Saturday, December 31, 2022

ਅਣਪਛਾਤਿਆਂ ਦੇ ਖਿਲਾਫ ਹੁਣ ਮੋਹਾਲੀ ਵਿੱਚ ਵੀ ਸਖਤੀ ਦੀ ਕਵਾਇਦ ਸ਼ੁਰੂ

31st December 2022 at 04:16 PM

ਕਿਰਾਏਦਾਰਾਂ/ਨੌਕਰਾਂ/ਪੇਇੰਗ ਗੈਸਟ ਦੀ ਸੂਚਨਾ,ਪੁਲਿਸ ਥਾਣੇ ਦੇਣ ਦੇ ਹੁਕਮ

ਐਸ .ਏ.ਐਸ.ਨਗਰ: 31 ਦਸੰਬਰ 2022: (ਮੋਹਾਲੀ ਸਕਰੀਨ//ਪੰਜਾਬ ਸਕਰੀਨ ਬਿਊਰੋ):: 

ਅਮਨ ਕਾਨੂੰਨ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਹੁਣ ਮੋਹਾਲੀ ਜ਼ਿਲੇ ਵਿੱਚ ਵੀ ਸਖਤੀ ਦੀ ਕਵਾਇਦ ਸ਼ੁਰੂ ਹੋ ਗਈ ਹੈ। ਉਹ ਲੋਕ ਜਿਹੜੇ ਹੁਣ ਤੱਕ ਪੁਲਿਸ ਦੀਆਂ ਨਜ਼ਰਾਂ ਤੋਂ ਲੁੱਕ ਲੂਕਾ ਕੇ ਕਿਸੇ ਨ ਕਿਸੇ ਮਕਾਨ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਹੁਣ ਉਹਨਾਂ ਦੀ ਸ਼ਾਮਤ ਆਈ ਸਮਝੋ। ਪੁਲਿਸ ਅਤੇ ਪ੍ਰਸ਼ਾਂਸਨ ਇਸ ਮਕਸਦ ਲਈ ਪੂਰੀ ਤਰ੍ਹਾਂ ਤਿਆਰ ਹੈ।  

 ਸ਼੍ਰੀ ਅਮਿਤ ਤਲਵਾੜ ਆਈ.ਏ.ਐਸ ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਇਹ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਮਿਊਂਸਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ਕਿਰਾਏਦਾਰ/ਨੌਕਰ/ਪੇਇੰਗ ਗੈਸਟ ਰੱਖੇਗਾ ਤਾਂ ਮਕਾਨ ਮਾਲਕ ਉਸ ਦੀ ਸੂਚਨਾ ਇੱਕ ਹਫਤੇ ਦੇ ਅੰਦਰ ਅੰਦਰ ਪੁਲਿਸ ਥਾਣੇ ਵਿੱਚ ਜਮ੍ਹਾਂ ਕਰਵਾਏਗਾ। 

ਜਿਨ੍ਹਾਂ ਮਕਾਨ ਮਾਲਕਾਂ ਨੇ ਅਜੇ ਤੱਕ ਕਿਰਾਏਦਾਰ/ਨੌਕਰ/ਪੇਇੰਗ ਗੈਸਟ ਰੱਖੇ ਹੋਏ ਹਨ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ, ਉਹ ਵੀ ਇਹ ਸੂਚਨਾ ਇਸ ਹੁਕਮ ਦੇ ਜਾਰੀ ਹੋਣ ਦੀ ਮਿਤੀ ਤੋਂ ਇੱਕ ਹਫਤੇ ਦੇ ਅੰਦਰ ਅੰਦਰ ਪੁਲਿਸ ਥਾਣੇ ਵਿਖੇ ਜਮ੍ਹਾਂ ਕਰਵਾਉਣ ਲਈ ਪਾਬੰਦ ਹੋਣਗੇ ਅਤੇ ਭਵਿਖ ਵਿੱਚ ਵੀ ਜੇਕਰ ਕੋਈ ਮਕਾਨ ਮਾਲਕ ਕਿਰਾਏਦਾਰ/ਨੌਕਰ/ਪੇਇੰਗ ਗੈਸਟ ਰਖੇਗਾ ਤਾਂ ਉਸਦੀ ਸੂਚਨਾ ਇੱਕ ਹਫਤੇ ਦੇ ਅੰਦਰ ਅੰਦਰ ਪੁਲਿਸ ਥਾਣੇ ਵਿੱਚ ਜਮ੍ਹਾ ਕਰਵਾਉਣ ਦਾ ਪਾਬੰਦ ਹੋਵੇਗਾ। 

ਇਹ ਹੁਕਮ 30 ਦਸੰਬਰ 2022 ਤੋਂ ਲੈ ਕੇ 27 ਫਰਵਰੀ 2023 ਤੱਕ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਤੁਰੰਤ ਅਸਰ ਨਾਲ ਲਾਗੂ ਰਹਿਣਗੇ। ਸਬੰਧਤ ਉਪ ਮੰਡਲ ਮੈਜਿਸਟਰੇਟਰਜ਼ ਇਨ੍ਹਾਂ ਹੁਕਮਾਂ ਦੀ ਸਖਤੀ ਨਾਲ ਇੰਨ-ਬਿੰਨ ਪਾਲਣਾ ਕਰਵਾਉਣ ਲਈ ਲੋੜੀਂਦੀ ਕਾਰਵਾਈ ਕਰਨਗੇ ਅਤੇ ਏਰੀਆ ਦਾ ਮੁੱਖ ਥਾਣਾ ਅਫਸਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਨਿੱਜੀ ਤੌਰ ਤੇ ਜਿੰਮੇਵਾਰ ਹੋਵੇਗਾ। ਬਿਨ੍ਹਾਂ ਸੂਚਨਾ ਤੋਂ ਰੱਖੇ ਗਏ ਕਿਰਾਏਦਾਰ/ ਨੌਕਰ/ ਪੇਇੰਗ ਗੈਸਟ ਦੇ ਘਰਾਂ ਦੀ ਚੈਕਿੰਗ ਕਰਦੇ ਸਮੇਂ ਮਹਿਲਾ ਪੁਲਿਸ ਨੂੰ ਵੀ ਨਾਲ ਰੱਖਿਆ ਜਾਵੇ।

No comments: