Showing posts with label Himachal Pradesh. Show all posts
Showing posts with label Himachal Pradesh. Show all posts

Saturday, August 30, 2025

ਕਰੀਬ 6000 ਮਨੀ ਮਹੇਸ਼ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ

ਬੱਸਾਂ ਅਤੇ ਟੈਕਸੀਆਂ ਰਾਹੀਂ ਨਿਕਾਸੀ ਦਾ ਕੰਮ ਪੂਰਾ ਹੋਇਆ

ਸ਼ਿਮਲਾ: 30 ਅਗਸਤ 2025: (ਮੀਡੀਆ ਲਿੰਕ ਰਵਿੰਦਰ/ /ਦੇਵਭੂਮੀ ਸਕਰੀਨ)::

ਪਾਣੀ ਦੀ ਕਰੋਪੀ ਨੇ ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਮਚਾ ਦਿੱਤੀ ਹੈ। ਦੁੱਖ ਦੀ ਇਸ ਕੌੜੀ ਹਕੀਕਤ ਦੇ ਬਾਵਜੂਦ, ਇਹ ਵੀ ਇੱਕ ਵੱਡਾ ਤੱਥ ਹੈ ਕਿ ਸਰਕਾਰ, ਸਮਾਜ ਅਤੇ ਆਮ ਲੋਕਾਂ ਨੇ ਇਸ ਮੁਸ਼ਕਲ ਸਮੇਂ ਵਿੱਚ ਵੀ ਬਹੁਤ ਹਿੰਮਤ ਨਾਲ ਇਨ੍ਹਾਂ ਸਾਰੀਆਂ ਔਕੜਾਂ ਦਾ ਸਾਹਮਣਾ ਕੀਤਾ ਹੈ। ਇਸ ਹਿੰਮਤ ਕਾਰਨ, ਬਹੁਤ ਸਾਰੇ ਲੋਕਾਂ ਨੂੰ ਬਚਾਉਣ ਵਿੱਚ ਸਫਲਤਾ ਵੀ ਪ੍ਰਾਪਤ ਹੋਈ ਹੈ।

ਬੱਸਾਂ ਅਤੇ ਟੈਕਸੀਆਂ ਰਾਹੀਂ ਲਗਭਗ 6000 ਮਨੀ ਮਹੇਸ਼ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਸਫਲਤਾ ਨੇ ਬਹੁਤ ਸਾਰੇ ਚਿੰਤਤ ਘਰਾਂ ਵਿੱਚ ਰਾਹਤ ਦੀ ਲਹਿਰ ਲਿਆਂਦੀ ਹੈ। ਇਸ ਦੇ ਨਾਲ ਹੀ, ਹੋਰ ਮੁਸ਼ਕਲ ਥਾਵਾਂ 'ਤੇ ਵੀ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਨਤੀਜਾ ਵੀ ਬਹੁਤ ਵਧੀਆ ਹੋਵੇਗਾ। ਪਰਮਾਤਮਾ ਜ਼ਰੂਰ ਦੇਵਭੂਮੀ ਦੇ ਲੋਕਾਂ 'ਤੇ ਆਪਣਾ ਆਸ਼ੀਰਵਾਦ ਵਰ੍ਹਾਏਗਾ।

ਮੁੱਖ ਸਕੱਤਰ ਪ੍ਰਬੋਧ ਸਕਸੈਨਾ ਨੇ ਅੱਜ ਇੱਥੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦੱਸਿਆ ਕਿ ਚੰਬਾ ਵਿੱਚ ਫਸੇ ਲਗਭਗ 6 ਹਜ਼ਾਰ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ ਨਿੱਜੀ ਅਤੇ HRTC ਬੱਸਾਂ ਅਤੇ ਟੈਕਸੀਆਂ ਰਾਹੀਂ ਨੂਰਪੁਰ ਅਤੇ ਪਠਾਨਕੋਟ ਭੇਜਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਚੰਬਾ ਦੇ ਕਲਸੂਈ ਖੇਤਰ ਦੇ ਯਾਤਰੀਆਂ ਨੂੰ ਨਿਗਮ ਬੱਸਾਂ ਰਾਹੀਂ ਪਠਾਨਕੋਟ ਭੇਜਿਆ ਗਿਆ। ਸ਼ਨੀਵਾਰ ਨੂੰ 20 ਬੱਸਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 17 ਪਠਾਨਕੋਟ ਅਤੇ ਬਾਕੀ ਬੱਸਾਂ ਕਾਂਗੜਾ ਅਤੇ ਡੇਹਰਾ ਭੇਜੀਆਂ ਗਈਆਂ। ਚੰਬਾ ਵਿੱਚ 60 ਵਾਧੂ ਬੱਸਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾ ਰਹੀ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਭਰਮੌਰ ਵਿੱਚ ਲਗਭਗ 5000 ਯਾਤਰੀ ਅਤੇ ਚੰਬਾ ਚੌਗਨ ਵਿੱਚ 500 ਯਾਤਰੀ ਬਾਕੀ ਹਨ, ਜੋ ਜੰਮੂ-ਕਸ਼ਮੀਰ ਅਤੇ ਆਸ ਪਾਸ ਦੇ ਖੇਤਰਾਂ ਦੇ ਵਸਨੀਕ ਹਨ। ਇਨ੍ਹਾਂ ਯਾਤਰੀਆਂ ਨੂੰ ਵੀ ਲੰਗੇਰਾ ਸੜਕ ਦੀ ਬਹਾਲੀ ਤੋਂ ਬਾਅਦ ਜਲਦੀ ਹੀ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੰਗੇਰਾ ਸੜਕ ਨੂੰ ਬਹਾਲ ਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਲਸੁਨੀ ਅਤੇ ਰਾਜੇਰਾ ਤੱਕ ਚੰਬਾ-ਭਰਮੌਰ ਸੜਕ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੋਤ ਸੜਕ ਨੂੰ ਵੀ ਫਾਟਕ ਤੱਕ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ।

ਮੁੱਖ ਸਕੱਤਰ ਨੇ ਦੱਸਿਆ ਕਿ ਲਾਹੌਲ-ਸਪੀਤੀ ਵਿੱਚ ਪਾਗਲ ਨਾਲਾ ਨੂੰ ਵੀ ਵਾਹਨਾਂ ਦੀ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਭਾਰੀ ਵਾਹਨ ਇੱਥੋਂ ਕਾਜ਼ਾ ਵੱਲ ਜਾਣ ਲੱਗ ਪਏ ਹਨ। ਪਾਗਲ ਨਾਲਾ ਖੁੱਲ੍ਹਣ ਤੋਂ ਬਾਅਦ, ਅਟਲ ਸੁਰੰਗ ਤੋਂ ਚਾਰ ਤੇਲ ਟੈਂਕਰ ਕੇਲੌਂਗ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਰੋਹਤਾਂਗ ਦੱਰੇ ਰਾਹੀਂ ਜਾਂਦੀ ਅਲੇਓ ਸੜਕ ਨੂੰ ਛੋਟੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ।

ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਆਫ਼ਤ ਪ੍ਰਬੰਧਨ ਡੀ.ਸੀ. ਰਾਣਾ ਨੇ ਦੱਸਿਆ ਕਿ ਕੁੱਲੂ-ਮਨਾਲੀ ਸੜਕ ਨੂੰ ਆਵਾਜਾਈ ਲਈ ਬਹਾਲ ਕਰਨ ਦਾ ਕੰਮ ਵੀ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਖੱਬੇ ਕੰਢੇ ਤੋਂ ਮਨਾਲੀ ਲਈ ਸੜਕ ਖੋਲ੍ਹ ਦਿੱਤੀ ਗਈ ਹੈ। ਬੰਜਾਰ ਲਈ ਸੜਕ ਅਤੇ ਖੇਤਰ ਵਿੱਚ ਸੰਚਾਰ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਲਾਹੌਲ ਤੋਂ ਟਰੱਕਾਂ ਦੀ ਆਵਾਜਾਈ ਐਤਵਾਰ ਤੋਂ ਸ਼ੁਰੂ ਕੀਤੀ ਜਾਵੇਗੀ।

Friday, March 25, 2016

ਪਾਉਂਟਾ ਸਾਹਿਬ ਅੱਜ ਵੀ ਦੇਂਦਾ ਹੈ ਕਵਿਤਾ ਦੀ ਸ਼ਕਤੀ ਦਾ ਸੁਨੇਹਾ

ਹੋਲਾ ਮੁਹੱਲਾ ਦੇ 332ਵੇਂ ਆਯੋਜਨ ਮੌਕੇ ਹੋਇਆ ਸ਼ਾਨਦਾਰ ਕਵੀ ਦਰਬਾਰ 
ਸ੍ਰੀ ਪਾਉਂਟਾ ਸਾਹਿਬ ਤੋਂ ਪਰਤ ਕੇ ਕਾਰਤਿਕਾ ਸਿੰਘ

ਜ਼ਿੰਦਗੀ ਕਦੇ ਵੀ, ਕਿਸੇ ਵੀ ਯੁਗ ਵਿੱਚ ਆਸਾਨ ਨਹੀਂ ਸੀ। ਹਰ ਕਦਮ ਤੇ ਨਿੱਤ ਨਵੀਂ ਚੁਣੌਤੀ ਦੇਂਦੀ ਜ਼ਿੰਦਗੀ ਸੰਘਰਸ਼ਾਂ ਦੇ ਨਵੇਂ ਰਾਹਾਂ ਤੇ ਤੁਰਨਾ ਸਿਖਾਉਂਦੀ ਰਹੀ। ਕਦਮ ਕਦਮ ਤੇ ਆਉਂਦੀਆਂ ਮੁਸ਼ਕਲਾਂ ਜਿੰਦਗੀ ਜਿਊਣਾ ਸਿਖਾਉਂਦੀਆਂ ਰਹੀਆਂ। ਮੁਸ਼ਕਲਾਂ ਦੇਖ ਕੇ ਦਿਲ ਕਈ ਵਾਰ ਘਬਰਾ ਵੀ ਜਾਂਦਾ ਪਰ ਸ੍ਰੀ ਪਾਉਂਟਾ ਸਾਹਿਬ ਵਿਖੇ ਪੁੱਜ ਕੇ ਮੁਸ਼ਕਲਾਂ ਵਾਲੇ ਹਾਲਾਤ ਨੂੰ ਵੀ ਮੁਸਕਰਾ ਕੇ ਦੇਖਣਾ ਆ ਗਿਆ। ਇਹ ਉਹ ਪਾਵਨ ਅਸਥਾਨ ਹੈ ਜਿੱਥੇ ਕੋਈ ਸੁਣ  ਸਕੇ ਤਾਂ ਉਸਨੂੰ ਤੀਰਾਂ ਅਤੇ ਕਲਮਾਂ ਦੇ ਆਪਸੀ ਸਬੰਧਾਂ ਵਿੱਚ ਲੁਕੇ ਸੰਗੀਤ ਦੀਆਂ ਅਲੌਕਿਕ ਧੁਨਾਂ ਸੁਣਾਈ ਦੇਂਦੀਆਂ ਹਨ। ਇਹ ਉਹ ਇਤਿਹਾਸਿਕ ਥਾਂ ਹੈ ਜਿੱਥੇ ਦਸ਼ਮੇਸ਼ ਪਿਤਾ ਨੇ ਸਾਨੂੰ ਦੱਸਿਆ ਕਿ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਮੁਸਕਰਾ ਕੇ ਕਿਵੇਂ ਕਰਨਾ ਹੈ। ਜ਼ਿੰਦਗੀ ਦੇ ਸੰਘਰਸ਼ ਵਿੱਚ ਕਲਮ ਤੇ ਕਟਾਰ ਦਾ ਸਬੰਧ ਸਾਨੂੰ ਸਮਝਾਇਆ। ਹਥਿਆਰਾਂ ਅਤੇ ਵਿਚਾਰਾਂ ਦੇ ਸੁਮੇਲ ਦਾ ਭੇਦ ਸਮਝਾਇਆ। ਜਿੰਦਗੀ ਵਿੱਚ ਹਰ ਚੈਲੰਜ ਵੰਗਾਰਦਾ ਹੈ।  ਸਿਰਫ ਵੰਗਾਰਦਾ ਹੀ ਨਹੀਂ ਜਾਲ ਵੀ ਸੁੱਟਦਾ ਹੈ। ਸਾਨੂੰ ਆਪਣੇ ਅਸੂਲਾਂ ਤੋਂ ਪਿਛੇ ਹਟ ਕੇ ਸੌਖੀ ਅਤੇ ਆਰਾਮ ਦਾਇਕ ਜ਼ਿੰਦਗੀ ਜਿਊਣ ਦੇ ਲਾਲਚ ਵੀ ਦੇਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸਦੇ ਹਨ ਕਿ ਕਿਵੇਂ ਇਹਨਾਂ ਔਕੜਾਂ ਦੇ ਬਾਵਜੂਦ ਅਡੋਲ ਰਹਿ ਕੇ ਕੁਦਰਤ ਦੇ ਸੰਗੀਤ ਨਾਲ ਇੱਕ ਮਿੱਕ ਹੋਣਾ ਹੈ ਅਤੇ ਅਸੂਲਾਂ ਨੂੰ ਨਹੀਂ ਤਿਆਗਣਾ। ਲਾਲਚਾਂ ਦੇ ਜਾਲ ਵਿੱਚ ਫਸ ਕੇ ਧਰਮ ਨਹੀਂ ਛੱਡਣਾ। ਜੇ ਲੋੜ ਪਵੇ ਤਾਂ ਕੁਰਬਾਨੀ ਤੋਂ ਵੀ ਪਿੱਛੇ ਨਹੀਂ ਹਟਣਾ। 
ਪ੍ਰਸਿਧ ਸ਼ਾਇਰ ਕ੍ਰਿਸ਼ਨ ਬਿਹਾਰੀ ਨੂਰ ਹੁਰਾਂ ਨੇ ਕਿਸੇ ਵੇਲੇ ਆਖਿਆ ਸੀ:
ਜ਼ਿੰਦਗੀ ਸੇ ਬੜੀ ਸਜ਼ਾ ਹੀ ਨਹੀਂ
ਔਰ ਕਿਆ ਜੁਰਮ ਹੈ ਪਤਾ ਹੀ ਨਹੀਂ!
ਜਦੋਂ ਵਿਅਕਤੀ ਪਾਉਂਟਾ ਸਾਹਿਬ ਵਿਖੇ ਪਹੁੰਚਦਾ ਹੈ ਤਾਂ ਸਮਝ ਆਉਂਦੀ ਹੈ ਕਿ ਜਦੋਂ ਦੁਸ਼ਮਣ ਫੋਜਾਂ ਦੀਆ  ਸਾਜਿਸ਼ਾਂ ਦਾ ਵੀ ਪਤਾ ਹੋਵੇ, ਦੁਸ਼ਮਨਾਂ ਦੇ ਟਿੱਡੀ ਦਲ ਦੀ ਸਮਰਥਾ ਦਾ ਵੀ ਪਤਾ ਹੋਵੇ ਉਦੋਂ ਸਿਰਫ ਸਚ ਅਤੇ ਪ੍ਰਮਾਤਮਾ ਦੇ ਆਸਰੇ ਸਾਰੇ ਹਾਲਾਤ ਦਾ ਸਾਹਮਣਾ ਕਰਦਿਆਂ ਕਵਿਤਾ ਕਿਵੇਂ ਲਿਖਣੀ ਹੈ। ਪਹਾੜਾਂ ਵਰਗੀਆਂ ਮੁਸ਼ਕਿਲਾਂ, ਯਮੁਨਾ ਜੀ ਦੇ ਪਾਣੀ ਵਰਗੀ ਤੇਜ਼ ਰਫਤਾਰੀ ਅਤੇ  ਇਹਨਾਂ ਸਾਰੀਆਂ ਔਖਿਆਈਆਂ ਦੇ ਬਾਵਜੂਦ ਕਵਿਤਾ ਦੀ ਰਚਨਾ----ਕਰਦਿਆਂ ਕੁਦਰਤ ਨਾਲ ਅਭੇਦ ਹੋਣ ਦਾ ਅਹਿਸਾਸ ਕਿਵੇਂ ਕਰਨਾ ਹੈ ! 
ਇਹ ਸਭ ਕੁਝ ਕਿਸੇ ਚਮਤਕਾਰ ਤੋਂ ਘੱਟ ਨਹੀਂ।  

ਇਹ ਅਸਥਾਨ ਗਵਾਹ ਹੈ ਉਸ ਸ਼ਖਸੀਅਤ ਦਾ ਜਿਸ ਵਰਗਾ ਕੋਈ ਹੋਰ ਨਹੀਂ। ਮਜ਼ਲੂਮਾਂ ਉੱਪਰ ਜ਼ੁਲਮ ਕਰਨ ਵਾਲਿਆਂ ਦੇ ਨਾਲ ਟੱਕਰ ਕਿਵੇਂ ਲੈਣੀ ਹੈ ਅਤੇ ਸੂਖਮ ਖਿਆਲਾਂ ਨੂੰ ਆਪਣੇ ਸ਼ਬਦਾਂ ਵਿੱਚ ਕੈਦ ਕਰਨ ਵਾਲੇ ਕਵੀ ਹਿਰਦਿਆਂ ਨੂੰ ਉਤਸ਼ਾਹਿਤ ਕਿਵੇਂ ਕਰਨਾ ਹੈ। ਇਹ ਪਾਵਨ ਅਸਥਾਨ ਸ੍ਰੀ ਪਾਉਂਟਾ ਸਾਹਿਬ ਬਹੁਤ ਹੀ ਰਮਣੀਕ ਹੈ। ਇਸ ਅਸਥਾਨ ਤੇ ਜੇ ਪਲ ਭਰ ਲਈ ਵੀ ਲਿਵ ਜੁੜ ਜਾਵੇ ਤਾਂ ਸਮਝ ਆਉਣ ਲੱਗਦੀ ਹੈ ਕਿ ਮਾਲਾ ਕਿਓਂ ਤਲਵਾਰ ਬਣੀ? ਇਸ ਅਸਥਾਨ ਤੇ ਪਹੁੰਚ ਕੇ ਧਿਆਨ ਜੁੜਦਿਆਂ ਹੀ ਤਲਵਾਰ ਵਿੱਚ ਕਲਮ ਅਤੇ ਕਲਮ ਵਿੱਚ ਤਲਵਾਰ ਦਾ ਜਾਦੂ ਪਤਾ ਲੱਗਦਾ ਹੈ। ਤੀਰਾਂ ਨਾਲ ਕਿਵੇਂ ਕਵਿਤਾ ਲਿਖੀ ਜਾਂਦੀ ਹੈ ਅਤੇ ਕਲਮਾਂ ਨਾਲ ਕਿਵੇਂ ਜੋਸ਼ ਭਰਿਆ ਜਾਂਦਾ ਹੈ ਇਸਦਾ ਅਹਿਸਾਸ ਹੁੰਦਾ ਹੈ।
ਸ਼ਹੀਦੀ ਸਾਕੇ ਬਾਰੇ ਇਹ ਜਾਣਕਾਰੀ ਪੰਥਕ ਓਆਰਜੀ ਤੋਂ ਧੰਨਵਾਦ ਸਹਿਤ 
ਇਥੇ ਆਉਣ ਦਾ ਪ੍ਰੋਗਰਾਮ ਅਚਾਨਕ ਹੀ ਬਣਿਆ।  ਨਾ ਮੇਰੇ ਨਾਲ ਕੈਮਰਾ ਟੀਮ ਸੀ ਅਤੇ ਨਾ ਹੀ ਕੋਈ ਹੋਰ ਸਹਾਇਕ। ਇਸ ਲਈ ਛੋਟੇ ਕੈਮਰੇ ਨਾਲ ਕੀਤੀ ਇਸ ਨਿਮਾਣੀ ਜਿਹੀ ਕੋਸ਼ਿਸ਼ ਵਿੱਚ ਬਹੁਤ ਸਾਰੀਆਂ ਊਣਤਾਈਆਂ ਹਨ-ਬਹੁਤ ਸਾਰੀਆਂ ਕਮੀਆਂ। ਭੀੜ ਕਾਰਣ ਕੈਮਰਾ ਵੀ ਹਿੱਲਦਾ ਰਿਹਾ। ਇਸ ਲਈ ਖਿਮਾ ਕਰ ਦੇਣਾ।

ਪਾਵਨ ਅਸਥਾਨ ਸ੍ਰੀ ਪਾਉਂਟਾ ਸਾਹਿਬ ਵਿਖੇ ਹੋਲਾ ਮੋਹੱਲਾ ਦੇ 332ਵੇਂ ਆਯੋਜਨ ਮੌਕੇ ਪੁੱਜੇ ਹੋਏ ਕਵੀ ਸਨ ਜਲੰਧਰ ਤੋਂ ਇੰਜੀਨੀਅਰ ਕਰਮਜੀਤ ਸਿੰਘ ਨੂਰ, ਦਸੂਹਾ ਤੋਂ ਸਰਦਾਰ ਚੈਨ ਸਿੰਘ ਚਕਰਵਰਤੀ, ਮੁੰਬਈ ਤੋਂ ਚਰਨ ਸਿੰਘ ਦਰਦੀ, ਲੁਧਿਆਣਾ ਤੋਂ ਹਰੀ ਸਿੰਘ ਜਾਚਕ, ਦਿੱਲੀ ਤੋਂ ਗੁਰਚਰਨ ਸਿੰਘ ਚਰਨ , ਦਿੱਲੀ ਤੋਂ ਹੀ ਅਮਰਜੀਤ ਸਿੰਘ ਅਮਰ, ਜੰਡਿਆਲਾ ਤੋਂ ਤਰਲੋਕ ਸਿੰਘ ਦੀਵਾਨਾ,
ਜਲੰਧਰ ਤੋਂ ਹੀ ਪੰਜਾਬ ਦਾ ਦੁੱਖ ਹੱਡੀਂ ਹੰਢਾ ਕੇ ਕਵਿਤਾ ਰਚਣ ਵਾਲੇ ਫਕੀਰ ਚੰਦ ਤੁਲੀ, ਰਛਪਾਲ ਸਿੰਘ ਪਾਲ, ਅਵਤਾਰ ਸਿੰਘ ਤਾਰੀ, ਬਲਵੀਰ ਸਿੰਘ ਕਮਲ ਅਤੇ ਗੂੰਜਵੀਂ ਆਵਾਜ਼ ਵਾਲੇ ਸੁਰਿੰਦਰ ਸਿੰਘ ਰਮਤਾ।  ਇਹਨਾਂ ਸਾਰੀਆਂ ਨੇ ਬਹੁਤ ਚੰਗਾ ਰੰਗ ਬੰਨਿਆ। 
ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਮੈਨੇਜਰ ਕੁਲਵੰਤ ਸਿੰਘ ਹੁਰਾਂ ਦੇ ਜਿਹਨਾਂ ਸਾਨੂੰ ਇਸ ਮਕਸਦ ਲਈ ਪੂਰਾ ਸਹਿਯੋਗ ਦਿੱਤਾ। 

ਇਸਦੇ ਨਾਲ ਹੀ ਗੁਰੂ ਘਰ ਦੇ ਸ਼ਰਧਾਲੂ ਸਰਦਾਰ ਹਰਜੀਤ ਸਿੰਘ ਅਤੇ ਅਜੀਤ ਕੌਰ ਦੇ ਪਰਿਵਾਰ ਦੇ ਵੀ ਅਸੀਂ ਸ਼ੁਕਰਗੁਜ਼ਰ ਹਾਂ ਜਿਹਨਾਂ ਦੇ ਉੱਦਮ ਅਤੇ ਉਪਰਾਲੇ ਸਦਕਾ ਇਸ ਤੀਰਥ ਅਸਥਾਨ ਦੀ ਯਾਤਰਾ ਸੰਭਵ ਹੋ ਸਕੀ। 
ਇਸ ਛੋਟੇ ਜਹੇ ਉਪਰਾਲੇ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।