Friday, June 15, 2018

ਨਿਜੀ ਮੈਡੀਕਲ ਕਾਲਜਾਂ ਵਲੋਂ ਕੀਤੀ ਜਾਣ ਵਾਲੀ ਲੁੱਟ ਦੀ ਸੀਪੀਆਈ ਵਲੋਂ ਨਿਖੇਧੀ

Jun 15, 2018, 3:36 PM
ਕਈਆਂ ਕਾਲਜਾਂ ਵਿੱਚ ਸਰਕਾਰੀ ਕੋਟਾ ਖਤਮ
ਚੰਡੀਗੜ: 15 ਜੂਨ 2018:(ਪੰਜਾਬ ਸਕਰੀਨ ਬਿਊਰੋ)::
ਕਾਮਰੇਡ ਬੰਤ ਸਿੰਘ ਬਰਾੜ, ਸਕੱਤਰ ਪੰਜਾਬ ਸੀਪੀਆਈ ਨੇ ਅੱਜ ਇਥੇ ਜਾਰੀ ਕੀਤੇ ਬਿਆਨ ਰਾਹੀਂ ਡਾਕਟਰਾਂ ਲਈ ਪਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜਾਂ ਵਲੋਂ ਸਰਕਾਰੀ   ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਬੇਤਹਾਸ਼ਾ ਫੀਸਾਂ ਰਾਹੀਂ ਵਿਦਿਆਰਥੀਆਂ ਦੀ ਲੁੱਟ ਕਰਨ ਦੇ ਧੱਕੜਸ਼ਾਹੀ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ।
ਸਾਥੀ ਬਰਾੜ ਨੇ ਕਿਹਾ ਕਿ ਸਰਕਾਰ ਨੇ ਨਿਸ਼ਚਿਤ ਕੀਤਾ ਹੈ ਕਿ ਪੂਰੇ ਕੋਰਸ ਲਈ ਸਰਕਾਰੀ ਕੋਟੇ ਦੀਆਂ ਸੀਟਾਂ ਦੀ ਫੀਸ 13.43 ਲੱਖ ਰੁਪੈ, ਕਾਲਜ ਦੇ ਪ੍ਰਬੰਧਕੀ ਕੋਟੇ ਦੀਆਂ ਸੀਟਾਂ ਲਈ 40.29 ਲੱਖ ਰੁਪੈ ਅਤੇ ਐਨਆਰਆਈ ਕੋਟੇ ਦੀਆਂ ਸੀਟਾਂ ਲਈ 1.1 ਲੱਖ ਡਾਲਰ (ਲਗਭਗ 73 ਲੱਖ ਰੁਪੈ) ਹੋਵੇਗੀ। ਪਰ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਅੰਮਿ੍ਰਤਸਰ ਨੇ ਆਪ ਹੀ ਫੀਸ ਵਧਾ ਕੇ ਐਲਾਨ ਕਰ ਦਿਤਾ ਹੈ ਕਿ ਉਹ ਕੋਈ ਸਰਕਾਰੀ ਕੋਟਾ ਨਹੀਂ ਰੱਖਣਗੇ ਅਤੇ ਪ੍ਰਬੰਧਕੀ ਕੋਟੇ ਦੀਆਂ 128 ਸੀਟਾਂ ਲਈ 46.38 ਲੱਖ ਰੁਪੈ ਪ੍ਰਤੀ ਵਿਦਿਆਰਥੀ ਫੀਸ ਲੈਣਗੇ। ਇਸ ਦੇ ਨਾਲ ਹੀ ਐਨਆਰਆਈ ਫੀਸ 1.10 ਲੱਖ ਡਾਲਰ ਹੋਵੇਗੀ। ਇਸੇ ਤਰਾਂ ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਨੇ ਵੀ ਪੂਰੇ ਕੋਰਸ ਦੀ ਫੀਸ 63.94 ਲੱਖ ਰੁਪੈ ਅਤੇ ਐਨਆਰਆਈ ਕੋਟੇ ਦੀ ਫੀਸ 1.25 ਲੱਖ ਡਾਲਰ ਐਲਾਨ ਕਰ ਦਿਤੀ ਹੈ ਜਦੋਂਕਿ ਸਰਕਾਰੀ ਕੋਟਾ ਰਖਿਆ ਹੀ ਨਹੀਂ।
ਸਾਥੀ ਬਰਾੜ ਨੇ ਕਿਹਾ ਕਿ ਡਾਕਟਰੀ ਵਿੱਦਿਆ ਨੂੰ ਲੁੱਟ-ਖਸੁੱਟ ਦਾ ਵਪਾਰ ਬਣਾ ਦਿਤਾ ਗਿਆ ਹੈ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਸੰਬੰਧਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਇਸ ਲੁੱਟ ਨੂੰ ਵਾਜਬ ਠਹਿਰਾਇਆ ਹੈ, ਰੋਕਣਾ ਤਾਂ ਦੂਰ ਦੀ ਗੱਲ।
ਸਾਥੀ ਬਰਾੜ ਨੇ ਕਿਹਾ ਕਿ ਇਲਾਜ ਅਤੇ ਸਿੱਖਿਆ ਸਮਾਜਿਕ ਜ਼ਿੰਮੇਵਾਰੀਆਂ ਦੇ ਦੋ ਅਹਿਮ ਖੇਤਰ ਹਨ, ਪਰ ਇਹਨਾਂ ਦੋਹਾਂ ਨੂੰ ਨਿਜੀਕਰਣ ਰਾਹੀਂ ਲੋਕਾਂ ਦੀ ਪਹੁੰਚ ਤੋਂਂ ਦੂਰ ਬਣਾਇਆ ਜਾ ਰਿਹਾ ਹੈ ਅਤੇ ਇਹਨਾਂ ਨੂੰ ਕੇਵਲ ਅਮੀਰਾਂ ਲਈ ਰਾਖਵਾਂ ਕੀਤਾ ਜਾ ਰਿਹਾ ਹੈ। ਸਾਥੀ ਬਰਾੜ ਨੇ ਮੰਗ ਕੀਤੀ ਕਿ ਇਹ ਫੀਸਾਂ ਸਰਕਾਰੀ ਨਿਰਦੇਸ਼ਾਂ ਮੁਤਾਬਕ ਹੀ ਰੱਖੀਆਂ ਜਾਣ, ਹਾਲਾਂਕਿ ਉਹ ਵੀ ਘੱਟ ਨਹੀਂ ਹਨ।

No comments: