Wednesday, July 20, 2022

ਸਕਾਈਲਾਰਕ ਹਾਊਸਿੰਗ ਸੁਸਾਇਟੀ ਦੇ ਵਸਨੀਕ ਆਏ ਮੀਡੀਆ ਸਾਹਮਣੇ

 Wednesday 20th July 2022 at 1:51 PM

ਆਖਿਆ:ਨਰਕ ਵਰਗੀ ਜ਼ਿੰਦਗੀ ਲਈ ਮਜ਼ਬੂਰ ਹਾਂ ਅਸੀਂ 


* ਬਿਲਡਰ 'ਤੇ ਬੁਨਿਆਦੀ ਸਹੂਲਤਾਂ ਮੁਹੱਈਆ ਨਾ ਕਰਾਉਣ ਦਾ ਲਾਇਆ ਦੋਸ਼

* ਲਿਫਟਾਂ ਨਾ ਚੱਲਣ ਕਾਰਨ ਹੁੰਦੀ ਹੈ ਦਿੱਕਤ 

*ਬਜ਼ੁਰਗਾਂ ਅਤੇ ਅੰਗਹੀਣਾਂ ਨੂੰ 5ਵੀਂ ਮੰਜ਼ਿਲ ਤੱਕ ਜਾਣ ਲਈ ਚੜ੍ਹਨਾ ਪੈਂਦਾ ਹੈ ਪੌੜੀਆਂ

ਮੋਹਾਲੀ: 20 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::

ਹਰ ਇਕ ਇਨਸਾਨ ਆਪਣੀ ਜ਼ਿੰਦਗੀ ਭਰ ਦੀ ਕਮਾਈ ਦਾ ਇਕ ਇਕ ਰੁਪਿਆ ਜੋੜ ਕੇ ਘਰ ਬਣਾਉਣ ਦਾ ਸੁਪਨਾ ਦੇਖਦਾ ਹੈ। ਅਜਿਹਾ ਹੀ ਸੁਪਨਾ ਸਕਾਈਲਾਰਕ ਹਾਊਸਿੰਗ ਅਪਾਰਟਮੈਂਟਸ, ਸੈਕਟਰ-115,ਖਰੜ, ਜ਼ਿਲ੍ਹਾ ਮੋਹਾਲੀ ਦੇ ਵਸਨੀਕਾਂ ਨੇ ਇਸ ਸੁਸਾਇਟੀ ਵਿਚ ਫਲੈਟ ਖਰੀਦ ਕੇ ਪੂਰਾ ਵੀ ਕੀਤਾ, ਪਰ ਉਹਨਾਂ ਦਾ ਇਹ ਫੈਸਲਾ ਹੀ ਉਹਨਾਂ ਲਈ ਨਰਕ ਵਰਗੀ ਜ਼ਿੰਦਗੀ ਜਿਊਣ ਵਰਗਾ ਹੋ ਨਿਬੜਿਆ, ਕਿਉਂਕਿ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਕਾਰਨ ਉਹਨਾਂ ਦਾ ਸੁਸਾਇਟੀ ਵਿਚ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। 

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਵਸਨੀਕ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਕਰਨਲ ਬਚਿੱਤਰ ਸਿੰਘ ਨੇ ਦੱਸਿਆ ਕਿ ਲਾਂਡਰਾਂ-ਖਰੜ ਰੋਡ ਉਤੇ ਸਥਿਤ ਸਕਾਈਲਾਰਕ ਹਾਊਸਿੰਗ ਅਪਾਰਟਮੈਂਟ ਪ੍ਰੋਜੈਕਟ 2008-09 ਵਿਚ ਬਿਲਡਰ ਗੁਰਮੁੱਖ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਨੇ ਦਸੰਬਰ 2011 ਵਿਚ ਬਣ ਕੇ ਤਿਆਰ ਹੋਣਾ ਸੀ। ਉਕਤ ਵਸਨੀਕਾਂ ਨੇ ਦੋਸ਼ ਲਾਇਆ ਕਿ ਅੱਜ ਤੱਕ ਉਪਰੋਕਤ ਬਿਲਡਰ ਵਲੋਂ ਇਸ ਰਿਹਾਇਸ਼ੀ ਪ੍ਰੋਜੈਕਟ ਨੂੰ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਪੂਰਾ ਨਹੀਂ ਕੀਤਾ ਅਤੇ ਨਾ ਹੀ ਆਪਣੇ ਵਾਅਦੇ ਮੁਤਾਬਕ ਸੁਸਾਇਟੀ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਸਕਿਆ। ਉਹਨਾਂ ਦੱਸਿਆ ਕਿ ਆਪਣੀਆਂ ਮੁਸ਼ਕਿਲਾਂ ਸਬੰਧੀ ਅਸੀਂ ਪਿਛਲੇ 11 ਸਾਲਾਂ ਤੋਂ ਅਨੇਕਾਂ ਵਾਰ ਬਿਲਡਰ ਨਾਲ ਮੀਟਿੰਗਾਂ ਕਰ ਚੁੱਕੇ ਹਾਂ ਅਤੇ ਉਸ ਨੇ ਹਮੇਸ਼ਾਂ ਹੀ ਉਪਰੋਕਤ ਪ੍ਰੋਜੈਕਟ ਨੂੰ ਸਾਰੀਆਂ ਸਹੂਲਤਾਂ ਅਤੇ ਸੁਵਿਧਾਵਾਂ ਸਹਿਤ ਜਲਦ ਪੂਰਾ ਕਰਨ ਦਾ ਭਰੋਸਾ ਹੀ ਦਿੱਤਾ, ਪਰ ਅਮਲੀ ਤੌਰ 'ਤੇ ਅਜਿਹਾ ਕੁਝ ਨਹੀਂ ਹੁੰਦਾ। ਇਹ ਬਿਲਡਰ ਇਹਨਾਂ  ਸਹੂਲਤਾਂ ਨੂੰ ਮੁਹੱਈਆ ਕਰਾਉਣ ਤੋਂ ਪਾਸਾ ਹੀ ਵੱਟਦਾ ਰਿਹਾ ਹੈ।

ਉਹਨਾਂ ਅੱਗੇ ਦਸਿਆ ਕਿ ਸੁਸਾਇਟੀ ਵਿਚ 7 ਲਿਫਟਾਂ ਲਗਾਉਣ ਦੀ ਵਿਵਸਥਾ ਹੈ, ਪਰ ਇਥੇ 3 ਲਿਫਟਾਂ ਹੀ ਚੱਲ ਰਹੀਆਂ ਹਨ ਅਤੇ ਉਹ ਵੀ ਪਾਵਰ ਬੈਕਅੱਪ ਨਾ ਹੋਣ ਕਰਕੇ ਜ਼ਿਆਦਾਤਰ ਬੰਦ ਜਾਂ ਖ਼ਰਾਬ ਹੀ ਰਹਿੰਦੀਆਂ ਹਨ, ਜਿਸ ਕਰਕੇ ਅਨੇਕਾਂ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਆਪਣੇ ਘਰ ਚੌਥੀ/ਪੰਜਵੀਂ ਮੰਜ਼ਿਲ ਤੱਕ ਪੁੱਜਣ ਲਈ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਉਹਨਾਂ ਸ਼ੱਕ ਜ਼ਾਹਿਰ ਕਰਦਿਆਂ ਦਸਿਆ ਕਿ ਬਿਲਡਰ ਵਲੋਂ ਇਸ ਪ੍ਰੋਜੈਕਟ ਲਈ ਰੇਰਾ ਤੋਂ ਵੀ ਮਨਜੂਰੀ ਨਹੀਂ ਲਈ ਅਤੇ ਨਾ ਹੀ ਸਬੰਧਤ ਅਥਾਰਟੀਆਂ ਵਲੋਂ ਕੰਪਲੀਸ਼ਨ/ਕਿੱਤਾ ਸਰਟੀਫਿਕੇਟ ਹਾਸਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸੁਸਾਇਟੀ ਵਿਚ ਕੋਈ ਅਣਹੋਣੀ ਘਟਨਾ ਵਾਪਰਨ ਦੌਰਾਨ ਅੱਗ ਬੁਝਾਊ ਯੰਤਰ ਤੱਕ ਸਥਾਪਤ ਨਹੀਂ ਕੀਤੇ ਗਏ। ਇਸਦੇ ਨਾਲ ਹੀ ਸੁਸਾਇਟੀ ਵਿਚ ਸੜਕਾਂ ਵਿਚ ਟੋਏ ਪਏ ਹੋਏ ਹਨ ਅਤੇ ਹੁਣ ਬਰਸਾਤੀ ਦਿਨਾਂ ਵਿਚ ਥਾਂ ਥਾਂ ਸੜਕਾਂ ਉਤੇ ਪਾਣੀ ਖੜ੍ਹਨਾ ਅਤੇ ਕੰਪਲੈਕਸ ਵਿਚ ਆਮ ਸਫ਼ਾਈ ਦਾ ਬੁਰਾ ਹਾਲ ਹੈ।

ਉਹਨਾਂ ਆਖ਼ਰ ਵਿਚ ਕਿਹਾ ਅਜਿਹੀ ਸਥਿਤੀ ਵਿਚ ਸੁਸਾਇਟੀ ਵਾਸੀਆਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ ਅਤੇ ਬਿਲਡਰ ਗੁਰਮੁਖ ਸਿੰਘ ਸਾਡੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਹਨਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਬਿਲਡਰ ਵਿਰੁੱਧ ਲੋੜੀਂਦੀ ਸਖ਼ਤ ਕਾਰਵਾਈ ਕਰਦਿਆਂ ਸਾਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਇਆ ਜਾਵੇ ਤਾਂ ਜੋ ਅਸੀਂ ਅਜਿਹੀ ਨਰਕ ਭਰੀ ਜ਼ਿੰਦਗੀ ਜਿਊਣ ਤੋਂ ਰਾਹਤ ਪਾ ਸਕੀਏ।

ਇਸ ਮੌਕੇ ਪ੍ਰਭਜੋਤ ਕੌਰ ਅਤੇ ਕਰਨਲ ਬਚਿੱਤਰ ਸਿੰਘ ਤੋਂ ਇਲਾਵਾ ਮਨੀਸ਼ ਨੰਦਾ, ਮਨਜੀਤ ਸੰਧੂ, ਵਿਸ਼ਾਲ ਥਾਪਰ, ਗਰੁੱਪ ਕੈਪਟਨ ਅਮਰਜੀਤ ਸਿੰਘ ਢਿੱਲੋਂ, ਪਰਮਜੀਤ ਸਿੰਘ ਸੰਧੂ, ਅੰਗਹੀਣ ਵਾਸੀ ਜਤਿੰਦਰ ਸ਼ਰਮਾ ਅਤੇ ਕਮਲ ਚਹਿਲ ਆਦਿ ਹਾਜ਼ਰ ਸਨ।

ਜਦੋਂ ਸੁਸਾਇਟੀ ਵਸਨੀਕਾਂ ਵਲੋਂ ਲਾਏ ਦੋਸ਼ਾਂ ਦੇ ਸਬੰਧ ਵਿਚ ਬਿਲਡਰ ਗੁਰਮੁੱਖ ਸਿੰਘ ਨਾਲ ਦੋ ਵੱਖ ਵੱਖ ਮੋਬਾਇਲ ਫੋਨਾਂ ਉਤੇ ਅਨੇਕਾਂ ਵਾਰ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਆਪਣਾ ਮੋਬਾਇਲ ਚੁੱਕਣਾ ਜ਼ਰੂਰੀ ਨਹੀਂ ਸਮਝਿਆ। 

No comments: