Wednesday, October 01, 2025

ਯੋਗੀ ਭਜਨ ਵਾਲਾ "ਖਾਲਸਾ" ਹੁਣ ਦੇਸ਼ ਵਿਦੇਸ਼ ਵਿੱਚ ਕਿੰਨਾ ਕੁ ਸਰਗਰਮ ਹੈ?

ਕਿਹੀ ਜਿਹੇ ਪ੍ਰਭਾਵ ਪਾਏ ਜਾ ਰਹੇ ਹਨ ਇਸ ਬਹਾਨੇ ਗੁਰੂ ਘਰ ਵਾਲੇ ਖਾਲਸੇ 'ਤੇ?


ਲੁਧਿਆਣਾ
: 1 ਅਕਤੂਬਰ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਸਿੱਖ ਸੰਗਤਾਂ ਨੂੰ ਸਿੱਖ ਸਿਧਾਂਤ ਤੋਂ ਭਟਕਾਉਣ ਦਾ ਸਿਲਸਿਲਾ ਲੰਮੇ ਅਰਸੇ ਤੋਂ ਜਾਰੀ ਹੈ। ਜੇ ਕਹਿ ਲਿਆ ਜਾਵੇ ਤਾਂ ਗੁਰੂ ਸਾਹਿਬਾਨਾਂ ਦੇ ਵੇਲੇ ਹੀ ਇਹ ਸਾਜ਼ਿਸ਼ੀ ਸਿਲਸਿਲਾ ਸ਼ੁਰੂ ਹੋ ਗਿਆ ਸੀ। ਇਹ ਸਾਜ਼ਿਸ਼ਾਂ ਅਜੇ ਵੀ ਜਾਰੀ ਹਨ। ਇਹਨਾਂ ਵਰਤਾਰਿਆਂ ਦੀ ਚਰਚਾ ਕਰਦਿਆਂ ਹੀ ਯੋਗੀ ਭਜਨ ਸਿੰਘ ਅਮਰੀਕਾ ਦੀ ਵੀ ਇਸੇ ਮੁੱਦੇ ਨੂੰ ਲੈ ਕੇ ਬਹੁਤ ਆਲੋਚਨਾ ਹੁੰਦੀ ਰਹੀ ਹੈ। ਇਸ ਆਲੋਚਨਾ ਦੇ ਬਾਵਜੂਦ ਯੋਗੀ ਭਜਨ ਸਿੰਘ ਦੇ ਪੈਰੋਕਾਰ ਲਗਾਤਾਰ ਸਰਗਰਮ ਰਹੇ ਹਨ। ਸਰਕਾਰੇ ਦਰਬਾਰੇ ਵੀ ਇਹਨਾਂ ਦੀ ਬਹੁਤ ਚੱਲਦੀ ਰਹੀ ਹੈ। 

ਕੁਝ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਸਕਰੀਨ ਟੀਮ ਦੀ ਮੁਲਾਕਾਤ ਯੋਗੀ ਜੀ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਊਸ ਵਿੱਚ ਹੋਈ ਜਿੱਥੇ ਉਹ ਠਹਿਰੇ ਹੋਏ ਸਨ। ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਇਥੇ ਹੀ ਰੱਖੀ ਗਈ ਸੀ। ਸਰਦੀਆਂ ਦਾ ਮੌਸਮ ਸੀ ਇਸ ਲਈ ਕੁਰਸੀਆਂ ਹਰੇ ਹਰੇ ਘਾਹ ਵਾਲੇ ਮੈਦਾਨ ਵਿੱਚ ਹੀ ਡਾਹ ਲਈਆਂ ਗਈਆਂ ਸਨ।  ਯੋਗੀ ਜੀ ਇੱਕ ਸੋਫੇ ਤੇ ਬੈਠੇ ਸਨ ਜਿਸਤੇ ਸਫੇਦ ਗਿਲਾਫ ਵਰਗੀ ਚੱਦਰ ਵਿਛਾਈ ਗਈ ਸੀ। ਚਿੱਟੇ ਰੰਗ ਦਾ ਕੁੜਤਾ ਵੀ ਲੰਮਾ ਅਤੇ ਖੁਲ੍ਹ ਡੁੱਲ੍ਹਾ ਸੀ। ਲੰਮਾ ਕਛਹਿਰਾ ਅਤੇ ਸਫੇਦ ਪਗੜੀ ਨਾਲ ਪ੍ਰਕਾਸ਼ ਕੀਤਾ ਹੋਇਆ ਦਾਹੜਾ ਵੀ ਬੜਾ ਜਚ ਰਿਹਾ ਸੀ। 

ਇਸ ਖਾਸ ਮਹਿਮਾਨ ਨਾਲ ਪੱਤਰਕਾਰਾਂ ਦੀ ਮਿਲਣੀ ਬਾਰੇ ਸੱਦਾ ਪੱਤਰ ਵੀ ਮੀਡੀਆ ਨੂੰ ਬੜੇ ਥੋਹੜੇ ਜਿਹੇ ਨੋਟਿਸ ਤੇ ਭੇਜਿਆ ਗਿਆ ਸੀ। ਸ਼ਾਇਦ ਇਹੀ ਕਾਰਨ ਸੀ ਕਿ ਪਹੁੰਚੇ ਹੋਏ ਪੱਤਰਕਾਰਾਂ ਦੀ ਗਿਣਤੀ ਕੋਈ ਜ਼ਿਆਦਾ ਨਹੀਂ ਸੀ। ਇਸਦੇ ਬਾਵਜੂਦ ਜਿਹੜੇ ਪੱਤਰਕਾਰ ਪਰਿਵਾਰ ਉਹਨਾਂ ਸਮਿਆਂ ਦੌਰਾਨ ਸਰਗਰਮ ਸਨ ਉਹ ਪੂਜੇ ਹੋਏ ਸਨ। ਇਹਨਾਂ ਵਿੱਚ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਾਲੇ ਪੱਤਰਕਾਰ ਸ਼ਾਮਿਲ ਰਹੇ। ਉਂਝ ਵੀ ਉਹਨਾਂ ਵੇਲਿਆਂ ਦੌਰਾਨ ਲੁਧਿਆਣਾ ਵਿੱਚ ਪੱਤਰਕਾਰਾਂ ਦੀ ਗਿਣਤੀ ਕੋਈ ਬਹੁਤ ਥੋਹੜੀ ਹੀ ਹੁੰਦੀ ਸੀ। ਖੈਰ ਗੱਲ ਆਪਾਂ ਕਰ ਰਹੇ ਸੀ ਯੋਗੀ ਭਜਨ ਹੁਰਾਂ ਦੀ।

ਜਦੋਂ ਪ੍ਰਸਿੱਧ ਪੱਤਰਕਾਰ ਚਾਵਲਾ ਭਰਾਵਾਂ ਵਿੱਚੋਂ ਇੱਕ ਨੇ ਅੰਗਰੇਜ਼ੀ ਵਿੱਚ ਗੱਲਾਂ ਸ਼ੁਰੂ ਕੀਤੀਆਂ ਤਾਂ ਪ੍ਰੈਸ ਕਾਨਫਰੰਸ ਗੰਭੀਰ ਰੁੱਖ ਅਖਤਿਆਰ ਕਰਨ ਲੱਗ ਪੈ ਪਰ ਛੇਤੀ ਹੀ ਯੋਗੀ ਹੁਰਾਂ ਨੇ ਇਸ ਗੱਲਬਾਤ ਨੂੰ ਫਿਰ ਪੰਜਾਬੀ ਰੰਗਤ ਵਿੱਚ ਵਾਪਿਸ ਲੈ ਹੀ ਆਂਦਾ ਦਾ। ਉਹਨਾਂ ਨੂੰ ਪਤਾ ਸੀ ਕਿ ਅੰਗਰੇਜ਼ੀ ਸ਼ਾਇਦ ਸਭਨਾਂ ਦੇ ਵੱਸ ਦੀ ਗੱਲ ਨਾ ਹੋਵੇ। ਚਾਵਲਾ ਭਰਾਵਾਂ ਵਿੱਚੋਂ ਇੱਕ ਨੇ ਜਦੋਂ ਓਸ਼ੋ ਰਜਨੀਸ਼ ਬਾਰੇ ਸੁਆਲ ਪੁੱਛਣੇ ਸ਼ੁਰੂ ਕੀਤਾ ਤਾਂ ਇਹ ਪ੍ਰੈਸ ਕਾਨਫਰੰਸ ਕਾਫੀ ਦਿਲਚਸਪ ਵੀ ਬਣ ਗਈ। ਉਦੋਂ ਉਸ਼ੋ ਨੂੰ ਰਜਨੀਸ਼ ਦੇ ਨਾਮ ਨਾਲ ਜ਼ਿਆਦਾ ਜਾਣਿਆ ਜਾਂਦਾ ਸੀ। ਚਰਚਾ ਇਹ ਵੀ ਸੀ ਕਿ ਯੋਗੀ ਭਜਨ ਨੇ ਮੈਡੀਟੇਸ਼ਨ ਅਤੇ ਲਾਈਫ ਸਟਾਈਲ ਦੇ ਮਾਮਲੇ ਵਿੱਚ ਆਪਣੇ ਚੇਲਿਆਂ ਅਤੇ ਚੇਲੀਆਂ ਨੂੰ ਸਿੱਖਿਆ ਦੇਣ ਲੱਗਿਆਂ ਓਸ਼ੋ ਰਜਨੀਸ਼ ਦੇ ਗੁਰਾਂ ਅਤੇ ਨੁਕਤਿਆਂ ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਇਹਨਾਂ ਦੀ ਵਰਤੋਂ ਵੀ ਕੀਤੀ ਹੈ। 

ਇਸਦੇ ਬਾਵਜੂਦ ਯੋਗੀ ਭਜਨ ਦੀ ਸ਼ਖ਼ਸੀਅਤ ਇੱਕ ਵਿਲੱਖਣ ਸ਼ਖ਼ਸੀਅਤ ਵੱਜੋਂ ਸਾਹਮਣੇ ਆਈ ਹੋਈ ਸੀ। ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਯੋਗੀ ਭਜਨ ਹੁਰਾਂ ਦੀਆਂ ਸੰਗਤਾਂ ਵਿੱਚ ਸ਼ਾਮਲ ਗੋਰਿਆਂ ਚਿੱਟੀਆਂ ਅਤੇ ਲੰਮੀਆਂ ਝੰਮੀਆਂ ਉਹ ਸੁੰਦਰੀਆਂ ਪਰੀਆਂ ਤੋਂ ਘੱਟ ਨਹੀਂ ਸਨ ਜਾਪਦੀਆਂ। ਲੰਮੇ ਉੱਚੇ ਗੋਰੇ ਚਿੱਟੇ ਨੌਜਵਾਨ ਵੀ ਇਸੇ ਤਰ੍ਹਾਂ ਸਫੇਦ ਬਾਣੇ ਵਿੱਚ ਸਿੰਘ ਸਜੇ ਹੋਏ ਸਨ। 

ਯੋਗੀ ਭਜਨ ਦਾ ਪੂਰਾ ਨਾਮ ਹਰਭਜਨ ਸਿੰਘ ਯੋਗੀ ਵੱਜੋਂ ਵੀ ਜਾਣਿਆ ਜਾਂਦਾ ਰਿਹਾ। ਉਹਨਾਂ ਦਾ ਜਨਮ 26 ਅਗਸਤ 1929 ਨੂੰ ਹੋਇਆ ਸੀ ਅਤੇ ਦੇਹਾਂਤ  6 ਅਕਤੂਬਰ 2004 ਨੂੰ ਹੋਇਆ।  ਇਸ ਤਰ੍ਹਾਂ ਉਹਨਾਂ ਦੀ ਬਰਸੀ ਆਉਣ ਵਾਲੀ ਹੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਜਨਮ ਵੇਲੇ ਉਹ ਹਰਭਜਨ ਸਿੰਘ ਪੁਰੀ ਸਨ। ਸਮਰਥਕ ਅਤੇ ਹੋਰ ਲੋਕ ਉਹਨਾਂ ਨੂੰ ਅਕਸਰ ਯੋਗੀ ਭਜਨ ਅਤੇ ਸਿਰੀ ਸਿੰਘ ਸਾਹਿਬ ਵੀ ਕਹਿੰਦੇ ਸਨ। ਇੱਕ ਰੂਹਾਨੀ ਰਹਿਨੁਮਾ ਅਤੇ ਉਦਮੀ ਵੱਜੋਂ ਉਹਨਾਂ ਦੀ ਚੰਗੀ ਪਛਾਣ ਬਣ ਗਈ ਸੀ। ਧਨ ਦੌਲਤ ਵੀ ਬਥੇਰੀ ਸੀ। ਪੈਰੋਕਾਰਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਸੀ। 

ਯੋਗੀ ਭਜਨ ਨੇ ਅਮਰੀਕਾ ਵਿੱਚ ਕੁੰਡਲਿਨੀ ਯੋਗ ਦੀ ਜਾਣਪਛਾਣ ਕਰਾਈ ਤਾਂ ਇਹ ਸ਼ਖ਼ਸੀਅਤ ਹੋਰ ਵੀ ਵਿਲੱਖਣ ਬਣ ਗਈ। ਚਿੰਤਾਵਾਂ, ਰੋਗਾਂ ਅਤੇ ਮਨ ਦੀਆਂ ਬੇਚੈਨੀਆਂ ਦੇ ਮਾਰੇ ਲੋਕਾਂ ਲਈ ਯੋਗ ਸਾਧਨਾ ਬਹੁਤ ਵੱਡਾ ਆਕਰਸ਼ਣ ਰੱਖਣ ਲੱਗ ਪਈ ਸੀ। ਕੁੰਡਲਣੀ ਜਾਗਰਣ ਦੀ ਵਿਧੀ ਨੇ ਤਾਂ ਇਸ ਖਿੱਚ ਨੂੰ ਬਹੁਤ ਤੇਜ਼ੀ ਨਾਲ ਵਧਾਇਆ। ਅਸਲ ਵਿੱਚ ਯੋਗਸਾਧਨਾ, ਪ੍ਰਾਣਾਯਾਮ ਅਤੇ ਪੂਜਾ ਪਾਠ ਦੇ ਬਹਾਨੇ ਹੋਈ ਇਕਾਗਰਤਾ ਵਿਅਕਤੀ ਦੀਆਂ ਬਹੁਤ ਸਾਰੀਆਂ ਜਿਸਮਾਨੀ ਅਤੇ ਮਾਨਸਿਕ ਸਮੱਸਿਆਵਾਂ ਨੂੰ ਠੀਕ ਕਰ ਦੇਂਦੀ ਹੈ। 

ਹਰਭਜਨ ਸਿੰਘ ਪੁਰੀ ਦਾ ਜਨਮ 26 ਅਗਸਤ 1929 ਨੂੰ ਜ਼ਿਲ੍ਹਾ ਗੁਜਰਾਂਵਾਲਾ, (ਵੰਡ ਤੋਂ ਬਾਅਦ ਪਾਕਿਸਤਾਨ) ਤਹਿਸੀਲ ਵਜ਼ੀਰਾਬਾਦ ਦੇ ਪਿੰਡ ਕੋਟ ਹਰਕਰਨ ਦੇ ਇੱਕ ਜ਼ਿਮੀਦਾਰ ਘਰਾਣੇ ਵਿੱਚ ਹੋਇਆ ਸੀ। ਪਿੰਡ ਦੀ ਜ਼ਮੀਨ ਦਾ ਵੱਡਾ ਹਿੱਸਾ ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਸੀ। ਮਾਤਾ ਦਾ ਨਾਮ ਹਰਕਰਿਸ਼ਨ ਕੌਰ ਸੀ ਅਤੇ ਪਿਤਾ ਡਾ. ਕਰਤਾਰ ਸਿੰਘ ਪੁਰੀ ਬਰਤਾਨਵੀ ਰਾਜ ਦੇ ਸਰਕਾਰੀ ਡਾਕਟਰ ਸਨ। ਹਰਿਭਜਨ ਨੂੰ ਇਲਾਕੇ ਦੇ ਸਰਵੋਤਮ ਸਕੂਲ (ਇਕ ਕਾਨਵੈਂਟ ਸਕੂਲ) ਵਿੱਚ ਭਰਤੀ ਕਰਾੲਆ ਗਿਆ। ਪੰਜਾਬੀ ਭਾਸ਼ਾ ਦਾ ਵੀ ਕਾਫੀ ਗਿਆਨ ਸੀ ਅਤੇ ਯੋਗਸਾਧਨਾ ਦੇ ਨਾਲ ਨਾਲ ਹਿੰਦੂ ਧਰਮ ਦੀਆਂ ਰਹੁਰੀਤਾਂ ਦਾ ਵੀ ਕਾਫੀ ਕੁਝ ਪਤਾ ਸੀ। ਹਰਿਦੁਆਰ ਵਿੱਚ ਤਾਂ ਵਿਸ਼ੇਸ਼ ਆਸਥਾ ਰਹੀ। ਜਿਹੜੇ ਲੋਕ ਸਿੱਖੀ ਦੇ ਨੇਮ ਨਿਯਮਾਂ ਦੀ ਪਾਲਣਾ ਨੂੰ ਮੁਸ਼ਕਲ ਸਮਝਦੇ ਸਨ ਅਤੇ ਇਸ ਮਾਮਲੇ ਵਿੱਚ ਕੱਟੜਤਾ ਮਹਿਸੂਸ ਕਰਦੇ ਸਨ ਉਹਨਾਂ ਲਈ ਸ਼ਾਇਦ ਇਥੇ ਆ ਕੇ ਖੁੱਲ੍ਹ ਜਾਂ ਸਹਿਜਤਾ ਮਿਲ ਜਾਂਦੀ ਸੀ।ਸਿੱਧੀਆਂ ਦੀ ਲਾਲਸਾ ਅੱਜ ਦੇ ਯੁਗ ਵਿੱਚ ਵੀ ਬਹੁਤ ਵੱਡਾ ਆਕਰਸ਼ਣ ਹੈ।  

ਸ਼ਿਵਲਿੰਗ, ਮੰਦਰ, ਮੂਰਤੀ ਪੂਜਾ, ਤੰਤਰ ਮੰਤਰ ਅਤੇ ਸਿੱਧੀਆਂ ਦੀ ਸਾਧਨਾ ਕਰਨ ਵਾਲਿਆਂ ਨੂੰ ਵੀ ਇਹ  ਰਸਤਾ ਕਾਫੀ ਸੌਖਾ ਲੱਗਦਾ ਸੀ। ਇਹ ਇੱਕ ਹਕੀਕਤ ਹੈ ਕਿ ਬਹੁਤ ਸਾਰੇ ਨਿੱਤਨੇਮੀ ਸਿੱਖ ਵੀ ਖੁਦ ਨੂੰ ਸਨਾਤਨੀ ਸਿੱਖ ਅਖਵਾਉਂਦੇ ਰਹੇ ਹਨ। ਕੁੰਭ ਦੇ ਮੇਲੇ ਅਤੇ ਕੁੰਭੀਆਂ ਦੇ ਮੇਲੇ ਜਾਣਾ ਉਹਨਾਂ ਦੀ ਰਵਾਇਤ ਵੀ ਰਹੀ। ਹਰਿਦੁਆਰ ਅਤੇ ਹਰਿ ਕੀ ਪੌੜੀ ਨਾਲ ਬਹੁਤ ਜਜ਼ਬਾਤੀ ਜਿਹਾ ਸੰਬੰਧ ਵੀ ਰਿਹਾ। ਗੰਗਾ ਇਸ਼ਨਾਨ ਨਨ ਬਹੁਤ ਮਹੱਤਵ ਪੂਰਨ ਸਮਝਿਆ ਜਾਂਦਾ। ਅਜਿਹੇ ਸਿੱਖ ਪਰਿਵਾਰਾਂ ਨੂੰ ਯੋਗੀ ਭਜਨ ਹੁਰਾਂ ਦੇ ਲਾਈਫ ਸਟਾਈਲ ਵਿੱਚ ਆ ਕੇ ਬਹੁਤ ਚੰਗਾ ਚੰਗਾ ਵੀ ਲੱਗਦਾ। ਉਂਝ ਵੀ ਵਿਅਕਤੀ ਦੀ ਸਮਝ, ਕਾਬਲੀਅਤ ਅਤੇ ਪ੍ਰਤਿਭਾ ਦੇ ਮੁਤਾਬਿਕ ਉਸਨੂੰ ਕੰਮਕਾਜ ਵੀ ਮਿਲ ਜਾਂਦਾ ਸੀ ਜਿਹੜਾ ਇੱਕ ਚੰਗਾ ਰੋਜ਼ਗਾਰ ਵੀ ਸਾਬਿਤ ਹੁੰਦਾ। ਉਹਨਾਂ ਦੀ ਜ਼ਿੰਦਗੀ ਆਰਥਿਕ ਤੰਗੀਆਂ ਅਤੇ ਮਾਨਸਿਕ ਉਲਝਨਾਂ ਤੋਂ ਬਹੁਤ ਦੂਰ ਰਹਿੰਦੀ। ਇਹਨਾਂ ਸਾਰਿਆਂ ਦੀ ਰਹਿਣੀ ਬਹਿਣੀ ਦੇਖ ਕੇ ਲੱਗਦਾ ਸੀ ਕਿ ਜਿਵੇਂ ਇਹ ਸਾਰੇ ਕਿਸੇ ਸਵਰਗ ਲੋਕ ਦੇ ਵਾਸੀ ਹਨ। 

ਪ੍ਰਸਿੱਧ ਇਤਿਹਾਸਕਾਰ ਅਨੁਰਾਗ ਸਿੰਘ ਹੁਰਾਂ ਨੇ ਯੋਗੀ ਭਜਨ ਦੇ ਤਾਂਤਰਿਕ ਢੰਗ ਤਰੀਕਿਆਂ ਨੂੰ ਦਰਸਾਉਂਦੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ ਜਿਹੜੀ ਯੋਗੀ ਜੀ ਦੇ ਖਾਲਸੇ ਦੀ ਪਹੁੰਚ ਅਤੇ ਲਾਈਫ ਸਟਾਈਲ ਵੱਲ ਇਸ਼ਾਰਾ ਕਰਦੀ ਹੈ। ਹੁਣ ਯੋਗੀ ਜਿਸਮਾਨੀ ਤੌਰ 'ਤੇ ਇਸ ਦੁਨੀਆ ਵਿੱਚ ਨਹੀਂ ਰਹੇ। ਇਸ ਲਈ ਇਹ ਸੁਆਲ ਵੀ ਅਹਿਮ ਬਣ ਜਾਂਦਾ ਹੈ ਕਿ ਉਹਨਾਂ ਤੋਂ ਬਾਅਦ ਤੰਤ੍ਰੰ ਮੰਤਰਾਂ ਵਾਲੇ ਇਸ ਖਾਲਸੇ ਦੀ ਗਿਣਤੀ ਵੱਧ ਰਹੀ ਹੈ ਜਾਣਾ ਘੱਟ ਰਹੀ ਹੈ। ਸਿੱਖ ਸੰਗਤਾਂ ਸਮੇਤ ਇਸ ਸਾਰੇ ਢੰਗ ਤਰੀਕੇ ਸੀ ਕਿੰਨੀ ਕੁ ਲੋੜ ਹੈ ਅਤੇ ਇਹਨਾਂ ਰਸਤਿਆਂ ਰਹਿਣ ਸਿੱਖੀ ਦੀ ਵਿਲੱਖਣਤਾ ਨੂੰ ਕਿੰਨਾ ਕੁ ਖਤਰਾ ਹੈ?

ਇਸ ਸਬੰਧੀ ਪ੍ਰੋਫੈਸਰ ਅਨੁਰਾਗ ਸਿੰਘ ਹੁਰਾਂ ਦੀ ਪੋਸਟ ਧਿਆਨ ਮੰਗਦੀ ਹੈ। 

No comments: