Tuesday, August 25, 2020

ਮਲਿਕ ਅਤੇ ਸਾਥੀਆਂ ਨੇ ਮੰਨਿਆ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼

ਕੈਨੇਡਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਨ ਵਾਲਾ ਪ੍ਰੈਸ ਬੰਦ  
ਅੰਮ੍ਰਿਤਸਰ: 25 ਅਗਸਤ 2020: (ਪੰਜਾਬ ਸਕਰੀਨ ਬਿਊਰੋ)::
ਸ੍ਰੀ ਅਕਾਲ ਤਖਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਲਈ ਸਰਬਉੱਚ ਹੈ। ਇਹ ਗੱਲ ਇੱਕ ਵਾਰ ਫੇਰ ਸਾਬਿਤ ਹੋ।  ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਜਾਰੀ ਹੁੰਦਿਆਂ ਹੀ ਕੈਨੇਡਾ ਦੇ ਸਿੱਖਾਂ ਨੇ ਇਸ ਤੇ ਫੁਲ ਚੜ੍ਹਾਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਨ ਵਾਲੇ ਪ੍ਰਿੰਟਿੰਗ ਪ੍ਰੈਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਨਾ ਸਿਰਫ ਐਲਾਨ ਕੀਤਾ ਬਲਕਿ ਇਸ ਛਾਪੇਖਾਨੇ ਨੂੰ ਬੰਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ। ਦਿਲਚਸਪ ਗੱਲ ਹੈ ਕਿ ਇਸ ਮਕਸਦ ਲਈ ਬਹੁਤ ਤੇਜ਼ੀ ਤੋਂ ਕੰਮ ਲਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀਤੇ ਆਦੇਸ਼ਾਂ ਤੋਂ ਬਾਅਦ ਕੈਨੇਡਾ ਵਿਚ ਆਪਣੇ ਪੱਧਰ ’ਤੇ ਪਾਵਨ ਸਰੂਪ ਛਾਪਣ ਦੇ ਮਾਮਲੇ ਵਿਚ 24 ਘੰਟਿਆਂ ਦੌਰਾਨ ਕਾਰਵਾਈ ਸ਼ੁਰੂ ਹੋ ਗਈ ਹੈ। ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਨੇ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਕ ਛਾਪਾਖਾਨਾ (ਪ੍ਰਿੰਟਿੰਗ ਪ੍ਰੈਸ) ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਅਕਾਲ ਤਖ਼ਤ ’ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਕੈਨੇਡਾ ਵਾਸੀ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਨ੍ਹਾਂ ਦੋਵਾਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਇੱਕ ਮਹੀਨੇ ਦੇ ਵਿੱਚ ਵਿੱਚ ਆਪਣਾ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ’ਤੇ ਭੇਜਣ। 
ਇਸ ਤੋਂ ਇਲਾਵਾ ਹੁਣ ਤਕ ਤਿਆਰ ਕੀਤੇ ਗਏ ਸਰੂਪ ਅਤੇ ਪ੍ਰੈਸ ਮਸ਼ੀਨਰੀ ਨੂੰ ਸਰੀ ਦੇ ਗੁਰਦੁਆਰੇ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ ਵਿਖੇ ਭੇਜਿਆ ਜਾਵੇ। ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਗਿਆ ਹੈ ਕਿ ਉਹ ਛਾਪੇ ਗਏ ਸਰੂਪਾਂ ਵਿਚ ਅੱਖਰਾਂ, ਤੱਤਕਰੇ ਤੋਂ ਰਾਗ ਮਾਲਾ ਤਕ ਵਾਧ ਘਾਟ ਦਾ ਮਿਲਾਨ ਕਰਨ ਅਤੇ ਇਸ ਸਬੰਧੀ ਰਿਪੋਰਟ ਛੇ ਮਹੀਨਿਆਂ ਵਿਚ ਅਕਾਲ ਤਖ਼ਤ ’ਤੇ ਭੇਜਣ। ਇਨ੍ਹਾਂ ਆਦੇਸ਼ਾਂ ਤੋਂ ਬਾਅਦ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਵਲੋਂ ਚਲਾਈ ਜਾ ਰਹੀ ਨਿੱਜੀ ਸੰਸਥਾ ਸਤਨਾਮ ਰਿਲੀਜ਼ਸ ਸੁਸਾਇਟੀ ਵਲੋਂ ਪ੍ਰਕਾਸ਼ਿਤ ਕੀਤੇ ਸਰੂਪ ਅਤੇ ਪ੍ਰਿੰਟਿੰਗ ਮਸ਼ੀਨ ਨੂੰ ਸਰੀ ਦੇ ਗੁਰਦੁਆਰੇ ਵਿਚ ਪਹੁੰਚਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਕਰੇਨ ਦੀ ਮਦਦ ਨਾਲ ਪ੍ਰਿੰਟਿੰਗ ਮਸ਼ੀਨ ਵਾਹਨ ’ਤੇ ਲੱਦ ਕੇ ਗੁਰਦੁਆਰੇ ਪਹੁੰਚਾਈ ਗਈ ਹੈ ਅਤੇ ਪ੍ਰਕਾਸ਼ਿਤ ਸਰੂਪ ਵੀ ਸਤਿਕਾਰ ਸਹਿਤ ਗੁਰਦੁਆਰੇ ਭੇਜ ਦਿੱਤੇ ਹਨ। ਇਸ ਸਬੰਧ ਵਿਚ ਅਕਾਲ ਤਖ਼ਤ ਵਿਖੇ ਵੀ ਜਾਣਕਾਰੀ ਭੇਜੀ ਗਈ ਹੈ।  
ਜ਼ਿਕਰਯੋਗ ਹੈ ਕਿ ਇਹ ਉਹੀ ਰਿਪੁਦਮਨ ਸਿੰਘ ਮਲਿਕ ਹੈ ਜਿਸਦਾ ਨਾਮ ਕਿਸੇ ਵੇਲੇ ਕਨਿਸ਼ਕ ਕਾਂਡ ਵਿੱਚ ਵੀ ਆਇਆ ਸੀ। ਕਨਿਸ਼ਕ ਕਾਂਡ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮਲਿਕ ਦਾ ਇੱਕ ਸਾਥੀ ਭਾਈ ਤਲਵਿੰਦਰ ਸਿੰਘ ਪਰਮਾਰ 15 ਅਕਤੂਬਰ 1992 ਨੂੰ ਪੁਲਿਸ ਮੁਕਾਬਲੇ ਵਿੱਚ ਮਾਰੀਆ ਦਿਖਾਇਆ ਗਿਆ ਸੀ। ਇਹ ਮੁਕਾਬਲਾ ਫਿਲੌਰ ਨੇੜੇ ਪਿੰਡ ਕੰਗ ਅਰਾਈਆਂ ਵਿਚ ਦਿਖਾਇਆ ਗਿਆ ਸੀ। ਕਨਿਸ਼ਕ ਕਾਂਡ ਦੇ ਸਾਰੇ ਘਟਨਾਕ੍ਰਮ ਬਾਰੇ ਦੋ ਪੱਤਰਕਾਰਾਂ ਨੇ ਇੱਕ ਕਿਤਾਬ ਵੀ ਲਿਖੀ ਸੀ। ਇਹ ਪੱਤਰਕਾਰ ਸਨ ਜ਼ੁਹੈਰ ਕਸ਼ਮੀਰੀ ਅਤੇ ਬ੍ਰਾਇਨ ਮਕੈਂਡਰਿਊ (Kashmeri & Brian McAndrew) ਨੇ ਲਿਖੀ ਸੀ। ਬਾਅਦ ਵਿੱਚ ਕੁਝ ਕਾਰਨਾਂ ਕਰਕੇ ਭਾਰਤ ਵਿੱਚ ਇਸ ਕਿਤਾਬ ਤੇ ਪਾਬੰਦੀ ਲਗਾ ਦਿੱਤੀ ਗਈ ਸੀ। 
ਹੁਣ ਉਹੀ ਮਲਿਕ ਬਿਲਕੁਲ ਬਦਲ ਗਿਆ ਹੈ। ਬਹੁਤ ਹੀ ਸ਼ਾਂਤ ਅਤੇ ਸਹਿਜ ਹੋ ਗਿਆ ਹੈ। ਉਸਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਆਦੇਸ਼ ਨੂੰ ਵੀ ਇੱਕ ਨਿਮਾਣੇ ਸਿੱਖ ਵੱਜੋਂ ਝੱਟ ਮੰਨ ਲਿਆ। ਖਾਲਿਸਤਾਨ ਦੀ ਲਹਿਰ ਬਾਰੇ ਉਸਦਾ ਕਹਿਣਾ ਹੈ ਕਿ ਹੁਣ ਪੰਜਾਬ ਵਿੱਚ ਖਾਲਿਸਤਾਨ ਦੀ ਕੋਈ ਲਹਿਰ ਨਹੀਂ ਰਹੀ। 
ਇਹ ਵਿਵਾਦ ਪਿਛਲੇ ਕੁਝ ਹਫਤਿਆਂ ਤੋਂ ਗਰਮਾਇਆ ਹੋਇਆ ਹੈ। ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਸਂਲ ਦੇ ਬੁਲਾਰੇ ਮਹਿੰਦਰ ਸਿੰਘ ਨੇ ਪਹਿਲਾਂ ਹੀ ਮੀਡੀਆ ਨੂੰ ਦੱਸ ਦਿੱਤਾ ਸੀ ਕਿ ਸਾਡੀ ਕੌਂਸਲ ਨੇ ਮਲਿਕ ਅਤੇ ਉਸਦੇ ਸਾਥੀਆਂ ਨੂੰ ਬਹੁਤ ਪਹਿਲਾਂ ਹੀ ਅੱਖ ਦਿੱਤਾ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਨਾ ਕਰਨ। ਇਸਦੇ ਨਾਲ ਹੀ ਕੌਂਸਲ ਨੇ ਮਲਿਕ ਅਤੇ ਸਾਥੀਆਂ ਦੀ ਜਥੇਬੰਦੀ ਸਤਨਾਮ ਪ੍ਰਚਾਰ ਰਿਜੀਅਸ ਸੋਸਾਇਟੀ ਨੂੰ ਸਪਸ਼ਟ ਕਿਹਾ ਹੈ ਕਿ ਇਸ ਮੰਤਵ ਲਈ ਵਰਤੀ ਗਈ ਸਾਰੀ ਸਮਗਰੀ ਗੁਰਦੁਆਰਾ ਸਾਹਿਬ ਦੀ ਕੌਂਸਲ ਕੋਲ 22 ਅਗਸਤ ਦੀ ਸ਼ਾਮ 4 ਵਜੇ ਤੱਕ ਜਮਾ ਕਰਾਉਣ। ਬੁਲਾਰੇ ਨੇ ਇਹ ਵੀ ਸਪਸ਼ਟ ਕੀਤਾ ਕਿ ਅਸੀਂ ਮਲਿਕ ਜਾਂ ਕਿਸੇ ਵੀ ਹੋਰ ਨੂੰ ਅਜਿਹੀ ਛਪਾਈ ਦੀ ਕੋਈ ਇਜ਼ਾਜ਼ਤ ਨਹੀਂ ਦਿੱਤੀ ਹੋਈ। 
ਇਸ ਸਾਰੇ ਵਰਤਾਰੇ ਨਾਲ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਹੋਰ ਮਾਨਤਾ ਮਿਲੇਗੀ ਉੱਥੇ ਉਹਨਾਂ ਲੋਕਾਂ ਨੂੰ ਵੀ ਇੱਕ ਵਿਸ਼ੇਸ਼ ਸੁਨੇਹਾ ਜਾਏਗਾ ਜਿਹੜੇ ਇਹ ਆਖਦੇ ਨਹੀਂ ਥੱਕਦੇ ਕਿ ਸਿੱਖ ਤਾਂ ਹਿੰਦੂਆਂ ਵਿੱਚ ਨਿਕਲੇ ਹਨ। ਸਿੱਖਾਂ ਦੀ ਰਹਿਣੀ ਬਹਿਣੀ ਅਤੇ ਸਿਧਾਂਤਾਂ ਬਾਰੇ ਇਹ ਗੱਲ ਹੋਰ ਉਜਾਗਰ ਹੋਏਗੀ ਕਿ ਸਿੱਖ ਵਿਲੱਖਣ ਹਨ। ਇਸ ਸੁਨੇਹੇ ਨਾਲ ਹੀ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਹੋਰ ਬਲ ਮਿਲੇਗਾ। ਅਰਦਾਸ ਬਾਰੇ ਅਤੇ ਖਾਲਸਾ ਰਾਜ ਬਾਰੇ ਕਹੀਆਂ ਗੱਲਾਂ ਦੀ ਵੀ ਖਾਸ ਅਹਿਮੀਅਤ ਹੈ ਜਿਹਨਾਂ ਦੀ ਚਰਚਾ ਅਸੀਂ ਕਿਸੇ ਵੱਖਰੀ ਪੋਸਟ ਵਿੱਚ ਕਰਾਂਗੇ। 

No comments: