Thursday, January 08, 2026

ਕੱਟੜਾ ਮੈਡੀਕਲ ਕਾਲਜ ਨੂੰ ਬੰਦ ਕਰਨ 'ਤੇ ਤਿੱਖੇ ਵਿਰੋਧ ਦੀ ਲਹਿਰ

Thursday 8th January 2026 at 21:09 Regarding National Medical Commission Medical College Katra

ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਵੱਲੋਂ ਤਿੱਖੀ ਆਲੋਚਨਾ


ਲੁਧਿਆਣਾ
: 8 ਜਨਵਰੀ 2026: (ਮੀਡੀਆ ਲਿੰਕ-ਕੇ ਕੇ ਸਿੰਘ//ਪੰਜਾਬ ਸਕਰੀ ਡੈਸਕ)::

ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (IDPD) ਕਟੜਾ ਮੈਡੀਕਲ ਕਾਲਜ ਨੂੰ ਬੰਦ ਕਰਨ ਦੇ ਨੈਸ਼ਨਲ ਮੈਡੀਕਲ ਕਮਿਸ਼ਨ (NMC) ਦੇ ਫ਼ੈਸਲੇ ਖ਼ਿਲਾਫ਼ ਆਪਣਾ ਤਿੱਖਾ ਵਿਰੋਧ ਅਤੇ ਡੂੰਘਾ ਦੁੱਖ ਪ੍ਰਗਟ ਕਰਦਾ ਹੈ। ਇਹ ਫ਼ੈਸਲਾ ਮਨਮਾਨਾ, ਨਾਇਨਸਾਫ਼ੀਪੂਰਨ ਅਤੇ ਬਹੁਤ ਹੀ ਚਿੰਤਾਜਨਕ ਹੈ, ਜੋ ਮੇਰਿਟ, ਸੰਵਿਧਾਨਕ ਕਦਰਾਂ ਕੀਮਤਾਂ ਅਤੇ ਸੰਸਥਾਗਤ ਖ਼ੁਦਮੁਖ਼ਤਿਆਰੀ ਦੀਆਂ ਬੁਨਿਆਦਾਂ ‘ਤੇ ਸਿੱਧਾ ਹਮਲਾ ਕਰਦਾ ਹੈ।

ਕਟੜਾ ਮੈਡੀਕਲ ਕਾਲਜ ਨੂੰ ਪਿਛਲੇ ਸਾਲ 50 ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ ਅਤੇ ਦਾਖ਼ਲੇ ਸੰਬੰਧੀ ਮੌਜੂਦਾ ਸਾਰੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਸਖ਼ਤੀ ਨਾਲ ਮੇਰਿਟ ਦੇ ਆਧਾਰ ‘ਤੇ ਇਹ ਦਾਖਲੇ ਕੀਤੇ ਗਏ। ਇਨ੍ਹਾਂ 50 ਵਿਦਿਆਰਥੀਆਂ ਵਿੱਚੋਂ 42 ਵਿਦਿਆਰਥੀ, ਜੋ ਮੈਰਿਟ ‘ਤੇ ਦਾਖ਼ਲ ਹੋਏ, ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸਨ। ਇਹ ਗੱਲ—ਅਤੇ ਸਿਰਫ਼ ਇਹੀ ਗੱਲ—ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈੰਸੇਵਕ ਸੰਘ ਵੱਲੋਂ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਉਕਸਾਹਟ ਦਾ ਕਾਰਨ ਬਣੀ ਲੱਗਦੀ ਹੈ, ਜਿਨ੍ਹਾਂ ਨੇ ਖੁੱਲ੍ਹੇ ਤੌਰ ‘ਤੇ ਦਲੀਲ ਦਿੱਤੀ ਕਿ ਕਿਉਂਕਿ ਇਹ ਕਾਲਜ ਮਾਤਾ ਵੈਸ਼ਨੋ ਦੇਵੀ ਟਰੱਸਟ ਦੁਆਰਾ ਚਲਾਇਆ ਜਾਂਦਾ ਹੈ, ਇਸ ਲਈ ਦਾਖ਼ਲੇ ਸਿਰਫ਼ ਹਿੰਦੂ ਭਾਈਚਾਰੇ ਦੇ ਵਿਦਿਆਰਥੀਆਂ ਤੱਕ ਸੀਮਿਤ ਹੋਣੇ ਚਾਹੀਦੇ ਹਨ।

IDPD ਸਪਸ਼ਟ ਤੌਰ ‘ਤੇ ਕਹਿੰਦਾ ਹੈ ਕਿ ਇਹ ਦਲੀਲ ਅਸੰਵਿਧਾਨਕ, ਭੇਦਭਾਵਪੂਰਨ ਅਤੇ ਕਾਨੂੰਨੀ ਤੌਰ ‘ਤੇ ਟਿਕਣਯੋਗ ਨਹੀਂ ਹੈ। ਕਟੜਾ ਮੈਡੀਕਲ ਕਾਲਜ ਨੂੰ ਘੱਟ   ਗਿਣਤੀ ਸੰਸਥਾ ਦਾ ਦਰਜਾ ਪ੍ਰਾਪਤ ਨਹੀਂ ਹੈ, ਇਸ ਲਈ ਧਾਰਮਿਕ   ਆਧਾਰ ‘ਤੇ ਵਿਦਿਆਰਥੀਆਂ ਨੂੰ ਦਰ ਕਿਨਾਰ ਕਰਨ ਦੀ  ਕੋਈ ਵੀ ਉਕਸਾਹਟ ਜਾਂ ਮੰਗ ਗੈਰਕਾਨੂੰਨੀ ਹੈ ਅਤੇ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਹੈ। ਧਰਮ, ਜਾਤ ਜਾਂ ਪੰਥ ਤੋਂ ਬਿਨਾਂ ਮੈਰਿਟ ਦੇ ਆਧਾਰ ‘ਤੇ ਦਾਖ਼ਲੇ ਇੱਕ ਲੋਕਤੰਤਰਕ ਅਤੇ ਧਰਮਨਿਰਪਖ ਸਿੱਖਿਆ ਪ੍ਰਣਾਲੀ ਦੀ ਨੀਂਵ ਹਨ।

ਨੈਸ਼ਨਲ ਮੈਡੀਕਲ ਕਮਿਸ਼ਨ ਇੱਕ ਸੰਵਿਧਾਨਕ ਅਤੇ ਖ਼ੁਦਮੁਖ਼ਤਿਆਰ ਨਿਯਾਮਕ ਸੰਸਥਾ ਹੈ, ਜਿਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਾਨੂੰਨ, ਨੈਤਿਕਤਾ ਅਤੇ ਜਨਹਿੱਤ ਦੇ ਮਾਰਗਦਰਸ਼ਨ ਹੇਠ ਸੁਤੰਤਰ ਤੌਰ ‘ਤੇ ਕੰਮ ਕਰੇ। ਇਸ ਮਾਮਲੇ ਵਿੱਚ ਫ਼ਿਰਕੂ ਅਤੇ ਰਾਜਨੀਤਿਕ ਦਬਾਅ ਅੱਗੇ ਇਸ ਦਾ ਝੁਕਣਾ ਬਹੁਤ ਹੀ ਦੁੱਖਦਾਈ ਹੈ ਅਤੇ ਸੰਸਥਾਗਤ ਖ਼ੁਦਮੁਖ਼ਤਿਆਰੀ ਦੇ ਖ਼ਾਤਮੇ ਬਾਰੇ ਗੰਭੀਰ ਸਵਾਲ ਖੜੇ ਕਰਦਾ ਹੈ। ਅਜਿਹੇ  ਢੰਗ ਨਾਲ ਆਤਮ ਸਮਰਪਣ ਕਰਨਾ ਇੱਕ ਖ਼ਤਰਨਾਕ ਮਿਸਾਲ ਕਾਇਮ ਕਰਦੀ ਹੈ ਅਤੇ ਦੇਸ਼ ਭਰ ਵਿੱਚ ਮੈਡੀਕਲ ਸਿੱਖਿਆ, ਸਮਾਜਕ ਸਾਂਝ ਅਤੇ ਕਾਨੂੰਨ ਦੇ ਰਾਜ ਲਈ ਲੰਮੇ ਸਮੇਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।

ਮੈਡੀਕਲ ਕਾਲਜ ਨੂੰ ਬੰਦ ਕਰਕੇ NMC ਨੇ ਨਾ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਹੈ ਜੋ ਨਿਆਂ ਪੂਰਕ ਅਤੇ ਕਾਨੂੰਨੀ ਤੌਰ ‘ਤੇ ਦਾਖ਼ਲ ਹੋਏ ਸਨ, ਸਗੋਂ ਇਹ ਡਰਾਉਣਾ ਸੰਦੇਸ਼ ਵੀ ਦਿੱਤਾ ਹੈ ਕਿ ਮੈਰਿਟ ਨੂੰ ਫ਼ਿਰਕੂ ਵਿਚਾਰਧਾਰਾ ਨਾਲ ਰੌਂਦਿਆ ਜਾ ਸਕਦਾ ਹੈ। ਇੱਕ ਸੰਵਿਧਾਨਕ ਲੋਕਤੰਤਰ ਵਿੱਚ ਇਹ ਕਤਈ ਕਬੂਲਯੋਗ ਨਹੀਂ ਹੈ।

ਇਸ ਬਿਆਨ ਨੂੰ ਜਾਰੀ ਕਰਨ ਵਾਲਿਆਂ ਵਿੱਚ IDPD ਦੇ ਹੇਠ ਦਸਤਖ਼ਤਸ਼ੁਦਾ ਅਹੁਦੇਦਾਰ ਸ਼ਾਮਲ ਹਨ:

ਡਾ. ਐੱਸ. ਐੱਸ. ਸੁਦਾਨ, ਪੈਟਰਨ, IDPD

ਡਾ. ਅਰੁਣ ਮਿੱਤਰਾ, ਪ੍ਰਧਾਨ, IDPD

ਡਾ. ਸ਼ਕੀਲ ਉਰ ਰਹਮਾਨ, ਜਨਰਲ ਸਕੱਤਰ, IDPD

ਡਾ. ਜੀ. ਐੱਮ. ਮਲਿਕ, ਸੀਨੀਅਰ ਵਾਈਸ ਪ੍ਰਧਾਨ, IDPD ਅਤੇ ਸਾਬਕਾ ਪ੍ਰਧਾਨ, J&K IDPD

ਡਾ. ਮੁਹੰਮਦ ਲਤੀਫ਼, ਪ੍ਰਧਾਨ, IDPD ਜੰਮੂ ਅਤੇ ਕਸ਼ਮੀਰ

ਇਹ ਸਾਰੇ ਪ੍ਰਤੀਨਿਧੀ ਜ਼ੋਰਦਾਰ ਮੰਗ ਕਰਦੇ ਹਨ ਕਿ ਕਟੜਾ ਮੈਡੀਕਲ ਕਾਲਜ ਨੂੰ ਬੰਦ ਕਰਨ ਦਾ ਫ਼ੈਸਲਾ ਤੁਰੰਤ ਰੱਦ ਕੀਤਾ ਜਾਵੇ ਅਤੇ ਕਾਲਜ ਨੂੰ ਬਿਨਾਂ ਕਿਸੇ ਭੇਦਭਾਵ ਜਾਂ ਰਾਜਨੀਤਿਕ ਦਖ਼ਲਅੰਦਾਜ਼ੀ ਦੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

IDPD ਭਾਰਤ ਦੀ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੂੰ ਤੁਰੰਤ ਦਖ਼ਲ ਦੇਣ, ਸੰਵਿਧਾਨਕ ਨੈਤਿਕਤਾ ਦੀ ਰੱਖਿਆ ਕਰਨ, ਵਿਦਿਆਰਥੀਆਂ ਦੇ ਅਧਿਕਾਰਾਂ ਦੀ ਹਿਫ਼ਾਜ਼ਤ ਕਰਨ ਅਤੇ ਕਟੜਾ ਮੈਡੀਕਲ ਕਾਲਜ ਨੂੰ ਮੁੜ ਖੋਲ੍ਹ ਕੇ ਕਾਨੂੰਨ ਅਨੁਸਾਰ ਚਲਾਉਣ ਨੂੰ ਯਕੀਨੀ ਬਣਾਉਣ ਦੀ ਸੱਚੀ ਅਤੇ ਤੁਰੰਤ ਅਪੀਲ ਕਰਦਾ ਹੈ।

ਆਈ ਡੀ ਪੀ ਦੀ ਨੇ ਇਹ ਵੀ ਚੇਤੇ ਕਰਵਾਇਆ ਹੈ ਕਿ ਸਿੱਖਿਆ ਨੂੰ ਸਾਂਪਰਦਾਇਕ ਨਹੀਂ ਬਣਾਇਆ ਜਾ ਸਕਦਾ।

ਮੈਰਿਟ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ।

ਸੰਵਿਧਾਨਕ ਸੰਸਥਾਵਾਂ ਨੂੰ ਫ਼ਿਰਕਾਪ੍ਰਸਤੀ ਦੇ ਦਬਾਅ ਅੱਗੇ ਝੁਕਣਾ ਨਹੀਂ ਚਾਹੀਦਾ।


No comments: