Monday, August 09, 2010

ਮਿਊਜ਼ਿਕ ਟਾਈਮਜ਼ ਦੇ ਸੰਪਾਦਕ ਹਰਜਿੰਦਰ ਬਲ ਨੂੰ ਧਮਕੀਆਂ

ਕੋਈ ਜ਼ਮਾਨਾ ਸੀ ਜਦੋਂ ਪੰਜਾਬੀ ਗੀਤਾਂ ਨੂੰ ਸੁਣ ਕੇ ਪੈਰ ਠਿਠਕ ਜਾਇਆ ਕਰਦੇ ਸਨ. ਦਿਲ ਕਰਦਾ ਸੀ ਬਸ ਖੜੋਕੇ ਪਹਿਲਾਂ ਏਸ ਗੀਤ ਨੂੰ ਸੁਣ ਲਿਆ ਜਾਏ. ਪੰਜਾਬ ਦੇ ਰਾਂਗਲੇ ਅਤੇ ਪਾਕ ਪਵਿੱਤਰ ਸਭਿਆਚਾਰ ਦੇ ਕਈ ਅਹਿਸਾਸ ਇੱਕੋ ਵੇਲੇ ਬੜੀ ਹੀ ਸ਼ਿੱਦਤ ਨਾਲ ਅੱਖਾਂ ਸਾਹਮਣੇ ਸਾਕਾਰ ਜਿਹੇ ਹੋ ਜਾਇਆ ਕਰਦੇ ਸਨ. ਰਿਸ਼ਤਿਆਂ ਦੇ ਲਿਹਾਜ਼ ਅਤੇ ਉਹਨਾਂ ਦੀ ਪਾਕੀਜ਼ਗੀ ਦਿਲ ਵਿੱਚ ਹੋਰ ਮਜਬੂਤ ਹੋ ਜਾਂਦੀ ਸੀ......ਪਰ ਇਸਨੂੰ ਜਲਦੀ ਹੀ ਬਜ਼ਾਰ ਦੀ ਨਜ਼ਰ ਲੱਗ ਗਈ. ਇਕ ਦੌਰ ਅਜਿਹਾ ਵੀ ਆਇਆ ਜਦੋਂ ਪੰਜਾਬੀ ਗੀਤਾਂ ਦੇ ਬੋਲ ਸੁਣ ਕੇ ਬੰਦਾ ਆਪਣੇ ਕੰਨਾਂ ਤੇ ਉੰਗਲੀ ਧਰ ਲੈਂਦਾ. ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ
ਅਜਿਹੇ ਕੁਝ ਕੁ ਗੀਤਾਂ ਦਾ ਵੇਰਵਾ ਕੁਝ ਸਾਡੇ ਸ਼ਾਇਰ ਮਿੱਤਰਾਂ ਨੇ ਉਦੋਂ ਵੀ ਲੋਕਾਂ ਸਾਹਮਣੇ ਲਿਆਂਦਾ ਸੀ. ਪਰ ਇਹਨ੍ਹਾਂ ਅਨਸਰਾਂ ਤੇ ਕੋਈ ਅਸਰ ਨਹੀਂ ਸੀ ਹੋਇਆ. ਇਹ ਉਦੋਂ ਵੀ ਢੀਠ ਬਣ ਕੇ ਨੋਟ ਗਿਣਨ ਵਿੱਚ ਹੀ ਮਸਤ ਸਨ. ਫੇਰ ਚੱਲੀਆਂ ਪੰਜਾਬ ਵਿੱਚ ਕਹਿਰੀ ਹਵਾਵਾਂ. ਅਸ਼ਲੀਲਤਾ ਫੈਲਾਉਣ ਵਾਲੇ ਇਹਨਾਂ  ਅਨਸਰਾਂ ਨੂੰ ਜਾਪਿਆ ਕਿ ਬਸ ਹੁਣ ਚੁੱਪ ਰਹਿਣ ਵਿੱਚ ਹੀ ਭਲਾ ਹੈ. ਜਦੋਂ ਗੋਲੀਆਂ ਅਤੇ ਬੰਬ ਧਮਾਕਿਆਂ ਦਾ ਸਿਲਸਿਲਾ ਬੰਦ ਹੋਇਆ ਤਾਂ ਪੰਜਾਬ ਲਹੂਲੁਹਾਨ ਸੀ. ਸ਼ਾਇਦ ਹੀ ਕੋਈ ਪਿੰਡ ਬਚਿਆ ਹੋਵੇ ਜਿੱਥੇ ਮਾਤਮ ਦੀਆਂ ਸੋਗੀ ਹਵਾਵਾਂ ਨੇ ਕੋਈ ਦਰਵਾਜ਼ਾ ਨਾ ਖੜਕਾਇਆ ਹੋਵੇ. ਹੋਲੀ ਹੋਲੀ ਪੰਜਾਬ ਨੇ ਏਸ ਦਰਦ ਨੂੰ ਵੀ ਸਹਿਣ ਕਰ ਲਿਆ. ਬਸ ਥੋਹੜਾ ਜਿਹਾ ਟਿਕ ਟਿਕਾ ਹੁੰਦਿਆਂ ਹੀ ਫੇਰ ਗੋਲੀਆਂ ਨਾਲ ਭੁੰਨਣ ਦੀ ਸੁਰ ਉੱਚੀ ਹੋਣ ਲੱਗ ਪਈ. ਏਸ ਵਾਰ ਨਿਸ਼ਾਨੇ ਤੇ ਹਨ ਓਹ ਲੋਕ ਜਿਹੜੇ ਏਸ ਅਸ਼ਲੀਲਤਾ ਦਾ ਖੁੱਲ ਕੇ ਵਿਰੋਧ ਕਰ ਰਹੇ ਹਨ. ਏਸ ਗੱਲ ਦਾ ਖੁੱਲ ਕੇ ਪ੍ਰਗਟਾਵਾ ਕੀਤਾ ਹੈ ਸਾਡੇ ਪੁਰਾਣੇ ਅਤੇ ਸੀਨੀਅਰ ਕਲਮਕਾਰ ਹਰਜਿੰਦਰ ਬਲ ਨੇ. ਉਹਨਾਂ ਨੇ ਫੇਸਬੁਕ ਤੇ ਸਪਸ਼ਟ ਦੱਸਿਆ ਹੈ..."ਮਿਊਜ਼ਿਕ ਟਾਈਮਜ਼" ਦੇ ਅਗਸਤ ਅੰਕ ਵਿਚ ਛਪੇ ਕੁਝ ਮੈਟਰ ਸਾਡੇ ਕੁਝ ਵੀਰਾਂ ਨੂੰ ਹਜ਼ਮ ਨਹੀਂ ਹੋਏ। ਕੁਝ ਕੁ ਮਿੱਤਰ ਪਿਆਰਿਆਂ ਨੇ ਰੱਜ ਕੇ ਗਾਹਲਾਂ ਕੱਢੀਆਂ ਹਨ ਤੇ ਕੁਝ ਕੁ ਨੇ ਸਾਨੂੰ ਸਰੇ-ਬਾਜ਼ਾਰ ਗੋਲੀਆਂ ਨਾਲ ਭੁੰਨ ਸੁੱਟਣ ਦੀਆਂ ਧਮਕੀਆਂ ਦਿਤੀਆਂ ਹਨ। ਪਤਾ ਲੱਗਾ ਹੈ ਕਿ ਅਜਿਹੀਆਂ ਹੀ ਧਮਕੀਆਂ ਮਨਦੀਪ ਖੁਰਮੀ ਹੋਰਾਂ ਨੂੰ ਵੀ ਮਿਲੀਆਂ ਹਨ। ਸਾਡਾ ਕਸੂਰ ਸਿਰਫ ਏਨਾ ਹੀ ਹੈ ਕਿ ਅਸੀਂ ਗੀਤਾਂ ਰਾਹੀਂ ਪੰਜਾਬ ਦੀਆਂ ਧੀਆਂ, ਭੈਣਾਂ ਅਤੇ ਮਾਂਵਾਂ ਨੂੰ ਜ਼ਲੀਲ ਕਰਨ ਵਾਲਿਆਂ ਅਤੇ ਪੰਜਾਬੀ ਮਾਂ-ਬੋਲੀ ਦਾ ਚਿਹਰਾ ਵਲੂੰਧਰਨ ਵਾਲਿਆਂ ਨੂੰ ਅਜਿਹਾ ਕਰਨ ਤੋਂ ਵਰਜਦੇ ਹਾਂ। ਜੇ ਧਮਕੀਆਂ ਦੇਣ ਵਾਲਿਆਂ ਨੂੰ ਇਹੀ ਸਾਡਾ ਗੁਨਾਹ ਲਗਦਾ ਹੈ ਤਾਂ ਇਹ "ਗੁਨਾਹ" ਅਸੀਂ ਉਦੋਂ ਤਕ ਕਰਦੇ ਰਹਾਂਗੇ ਜਦ ਤਕ ਇਹ ਲੋਕ ਪੰਜਾਬਣਾਂ ਨੂੰ ਭੰਡਣੋ ਨਹੀਂ ਹਟਦੇ......ਬਾਕੀ ਜੇ ਇਨਾਂ ਨੇ ਸਾਨੂੰ ਗੋਲੀਆਂ ਨਾਲ ਹੀ ਭੁੰਨਣਾ ਹੈ ਤਾਂ ਇਨਾਂ ਦਾ ਇਹ ਨਾਦਰਸ਼ਾਹੀ ਫਰਮਾਨ ਵੀ ਕਬੂਲ ਹੈ......ਇਹ ਹੁਣ ਇਸ ਨੇਕ ਕਾਰਜ ਲਈ ਕਦ ਸਮਾਂ ਕਢਦੇ ਹਨ, ਇਹ ਇਨਾਂ ਦੇ ਹੱਥ ਹੈ......"ਮਿਊਜ਼ਿਕ ਟਾਈਮਜ਼" ਲਈ ਅਜਿਹੇ ਲੋਕਾਂ ਵਿਰੁਧ ਮੈਟਰ ਭੇਜਣ ਦਾ ਸਭ ਨੂੰ ਖੁੱਲਾ ਸੱਦਾ ਹੈ........
ਆਓ ਹੁਣ ਤੁਹਾਨੂੰ ਦਿਖਾਈਏ ਉਹਨਾਂ ਦੇ ਮੈਗੇਜ਼ੀਨ ਦੀ ਇੱਕ ਉਹ ਝਲਕ ਜਿਸਤੋਂ ਕੁਝ ਲੋਕ ਬੇਹੱਦ ਔਖੇ ਭਾਰੇ ਹਨ.   ਇੱਕ ਤਾਂ ਉਹਨਾਂ ਆਪਣੇ ਸੰਪਾਦਕੀ ਵਿੱਚ ਇਹ ਸੁਆਲ ਕੀਤਾ ਹੈ  ਕਿ ਅੱਜ ਪੰਜਾਬ ਨਾਲ ਹੁੰਦੀ ਧੱਕੇ ਸ਼ਾਹੀ ਵਿਰੁਧ ਗੀਤ ਧੜਾਧੜ ਆ ਰਹੇ ਹਨ. ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਆਪ੍ਰੇਸ਼ਨ ਬਲਿਊ ਸਟਾਰ ਅਤੇ ਦਿੱਲੀ ਦੰਗਿਆਂ ਬਾਰੇ ਗੀਤ ਆ ਰਹੇ ਹਨ.ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਣੀ ਸਾਡਾ ਹੱਕ ਹੈ ਪਰ ਇਹ ਆਵਾਜ਼ ਉਠਾਉਣ ਵਾਲੇ 26 ਸਾਲ ਤੋਂ ਕਿੱਥੇ ਸਨ ? ਸਮਾਜ ਪ੍ਰਤੀ ਜੁਆਬਦੇਹੀ ਨੂੰ ਯਕੀਨੀ ਬਣਾਉਣ ਦੀ ਗੱਲ ਕਰਦਿਆਂ ਅਜਿਹੇ ਗੀਤਕਾਰਾਂ ਨੂੰ ਸਨਿਮਰ ਬੇਨਤੀ ਕੀਤੀ ਹੈ ਆਪਣੀ ਪੀੜ੍ਹੀ ਹੇਠ ਸੋਟਾ ਫੇਰੋ....ਆਪਣੇ ਦਿਲ ਨੂੰ ਪੁਛੋ ਕਿ ਹੁਣ ਤੱਕ ਤੁਸੀਂ ਪੰਜਾਬਣ  ਮੁਟਿਆਰ ਦੀ ਭੰਡੀ ਕਰਨ ਤੋਂ ਸਿਵਾਏ ਕੀਤਾ ਹੀ ਕੀ ਹੈ ਤੇ ਕਿੰਨੀ ਕੁ ਸ਼ਰਧਾ ਤੇ ਭਾਵਨਾ ਸਹਿਤ ਤੁਸੀਂ ਪੰਜਾਬੀ ਗੀਤਕਾਰੀ, ਗਾਇਕੀ ਤੇ ਸਭਿਆਚਾਰ  ਦੀ ਸੇਵਾ ਕੀਤੀ ਹੈ.ਜੇ ਹੁਣ ਅਜਿਹੇ ਸੁਆਲਾਂ ਦੇ ਜੁਆਬ ਗੋਲੀਆਂ ਨਾਲ ਨਾਲ ਭੁੰਨਣ ਦੀ ਬੋਲੀ ਨਾਲ ਮਿਲ ਰਹੇ ਹਨ ਤਾਂ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਵੇਲੇ ਸਿਰ ਪਛਾਣ ਲੈਣਾ ਚਾਹੀਦਾ ਹੈ.--ਰੈਕਟਰ ਕਥੂਰੀਆ

1 comment:

AMARJIT KAUR 'HIRDEY' said...

bhut vadia lekh likhia hai ji ihna lokan baare khull ke alochna honi chahidi hai jinha ne punajb dian dhian bhain nu be sharmi di hadd tak bhandna shuru kita hoia hai