਰ ਕਰਨ ਲਈ ਵਾਦ ਵਿਵਾਦ ਹਮੇਸ਼ਾਂ ਚਲਦਾ ਰਿਹਾ ਹੈ ਅਤੇ ਇਹਨਾਂ ਦੇ ਹੁੰਦੀਆਂ ਵੀ ਸਮੁੱਚੀ ਲਹਿਰ ਅੱਗੇ ਵਧਦੀ ਰਹੀ ਹੈ. 
ਕਮਿਊਨਿਸਟ ਲਹਿਰ ਵਿੱਚ ਫੁੱਟ ਦੀ ਅਗਲੀ ਕੜੀ "ਨਕਸਲਬਾੜੀ" ਲਹਿਰ ਦਾ ਜਨਮ ਹੈ ਜਿਨ੍ਹੇ ਬੜੇ ਹੀ ਸੁਹਿਰਦ ਕਮਿਊਨਿਸਟ ਨੌਜਵਾਨਾਂ ਨੂੰ , ਜਿਹੜੇ ਸਥਾਪਤ ਪਾਰਟੀਆਂ ਦੀ ਕਾਰਵਾਈ ਨਾਲ ਸੰਤੁਸ਼ਟ ਨਹੀਂ ਸਨ, ਆਪਣੇ ਵੱਲ ਖਿੱਚਿਆ, ਪਰ ਇਸ ਲਹਿਰ ਦੇ ਲੀਡਰਾਂ ਉੱਤੇ ਵੀ ਕੁਝ ਹੱਦ ਤੱਕ ਇੱਕ ਪਾਸਾ ਪ੍ਰਚਾਰ ਦਾ ਉਹੋ ਇਲਜ਼ਾਮ ਹੈ ਜੋ ਪਹਿਲੇ ਦੋਨੋ ਕਮਿਊਨਿਸਟ ਪਾਰਟੀਆਂ ਦੇ ਲੀਡਰਾਂ ਤੇ ਹੈ. ਇੱਕ ਪਾਸਾ ਪ੍ਰਚਾਰ ਹਮੇਸ਼ਾਂ "ਅੰਦਰ ਮੁਖੀ" ਸੋਚ ਨੂੰ ਜਨਮ ਦੇਂਦਾ ਹੈ ਜਿਹੜਾ ਯਥਾਰਥ ਨੂੰ ਯਥਾਰਥ ਵਾਂਗ ਨਹੀਂ ਸਗੋਂ ਆਪਣੀ ਹੀ ਦ੍ਰਿਸ਼ਟੀ ਵਾਂਗ ਦੇਖਣ ਦਾ ਟਪਲਾ ਖਾਂਦਾ ਹੈ. ਇਹ ਚੰਗੀ ਗੱਲ ਹੈ ਕਿ ਤਜਰਬੇ ਨੇ ਇਹਨਾਂ ਨੂੰ ਜਲਦੀ ਹੀ ਆਪਣੀ ਇਸ ਕਮਜ਼ੋਰੀ ਵੱਲ ਧਿਆਨ ਦਵਾ ਦਿੱਤਾ ਹੈ ਭਾਵੇਂ ਇਹ ਤਜਰਬਾ ਉਹਨਾਂ ਨੇ ਬੜੀ ਮਹਿੰਗੀ ਕੀਮਤ ਤੇ ਲਿਆ ਹੈ. ਲੋਕ ਪੱਖੀ ਇੰਨਕ਼ਲਾਬ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਸਿਧਾ ਹੀ ਸਵਾਲ ਉੱਠਦਾ ਹੈ ਕਿ ਇਸ ਇੰਨਕ਼ਲਾਬ ਲਈ ਲੋਕਾਂ ਨੂੰ ਤਿਆਰ ਕਰਨ ਵਾਲਾ ਕੈਡਰ ਕਿੱਥੋਂ ਆਵੇਗਾ ? ਇਹ ਅਸਮਾਨੋਂ ਤਾਂ ਡਿੱਗਣਾ ਨਹੀਂ. ਇਹ ਕੈਡਰ ਇਸ ਵੇਲੇ ਤਿੰਨਾਂ ਹਿੱਸਿਆਂ ਵਿੱਚ ਬੁਰੀ ਤਰਾਂ ਵੰਡਿਆ ਹੋਇਆ ਹੈ. ਬੁਨਿਆਦੀ ਆਦਰਸ਼ ਇਹਨਾਂ ਦਾ ਸਾਂਝਾ ਹੈ ਪਰ ਇੱਕ ਪਾਸੜਾ ਪ੍ਰਚਾਰ ਅਤੇ ਮਿਹਣੇ ਇਹਨਾਂ ਨੂੰ ਇੱਕ ਦੂਜੇ ਦੇ ਨੇੜੇ ਨਹੀਂ ਆਉਣ ਦੇਂਦੇ. ਮੇਰੀ ਆਪਣੀ ਸੋਚ ਦਾ ਸਾਰ ਅੰਸ਼ ਇਹ ਹੈ ਕਿ ਤਿੰਨਾ ਪਾਰਟੀਆਂ ਦੇ ਅਸਰ ਥੱਲੇ ਵੱਡੀ ਗਿਣਤੀ ਵਿੱਚ ਐਸਾ ਕੈਡਰ ਹੈ ਜਿਹੜਾ ਕਮਿਊਨਿਸਟ ਲਹਿਰ ਵੱਲ ਪੂਰੀ ਤਰਾਂ ਸੁਹਿਰਦ ਹੈ ਪਰ ਇੱਕ ਪਾਸੜੇ ਪ੍ਰਚਾਰ ਨੇ ਇਹਨਾਂ ਨੂੰ ਕੱਟੜ ਪੰਥੀ ਬਣਾ ਦਿੱਤਾ ਹੈ, ਜਿਸਦੀ ਤੀਬਰਤਾ ਇਥੋਂ ਤੱਕ ਪੁੱਜ ਗਈ ਹੈ ਕਿ ਆਮ ਤੌਰ ਤੇ ਦੂਜੀ ਪਾਰਟੀ ਦੇ ਸਿਆਸੀ ਵਰਕਰਾਂ ਨੂੰ "ਗੂੰਡੇ" ਕਹਿਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕੀਤੀ ਜਾਂਦੀ.... ....ਮੇਰੀ  ਤਿੰਨਾਂ ਪਾਰਟੀਆਂ ਦੇ ਕੈਡਰ ਨੂੰ ਸਨਿਮਰ ਬੇਨਤੀ ਹੈ ਕਿ ਆਪਸੀ ਮੱਤਭੇਦਾਂ ਨੂੰ ਕੱਟੜ ਪੰਥੀਆਂ ਵਾਂਗ ਨਹੀਂ ਸਗੋਂ ਪ੍ਰੈਕਟੀਕਲ ਸਿਆਸਤ ਦੇ ਪੱਖ ਤੋਂ ਵੇਖਣ ਤਾਂ ਜੋ ਲੋਕ ਪੱਖੀ ਸਿਆਸਤ ਦੀਆਂ ਕੁਝ ਠੋਸ ਪ੍ਰਾਪਤੀਆਂ ਹੋ ਸਕਣ. ਸਰਦਲ ਦੇ ਨਵੰਬਰ -1973 ਵਿੱਚ ਪ੍ਰਕਾਸ਼ਿਤ ਗੁਰਸ਼ਰਨ ਸਿੰਘ ਜੀ ਦੇ ਕਾਲਮ ਇਹ ਹਮਾਰਾ ਜੀਵਣਾ  ਚੋਂ ਲਏ ਗਏ ਕੁਝ ਅੰਸ਼ ਜੋ ਕਿ ਅੱਜ ਵੀ ਬਹੁਤ ਹੀ ਅਰਥਪੂਰਨ ਹਨ. ਤੁਸੀਂ ਇਸ ਬਾਰੇ ਕਿ ਸੋਚਦੇ ਹੋ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ. -ਰੈਕਟਰ ਕਥੂਰੀਆ 

1 comment:

ਸੁਖਿੰਦਰ said...

ਗੁਰਸ਼ਰਨ ਭਾਅ ਜੀ ਦੇ ਵਿਚਾਰ ਬਹੁਤ ਹੀ ਸਹੀ ਹਨ. ਮੈਂ ਤਾਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ. ਕਮਿਊਨਿਸਟਾਂ ਨੇ ਆਪਣੀ ਤਬਾਹੀ ਆਪ ਹੀ ਕੀਤੀ ਹੈ. ਸਿਰਫ ਲੀਡਰਸ਼ਿਪ ਦੀ ਭੁੱਖ ਨੇ ਕਮਿਊਨਿਸਟ ਪਾਰਟੀ ਨੂੰ ਏਨੇ ਟੁੱਕੜਿਆ ਵਿੱਚ ਵੰਡ ਦਿੱਤਾ ਹੈ. ਜਦੋਂ ਸਿਧਾਂਤ ਇੱਕ ਹੈ, ਉਦੇਸ਼ ਇੱਕ ਹੈ, ਫਿਰ ਪਾਰਟੀ ਨੂੰ ਏਨੇ ਹਿੱਸਿਆਂ ਵਿੱਚ ਵੰਡ ਦੇਣ ਦਾ ਕੀ ਤੁਕ ਹੈ?
-ਸੁਖਿੰਦਰ, ਸੰਪਾਦਕ: 'ਸੰਵਾਦ', ਟੋਰਾਂਟੋ, ਕੈਨੇਡਾ