Thursday: 4th March 2021 at 4:13 PM
ਵਰਲਡ ਕੈਂਸਰ ਦਿਵਸ ਮੌਕੇ ਕਰਵਾਈ ਗਈ ਅਹਿਮ ਵਰਕਸ਼ਾਪ
ਕੈਂਸਰ ਦੇ ਇਲਾਜ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਲੱਭ ਲਏ ਜਾਣ ਦੇ ਬਾਵਜੂਦ ਕੈਂਸਰ ਦਾ ਖਤਰਾ ਅਤੇ ਡਰ ਅਜੇ ਤੱਕ ਖਤਮ ਨਹੀਂ ਹੋਇਆ। ਕੈਂਸਰ ਤੋਂ ਬਚਾਓ ਦੀ ਚੇਤਨਾ ਜਗਾਉਣ ਦੇ ਮਕਸਦ ਨਾਲ ਅੱਜ ਵੀ ਦੁਨੀਆ ਭਰ ਵਿੱਚ ਵਰਲਡ ਕੈਂਸਰ ਡੇ ਮਨਾਇਆ ਗਿਆ। ਇਸ ਮੌਕੇ ਲੁਧਿਆਣਾ ਦੇ ਸਭ ਤੋਂ ਪੁਰਾਣੇ ਮੈਡੀਕਲ ਸੰਸਥਾਨ ਸੀ ਐਮ ਸੀ ਹਸਪਤਾਲ ਵਿੱਚ ਵੀ ਬਹੁਤ ਹੀ ਜਾਣਕਾਰੀ ਭਰਪੂਰ ਆਯੋਜਨ ਹੋਇਆ।
ਇਹ ਆਯੋਜਨ ਇੱਕ ਵਰਕਸ਼ਾਪ ਦੇ ਰੂਪ ਵਿੱਚ ਸੀ ਜਿਹੜੀ ਤਿੰਨ ਘੰਟਿਆਂ ਤੱਕ ਚੱਲੀ। ਇਸ ਵਿੱਚ ਕੈਂਸਰ ਦੀ ਸਮੱਸਿਆ ਦੇ ਬਹੁਤ ਸਾਰੇ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਵੀਆਂ ਜਾਣਕਾਰੀਆਂ ਦਿੱਤੀਆਂ ਗਈਆਂ। ਇਸ ਵਰਕਸ਼ਾਪ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪੰਜਾਬ ਵਿੱਚ ਜਨਰਲ ਕੈਂਸਰ ਦੇ ਨਾਲ ਨਾਲ ਬਚਪਨ ਵਾਲੀ ਉਮਰੇ ਹੁੰਦੇ ਕੈਂਸਰ ਦਾ ਖਤਰਾ ਵੀ ਨਿਰੰਤਰ ਵੱਧ ਰਿਹਾ ਹੈ। ਇਹ ਸਮੱਸਿਆ ਲਗਾਤਾਰ ਗੰਭੀਰ ਬਣੀ ਹੋਈ ਹੈ।
ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਸੁਖਜੀਵਨ ਕੱਕੜ ਇਸ ਮੌਕੇ ਤੇ ਮੁੱਖ ਮਹਿਮਾਨ ਸਨ। ਇਸ ਵਰਕਸ਼ਾਪ ਵਿੱਚ ਸੀ ਐਮ ਸੀ ਹਸਪਤਾਲ ਵਿੱਚ ਕੰਮ ਕਰਦੇ ਸਟਾਫ ਵਿੱਚੋਂ 10 ਆਸ਼ਾ ਵਰਕਰਾਂ, 10 ਏ ਐਨ ਐਮ ਵਰਕਰਾਂ ਅਤੇ 8 ਕਮਿਊਨਿਟੀ ਹੈਲਥ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਕ੍ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਡਾਕਟਰ ਵਿਲੀਅਮ ਭੱਟੀ ਨੇ ਮੁੱਖ ਮਹਿਮਾਨ ਵੱਜੋਂ ਪੁੱਜੇ ਸਿਵਲ ਸਰਜਨ ਡਾਕਟਰ ਸੁਖਜੀਵਨ ਕੱਕੜ ਅਤੇ ਮੈਡੀਕਲ ਅਫਸਰ ਡਾਕਟਰ ਪੁਨੀਤ ਸਿੱਧੂ ਦਾ ਨਿੱਘਾ ਸੁਆਗਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਆਪਣੇ ਸੁਆਗਤੀ ਭਾਸ਼ਣ ਵਿੱਚ ਡਾਕਟਰ ਵਿਲੀਅਮ ਭੱਟੀ ਨੇ ਵਿਸਥਾਰ ਨਾਲ ਦੱਸਿਆ ਕਿ ਕੈਂਸਰ ਦੀ ਰੋਕਥਾਮ ਲਈ ਸੀਐਮਸੀ ਹਸਪਤਾਲ ਕਿਸਤਰ੍ਹਾਂ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸੀਐਮਸੀ ਹਸਪਤਾਲ ਵੱਲੋਂ ਸਿਹਤ ਵਰਕਰਾਂ ਨੂੰ ਇਸ ਸਬੰਧੀ ਬਹੁਤ ਹੀ ਕਾਰਗਰ ਟਰੇਨਿੰਗ ਦਿੱਤੀ ਜਾਂਦੀ ਹੈ ਜਿਸਦਾ ਫਾਇਦਾ ਪੂਰੇ ਸਮਾਜ ਦੇ ਹਰ ਵਰਗ ਨੂੰ ਪਹੁੰਚਦਾ ਹੈ।
ਇਸੇ ਵਰਕਸ਼ਾਪ ਦੌਰਾਨ ਸਿਵਲ ਸਰਜਨ ਡਾਕਟਰ ਸੁਖਜੀਵਨ ਕੱਕੜ ਨੇ ਸਿਹਤ ਦੇ ਖੇਤਰ ਵਿੱਚ ਉਹਨਾਂ ਸਰਕਾਰੀ ਸਕੀਮਾਂ ਅਤੇ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ ਜਿਹੜੀਆਂ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੜਨ ਲਈ ਸਰਕਾਰ ਵੱਲੋਂ ਬਣਾਈਆਂ ਗਈਆਂ ਹਨ। ਉਹਨਾਂ ਨੇ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ। ਉਹਨਾਂ ਆਖਿਆ ਕਿ ਕੈਂਸਰ ਦੇ ਮਰੀਜ਼ਾਂ ਨੂੰ ਇਹਨਾਂ ਯੋਜਨਾਵਾਂ ਤੋਂ ਕਾਫੀ ਲਾਭ ਪਹੁੰਚ ਰਿਹਾ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਭਵਿੱਖ ਵਿੱਚ ਇਸ ਸਬੰਧੀ ਬਹੁਤ ਕੁਝ ਕੀਤੇ ਜਾਣ ਦੀਆਂ ਕਈ ਹੋਰ ਯੋਜਨਾਵਾਂ ਵੀ ਉਲੀਕੀਆਂ ਗਈਆਂ ਹਨ। ਇਹਨਾਂ ਵਿੱਚ ਰੋਗੀ ਕੇਂਦਰਿਤ ਯੋਜਨਾਂ ਵਾਲੇ ਇਲਾਜ ਕੇਂਦਰ ਵੀ ਅਹਿਮ ਹੋਣਗੇ।
ਕਲੀਨੀਕਲ ਮੈਟੋਲੋਜੀ ਦੇ ਵਿਭਾਗੀ ਮੁਖੀ ਡਾਕਟਰ ਜੋਸੇਫ ਜੌਹਨ ਨੇ ਇਸ ਸਾਰੇ ਉਪਰਾਲੇ ਦੇ ਇੱਕ ਹੋਰ ਕੇਂਦਰੀ ਬਿੰਦੂ ਬਾਰੇ ਵੀ ਦੱਸਿਆ ਕਿ ਇਸ ਵਰਕਸ਼ਾਪ ਦੇ ਆਯੋਜਨ ਨਾਲ ਆਸ਼ਾ ਵਰਕਰਾਂ, ਏ ਐਨ ਐਮ ਵਰਕਰਾਂ ਅਤੇ ਹੋਰ ਸਿਹਤ ਵਰਕਰਾਂ ਨਾਲ ਹਸਪਤਾਲ ਦਾ ਇੱਕ ਅਜਿਹਾ ਮਨੁੱਖੀ ਸਬੰਧ ਵੀ ਬਣਦਾ ਅਤੇ ਮਜ਼ਬੂਤ ਹੁੰਦਾ ਹੈ ਜਿਹੜਾ ਅਜਿਹੀਆਂ ਬਿਮਾਰੀਆਂ ਨਾਲ ਚਲਦੀ ਜੰਗ ਨੂੰ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਸਾਰੀ ਪ੍ਰਕਿਰਿਆ ਬਾਰੇ ਬਾਰੀਕੀ ਨਾਲ ਦੱਸਦਿਆਂ ਉਹਨਾਂ ਕਿਹਾ ਕਿ ਜ਼ਮੀਨੀ ਪੱਧਰ ਉੱਤੇ ਇਹਨਾਂ ਸਾਰੇ ਹੈਲਥ ਵਰਕਰਾਂ ਨਾਲ ਸਮੁਚਾ ਅਤੇ ਨੇੜਲਾ ਰਾਬਤਾ ਜੋੜ ਕੇ ਹੀ ਇਹ ਚੇਤਨਾ ਜਗਾਈ ਜਾ ਸਕਦੀ ਹੈ ਕਿ ਸਮੇਂ ਸਿਰ ਇਲਾਜ ਦੀ ਪ੍ਰਕਿਰਿਆਂ ਸ਼ੁਰੂ ਕਰਕੇ ਹੀ ਕੈਂਸਰ ਤੋਂ ਜਲਦੀ ਬਚਿਆ ਜਾ ਸਕਦਾ ਹੈ। ਮੈਡੀਕਲ ਸਹੂਲਤਾਂ ਦਾ ਲਾਭ ਉਠਾਉਂਦਿਆਂ ਬਚਾਓ ਦੀ ਦਰ ਵਧਾਈ ਜਾ ਸਕਦੀ ਹੈ।
ਇਸ ਵਰਕਸ਼ਾਪ ਵਿੱਚ ਬੱਚਿਆਂ ਨੂੰ ਹੋਣ ਵਾਲੇ ਕੈਂਸਰ ਦੀ ਭਿਆਨਕਤਾ ਅਤੇ ਇਸ ਤੋਂ ਬਚਾਓ ਬਾਰੇ ਵੀ ਚਰਚਾ ਹੋਈ। ਕੈਨਕਿਡਜ਼ ਤੋਂ ਆਏ ਡਾਕਟਰ ਬਲਬੀਰ ਨੇ ਕੈਨਕਿਡਜ਼ ਦੀਆਂ ਸਹੂਲਤਾਂ ਬਾਰੇ ਵੀ ਦੱਸਿਆ ਅਤੇ ਸਿਹਤ ਕਾਮਿਆਂ ਨੂੰ ਇਸ ਸਬੰਧੀ ਲੁੜੀਂਦੀ ਟਰੇਨਿੰਗ ਵੀ ਦਿੱਤੀ। ਜ਼ਿਕਰਯੋਗ ਹੈ ਕਿ ਕੈਨਕਿਡਜ਼ ਵੱਲੋਂ ਕੈਂਸਰ ਦੀ ਜੰਗ ਲੜ ਰਹੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਵੱਜੋਂ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਕਲੀਨੀਕਲ ਮੈਟੋਲੋਜੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਪ੍ਰਤਿਭਾ ਧਿਮਾਨ ਨੇ ਖੂਨ ਨਾਲ ਸਬੰਧਤ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਅਤੇ ਉਹਨਾਂ ਦੇ ਇਲਾਜ ਦੀ ਟਰੇਨਿੰਗ ਵੀ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਦਿੱਤੀ। ਡਾਕਟਰ ਪ੍ਰਤਿਭਾ ਨੇ ਦੱਸਿਆ ਕਿ ਖੂਨ ਦੀਆਂ ਇਹ ਬਿਮਾਰੀਆਂ ਅਕਸਰ ਮਾਰੂ ਹੁੰਦੀਆਂ ਹਨ ਅਤੇ ਇਹਨਾਂ ਦੇ ਇਲਾਜ ਲਈ ਲੰਮੇ ਸਮੇਂ ਤੱਕ ਚੱਲਣ ਵਾਲੇ ਇਲਾਜ ਦੀ ਲੋੜ ਹੁੰਦੀ ਹੈ। ਥਕਾ ਦੇਣ ਵਾਲੇ ਇਸ ਲੰਮੇ ਇਲਾਜ ਵਿੱਚ ਮਰੀਜ਼ਾਂ ਦੀ ਸਹਾਇਤਾ ਪੂਰੇ ਸਮਾਜ ਦਾ ਨੈਤਿਕ ਫਰਜ਼ ਵੀ ਬਣਦਾ ਹੈ। ਅਸਲ ਵਿੱਚ ਇਹ ਸਭ ਕੁਝ ਸੌਖਾ ਨਹੀਂ ਹੁੰਦਾ ਪਰ ਰਲਮਿਲ ਕੇ ਇਹ ਜੰਗ ਜਿੱਤੀ ਜਾ ਸਕਦੀ ਹੈ। ਕੈਂਸਰ ਤੋਂ ਪੀੜਿਤ ਸਾਰੇ ਮਰੀਜ਼ਾਂ ਨੂੰ ਵਿੱਤੀ ਤੌਰ ਤੇ ਇਸ ਇਲਾਜ ਵਾਲੇ ਪਾਸੇ ਆਉਣਾ ਬੇਹੱਦ ਮੁਸ਼ਕਲ ਲੱਗਦਾ ਹੈ। ਤੋਂ ਵੀ ਡਰ ਲੱਗਦਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਮਰੀਜ਼ਾਂ ਲਈ ਵਿਤੀ ਪ੍ਰਬੰਧ ਕੀਤੇ ਜਾਣ ਤਾਂ ਜੋ ਇਹ ਲੋਕ ਸਮੇਂ ਸਿਰ ਇਲਾਜ ਸ਼ੁਰੂ ਕਰਵਾ ਸਕਣ।
ਇਹਨਾਂ ਸਾਰੇ 20 ਹੈਲਥ ਵਰਕਰਾਂ ਨੂੰ ਵਰਕਸ਼ਾਪ ਮੌਕੇ ਸੀ ਐਮ ਸੀ ਹਸਪਤਾਲ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਿਖਾਉਣ ਲਈ ਇੱਕ ਛੋਟਾ ਜਿਹਾ ਤੂਰ ਵੀ ਲਗਵਾਇਆ ਗਿਆ ਜਿਸ ਦੌਰਾਨ ਸੀਐਮ ਹਸਪਤਾਲਕ ਦੇ ਸਾਰੇ ਸਬੰਧਤ ਵਿਭਾਗਾਂ ਨੂੰ ਨੇੜਿਓਂ ਜਾ ਕੇ ਦਿਖਾਇਆ ਗਿਆ। ਵਰਕਸ਼ਾਪ ਮਗਰੋਂ ਲੰਚ ਦੇ ਰੂਪ ਵਿੱਚ ਸਭਨਾਂ ਨੂੰ ਮਿਲ ਬੈਠਣ ਦਾ ਮੌਕਾ ਵੀ ਮਿਲਿਆ ਜਿਸ ਵਿੱਚ ਉਹਨਾਂ ਆਪਣੇ ਅਨੁਭਵ ਵੀ ਇੱਕ ਦੂਜੇ ਨਾਲ ਸਾਂਝੇ ਕੀਤੇ। (Input:Health and Fitness Screen)
No comments:
Post a Comment