27th April 2022 at 04:37 PM
‘ਖੁਲ੍ਹੇ ਦਰਸ਼ਨ ਦੀਦਾਰੇ’ ਦੀ ਅਰਦਾਸ ਦੇ ਵਿਰੁੱਧ ਹੈ ਇਹ ਸਭ-ਕੇਂਦਰੀ ਸਿੰਘ ਸਭਾ
ਚੰਡੀਗੜ੍ਹ: 27 ਅਪ੍ਰੈਲ 2022: (ਪੰਜਾਬ ਸਕਰੀਨ ਡੈਸਕ)::
ਗੁਰੂ ਦੀ ਬਖਸ਼ੀਸ ਪ੍ਰਾਪਤ ਕਰਨ ਆਏ ਸ਼ਰਧਾਲੂਆਂ ਨੂੰ ਸਕੈਨਿੰਗ ਮਸ਼ੀਨਾਂ ਵਿੱਚੋਂ ਦੀ ਲੰਘਾਉਣਾ ਉਹਨਾਂ ਦੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਣਾ ਹੈ। ਪਹਿਲਾਂ ਹੀ ਮੁੱਖ ਦੁਆਰਾ ਉੱਤੇ ਖੜ੍ਹੇ ਕਈ ਸੇਵਾਦਾਰਾਂ ਦੇ ਰੁਖੇ ਵਤੀਰੇ ਬਾਰੇ ਲਗਾਤਾਰ ਸਰਧਾਲੂਆਂ ਵੱਲੋਂ ਸ਼ਕਾਇਤਾਂ ਆਉਂਦੀਆਂ ਰਹਿੰਦੀਆਂ ਹਨ।
ਹੈਰਾਨੀ ਦੀ ਗੱਲ ਹੈ ਕਿ ਐਗਜ਼ੈਕੁਟਿਵ ਕਮੇਟੀ ਨੇ ਕੱਲ ਦੀ ਮੀਟਿੰਗ ਵਿੱਚ ਪੀਟੀਸੀ ਚੈਨਲ ਵੱਲੋਂ ਗੁਰਬਾਣੀ ਪ੍ਰਸਾਰਣ ਕਰਨ ਦੀ ਅਜਾਰੇਦਾਰੀ ਉੱਤੇ ਸਿੱਖ ਸੰਗਤ ਵੱਲੋਂ ਉਠਾਏ ਵਿਰੋਧ ਉੱਤੇ ਕੋਈ ਗਲਬਾਤ ਨਹੀਂ ਕੀਤੀ। ਅਕਾਲ ਤਖਤ ਦੇ ਜਥੇਦਾਰ ਨੇ 8 ਅਪ੍ਰੈਲ 2022 ਨੂੰ ਐਲਾਨ ਕੀਤਾ ਸੀ ਕਿ ਹਫਤੇ ਦੇ ਅੰਦਰ ਕਮੇਟੀ ਆਪਣਾ ਵੈੱਬ ਸਾਈਟ ਤਿਆਰ ਕਰਕੇ ਖੁਦ ਕਮੇਟੀ ਗੁਰਬਾਣੀ ਪ੍ਰਸਾਰਣ ਕਰਨਾ ਸ਼ੁਰੂ ਕਰੇਗਾ। ਕਮੇਟੀ ਵੱਲੋਂ ਜਥੇਦਾਰ ਦੇ ਐਲਾਨ ਉੱਤੇ ਅਮਲ ਨਾ ਕਰਨ ਵਿਰੁੱਧ ਅੱਠ ਕਮੇਟੀ ਮੈਂਬਰਾਂ ਨੇ ਕੁਝ ਦਿਨ ਪਹਿਲਾਂ ਹੀ ਅਕਾਲ ਤਖਤ ਉੱਤੇ ਯਾਦ ਪੱਤਰ ਦਿੱਤਾ ਹੈ।
ਦਰਅਸਲ, ਸਕੈਨਿੰਗ ਮਸ਼ੀਨਾਂ ਲਾਉਣ ਦਾ ਫੈਸਲਾ ਕੇਂਦਰੀ ਹਿੰਦੂਤਵੀ ਸਰਕਾਰਾਂ ਦੇ ਇਸ਼ਾਰੇ ਉੱਤੇ ਲਏ ਪਹਿਲੇ ਫੈਸਲਿਆਂ ਦੀ ਲੜੀ ਵਿੱਚ ਹੀ ਹੈ। ਜਿਵੇਂ ਦਰਬਾਰ ਸਾਹਿਬ ਦੇ ਫੌਜੀ ਹਮਲੇ ਤੋਂ ਬਾਅਦ ਗਲਿਆਰਾ ਬਣਾਉਣਾ, ਦਰਬਾਰ ਸਾਹਿਬ ਦੇ ਅੰਦਰ ਸੁਹਿਰਦ ਸਿੱਖਾਂ ਵੱਲੋਂ ਧਾਰਮਿਕ ਮਸਲੇ ਉਠਾਉਣ ਤੋਂ ਰੋਕਣ ਲਈ ਹਥਿਆਰਬੰਦ ਸਾਬਕਾ ਸਿੱਖ ਫੌਜੀਆਂ ਦੀ ਟਾਸਕ ਫੋਰਸ ਬਣਾਉਣਾ ਅਤੇ ਪਰਿਕਰਮਾ ਅੰਦਰਲੇ ਕਮਰਿਆਂ ਦੇ ਦਰਵਾਜੇ ਉਤਾਰ ਦੇਣਾ ਆਦਿ।
ਸਕੈਨਿੰਗ ਮਸ਼ੀਨਾਂ ਵਿੱਚੋ ਲੰਘਾਉਣ ਦਾ ਮਤਲਬ ਦਰਬਾਰ ਸਾਹਿਬ ਵਿੱਚ ਦਾਖਲ ਹੋ ਰਹੇ ਸਾਰੇ ਸ਼ਰਧਾਲੂਆਂ ਉੱਤੇ ਸੱਕ ਕਰਨਾ ਅਤੇ ਉਹਨਾਂ ਨੂੰ ਆਉਣ ਤੋਂ ਨਿਰਉਤਸ਼ਾਹਿਤ ਕਰਨਾ ਹੈ। ਪਹਿਲਾਂ ਹੀ, ਸਿੱਖਾਂ ਦੀਆਂ ਅਗਲੀਆਂ ਨੌਜਵਾਨ ਪੀੜੀਆਂ ਸਿੱਖੀ ਤੋਂ ਦੂਰ ਹੋ ਰਹੀਆਂ ਹਨ। ਯਾਦ ਰਹੇ, ਕੁਝ ਸਾਲ ਪਹਿਲਾਂ ਸੁਰੱਖਿਆ ਦਸਤੇ, ਸਿੱਖਾਂ ਦੀ ਤਲਾਸ਼ੀ ਲੈ ਕੇ ਅੰਦਰ ਜਾਣ ਦਿੰਦੇ ਸਨ ਜਿਸਦਾ ਅਕਾਲੀ ਦਲ ਅਤੇ ਹੋਰ ਜਥੇਬੰਦੀਆਂ ਨੇ ਪੂਰਾ ਵਿਰੋਧ ਕੀਤਾ ਸੀ। ਸਕੈਨਿੰਗ ਮਸ਼ੀਨਾਂ ਅੱਜ ਕੱਲ ਦੀ ਉਸੀ ਤਰਜ਼ ਦੀ ਮਜ਼ਬੂਤ ਘੇਰਾਬੰਦੀ ਹੈ ਜਿਸ ਤਰ੍ਹਾਂ ਨਨਕਾਣਾ ਸਾਹਿਬ ਗੁਰਦੁਆਰੇ ਦੇ ਮਹੰਤ ਨਰਾਇਣ ਦਾਸ ਨੇ ਸਿੱਖਾਂ ਨੂੰ 1920 ਵਿੱਚ ਅੰਦਰ ਜਾਣ ਤੋਂ ਰੋਕਣ ਲਈ ਵੱਡੀ ਚਾਰਦਵਾਰੀ/ਦਰਵਾਜ਼ੇ ਖੜ੍ਹੇ ਕੀਤੇ ਸਨ। ਇਓ ਮਹੰਤ ਨੇ ਖੁਲ਼੍ਹੇ ਦਰਸ਼ਨ ਦੀਦਾਰੇ ਉੱਤੇ ਪਾਬੰਦੀ ਲਾ ਦਿੱਤੀ ਸੀ।
ਸਿੰਘ ਸਭਾ, ਪੰਥ ਨੂੰ ਅਪੀਲ ਕਰਦੀ ਹੈ ਕਿ ਕਮੇਟੀ ਨੂੰ ਸਕੈਨਿੰਗ ਮਸ਼ੀਨਾਂ ਲਾਉਣ ਤੋਂ ਰੋਕਿਆ ਜਾਵੇ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ।
No comments:
Post a Comment