Showing posts with label Relaxation. Punjab. Show all posts
Showing posts with label Relaxation. Punjab. Show all posts

Wednesday, September 29, 2021

ਕੋਵਿਡ ਹਾਲਾਤਾਂ ਵਿੱਚ ਸੁਧਾਰ ਦੇ ਨਾਲ ਮੁੱਖ ਮੰਤਰੀ ਵੱਲੋਂ ਬੰਦਿਸ਼ਾਂ ਵਿੱਚ ਢਿੱਲ

29th September 2021 at 10:09 PM

ਹੁਣ ਅੰਦਰੂਨੀ ਇਕੱਠ 150 ਤੋਂ ਵਧਾ ਕੇ 300 ਕਰਨ ਦੀ ਇਜ਼ਾਜ਼ਤ 

ਬਾਹਰੀ ਇਕੱਠ ਵੀ 300 ਤੋਂ ਵਧਾ ਕੇ 500 ਕਰਨ ਦੀ ਆਗਿਆ 

ਆਉਂਦੇ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਕੋਵਿਡ ਟੈਸਟਿੰਗ ਵਧਾਉਣ ਦੀ ਲੋੜ ’ਤੇ ਦਿੱਤਾ ਜ਼ੋਰ
ਚੰਡੀਗੜ: 29 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::
ਤਿਉਹਾਰੀ ਮੌਸਮ ਸ਼ੁਰੂ ਹੋ ਗਏ ਹਨ। ਸਰਦੀਆਂ ਦਾ ਮੌਸਮ ਵੀ ਦਸਤਕ ਦੇਣ ਲੱਗ ਪਿਆ ਹੈ। ਇਸਦੇ ਨਾਲ ਨਾਲ ਚੋਣਾਂ ਦੀਆਂ ਸਰਗਰਮੀਆਂ ਵੀ ਵਧਣ ਲੱਗ ਪਈਆਂ ਹਨ। ਕੋਵਿਡ ਦੀਆਂ ਹਾਲਤਾਂ ਵਿੱਚ ਵੀ ਸੁਧਾਰ ਹੋ ਰਿਹਾ ਹੈ ਅਤੇ ਇਸਦੇ ਮੱਦੇ ਨਜ਼ਰ ਬੰਦਿਸ਼ਾਂ ਵਿੱਚ ਢਿੱਲ ਦੇਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਸਿੱਟੇ ਵੱਜੋਂ ਬਾਜ਼ਾਰਾਂ ਦੀ ਰੌਣਕ ਅਤੇ ਗਲੀ ਮੋਹਲਿਆਂ ਵਿੱਚ ਚਹਿਲਪਹਿਲ ਛੇਤੀ ਹੀ ਤੇਜ਼ੀ ਨਾਲ ਵਧੀ ਨਜ਼ਰ ਆਵੇਗੀ। 
ਇਸਦਾ ਸਿੱਧਾ ਅਸਰ ਠੋਕ ਅਤੇ ਪ੍ਰਚੂਨ ਅਰਥਿੱਕਤਾ ਤੇ ਵੀ ਪਵੇਗਾ। ਲੋਕਾਂ ਨੂੰ ਲਕਸ਼ਮੀ ਦੇ ਦਰਸ਼ਨ ਹੋਣਗੇ ਅਤੇ ਘਰਾਂ ਵਿੱਚ ਖੁਸ਼ਹਾਲੀ ਆਵੇਗੀ। ਕੰਮਕਾਜ ਫਿਰ ਪਹਿਲਾਂ ਵਾਲੀ ਰਫਤਾਰ ਵਿਚ ਆ ਸਕਣਗੇ। ਸੂਬੇ ਭਰ ਵਿੱਚ ਕੋਵਿਡ ਸਥਿਤੀ ’ਚ ਹੋਏ ਸੰਤੁਸ਼ਟੀਜਨਕ ਸੁਧਾਰ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬੰਦਿਸ਼ਾਂ ਵਿੱਚ ਢਿੱਲ ਦਿੰਦਿਆਂ ਰਾਜ ਵਿੱਚ ਅੰਦਰੂਨੀ ਇਕੱਠਾਂ ’ਤੇ ਵਿਅਕਤੀਆਂ ਦੀ ਗਿਣਤੀ 150 ਤੋਂ ਵਧਾ ਕੇ 300 ਕਰਨ ਅਤੇ ਬਾਹਰੀ ਇਕੱਠਾਂ ਵਾਸਤੇ ਇਹ ਗਿਣਤੀ 300 ਤੋਂ ਵਧਾ ਕੇ 500 ਕਰਨ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਇਨਾਂ ਛੋਟਾਂ ਦੇ ਬਾਵਜੂਦ ਕੋਵਿਡ ਪ੍ਰੋਟੋਕੋਲ ਪਾਬੰਦੀਆਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।
ਸੂਬੇ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਜ਼ਰੂਰੀ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਹਾਜ਼ਰ ਹੋਣ ਲਈ ਉਤਸ਼ਾਹਤ ਕਰਨ ਵਾਸਤੇ ਵੀ ਕਿਹਾ। ਇਸੇ ਤਰਾਂ ਉਨਾਂ ਨੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੂੰ ਨਿਰਧਾਰਤ ਕੋਵਿਡ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਆਂਗਣਵਾੜੀ ਕੇਂਦਰਾਂ ਨੂੰ ਮੁੜ ਖੋਲਣ ਲਈ ਵੀ ਕਿਹਾ।    

ਕੋਵਿਡ ਦੇ ਮਾਮਲਿਆਂ ਵਿੱਚ ਆਈ ਕਮੀ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਸਿਹਤ ਵਿਭਾਗ ਨੂੰ ਕੋਵਿਡ ਸਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਨਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਸਬੰਧੀ ਨਿਯਮਾਂ ਦੀ ਪਾਲਨਾ ਇੰਨ-ਬਿੰਨ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਕੋਵਿਡ ਸਬੰਧੀ ਟੈਸਟ ਕਰਨ ਦੀ ਸਮੱਰਥਾ ਨੂੰ 50000 ਪ੍ਰਤੀ ਦਿਨ ਕਰਨ ਦੇ ਵੀ ਹੁਕਮ ਦਿੱਤੇ।
ਇਸ ਮੌਕੇ ਕੋਵਿਡ ਸਬੰਧੀ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦੇਣ ਲਈ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਅਲੋਕ ਸ਼ੇਖਰ ਨੇ ਇਕ ਸੰਖੇਪ ਪੇਸ਼ਕਾਰੀ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਇਕ ਹਫਤੇ ਦੌਰਾਨ ਸੂਬੇ ਵਿਚ ਕੁਲ 232 ਕੋਵਿਡ ਦੇ ਮਾਮਲੇ ਸਾਹਮਣੇ ਆਏ ਸਨ ਜੋ ਕਿ ਪ੍ਰਤੀ ਦਿਨ 33 ਮਾਮਲੇ ਬਣਦੇ ਹਨ। ਉਨਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ 14 ਸਤੰਬਰ ਤੋਂ 20 ਸਤੰਬਰ ਤੱਕ ਬਲੈਕ ਫੰਗਸ ਦਾ ਇਕ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਅਜੇ ਤੱਕ ਇਸ ਬਿਮਾਰੀ ਦਾ ਹੋਰ ਕੋਈ ਵੀ ਮਾਮਲਾ ਸਾਹਮਣਾ ਨਹੀਂ ਆਇਆ।
ਪ੍ਰਮੁੱਖ ਸਕੱਤਰ ਸਿਹਤ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਸੂਬੇ ਵਿੱਚ ਕੋਵਿਡ ਸਬੰਧੀ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਉਂਦਿਆ ਦੱਸਿਆ ਕਿ ਸੂਬੇ ਵਿਚ ਮੌਜੂਦਾ ਸਮੇਂ ਕੋਵਿਡ ਸਬੰਧੀ ਸਥਿਤੀ ਕਾਬੂ ਹੇਠ ਹੈ ਅਤੇ ਰੋਜਾਨਾ 25000 ਤੋਂ 30000 ਕੋਵਿਡ ਟੈਸਟ ਕੀਤੇ ਜਾ ਰਹੇ ਹਨ ਜਿਨਾਂ ਵਿੱਚ ਵਿਸ਼ੇਸ਼ ਤਵੱਜੋਂ ਵਿਦਿਆਰਥੀਆਂ ਦੇ ਟੈਸਟ ਕਰਨ ਨੂੰ ਦਿੱਤੀ ਜਾ ਰਹੀ ਹੈ। 
ਸ੍ਰੀ ਸ਼ੇਖਰ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਸੂਬੇ ਦੀ ਆਬਾਦੀ ਨੂੰ ਕੋਵਿਡ ਸਬੰਧੀ ਟੀਕਾਕਰਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ 60 ਸਾਲ ਤੋਂ ਉਪਰ ਦੀ 91 ਫੀਸਦੀ ਆਬਾਦੀ, 45 ਤੋਂ 59 ਸਾਲ ਦੀ ਆਬਾਦੀ ਦਾ 77 ਫੀਸਦੀ ਅਤੇ 18 ਤੋਂ 44 ਸਾਲ ਦੇ ਉਮਰ ਵਰਗ ਦੀ 57 ਫੀਸਦੀ ਆਬਾਦੀ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਕੋਲ ਕੋਵੈਕਸੀਨ ਦੀਆਂ 218895 ਖੁਰਾਕਾਂ ਅਤੇ ਕੋਵੀਸ਼ੀਲਡ ਦੀਆਂ 261860 ਖੁਰਾਕਾਂ ਮੌਜੂਦ ਹਨ।