Received from M P Singh Khalsa on Sunday 17th August 2025 at 18:11 Regarding Red Fort News
ਕਿਹਾ-ਕਿਰਪਾਨ ਕਿਓਂ ਪਾਈ ਹੋਈ ਹੈ?ਐਡਵੋਕੇਟ ਧਾਮੀ ਨੇ ਕੀਤੀ ਸਖਤ ਨਿੰਦਾ
ਨਵੀਂ ਦਿੱਲੀ:17 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ’ਤੇ ਹੋ ਰਹੇ ਸਮਾਗਮ ਵਿੱਚ ਵਿਸ਼ੇਸ਼ ਸੱਦੇ ’ਤੇ ਗਏ ਨਾਭਾ ਨੇੜਲੇ ਪਿੰਡ ਦੇ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਸ. ਗੁਰਧਿਆਨ ਸਿੰਘ ਨੂੰ ਕਿਰਪਾਨ ਕਾਰਨ ਦਾਖ਼ਲ ਹੋਣ ਤੋਂ ਰੋਕਣ ਦੀ ਕਰੜੀ ਨਿੰਦਾ ਕਰਦਿਆਂ ਇਸ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਰੀ ਇੱਕ ਬਿਆਨ ਵਿੱਚ ਆਖਿਆ ਕਿ ਸ. ਗੁਰਧਿਆਨ ਸਿੰਘ ਵਿਸ਼ੇਸ਼ ਸੱਦੇ ’ਤੇ ਬੁਲਾਇਆ ਹੋਣ ਦੇ ਬਾਵਜੂਦ ਵੀ ਧਾਰਮਿਕ ਚਿੰਨ੍ਹ ਕਿਰਪਾਨ ਕਾਰਨ ਅੰਦਰ ਜਾਣ ਤੋਂ ਰੋਕਣਾ ਆਪਣੇ ਹੀ ਦੇਸ਼ ਅੰਦਰ ਬੇਗਾਨਗੀ ਵਾਲਾ ਵਿਹਾਰ ਹੈ ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋਹੜੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਪ੍ਰੰਤੂ ਦੇਸ਼ ਅਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਹਮੇਸ਼ਾ ਵਿਤਕਰੇ ਹੋ ਰਹੇ ਹਨ। ਦੇਸ਼ ਦੇ ਸੰਵਿਧਾਨ ਵਿੱਚ ਮਿਲੇ ਹੱਕਾਂ ਤੋਂ ਵੀ ਸਿੱਖਾਂ ਨੂੰ ਵਾਂਝਿਆਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹਾ ਅਜ਼ਾਦੀ ਦਿਹਾੜਾ ਹੈ, ਜਿਸ ਵਿਚ ਦੇਸ਼ ਦੇ ਬਸ਼ਿੰਦਿਆਂ ਨੂੰ ਆਪਣੀਆਂ ਧਾਰਮਿਕ ਪਰੰਪਰਾਵਾਂ ਨਿਭਾਉਣ ਤੋਂ ਵੀ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜ ਕਕਾਰ ਸਿੱਖ ਰਹਿਣੀ ਦਾ ਅਹਿਮ ਹਿੱਸਾ ਹਨ ਜਿਸ ਨੂੰ ਸਿੱਖ ਕਦੇ ਵੀ ਜੁਦਾ ਨਹੀਂ ਕਰ ਸਕਦਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਨਾ ਕਰੇ।
No comments:
Post a Comment