Updated on 12th June 2023 06:18 AM
ਅਤੀਤ 'ਤੇ ਰੀਵਿਊ ਕਰਕੇ ਸਬਕ ਸਿੱਖਣ ਦੀ ਲੋੜ ਅੱਜ ਜ਼ਿਆਦਾ ਤਿੱਖੀ ਹੋਈ ਹੈ
ਕੌਮੀ ਇਨਸਾਫ ਮੋਰਚੇ ਵਿਚ ਸੰਗਤਾਂ ਦੀ ਕਮੀ ਚਿੰਤਾਜਨਕ ਹੱਦ ਤੱਕ ਵਧੀ ਹੋਈ ਹੈ। ਪਰ ਕੀ ਕਿਸੇ ਨੂੰ ਵੀ ਇਸ ਬਾਰੇ ਸੱਚਮੁੱਚ ਕੋਈ ਚਿੰਤਾ ਹੈ? ਜੇ ਹੈ ਤਾਂ ਕੀ ਕੁਝ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਇਸ ਸਥਿਤੀ ਨੂੰ ਮੁੜ ਚੜ੍ਹਦੀ ਕਲਾ ਵਿਚ ਲਿਜਾਣ ਲਈ? ਮਾਮਲਾ ਪੰਥ ਅਤੇ ਪੰਜਾਬ ਦਾ ਹੈ ਇਸ ਲਈ ਚੜ੍ਹਦੀ ਕਲਾ ਵਿਚ ਤਾਂ ਜਾਏਗਾ ਹੀ ਪਰ ਕੀ ਅਸੀਂ ਸਾਰੇ ਆਪਣੇ ਫਰਜ਼ ਨਿਭਾਉਣ ਲਈ ਤਿਆਰ ਹਾਂ? ਇਸ ਬਾਰੇ ਚਰਚਾ ਕੀਤੀ ਜਾ ਰਹੀ ਹੈ ਇਸ ਹਥਲੀ ਲਿਖਤ ਵਿੱਚ।
ਉਦੋਂ ਸੰਨ 2022 ਵਾਲੇ ਦਸੰਬਰ ਮਹੀਨੇ ਦੇ ਆਖ਼ਿਰੀ ਦਿਨ ਚੱਲ ਰਹੇ ਸਨ। ਮੋਹਾਲੀ ਅਤੇ ਚੰਡੀਗੜ੍ਹ ਦੇ ਆਲੇ ਦੁਆਲੇ ਵਾਲੇ ਇਲਾਕਿਆਂ ਵਿੱਚ ਵੀ ਸਿੱਖ ਕੈਦੀਆਂ ਦੀ ਰਿਹਾਈ ਵਾਲੀ ਮੰਗ ਉਠਾਉਣ ਵਾਲੇ ਮੋਰਚੇ ਦੀ ਸ਼ੁਰੂਆਤ ਹੋਣ ਲੱਗ ਪਈ ਸੀ। ਮੋਹਾਲੀ ਵਾਲੇ ਇਸ ਮੋਰਚੇ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਉਹਨਾਂ ਦਿਨਾਂ ਵਿੱਚ ਇਹ ਮੋਰਚਾ ਦਿੱਲੀ ਵਿੱਚ ਵੀ ਚੱਲ ਰਿਹਾ ਸੀ ਜਿਹੜਾ ਇੱਕ ਮਹੀਨਾ ਅਤੇ ਇੱਕ ਦਿਨ ਚੱਲਿਆ। ਇਸ ਮੋਰਚੇ ਅਤੇ ਇਸਦੀਆਂ ਮੰਗਾਂ ਨਾਲ ਨੇੜਿਉਂ ਜੁੜੇ ਹੋਏ ਇੱਕ ਸਿੱਖ ਆਗੂ ਨੇ ਦਸਿਆ ਕਿ ਇੱਕ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਇੱਕ ਮੁਲਾਕਾਤ ਦੌਰਾਨ ਹੁਕਮ ਦਿੱਤਾ ਕਿ ਸਿੱਖ ਬੰਦੀਆਂ ਦੀ ਰਿਹਾਈ ਲਈ ਵੱਖ ਵੱਖ ਥਾਂਵਾਂ ਤੇ ਚੱਲ ਰਹੇ ਸਭ ਮੋਰਚੇ ਖਤਮ ਕਰ ਕੇ ਚੰਡੀਗੜ੍ਹ ਮੋਹਾਲੀ ਵਾਲੇ ਬਾਰਡਰ ਤੇ ਇੱਕੋ ਇੱਕ ਵੱਡਾ ਅਤੇ ਸਾਂਝਾ ਮੋਰਚਾ ਲਾਇਆ ਜਾਵੇ।
ਇਸ ਹੁਕਮ ਦੇ ਨਾਲ ਹੀ ਦਸੰਬਰ ਮਹੀਨੇ ਵਿੱਚ ਹੀ ਸਰਗਰਮੀਆਂ ਤੇਜ਼ ਹੋ ਗਈਆਂ ਸਨ ਅਤੇ ਸੱਤ ਜਨਵਰੀ 2023 ਤੋਂ ਮੋਹਾਲੀ ਵਾਲੇ ਮੋਰਚੇ ਦੇ ਆਰੰਭ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ। ਥਾਂ ਥਾਂ ਬੈਨਰ ਅਤੇ ਪੋਸਟਰ ਲੱਗ ਗਏ ਸਨ। ਸੰਗਤਾਂ ਵਿਚ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਦੇਖਿਆ ਜਾਣ ਲੱਗ ਪਿਆ ਸੀ। ਉਸ ਐਲਾਨੀ ਹੋਈ ਤਾਰੀਖ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਬਾਕਾਇਦਾ ਇੱਕ ਮਾਰਚ ਵੀ ਸ਼ੁਰੂ ਕੀਤਾ ਗਿਆ ਜਿਸ ਵਿਚ ਸੰਗਤਾਂ ਦਾ ਜੋਸ਼ੋ ਖਰੋਸ਼ ਦੇਖਣ ਵਾਲਾ ਸੀ। ਇਸ ਐਲਾਨ ਨੂੰ ਸੰਗਤਾਂ ਦਾ ਹੁੰਗਾਰਾ ਵੀ ਜ਼ਬਰਦਸਤ ਮਿਲਿਆ।
ਸਿਆਸੀ ਸਰਗਰਮੀਆਂ ਤੇ ਨਜ਼ਰ ਰੱਖਣ ਵਾਲਿਆਂ ਨੂੰ ਉਦੋਂ ਇਹ ਵੀ ਲੱਗਿਆ ਕਿ ਸ਼ਾਇਦ ਇਹ ਮੋਰਚਾ ਦਿੱਲੀ ਵਾਲੇ ਕਿਸਾਨ ਮੋਰਚੇ ਦੀ ਤਰਜ਼ ਤੇ ਹੁਣ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ ਹੈ। ਇਹ ਵੀ ਲੱਗਦਾ ਸੀ ਕਿ ਸ਼ਾਇਦ ਇਸ ਬਹਾਨੇ ਪੰਥਕ ਧਿਰਾਂ ਵੀ ਖੱਬੀਆਂ ਧਿਰਾਂ ਸਾਹਮਣੇ ਆਪਣੇ ਸ਼ਕਤੀ ਪ੍ਰਦਰਸ਼ਨ ਦੀ ਕੋਸ਼ਿਸ਼ ਵਿੱਚ ਹਨ। ਇੱਕ ਚਰਚਾ ਜਿਹੀ ਉੱਠੀ ਸੀ ਕਿ ਮੋਹਾਲੀ ਵਿੱਚ ਅਜਿਹੇ ਮੋਰਚੇ ਦਾ ਆਯੋਜਨ ਸ਼ਾਇਦ ਦਿੱਲੀ ਦੇ ਕਿਸਾਨ ਮੋਰਚੇ ਦੌਰਾਨ ਵੱਡੀ ਸ਼ਕਤੀ ਵੱਜੋਂ ਉਭਰ ਕੇ ਸਾਹਮਣੇ ਆਏ ਖੱਬੇ ਪੱਖੀਆਂ ਸਾਹਮਣੇ ਇੱਕ ਵੱਡੀ ਲਕੀਰ ਖਿੱਚਣਾ ਵੀ ਹੋਵੇ।
ਪਰ ਇਹ ਗੱਲਾਂ ਅਤੇ ਸ਼ੰਕੇ ਉਦੋਂ ਨਿਰਮੂਲ ਸਾਬਿਤ ਹੋਏ ਜਦੋਂ ਇਸ ਮੋਰਚੇ ਦੇ ਸਮਰਥਨ ਵਿੱਚ ਨਕਸਲੀਆਂ ਦੀ ਸਰਗਰਮ ਜੱਥੇਬੰਦੀ ਸੀ ਪੀ ਆਈ ਐਮ ਐਲ (ਲਿਬਰੇਸ਼ਨ) ਨੇ ਨਾ ਸਿਰਫ ਮੀਡੀਆ ਬਿਆਨਾਂ ਰਾਹੀਂ ਇਸ ਮੋਰਚੇ ਦੀ ਹਮਾਇਤ ਕੀਤੀ ਬਲਕਿ ਪਾਰਟੀ ਦੇ ਸੀਨੀਅਰ ਲੀਡਰਾਂ ਦਾ ਵਫਦ ਖੁਦ ਵੀ ਇਸ ਮੋਰਚੇ ਵਿਚ ਚੱਲ ਕੇ ਆਇਆ। ਉਸ ਵਫਦ ਵਿੱਚ ਕਾਮਰੇਡ ਰੁਲਦੂ ਸਿੰਘ ਮਾਨਸਾ, ਕਾਮਰੇਡ ਸੁਖਦਰਸ਼ਨ ਨੱਤ, ਇਸੇ ਪਾਰਟੀ ਦੀ ਮਹਿਲਾ ਆਗੂ ਕਾਮਰੇਡ ਜਸਬੀਰ ਕੌਰ ਨੱਤ ਅਤੇ ਕੁਝ ਹੋਰ ਸੀਨੀਅਰ ਲੀਡਰ ਸ਼ਾਮਿਲ ਰਹੇ। ਇਹਨਾਂ ਨੂੰ ਸਟੇਜ ਵੱਲੋਂ ਜੀ ਆਇਆਂ ਵੀ ਕਿਹਾ ਗਿਆ। ਇਸ ਪਾਰਟੀ ਨੇ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਇਹ ਮੰਗ ਵੀ ਉਠਾਈ ਕਿ ਉਹਨਾਂ ਸਮੂਹ ਕੈਦੀਆਂ ਨੂੰ ਰਿਹਾ ਕੀਤਾ ਜਾਵੇ ਜਿਹਨਾਂ ਦੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ। ਜੇਕਰ ਕੌਮੀ ਇਨਸਾਫ ਮੋਰਚੇ ਵਾਲਿਆਂ ਦਾ ਤਾਲਮੇਲ ਸਿਸਟਮ ਸਰਗਰਮ ਰਹਿੰਦਾ ਤਾਂ ਸ਼ਾਇਦ ਚੰਡੀਗੜ੍ਹ ਵਿੱਚ ਹੋਏ ਇੱਕ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਆਏ ਲਿਬਰੇਸ਼ਨ ਦੇ ਕੇਂਦਰੀ ਆਗੂ ਦਿਪਾਂਕਰ ਭੱਟਾਚਾਰੀਆ ਖੁਦ ਵੀ ਮੋਰਚੇ ਵਿਚ ਇਕਜੁੱਟਤਾ ਪ੍ਰਗਟ ਕਰਨ ਲਈ ਪੁੱਜਦੇ।
ਕੁਝ ਦਿਨ ਪਹਿਲਾਂ ਹੀ ਸੀਪੀਆਈ ਐਮ ਐਲ ਨਿਊ ਡੈਮੋਕਰੇਸੀ ਨੇ ਵੀ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।ਇਸ ਤਰ੍ਹਾਂ ਇੱਕ ਹੋਰ ਖੱਬੇਪੱਖੀ ਜਥੇਬੰਦੀ ਸਿੱਖ ਬੰਦਿਆਂ ਨੂੰ ਰਿਹਾਅ ਕਰਨ ਦੀ ਮੰਗ ਦੇ ਮੁੱਦੇ ਤੇ ਮੋਰਚੇ ਨਾਲ ਸਮਰਥਨ ਕਰ ਰਹੀ ਹੈ। ਸਿਆਸੀ ਸਮੀਕਰਣ ਦਿਲਚਸਪ ਵੀ ਹੁੰਦੇ ਜਾ ਰਹੇ ਹਨ।
ਇਸੇ ਦੌਰਾਨ ਸੁਰਖ ਰੇਖਾ ਵਾਲੇ ਨਾਜਰ ਸਿੰਘ ਨੇ ਵੀ ਮੋਰਚੇ ਵਿੱਚ ਆਉਣ ਜਾਣ ਵਧਾਇਆ ਅਤੇ ਮੋਰਚੇ ਦੇ ਕੇਂਦਰੀ ਆਗੂਆਂ ਨਾਲ ਮੁਲਾਕਾਤਾਂ ਵੀ ਕੀਤੀਆਂ। ਉਹ ਵੀ ਸਿੱਖ ਬੰਦੀਆਂ ਦੀ ਰਿਹਾਈ ਦੇ ਮੁੱਦੇ ਤੇ ਕੌਮੀ ਇਨਸਾਫ ਮੋਰਚੇ ਦੇ ਨਾਲ ਹਨ। ਕਈ ਹੋਰ ਮੰਗਾਂ ਬਾਰੇ ਵੀ ਸਹਿਮਤੀ ਬਣ ਰਹੀ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਬਾਦਲ ਪਹਿਲਾਂ ਹੀ ਇਹਨਾਂ ਮੰਗਾਂ ਤੋਂ ਦੂਰੀ ਵਰਗੀ ਸਥਿਤੀ ਬਣਾ ਚੁੱਕਿਆ ਹੋਇਆ ਸੀ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਿੱਖ ਬੰਦੀਆਂ ਦੀ ਰਿਹਾਈ ਦੇ ਮਸਲੇ ਤੇ ਬੋਲਦਿਆਂ ਬਾਕਾਇਦਾ ਸਪਸ਼ਟੀਕਰਨ ਵੀ ਦੇਂਦੇ ਰਹੇ ਕਿ ਉਮਰ ਕੈਦ ਦਾ ਮਤਲਬ ਆਖ਼ਿਰੀ ਸਾਹਾਂ ਤੀਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਹੀ ਹੁੰਦਾ ਹੈ। ਹੁਣ ਦੇਖਣਾ ਹੈ ਕਿ ਵੱਡੇ ਬਾਦਲ ਸਾਹਿਬ ਦੇ ਤੁਰ ਜਾਣ ਮਗਰੋਂ ਪਾਰਟੀ ਨੂੰ ਚਲਾਉਣ ਵਾਲੀ ਲੀਡਰਸ਼ਿਪ ਪੰਜਾਬ ਅਤੇ ਪੰਥ ਦੀਆਂ ਮੰਗਾਂ ਨੰ ਲੈ ਕੇ ਕੀ ਰੁੱਖ ਅਖਤਿਆਰ ਕਰਦੀ ਹੈ?
ਸਮੂਹ ਸਿਆਸੀ ਕੈਦੀਆਂ ਅਤੇ ਬੁਧੀਜੀਵੀਆਂ ਨੂੰ ਰਿਹਾ ਕਰਨ ਦੀ ਮੰਗ ਕਿਸਾਨ ਮੋਰਚੇ ਵਿੱਚ ਵੀ ਉੱਠਦੀ ਰਹੀ ਸੀ। ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀਆਂ ਮੰਗਾਂ ਦਾ ਇਸ਼ਾਰਾ ਖੱਬੇ ਪੱਖੀ ਸੋਚ ਵਾਲੇ ਉਹ ਬੁਧੀਜੀਵੀ ਹੁੰਦੇ ਸਨ ਜਿਹੜੇ ਬਿਰਧ ਅਵਸਥਾ ਦੇ ਬਾਵਜੂਦ ਸਿਆਸੀ ਵਿਚਾਰਾਂ ਦੇ ਵਖਰੇਵਿਆਂ ਕਾਰਣ ਜੇਲ੍ਹਾਂ ਵਿਚ ਹਨ। ਸਟੈਨ ਸਵਾਮੀ ਦੀ ਜੁਡੀਸ਼ਲ ਹਿਰਾਸਤ ਵਿੱਚ ਮੌਤ ਕੋਈ ਛੋਟੀ ਗੱਲ ਨਹੀਂ ਸੀ। ਕੀ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੂੰ 84 ਸਾਲਾਂ ਦੀ ਬਿਰਧ ਅਵਸਥਾ ਵਾਲੇ ਸਟੇਨ ਸਵਾਮੀ ਦੀ ਜੁਡੀਸ਼ਲ ਹਿਰਾਸਤ ਵਿਚ ਮੌਤ ਦੇ ਸੋਗ ਵਿਚ ਸ਼ਾ ਮਿਲ ਹੁੰਦਿਆਂ ਹਾਅ ਦਾ ਨਾਅਰਾ ਨਹੀਂ ਸੀ ਮਾਰਨਾ ਚਾਹੀਦਾ? ਕੀ ਮਨੁੱਖੀ ਅਧਿਕਾਰਾਂ ਬਾਰੇ ਇੱਕਜੁੱਟ ਹੋਏ ਬਿਨਾ ਮਨੁੱਖੀ ਅਧਿਕਾਰਾਂ ਲਈ ਚੱਲਦੇ ਅੰਦੋਲਨ ਜਿੱਤੇ ਜਾ ਸਕਦੇ ਹਨ? ਕੀ ਅਜਿਹੀਆਂ ਮੰਗਾਂ ਦੀ ਪਹੁੰਚ ਸਮੇਂ ਧਾਰਮਿਕ, ਸਮਾਜਿਕ ਜਾਂ ਸਿਆਸੀ ਵਖਰੇਵੇਂ ਸਾਂਝੇ ਅੰਦੋਲਨ ਦੇ ਰਸਤੇ ਵਿਚ ਆਉਣੇ ਚਾਹੀਦੇ ਹਨ?
ਦੂਜੇ ਪਾਸੇ ਪੰਜਾਬ ਵਿੱਚ ਮਸਲਾ ਸਿਰਫ ਸਿੱਖ ਕੈਦੀਆਂ ਦੀ ਰਿਹਾਈ ਦਾ ਨਹੀਂ ਬਲਕਿ ਬੇਅਦਬੀਆਂ ਵਾਲੇ ਉਲਝੇ ਹੋਏ ਹਾਲਾਤਾਂ ਦਾ ਵੀ ਸੀ। ਇਸ ਲਈ ਕੌਮੀ ਇਨਸਾਫ ਮੋਰਚੇ ਵਿਚ ਹੁਣ ਵੀ ਬੇਅਦਬੀਆਂ ਦੀ ਯਾਦ ਦੁਆਉਂਦੇ ਪੋਸਟਰ ਵੱਡੀ ਗਿਣਤੀ ਵਿੱਚ ਕਈ ਥਾਂਈ ਲੱਗੇ ਹੋਏ ਹਨ। ਇਹਨਾਂ ਬੇਅਦਬੀਆਂ ਦੇ ਮਾਮਲਿਆਂ ਕਾਰਨ ਹੀ ਇਸ ਮੋਰਚੇ ਵਿੱਚ ਸ਼ਾਮਲ ਸੰਗਤਾਂ ਵਿੱਚੋਂ ਕੁਝ ਕੁ ਨੇ ਗਰਮ ਰੁੱਖ ਅਖਤਿਆਰ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਬਾਦ ਸਲੂਕੀ ਕੀਤੀ ਅਤੇ ਉਹਨਾਂ ਦੀ ਇਥੇ ਖੜੀ ਗੱਡੀ ਦੀ ਭੰਨਤੋੜ ਵੀ ਕੀਤੀ। ਭੰਨਤੋੜ ਦੀ ਇਸ ਘਟਨਾ ਨੇ ਇੱਕ ਤਾਂ ਇਹ ਇਸ਼ਾਰਾ ਦਿੱਤਾ ਕਿ ਮੋਰਚੇ ਦੀ ਵਾਗਡੋਰ ਸੱਜ ਪਿਛਾਖੜ ਦੀ ਸੋਚ ਵਾਲੇ ਵੀ ਹਾਈਜੈਕ ਕਰ ਸਕਦੇ ਹਨ। ਇਸਦੇ ਨਾਲ ਹੀ ਮੋਰਚੇ ਦੀ ਸਾਖ ਗਰਮ ਧੜੇ ਦੇ ਮੋਰਚੇ ਵੱਜੋਂ ਉਭਾਰ ਕੇ ਵੀ ਸਾਹਮਣੇ ਲਿਆਂਦੀ ਗਈ। ਇਸ ਨਾਲ ਵਿਚਾਰਧਾਰਕ ਵਖਰੇਵੇਂ ਰੱਖਣ ਵਾਲੇ ਇਸ ਮੋਰਚੇ ਵਾਲੀ ਥਾਂ ਜਾਣੋ ਪਰਹੇਜ਼ ਕਰਨਾ ਠੇਕ ਸਮਝਣ ਲੱਗੇ। ਮੀਡੀਆ ਵਿੱਚ ਵੀ ਇਸ ਤਰ੍ਹਾਂ ਦੀ ਸੋਚ ਮਹਿਸੂਸ ਕੀਤੀ ਗਈ।
ਇਸ ਮੋਰਚੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕਿਰਪਾਨਾਂ ਦੀ ਵਿਕਰੀ ਭਾਵੇਂ ਪੰਥਕ ਰਵਾਇਤਾਂ ਦਾ ਹੀ ਹਿਸਾ ਹੈ ਪਰ ਇਸ ਨੇ ਵੀ ਇਸ ਸੋਚ ਨੂੰ ਹਵਾ ਦਿੱਤੀ। ਲੋਕਾਂ ਸਾਹਮਣੇ ਪਹਿਲੀ ਵਾਰ ਆਇਆ ਕਿ ਨਿਹੰਗਾਂ ਅਤੇ ਕੁਝ ਹੋਰ ਸਿੱਖ ਸੰਗਠਨਾਂ ਦੇ ਕਾਰੋਬਾਰੀ ਖੇਤਰ ਵਿਚ ਛੋਟੀਆਂ ਵੱਡੀਆਂ ਕਿਰਪਾਨਾਂ, ਖੰਡਿਆਂ ਅਤੇ ਹੋਰ ਸ਼ਸਤਰਾਂ ਦੀ ਵਿਕਰੀ ਵੀ ਪ੍ਰਮੁੱਖ ਹੁੰਦੀ ਹੈ। ਮੁੱਖ ਸੜਕ ਦੇ ਆਲੇ ਦੁਆਲੇ ਮੈਦਾਨਾਂ ਵਿੱਚ ਬੰਨੇ ਹੋਏ ਘੋੜੇ, ਜੀਪਾਂ ਅਤੇ ਆਪਣੇ ਖੁਲ੍ਹੇ ਡੁੱਲੇ ਅੰਦਾਜ਼ ਨਾਲ ਵਿਚਰਦੇ ਨਿਹੰਗ ਸਿੰਘਾਂ ਨਾਲ ਇੱਕ ਵਿਸ਼ੇਸ਼ ਮਾਹੌਲ ਬਣਦਾ ਰਿਹਾ।
ਸਟਾਲ ਤਾਂ ਕਿਤਾਬਾਂ ਦੀ ਵਿਕਰੀ ਦੇ ਵੀ ਲੱਗੇ ਸਨ ਪਰ ਜਲਦੀ ਹੀ ਬੰਦ ਹੋ ਗਏ। ਲੋਕ ਇਥੇ ਲਾਇਬ੍ਰੇਰੀ ਵੀ ਸ਼ੁਰੂ ਕਰਨਾ ਚਾਹੁੰਦੇ ਸਨ ਪਰ ਪਤਾ ਨਹੀਂ ਗੱਲ ਕਿਓਂ ਸਿਰੇ ਨਹੀਂ ਲੱਗੀ? ਇਸਦੇ ਨਾਲ ਹੀ ਮੈਡੀਕਲ ਸਹਾਇਤਾ ਦੇਣ ਵਾਲੇ ਸਟਾਲ ਵੀ ਲੱਗੇ ਸਨ ਜਿਥੇ ਮਹਿੰਗੀਆਂ ਦਵਾਈਆਂ ਦੇ ਨਾਲ ਨਾਲ ਟੁਥ ਬੁਰਸ਼, ਟੁਥ ਪੋਸਟਾਂ ਅਤੇ ਸਰੋਂ ਦੇ ਤੇਲ ਵਰਗੀਆਂ ਸ਼ੀਸ਼ੀਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਸਨ। ਆਯੁਰਵੈਦ, ਹੋਮਿਓਪੈਥੀ, ਫੁੱਲਾਂ ਵਾਲੀ ਥਰੈਪੀ ਅਤੇ ਦੇਸੀ ਇਲਾਜ ਵੀ ਹੋਇਆ ਕਰਦੇ ਸਨ। ਮਾਲਸ਼ ਨਾਲ ਸਰੀਰ ਨੂੰ ਸੁਰ ਕਰਨ ਵਾਲੇ ਵੀ ਕਾਫੀ ਲੋਕਾਂ ਦਾ ਧਿਆਨ ਖਿੱਚਦੇ ਸਨ। ਸ਼ੂਗਰ, ਬੀ ਪੀ ਅਤੇ ਕਬਜ਼ ਵਰਗੀਆਂ ਸਮਸਿਆਵਾਂ ਦੇ ਇਲਾਜ ਵੀ ਹੋਇਆ ਕਰਦੇ ਸਨ। ਸ਼ੁਰੂ ਸ਼ੁਰੂ ਵਿਚ ਜਲੇਬੀਆਂ, ਸਮੋਸਿਆਂ, ਪਕੌੜਿਆਂ, ਟਿੱਕੀਆਂ, ਬਰੈਡ ਟੋਸਟਾਂ ਅਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਦੇ ਸਟਾਲ ਵੀ ਲੱਗਦੇ ਰਹੇ ਪਰ ਜਦੋਂ ਭਾਈ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਚੱਲੀ ਤਾਂ ਇਥੋਂ ਦਾ ਪੂਰਾ ਇਲਾਕਾ ਵੀ ਪੁਲਿਸ ਛਾਉਣੀ ਬਣ ਗਿਆ ਸੀ। ਉਦੋਂ ਹੀ ਸੰਗਤ ਵੀ ਤੇਜ਼ੀ ਨਾਲ ਘਟਣੀ ਸ਼ੁਰੂ ਹੋਈ ਜਿਹੜੀ ਅਜੇ ਤੀਕ ਮੋਰਚੇ ਵਿਚ ਮੁੜਦੀ ਨਜ਼ਰ ਨਹੀਂ ਆਉਂਦੀ। ਮੀਡੀਆ ਨਾਲ ਤਾਲਮੇਲ ਲਈ ਮੋਰਚੇ ਦਾ ਮੀਡੀਆ ਸੈਲ ਵੀ ਜ਼ਿਆਦਾ ਸਰਗਰਮ ਨਹੀਂ ਹੋ ਸਕਿਆ।
ਇਸੇ ਦੌਰਾਨ ਠਾਕੁਰ ਦਲੀਪ ਸਿੰਘ ਦੇ ਨਾਮਧਾਰੀ ਪੈਰੋਕਾਰਾਂ ਨੇ ਵੀ ਵਾਈ ਪੀ ਐਸ ਚੌਂਕ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਆਪਣਾ ਸਟਾਲ ਲਗਾਇਆ ਸੀ ਜਿਹੜਾ ਕਾਫੀ ਦੇਰ ਇਥੇ ਮੌਜੂਦ ਵੀ ਰਿਹਾ ਵੀ। ਉਹਨਾਂ ਆਪਣੀ ਮਰਿਯਾਦਾ ਵਾਲੇ ਲੰਗਰ ਅਤੇ ਚਾਹ ਪਾਣੀ ਨਾਲ ਵੀ ਆਉਂਦੀਆਂ ਜਾਂਦੀਆਂ ਸੰਗਤਾਂ ਦੀ ਸੇਵਾ ਕੀਤੀ। ਉਹਨਾਂ ਨਾਮਧਾਰੀਆਂ ਨੂੰ ਵੀ ਸਟੇਜ ਤੇ ਬੁਲਾ ਕੇ ਕਦੇ ਦਿਲ ਨਾਲ ਜੋੜਨ ਵਰਗੀ ਕੋਈ ਗੱਲ ਨਾ ਕੀਤੀ ਗਈ। ਦੋ ਕੁ ਮਹੀਨੇ ਮਗਰੋਂ ਇੱਕ ਦਿਨ ਉਹਨਾਂ ਵੀ ਇਥੋਂ ਵਾਪਿਸ ਮੁੜਨ ਦਾ ਫੈਸਲਾ ਕੀਤਾ ਅਤੇ ਚਾਰ ਕੁ ਦਿਨਾਂ ਵਿਚ ਹੀ ਉਹਨਾਂ ਆਪਣਾ ਸਟਾਲ ਵੀ ਪੁੱਟ ਲਿਆ। ਕਿਸੇ ਨੇ ਵੀ ਉਹਨਾਂ ਨੂੰ ਰਸਮੀ ਤੌਰ ਤੇ ਨਹੀਂ ਰੋਕਿਆ ਕਿ ਅਜੇ ਦੋ ਚਾਰ ਦਿਨ ਹੋਰ ਰੁਕ ਜਾਓ। ਇਸ ਤਰ੍ਹਾਂ ਜਾਣ ਵਾਲੀਆਂ ਸੰਗਤਾਂ ਹੋਲੀ ਹੋਲੀ ਘਰਾਂ ਨੂੰ ਪਰਤ ਗਈਆਂ ਜਾਂ ਆਪੋ ਆਪਣੇ ਕੰਮਾਂ ਕਾਰਣ ਵੱਲ। ਮੋਰਚੇ ਦਾ ਸਵਾਗਤ ਸੈਲ ਹਰ ਪਲ ਸਰਗਰਮ ਰਹਿਣਾ ਛਾਇਦਾ ਸੀ ਜਿਹੜਾ ਹਰ ਸਮਰਥਕ ਅਤੇ ਹਰ ਆਉਣ ਵਾਲੇ ਨੂੰ ਜੀ ਆਈਆਂ ਆਖਦਾ, ਬੰਦੀ ਸਿੰਘਾਂ ਦੀ ਜਾਣਕਾਰੀ ਦੇਂਦਾ ਅਤੇ ਇਸ ਮਕਸਦ ਲਈ ਬਾਕਾਇਦਾ ਰਜਿਸਟਰ ਬਣਾ ਕੇ ਉਹਨਾਂ ਦੇ ਦਸਖਤ ਵੀ ਲੈਂਦਾ। ਇਸ ਮਕਸਦ ਲਈ ਰੋਜ਼ਾਨਾ ਤਸਵੀਰਾਂ ਵੀ ਖਿੱਚੀਆਂ ਜਾਂਦੀਆਂ ਅਤੇ ਆਉਣ ਵਾਲਿਆਂ ਦੇ ਵਿਚਾਰਾਂ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਂਦੀ ਤਾਂ ਨਤੀਜੇ ਚੰਗੇ ਹੀ ਨਿਕਲਣੇ ਸਨ। ਪਾਰ ਇਹ ਸਭ ਨਹੀਂ ਹੋ ਸਕਿਆ। ਹੋਲੀ ਹੋਲੀ ਸੁੰਨਸਾਨ ਹੋਣ ਦਾ ਸਿਲਸਿਲਾ ਵਧਦਾ ਚਲਾ ਗਿਆ।
ਇਸ ਹਕੀਕਤ ਦੇ ਬਾਵਜੂਦ ਅਜੇ ਵੀ ਸਥਿਤੀ ਜ਼ਿਆਦਾ ਨਹੀਂ ਵਿਗੜੀ। ਇਥੋਂ ਚਲੀਆਂ ਗਈਆਂ ਸੰਗਤਾਂ ਦੇ ਮਹਿੰਗੀਆਂ ਟਰਾਲੀਆਂ ਵਿਚ ਬਣੇ ਨਿਵਾਸ ਅਜੇ ਵੀ ਇਥੇ ਹੀ ਹਨ। ਇਹ ਗੱਲ ਵੱਖਰੀ ਹੈ ਕਿ ਇਹਨਾਂ ਨੂੰ ਤਾਲੇ ਲੱਗੇ ਹੋਏ ਹਨ। ਪੱਕੇ ਮੋਰਚਿਆਂ ਦੌਰਾਨ ਅਜਿਹੀਆਂ ਸਥਿਤੀਆਂ ਬਣਦੀਆਂ ਵੀ ਹੁੰਦੀਆਂ ਹਨ। ਇੱਕ ਸ਼ਿਅਰ ਯਾਦ ਆ ਰਿਹਾ ਹੈ:
ਮਾਨਾ ਕਿ ਤਬਾਹੀ ਮੈਂ ਕੁਛ ਹਾਥ ਹੈ ਦੁਸ਼ਮਨ ਕਾ!
ਪਰ ਚਾਲ ਕਿਆਮਤ ਕੀ ਅਪਨੇ ਭੀ ਤੋਂ ਚਲਤੇ ਹੈਂ!
ਇਹ ਚਾਲ ਕੀ ਹੈ ਅਤੇ ਕਿਸਦੀ ਹੈ-ਇਸਨੂੰ ਲੱਭਣਾ ਅਗਵਾਈ ਕਰ ਰਹੀ ਟੀਮ ਦੀ ਜ਼ਿੰਮੇਵਾਰੀ ਵੀ ਹੈ ਅਤੇ ਲੋੜ ਵੀ। ਅਜਿਹੀਆਂ ਚਾਲਾਂ ਅਕਸਰ ਚੱਲੀਆਂ ਜਾਂਦੀਆਂ ਹਨ। ਇਹ ਕੋਈ ਨਵੀਂ ਗੱਲ ਨਹੀਂ। ਇਹਨਾਂ ਚਾਲਾਂ 'ਤੇ ਨਜ਼ਰ ਰੱਖਣਾ ਮੋਰਚਿਆਂ ਚਲਾਉਣ ਵਾਲਿਆਂ ਲਈ ਬੇਹੱਦ ਜ਼ਰੂਰੀ ਵੀ ਹੁੰਦਾ ਹੈ।
ਅਖੀਰ ਵਿੱਚ ਸਿਰਫ ਅਤੀਤ ਦੀ ਇੱਕ ਗੱਲ। ਜਦੋਂ ਅੱਸੀਵਿਆਂ ਦੌਰਾਨ ਧਰਮ ਯੁੱਧ ਮੋਰਚਾ ਕਮਜ਼ੋਰ ਪੈਣ ਲੱਗਿਆ ਤਾਂ ਇਸ ਤਰ੍ਹਾਂ ਦੇ ਖਦਸ਼ਿਆਂ ਦਾ ਅਹਿਸਾਸ ਪੈਦਾ ਹੁੰਦਾ ਜਾਪਦਾ ਸੀ ਕਿ ਇਹ ਚਾਲਾਂ ਅਤੇ ਸਾਜ਼ਿਸ਼ਾਂ ਕਿਧਰੇ ਕੋਈ ਵੱਡਾ ਨੁਕਸਾਨ ਹੀ ਨਾ ਕਰ ਜਾਣ। ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇੱਕ ਜਨਤਕ ਐਲਾਨ ਕੀਤਾ ਸੀ ਕਿ ਜੇਕਰ ਮੋਰਚਾ ਫੇਲ੍ਹ ਹੋ ਗਿਆ ਤਾਂ ਇਹ ਨਾ ਸਮਝਿਓ ਕਿ ਲੌਂਗੋਵਾਲ ਦੀ ਪੱਗ ਲੱਥੇਗੀ ਜਾਂ ਭਿੰਡਰਾਂਵਾਲੇ ਦੀ ਪੱਗ ਲੱਥੇਗੀ। ਜੇਕਰ ਮੋਰਚਾ ਫੇਲ੍ਹ ਹੋਇਆ ਤਾਂ ਪੱਗ ਸਮੁੱਚੇ ਪੰਥ ਦੀ ਲੱਥੇਗੀ। ਇਸ ਭਾਵਨਾ ਨਾਲ ਹੀ ਬਣ ਸਕੇਗੀ ਕੋਈ ਉਸਾਰੂ ਗੱਲ। ਮੋਰਚਾ ਫੇਲ੍ਹ ਹੋਇਆ ਤਾਂ ਇਸਦਾ ਮਾੜਾ ਅਸਰ ਪੂਰੇ ਪੰਜਾਬ ਦੇ ਸਾਹਮਣੇ ਆਵੇਗਾ। ਸਿਰ ਜੋੜ ਕੇ ਬੈਠਣ ਅਤੇ ਸੋਚਣ ਦੀ ਲੋੜ ਵਧੀ ਹੋਈ ਹੈ।
ਕੀ ਹੁਣ ਕੌਮੀ ਇਨਸਾਫ ਮੋਰਚੇ ਨੂੰ ਚਲਾ ਰਹੀ ਟੀਮ ਦੇ ਦਿਲ ਦਿਮਾਗ ਵਿਚ ਇਹੀ ਭਾਵਨਾ ਅੱਜ ਵੀ ਹੈ ਕਿ ਜੇਕਰ ਮੋਰਚਾ ਫੇਲ੍ਹ ਹੋਇਆ ਤਾਂ ਪੱਗ ਸਮੁੱਚੇ ਪੰਥ ਦੀ ਲੱਥੇਗੀ? ਕੁਝ ਹੋਰ ਗੱਲਾਂ ਜਲਦੀ ਹੀ ਕਿਸੇ ਵੱਖਰੀ ਪੋਸਟ ਵਿੱਚ ਕਰਦੇ ਹਾਂ।
ਸਮਾਜਿਕ ਚੇਤਨਾ ਅਤੇ ਜਨ-ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment