Friday, May 28, 2021

ਮਨਜੀਤ ਸਿੰਘ ਜੀਕੇ ਵਾਲੀ ਜਾਗੋ ਪਾਰਟੀ ਨੇ ਕੀਤਾ ਸਟਿੰਗ ਅਪਰੇਸ਼ਨ

 28th May 2021 at 7:22 PM

ਦਿੱਲੀ ਕਮੇਟੀ ਕਰ ਰਹੀ ਹੈ ਦਾਨ ਵਾਲੇ ਕੰਸੰਟਰੇਟਰਾਂ ਨੂੰ  ਬਾਦਲਾਂ ਦੇ ਹਵਾਲੇ? 


ਨਵੀਂ ਦਿੱਲੀ28 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਜੱਥੇਦਾਰ ਸੰਤੋਖ ਸਿੰਘ ਹੁਰਾਂ ਦੇ ਵੇਲਿਆਂ ਵਿੱਚ ਹਿੰਮਤ, ਡੌਲੇ ਅਤੇ ਨੀਤੀ ਦੀ ਤਾਕਤ ਦਾ ਬੋਲਬਾਲਾ ਸੀ। ਸਿਆਸਤ ਵਿੱਚ ਇੱਕ ਦੂਜੇ ਦੇ ਵਿਰੋਧੀ ਵੀ ਇੱਕ ਦੂਜੇ ਦੀ ਕਦਰ ਕਰਦੇ ਸਨ। ਜੱਥੇਦਾਰ ਸੰਤੋਖ ਸਿੰਘ ਬੜੀ ਹੀ ਗੜ੍ਹਕ ਨਾਲ ਆਪਣੀ ਗੱਲ ਆਖਿਆ ਵੀ ਕਰਦੇ ਸਨ ਅਤੇ ਮਨਵਾਇਆ ਵੀ ਕਰਦੇ ਸਨ। ਉਹਨਾਂ ਦੀ ਸ਼ਖ਼ਸੀਅਤ ਦਾ ਰੋਅਬ ਦਾਅਬ ਹੀ ਕੁਝ ਅਜਿਹਾ ਸੀ। 
ਉਹਨਾਂ ਦੇ ਸਾਜ਼ਿਸ਼ੀ ਕਤਲ ਤੋਂ ਬਾਅਦ ਜਿਹੜਾ ਰੁਝਾਨ ਸ਼ੁਰੂ ਹੋਇਆ ਉਸ ਵਿੱਚੋਂ ਉਹ ਸਪਸ਼ਟਵਾਦਿਤਾ ਅਲੋਪ ਹੁੰਦੀ ਚਲੀ ਗਈ। ਇੱਕ ਦੂਜੇ ਪ੍ਰਤੀ ਗਲੀ ਗਲੌਚ ਦਾ ਰੁਝਾਨ ਵੀ ਵਧਣ ਲੱਗ ਪਿਆ। ਦੋ ਸੀਨੀਅਰ ਅਕਾਲੀ ਲੀਡਰ ਜਿੰਨੀ ਸ਼ਰਮਨਾਕ ਬੋਲੀ ਦੀ ਵਰਤੋਂ ਆਪੋ ਆਪਣੀਆਂ ਅਖਬਾਰਾਂ ਵਿੱਚ ਕਰਿਆ ਕਰਦੇ ਸਨ ਉਸਦਾ ਸੰਖੇਪ ਜ਼ਿਕਰ ਕਰਦਿਆਂ ਵੀ ਸ਼ਰਮ ਆਉਂਦੀ ਹੈ। 
ਘੁਟਣ, ਛੀਂਟਾਕਸ਼ੀ, ਬੇਵਫਾਈਆਂ ਦੇ ਇਸ ਦੌਰ ਵਿੱਚ ਹੀ ਜਨਮ ਹੋਇਆ ਸਟਿੰਗ ਓਪ੍ਰੇਸ਼ਨਾਂ ਵਾਲੇ ਸਿਲਸਿਲੇ ਦਾ। ਕੋਬਰਾ ਅਤੇ ਤਹਿਲਕਾ ਵੇਲੇ ਤਾਂ ਸਟਿੰਗ ਇੱਕ ਹਥਿਆਰ ਬਣ ਕੇ ਉਭਰਿਆ। ਰਾਣਾ ਅਯੂਬ ਨੇ ਜਿਹੜੀ ਕਿਤਾਬ ਲਿਖੀ "ਗੁਜਰਾਤ ਫਾਈਲਾਂ" ਉਹ ਬੜੀ ਹੀ ਜਾਂਬਾਜ਼ੀ ਨਾਲ ਕੀਤੇ ਗਏ ਸਟਿੰਗ ਓਪ੍ਰੇਸ਼ਨਾਂ ਵਾਲਿਆਂ ਕ੍ਹਾਣੀਨਾ ਤੇ ਹੀ ਅਧਾਰਿਤ ਸੀ। ਇਸ ਕਿਤਾਬ ਨੇ ਅੱਜ ਦੇ ਨਿਰਾਸ਼ਾਜਨਕ ਅਤੇ ਗੋਦੀ ਮੀਡੀਆ ਵਾਲੇ ਯੁਗ ਵਿੱਚ ਜ਼ਬਰਦਸਤ ਅਤੇ ਧੜੱਲੇ ਵਾਲੀ ਪੱਤਰਕਾਰੀ ਦੀ ਰਵਾਇਤ ਨੂੰ ਮਜ਼ਬੂਤ ਕੀਤਾ। 
ਹੁਣ ਸਿਆਸੀ ਸ਼ਖਸੀਅਤਾਂ ਨੇ ਵੀ ਸਟਿੰਗ ਨੂੰ ਹਥਿਆਰ ਬਣਾ ਕੇ ਆਪੋ ਆਪਣਾ ਪ੍ਰਚਾਰ ਸ਼ੁਰ ਕਰ ਦਿੱਤਾ ਹੈ। ਤਕਨੀਕੀ ਵਿਕਾਸ ਕਾਰਨ ਬਹੁਤ ਹੀ ਵਧੀਆ ਕੈਮਰੇ ਮਾਰਕੀਟ ਵਿੱਚ ਮਿਲ ਜਾਂਦੇ ਹਨ ਜਿਹਨਾਂ ਦੇ ਨਾਲ ਕਿਸੇ ਦੀ ਜ਼ਿੰਦਗੀ ਵਿੱਚ ਵੀ ਤੰਕਝਣਕ ਕੀਤੀ ਜਾ ਸਕਦੀ ਹੈ। ਕੈਮਰਿਆਂ ਤੋਂ ਇਲਾਵਾ ਵੀ ਬਹੁਤ ਸਾਰੇ ਯੰਤਰ ਹੁਣ ਖਰੀਦੇ ਜਾ ਸਕਦੇ ਹਨ। 
ਜਥੇਦਾਰ ਮਨਜੀਤ ਸਿੰਘ  ਜੀ ਕੇ ਨੇ ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਨਵੇਂ ਯੁਗ ਦੇ ਹਥਿਆਰ ਵੀ ਨਵੇਂ ਹੋਣੇ ਚਾਹੀਦੇ ਹਨ। ਉਹਨਾਂ ਦੀ ਟੀਮ ਨੇ ਸਮਝ ਲਿਆ ਕਿ ਅੱਜ ਦੀ ਸਿਆਸਤ ਅਤੇ ਅੱਜ ਦੇ ਸਮਾਜ ਵਿੱਚ ਸਟਿੰਗ ਹੁਣ ਆਮ ਹੋ ਗਿਆ ਹੈ। ਇਸ ਲਈ ਇਸ ਤਕਨੀਕ ਦੀ ਵਰਤੋਂ ਜੇ ਸਿਆਸੀ ਨਿਸ਼ਾਨੀਆਂ ਲਈ ਵੀ ਕਰ ਲਈ ਜਾਵੇ ਤਾਂ ਇਸ ਵਿਚ ਬੁਰਾ ਕੀ ਹੈ? 
ਜਾਗੋ ਪਾਰਟੀ ਨੇ ਸਟਿੰਗ ਅਪਰੇਸ਼ਨ ਜਾਰੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਦਿੱਲੀ ਕਮੇਟੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦਫ਼ਤਰ ਤੋਂ ਕਮੇਟੀ ਨੇ 27 ਮਈ ਨੂੰ ਕੰਸੰਟਰੇਟਰ ਦੀ ਵੱਡੀ ਖੇਪ ਚੰਡੀਗੜ੍ਹ ਅਤੇ ਬਠਿੰਡਾ ਭੇਜੀ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਸਬੰਧ ਵਿੱਚ ਅੱਜ ਵੀਡੀਓ ਸਬੂਤ ਜਨਤਕ ਕਰਦੇ ਹੋਏ ਖ਼ੁਲਾਸਾ ਕੀਤਾ ਕਿ ਬਠਿੰਡਾ ਵਿੱਚ ਉਕਤ ਕੰਸੰਟਰੇਟਰ ਬਾਦਲ ਪਰਵਾਰ ਦੀ ਡਬਵਾਲੀ ਟਰਾਂਸਪੋਰਟ ਕੰਪਨੀ ਲਿਮਿਟੇਡ ਦੇ ਬਾਦਲ-ਡੱਬਵਾਲੀ ਰੋੜ ਉੱਤੇ ਸਥਿਤ ਦਫ਼ਤਰ ਵਿੱਚ ਉੱਤਰੇ ਹਨ। ਜੀਕੇ ਨੇ ਦੱਸਿਆ ਕਿ ਕਲ ਦੁਪਹਿਰ 2:30 ਵਜੇ ਤੋਂ ਸਾਡੀ 2 ਟੀਮਾਂ ਨੇ ਕੰਸੰਟਰੇਟਰ ਭਰ ਕੇ ਦਿੱਲੀ ਤੋਂ ਚਲੇ ਟਰੱਕ ਅਤੇ ਇਨੋਵਾ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਸੀ। ਇਨੋਵਾ ਗੱਡੀ ਨੇ ਚੰਡੀਗੜ੍ਹ ਵਿੱਚ ਸੈਕਟਰ 33ਏ ਦੀ ਇੱਕ ਕੋਠੀ, ਜੋ ਕਿ ਸੁਖਮੀਤ ਸਿੰਘ ਦੀ ਦੱਸੀ ਜਾ ਰਹੀ ਹੈ, ਵਿੱਚ ਦੇਰ ਰਾਤ ਨੂੰ ਕੰਸੰਟਰੇਟਰ ਉਤਾਰੇ। ਜਦੋਂ ਕਿ ਟਰੱਕ ਡਰਾਈਵਰ ਨੂੰ ਕੁੰਡਲੀ ਪੁੱਜ ਕਰਕੇ ਅਹਿਸਾਸ ਹੋ ਗਿਆ ਸੀ ਕਿ ਕੋਈ ਗੱਡੀ ਉਸ ਦਾ ਪਿੱਛਾ ਕਰ ਰਹੀ ਹੈ। ਇਸ ਲਈ ਕਈ ਜਗ੍ਹਾ ਰੁਕਦੇ- ਰੁਕਾਉਂਦੇ ਅਤੇ ਵਾਇਆ ਪਟਿਆਲਾ ਹੁੰਦੇ ਹੋਏ ਅੱਜ ਸਵੇਰੇ ਉਸ ਨੇ ਬਠਿੰਡਾ ਟਰੱਕ ਪਹੁੰਚਾਇਆ। ਸਾਡੇ ਕੋਲ ਇਸ ਸਬੰਧੀ ਸਾਰੇ ਵੀਡੀਓ ਸਬੂਤ ਹਨ। 

ਜੀਕੇ ਨੇ ਦਾਅਵਾ ਕੀਤਾ ਕਿ ਸੰਗਤਾਂ ਵੱਲੋਂ ਵਿਸ਼ਵਾਸ ਕਰ ਕੇ ਭੇਂਟ ਕੀਤੀ ਗਈ ਵਸਤਾਂ ਦਾ ਇਹ ਸਿਆਸੀ ਵਰਤੋ ਹੈ। ਅਮਿਤਾਭ ਬੱਚਨ ਵੱਲੋਂ ਦਿੱਲੀ ਕਮੇਟੀ ਨੂੰ ਪੋਲੈਂਡ ਤੋਂ 16 ਮਈ ਨੂੰ ਮੰਗਵਾ ਕਰਕੇ ਭੇਜੇ ਗਏ 50 ਕੰਸੰਟਰੇਟਰ ਦੀ ਖੇਪ ਦੇ ਬਠਿੰਡੇ ਭੇਜੇ ਜਾਣ ਦਾ ਖ਼ਦਸ਼ਾ ਜਤਾਉਂਦੇ ਹੋਏ ਜੀਕੇ ਨੇ ਉਕਤ ਸਟਿੰਗ ਅਪਰੇਸ਼ਨ ਨੂੰ 24 ਘੰਟੇ ਤੱਕ ਆਪਣੀ ਗੱਡੀਆਂ ਵਿੱਚ ਯਾਤਰਾ ਕਰ ਕੇ ਅੰਜਾਮ ਦੇਣ ਵਾਲੇ ਪਾਰਟੀ ਦੇ ਨੌਜਵਾਨ ਨੇਤਾਵਾਂ ਦੀ ਤਾਰੀਫ ਵੀ ਕੀਤੀ। ਇਸ ਟੀਮ ਵਿੱਚ ਹਰਜੀਤ ਸਿੰਘ ਬਾਉਂਸ, ਚਰਨਪ੍ਰੀਤ ਸਿੰਘ ਭਾਟੀਆ, ਮਨਜੀਤ ਸਿੰਘ  ਕੰਦਰਾ, ਬਲਵਿੰਦਰ ਸਿੰਘ ਲੱਕੀ,  ਦਲਜੀਤ ਸਿੰਘ ਅਤੇ ਜੱਸਲ ਮੌਜੂਦ ਸਨ। ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਦਾ ਸਿਆਸੀ ਇਸਤੇਮਾਲ ਕਰਨ ਵਾਲੇ ਸਿਰਸਾ ਅਤੇ ਕਾਲਕਾ ਵਿਰੋਧੀ ਪੱਖ ਦੇ ਮੈਂਬਰਾਂ ਨੂੰ ਫ਼ੰਡ ਨਹੀਂ ਦਿੰਦੇ ਹਨ। ਪਰ ਪੁਰੀ ਕਮੇਟੀ ਬਾਦਲਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਜਿਸ ਸੁਖਮੀਤ ਸਿੰਘ ਨੂੰ ਚੰਡੀਗੜ੍ਹ ਕੰਸੰਟਰੇਟਰ ਭੇਜੇ ਗਏ ਹਨ, ਉਹ ਆਪਣੀ ਐਨਜੀਓ ਅਤੇ ਦੋਸਤਾਂ ਦੀ ਮਾਰਫ਼ਤ 'ਕਰਾਉਡ ਫੰਡਿੰਗ' ਵਿੱਚ ਮੋਟੀ ਰਕਮ ਲੋਕਾਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਕੰਸੰਟਰੇਟਰ ਭੇਜਣ ਦੇ ਨਾਮ ਉੱਤੇ ਇਕੱਠਾ ਕਰ ਚੁੱਕਿਆ ਹੈ, ਪਰ ਕਮੇਟੀ ਉਸ ਤੋਂ ਕੰਸੰਟਰੇਟਰ ਲੈਣ ਦੀ ਬਜਾਏ ਕੰਸੰਟਰੇਟਰ ਦੇ ਰਹੀ ਹੈ। ਇਹ ਦੁਖਦ ਅਤੇ ਹੈਰਾਨੀ ਭਰੀ ਹਾਲਤ ਹੈ। ਕੌਣ ਕੀ ਕਰ ਰਿਹਾ ਹੈ, ਕੋਈ ਜਵਾਬ ਨਹੀਂ  ਦੇ ਰਿਹਾ।

ਹੁਣ ਦੇਖਣਾ ਹੈ ਕਿ ਜਾਗੋ ਪਾਰਟੀ ਦੇ ਸਿਆਸੀ ਵਿਰੋਧੀ ਇਸ ਦਾ ਜੁਆਬ ਕਿਵੇਂ ਅਤੇ ਕਦੋਂ ਦੇਂਦੇ ਹਨ ਕਿਓਂਕਿ ਤਕਨੀਕੀ ਵਿਕਾਸ ਦਾ ਫਾਇਦਾ ਉਠਾਉਣ ਵਿੱਚ ਅਕਾਲੀ ਦਲ ਅਤੇ ਬਾਦਲ ਸਮਰਥਕਾਂ ਦਾ ਵੀ ਕੋਈ ਮੁਕਾਬਲਾ ਨਹੀਂ।  ਉਹ ਵੀ ਇਸ ਮਾਮਲੇ ਵਿੱਚ ਬੜੇ ਤਕੜੇ ਹਨ। 

No comments: