Thursday, May 07, 2026

ਰੈਡਿੰਗ (ਇੰਗਲੈਂਡ) ਵਿੱਚ ਵਿਸਾਖੀ ਦਾ ਸ਼ਾਨਦਾਰ ਸਮਾਗਮ

Gurnam Kanwar on 6th May 2026 at 19:45 Regarding Visakhi Event in UK

ਪ੍ਰਧਾਨਗੀ ਇਥੋਂ ਦੇ ਵੈਟਰਨ ਮੈਂਬਰ ਨਿਰਵੈਰ ਸਿੰਘ ਚਕਲ ਨੇ ਕੀਤੀ


ਪਿਛਲੇ ਹਫਤੇ ਯੂਕੇ ਦੇ ਸ਼ਹਿਰ ਰੈਡਿੰਗ ਵਿੱਚ
ਇੰਡੀਅਨ ਕਮਿਊਨਿਟੀ ਸੈਂਟਰ ਵਿੱਚ ਵਿਸਾਖੀ ਦੇ ਸਬੰਧ ਵਿੱਚ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ । ਪ੍ਰੋਗਰਾਮ ਦੀ ਪ੍ਰਧਾਨਗੀ ਇਥੋਂ ਦੇ ਵੈਟਰਨ ਮੈਂਬਰ ਨਿਰਵੈਰ ਸਿੰਘ ਚਕਲ ਨੇ ਕੀਤੀ। ਪ੍ਰੋਗਰਾਮ ਦਾ ਸੰਚਾਲਨ ਸ੍ਰੀ ਅਸ਼ਵਨੀ ਗੁਪਤਾ ਜੋ ਕਿ ਸਕੱਤਰ ਹਨ ਅਤੇ ਆਪ ਵੀ ਰੌਚਿਕ ਸਭਿਆਚਾਰਕ ਕਾਮੇ ਹਨ, ਨੇ ਕੀਤਾ। ਉਹਨਾਂ ਨੇ ਪ੍ਰੋਗਰਾਮ ਦੀ ਰੂਪ ਰੇਖਾ ਦਾ ਵਰਣਨ ਕੀਤਾ ਅਤੇ ਵੱਖ ਵੱਖ ਸੂਬਿਆਂ ਵਿੱਚ ਵਿਸਾਖੀ ਵੱਖ ਵੱਖ ਨਾਵਾਂ ਥੱਲੇ ਮਨਾਏ ਜਾਣ ਬਾਰੇ ਬਹੁਰੰਗੀ ਜਾਣਕਾਰੀ ਵੀ ਦਿੱਤੀ।

  ਸਾਰੇ ਹਾਲ ਨੂੰ ਵੀਰਾਂ ਗੁਪਤਾ ਅਤੇ ਗੁਰਵਿੰਦਰ ਪਿੰਕੀ ਦੀ ਅਗਵਾਈ ਵਿੱਚ ਇੰਡੀਅਨ ਕਮਿਊਨਿਟੀ ਸੈਂਟਰ ਦੀ ਟੀਮ ਨੇ ਵਿਸਾਖੀ ਦਾ ਸੁਨੇਹਾ ਦਿੰਦੀਆਂ ਤਸਵੀਰਾਂ ਨਾਲ ਮਨਮੋਹਕ ਸਜਾਇਆ ਹੋਇਆ ਸੀ, ਜਿਸ ਦੀ ਹਾਜ਼ਰੀਨ ਨੇ ਭਰਪੂਰ ਸ਼ਲਾਘਾ ਕੀਤੀ।

   ਆਰੰਭ ਵਿੱਚ ਅਨੀਸ਼ਾ ਨੇ ਇੱਕ ਪਰਚਾ ਪੜ੍ਹ ਕੇ ਵਿਸਾਖੀ ਬਾਰੇ ਵਿਸਥਾਰ ਪੂਰਵਕ ਗੱਲਾਂ ਕੀਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਮਤੀ ਗੁਰਦੀਪ ਕੌਰ ਅਤੇ ਉਹਨਾਂ ਦੀਆਂ ਸਾਥਣਾਂ ਵੱਲੋਂ ਗਾਏ ਸ਼ਬਦ ਨਾਲ ਹੋਈ: 

"ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥

ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥।"

ਇਸ ਤੋਂ ਬਾਅਦ ਬਹੁਤ ਸਾਰੀਆਂ ਮੈਂਬਰ ਬੀਬੀਆਂ ਨੇ ਭਜਨ ਸੁਣਾ ਕੇ ਆਪਣੀ ਹਾਜ਼ਰੀ ਲਵਾਈ ਜਿਨ੍ਹਾਂ ਵਿੱਚ ਰਮੇਸ਼ ਮਧੋਕ, ਨਰਿੰਦਰ ਬਲ, ਅੰਜਨਾ, ਅਨੀਸ਼ਾ ਤੇ ਹੋਰ ਵੀ ਬਹੁਤ ਸ਼ਾਮਿਲ ਸਨ। ਪ੍ਰਗਤੀਸ਼ੀਲ ਲੇਖਕ ਸਭਾ ਰੈਡਿੰਗ ਵੱਲੋਂ ਗੁਰਨਾਮ ਕੰਵਰ ਨੇ ਇੱਕ ਮਤਾ ਪੇਸ਼ ਕਰਕੇ ਇਰਾਨ ਵਿੱਚ ਹੋ ਰਹੀ ਜੰਗ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਜੰਗ ਤੁਰੰਤ ਬੰਦ ਕੀਤੀ ਜਾਵੇ। ਬੇਗੁਨਾਹਾਂ ਦਾ ਕਤਲ ਬੰਦ ਕੀਤਾ ਜਾਵੇ। ਆਪਸੀ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕੀਤਾ ਜਾਵੇ। ਅਸ਼ਵਨੀ ਗੁਪਤਾ ਦੀ ਤਾਈਦ ਮਗਰੋਂ ਇਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਗੁਰਨਾਮ ਨੇ ਅਮਨ ਨੂੰ ਸਮਰਪਿਤ ਇਕ ਭਾਵੁਕ ਅਤੇ ਜੋਸ਼ ਭਰੀ ਕਵਿਤਾ ਵੀ ਸੁਣਾਈ।

ਉਪਰੰਤ, ਵਿਸਾਖੀ ਦੇ ਬਾਰੇ ਵਿੱਚ ਗੀਤ ਤੇ ਪੁਰਾਣੇ ਪੰਜਾਬੀ ਤੇ ਫਿਲਮੀ ਗੀਤ ਸੁਣਾਉਣ ਵਾਲਿਆਂ ਵਿੱਚ ਗੁਰਵਿੰਦਰ ਪਿੰਕੀ, ਗੁਰਦੀਪ ਕੌਰ, ਅਨੀਸ਼ਾ ਗੁਪਤਾ, ਸ੍ਰੀਮਤੀ ਵਿੱਗ, ਸੁਖਦੇਵ ਕੌਰ, ਸ਼ਾਂਤਾ,  ਸ਼ਮਿਤਾ, ਲੀਲਾ ਦੇਸ਼ਮੁੱਖੀ, ਵੀਰਾਂ ਗੁਪਤਾ, ਹਰਮੇਸ਼,ਦਿਲਜੀਤ ਸਿੱਧੂ, ਇੱਛਾ, ਅਨੀਤਾ, ਹਰਭਜਨ ਕੌਰ, ਰੋਮਾਲਾ, ਪੱਪੀ ਆਦਿ ਸ਼ਾਮਿਲ ਸਨ। ਉਹਨਾਂ ਅਤੇ ਸਾਥਣਾਂ ਨੇ ਵਿਸਾਖੀ ਦੇ ਨਾਂ ਦੇ ਉੱਤੇ ਗਿੱਧਾ ਵੀ ਪਾਇਆ ਤੇ ਉਸਦੇ ਵਿੱਚ ਖਾਸ ਕਰਕੇ ਸੁਰਿੰਦਰ ਕੌਰ ਦੇ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਅਸ਼ਵਨੀ ਗੁਪਤਾ ਨੇ ਜਿਥੇ ਮਨਮੋਹਕ ਸੰਚਾਲਨ ਕੀਤਾ ਉਥੇ ਨਾਲ ਹੀ ਸਾਹਿਰ ਲੁਧਿਆਣਵੀ ਅਤੇ ਗੁਲਸ਼ਨ ਬਾਵਰਾ ਦੇ ਗੀਤ ਸੁਣਾਕੇ ਖੂਬ ਰੰਗ ਬੰਨ੍ਹਿਆ।

ਸਭਿਆਚਾਰਕ ਪ੍ਰੋਗਰਾਮ ਦੀ ਸਕੱਤਰ ਗੁਰਵਿੰਦਰ ਪਿੰਕੀ ਨੇ ਅਖੀਰ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਲੰਚ ਵਾਸਤੇ ਸੱਦਾ ਦਿੱਤਾ ।

 ਮੀਟਿੰਗ ਨੇ ਆਪਣੀ ਮੈਂਬਰ ਗੁਰਦੀਪ ਕੌਰ ਦੀ ਮਾਤਾ ਜੀ ਦੀ ਬਰਸੀ ਉੱਤੇ ਉਹਨਾਂ ਦੀ ਮਾਤਾ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕੀਤੀ ।

ਉਪਰੋਕਤ ਤੋਂ ਇਲਾਵਾ ਸੁੰਦਰ ਤਸਵੀਰਾਂ ਨਾਲ ਸਜਾਏ ਸ਼ਾਨਦਾਰ ਵਿਸਾਖੀ ਸਮਾਗਮ ਵਿੱਚ ਧਰਮਪਾਲ ਗੁਪਤਾ, ਬਲਬੀਰ ਸਿੰਘ ਵਿੱਗ, ਮਿਸਟਰ ਦੇਸ਼ਮੁਖੀ, ਦਿਨੇਸ਼ ਚੌਹਾਨ, ਜਗਦੀਸ਼ ਸੇਠੀ, ਬਲਰਾਜ ਸਿੰਘ ਪੱਬੀ, ਜਗਦੀਸ਼ ਤਿਵਾੜੀ ਆਦਿ ਹਾਜ਼ਰ ਸਨ।

                  -- ਗੁਰਨਾਮ ਕੰਵਰ

No comments: