Showing posts with label Siddharth Chattopadhyaya. Show all posts
Showing posts with label Siddharth Chattopadhyaya. Show all posts

Saturday, December 25, 2021

ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ ਲੁਧਿਆਣਾ ਬਲਾਸਟ ਕੇਸ

25th December 2021 at 6:35 PM

ਸੂਬੇ ਵਿੱਚ ਸੁਰੱਖਿਆ ਅਤੇ ਸ਼ਾਂਤ ਮਾਹੌਲ ਰੱਖਣਾ ਸਾਡੀ ਤਰਜੀਹ:ਡੀ.ਜੀ.ਪੀ.

ਮ੍ਰਿਤਕ ਬਰਖ਼ਾਸਤ ਪੁਲਿਸ ਕਰਮਚਾਰੀ ਨਿਕਲਿਆ 

ਮ੍ਰਿਤਕ ਦੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋਣ ਦਾ ਵੀ ਸ਼ੱਕ

ਪੂਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਪੁਲਿਸ ਨੂੰ ਵੱਖ ਵੱਖ ਪੜਾਵਾਂ `ਤੇ ਮਿਲੀ ਸਫ਼ਲਤਾ

ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕੇਸ ਨੂੰ ਸੁਲਝਾਉਣ ਲਈ ਦਿੱਤੀ ਪੰਜਾਬ ਪੁਲਿਸ ਨੂੰ ਵਧਾਈ 


ਚੰਡੀਗੜ੍ਹ
//ਲੁਧਿਆਣਾ: 25 ਦਸੰਬਰ 2021: (ਪੰਜਾਬ ਸਕਰੀਨ ਬਿਊਰੋ)::
ਅੱਸੀਵਿਆਂ ਅਤੇ ਨੱਬਿਵਿਆਂ ਦੇ ਦਹਾਕਿਆਂ ਤੱਕ ਬੁਰੀ ਤਰ੍ਹਾਂ ਛਾਈ ਰਹੀ ਅਸ਼ਾਂਤੀ ਅਤੇ ਦਹਿਸ਼ਤਗਰਦੀ ਮਗਰੋਂ ਪੰਜਾਬ ਬੜੀ ਮੁਸ਼ਕਲਾਂ ਨਾਲ ਸ਼ਾਂਤ ਹੋਇਆ ਸੀ। ਸੰਨ 1992 ਤੱਕ ਵੀ ਇੱਕ ਤਰ੍ਹਾਂ ਨਾਲ ਦਹਿਸ਼ਤ ਦਾ ਰਾਜ ਹੀ ਸੀ। ਉਸਤੋਂ ਬਾਅਦ ਵੀ ਇੱਕ ਦੁੱਕਾ ਘਟਨਾਵਾਂ ਹੁੰਦੀਆਂ ਰਹੀਆਂ। ਫਿਰ ਲੱਗਿਆ ਕਿ ਹੋਲੀ ਹੋਲੀ ਸਰਕਾਰ ਨੇ ਸੁਰੱਖਿਆ ਫੋਰਸਾਂ ਦੀ ਮਦਦ ਨਾਲ ਸਭ ਕੁਝ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ। ਮੀਡੀਆ ਵਿਚ ਵੀ ਇਹੀ ਪ੍ਰਭਾਵ ਸੀ ਕਿ ਬੰਬ ਧਮਾਕੇ ਅਤੇ ਗੋਲੀਆਂ ਵਾਲੇ ਮਾਹੌਲ ਤੋਂ ਪੰਜਾਬ ਨੂੰ ਮੁਕਤ ਕਰਵਾ ਲਿਆ ਗਿਆ ਹੈ। 

ਇਸਤੋਂ ਬਾਅਦ ਦਹਿਸ਼ਤਗਰਦੀ ਨੇ ਰੂਪ ਬਦਲਿਆ ਅਤੇ ਗੈਂਗਸਟਰਾਂ ਵਾਲੇ ਰੂਪ ਵਿੱਚ ਫਿਰ ਇਹੀ ਕੁਝ ਹੁੰਦਾ ਨਜ਼ਰ ਆਉਣਾ ਲੱਗਿਆ। ਫਿਰ ਵੀ ਲੋਕ ਬੇਫਿਕਰ ਸਨ ਕਿਓਂਕਿ ਇਹ ਵੱਖਵਾਦੀ ਦਹਿਸ਼ਤਗਰਦੀ ਨਹੀਂ ਸੀ। ਹੁਣ ਲੁਧਿਆਣਾ ਦੀਆਂ ਕਚਹਿਰੀਆਂ ਦੇ ਕੰਪਲੈਕਸ ਵਿੱਚ ਹੋਇਆ ਸ਼ਕਤੀਸ਼ਾਲੀ ਬੰਬ ਧਮਾਕਾ ਇੱਕ ਵਾਰ ਫਿਰ ਉਹਨਾਂ ਦਿਨਾਂ ਦੀ ਹੀ ਯਾਦ ਦੁਆ ਰਿਹਾ ਹੈ। ਇਸ ਧਮਾਕੇ ਦੇ ਨਾਲ ਨਾਲ ਸਨਸਨੀ ਦੇ ਨਾਲ ਦਹਿਸ਼ਤ ਵੀ ਫੇਲ ਗਈ। ਸ਼ਾਇਦ ਇਹੀ ਮਕਸਦ ਵੀ ਸੀ ਇਸ ਧਮਾਕੇ ਦਾ। ਨਸ਼ੀਲੀਆਂ ਵਸਤਾਂ ਦੀ ਦਹਿਸ਼ਤ ਤੋਂ ਬਾਅਦ ਇੱਕ ਵਾਰ ਫਿਰ ਬੰਬਾਂ ਵਾਲੀ ਦਹਿਸ਼ਤ ਬੜਾ ਖਤਰਨਾਕ ਇਸ਼ਾਰਾ ਸੀ। ਇਸ ਨੂੰ ਸੁਲਝਾਉਣਾ ਪੰਜਾਬ ਪੁਲਿਸ ਲਈ ਬਹੁਤ ਵੱਡੀ ਚੁਣੌਤੀ ਸੀ। ਜਦੋਂ ਸਿਆਸਤਦਾਨਾਂ ਦੇ ਨਾਮ ਵੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿਚ ਆਉਣ ਲੱਗ ਪੈਣ ਤਾਂ ਇਹੋ ਜਿਹੀਆਂ ਘਟਨਾਵਾਂ ਨੂੰ ਸੁਲਝਾਉਣਾ ਸੱਚਮੁੱਚ ਬੜਾ ਹੀ ਚੁਣੌਤੀਪੂਰਨ ਹੁੰਦਾ ਹੈ ਪਰ ਪੰਜਾਬ ਪੁਲਿਸ ਨੇ ਇਹ ਚੁਣੌਤੀ ਕਬੂਲ ਕੀਤੀ। 

ਪੰਜਾਬ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲੁਧਿਆਣਾ ਕੋਰਟ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (31) ਵਾਸੀ ਖੰਨਾ ਵਜੋਂ ਕੀਤੀ ਗਈ ਹੈ, ਜੋ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ ਅਤੇ ਉਸ ਦੇ ਕਬਜ਼ੇ `ਚੋਂ 385 ਗ੍ਰਾਮ ਹੈਰੋਇਨ ਬਰਾਮਦ ਹੋਣ ਉਪਰੰਤ ਉਸਨੂੰ ਅਗਸਤ 2019 ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਸਿਧਾਰਥ ਚਟੋਪਾਧਿਆਏ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਨੂੰ ਪੰਜਾਬ ਪੁਲਿਸ ‘ਤੇ ਮਾਣ ਹੈ, ਜਿਸ ਨੇ ਲੁਧਿਆਣਾ ਬੰਬ ਧਮਾਕੇ ਦੇ ਕੇਸ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸਫਲਤਾਪੂਰਵਕ ਸੁਲਝਾ ਲਿਆ ਹੈ।”

ਜਾਣਕਾਰੀ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਜਨਤਕ ਪਖਾਨੇ `ਚ ਵੱਡਾ ਧਮਾਕਾ ਹੋਇਆ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਜਦੋਂ ਧਮਾਕਾ ਹੋਇਆ ਤਾਂ ਜ਼ਿਲ੍ਹਾ ਅਦਾਲਤ ਦੀ ਕਾਰਵਾਈ ਆਮ ਵਾਂਗ ਚੱਲ ਰਹੀ ਸੀ ਅਤੇ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਨਤਕ ਪਖ਼ਾਨੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਇਮਾਰਤ ਦੀਆਂ ਕਈ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।

ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਦੱਸਿਆ ਕਿ ਪੋਸਟ ਮਾਰਟਮ ਦੌਰਾਨ ਪੁਲਿਸ ਮਰਨ ਵਾਲੇ ਵਿਅਕਤੀ ਦੀ ਸੱਜੀ ਬਾਂਹ `ਤੇ ਬਣੇ ਟੈਟੂ ਦੇ ਨਿਸ਼ਾਨ ਤੋਂ ਮ੍ਰਿਤਕ ਦੀ ਪਛਾਣ ਕਰ ਸਕੀ। ਉਨ੍ਹਾਂ ਕਿਹਾ ਕਿ ਵੱਖਰੇ ਤੌਰ `ਤੇ ਲਾਸ਼ ਦੇ ਡੀਐਨਏ ਨਮੂਨੇ ਵੀ ਲਏ ਗਏ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਗਗਨਦੀਪ ਸਿੰਘ ਥਾਣਾ ਸਦਰ ਖੰਨਾ ਵਿਖੇ ਮੁਨਸ਼ੀ ਵਜੋਂ ਕੰਮ ਕਰਦਾ ਸੀ ਜਿਸ ਦੌਰਾਨ ਉਸ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਅਤੇ ਥਾਣਾ ਐਸ.ਟੀ.ਐਫ, ਐਸ.ਏ.ਐਸ ਨਗਰ ਮੁਹਾਲੀ ਵਿਖੇ ਐਨ.ਡੀ.ਪੀ.ਐਸ. ਤਹਿਤ ਮਾਮਲਾ ਦਰਜ ਕੀਤਾ ਗਿਆ। ਡੀਜੀਪੀ ਨੇ ਦੱਸਿਆ ਕਿ ਇਸ ਕੇਸ `ਤੇ ਸੁਣਵਾਈ ਚੱਲ ਰਹੀ ਹੈ।

ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਦੋ ਸਾਲ ਬਿਤਾਉਣ ਤੋਂ ਬਾਅਦ ਉਹ ਸਤੰਬਰ 2021 ਵਿੱਚ ਜ਼ਮਾਨਤ ’ਤੇ ਰਿਹਾਅ ਹੋ ਗਿਆ ਸੀ ਅਤੇ ਉਸ ਨੇ 24 ਦਸੰਬਰ 2021 ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣਾ ਸੀ।

ਡੀਜੀਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਲਜ਼ਮ ਗਗਨਦੀਪ ਅਦਾਲਤ ਵਿੱਚ ਡਰ ਅਤੇ ਦਹਿਸ਼ਤ ਪੈਦਾ ਕਰਨਾ ਚਾਹੁੰਦਾ ਸੀ। ਇਸ ਬੰਬ ਧਮਾਕੇ ਦਾ ਮੁਖ ਮਕਸਦ ਵੀ ਇਹੀ ਲੱਗਦਾ ਹੈ। ਅਗਲੇ ਹੀ ਦਿਨ ਉਸਦੀ ਪੇਸ਼ੀ ਵਾਲੀ ਤਾਰੀਖ ਇਸ ਗੱਲ ਦੀ ਪੁਸ਼ਟੀ ਵੀ ਕਰਦੀ ਹੈ। 

ਇਸ ਘਟਨਾ ਪਿੱਛੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਸਬੰਧਾਂ ਬਾਰੇ ਡੀਜੀਪੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ, "ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਗਗਨਦੀਪ ਦੇ ਜੇਲ੍ਹ ਵਿੱਚ ਬੰਦ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋ ਸਕਦੇ ਹਨ, ਜਿਨ੍ਹਾਂ ਨੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਅਦਾਲਤੀ ਕੰਪਲੈਕਸ ਨੂੰ ਨਿਸ਼ਾਨਾ ਬਣਾਉਣ ਲਈ ਦੋਸ਼ੀ ਦੀ ਵਰਤੋਂ ਕੀਤੀ।"

ਡੀਜੀਪੀ ਨੇ ਕਿਹਾ ਕਿ ਧਮਾਕੇ ਲਈ ਵਰਤੀ ਗਈ ਸਮੱਗਰੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਨਮੂਨੇ ਫੋਰੈਂਸਿਕ ਲੈਬ ਨੂੰ ਭੇਜੇ ਗਏ ਹਨ। ੳਨ੍ਹਾਂ ਕਿਹਾ, “ਐਨਐਸਜੀ ਦੀ ਇੱਕ ਟੀਮ ਅਤੇ ਸੂਬੇ ਦੇ ਫੋਰੈਂਸਿਕ ਮਾਹਰਾਂ ਨੂੰ ਧਮਾਕੇ ਤੋਂ ਬਾਅਦ ਦੀ ਜਾਂਚ ਕਾਰਵਾਈ ਲਈ ਬੁਲਾਇਆ ਗਿਆ।``

ਇਸ ਸਬੰਧੀ ਗੱਲ ਕਰਦਿਆਂ ਡੀਜੀਪੀ ਨੇ ਅੱਗੇ ਕਿਹਾ, ਧਮਾਕੇ ਵਾਲੀ ਥਾਂ `ਤੇ ਮਲਬੇ ਨੂੰ ਯੋਜਨਾਬੱਧ ਤਰੀਕੇ ਨਾਲ ਹਟਾਉਣ ਦੇ ਦੌਰਾਨ ਫੋਰੈਂਸਿਕ ਟੀਮ ਨੇ ਕੁਝ ਮਹੱਤਵਪੂਰਨ ਸੁਰਾਗ ਜਿਵੇਂ ਕਿ ਨੁਕਸਾਨੇ ਗਏ ਮੋਬਾਈਲ ਸੈੱਟ ਅਤੇ ਮ੍ਰਿਤਕ ਦੇ ਸਰੀਰ `ਤੇ ਸੜੇ ਹੋਏ ਕੱਪੜੇ ਤੋਂ ਇਲਾਵਾ ਹੋਰ ਸਬੂਤ ਇਕੱਠੇ ਕੀਤੇ।

ਜ਼ਿਕਰਯੋਗ ਹੈ ਕਿ ਡੀਜੀਪੀ ਨੇ ਖੁਦ ਵੀ ਉਸ ਕੋਰਟ ਕੰਪਲੈਕਸ ਦਾ ਦੌਰਾ ਕੀਤਾ, ਜਿੱਥੇ ਇਹ ਧਮਾਕਾ ਹੋਇਆ ਸੀ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ, ਲੁਧਿਆਣਾ ਨਾਲ ਮੀਟਿੰਗ ਕੀਤੀ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਡੀਜੀਪੀ ਨੇ ਸ਼ੁੱਕਰਵਾਰ ਨੂੰ ਫੀਲਡ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਕਿਸੇ ਵੀ ਹੋਰ ਅੱਤਵਾਦੀ ਹਮਲੇ ਨੂੰ ਰੋਕਣ ਲਈ ਪੂਰੀ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ।

ਮੁਲਜ਼ਮ ਗਗਨਦੀਪ ਦੀ ਪਤਨੀ ਜਸਪ੍ਰੀਤ ਕੌਰ ਅਨੁਸਾਰ ਧਮਾਕੇ ਵਾਲੇ ਦਿਨ ਗਗਨਦੀਪ ਸਵੇਰੇ 9.30 ਵਜੇ ਘਰੋਂ ਨਿਕਲਿਆ ਸੀ ਅਤੇ ਉਸ ਦਾ ਮੋਬਾਈਲ ਉਦੋਂ ਤੋਂ ਬੰਦ ਸੀ। ਉਸਨੇ ਗਗਨਦੀਪ ਦੀ ਬਾਂਹ `ਤੇ ਬਣੇ ਟੈਟੂ ਦੇ ਨਿਸ਼ਾਨ ਅਤੇ ਉਸ ਦੁਆਰਾ ਪਹਿਨੇ ਕੱਪੜਿਆਂ ਨੂੰ ਪਛਾਣ ਲਿਆ।

ਇਸ ਸਬੰਧ ਵਿੱਚ ਥਾਣਾ ਡਵੀਜ਼ਨ ਨੰਬਰ 5, ਲੁਧਿਆਣਾ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 302, 307 ਅਤੇ 124-ਏ ਅਤੇ ਵਿਸਫੋਟਕ ਪਦਾਰਥ ਐਕਟ, ਜਨਤਕ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ ਬਾਰੇ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਮਿਤੀ 23 ਦਸੰਬਰ, 2021 ਪਹਿਲਾਂ ਹੀ ਦਰਜ ਹੈ।