ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਫਿਰਕੂ ਸਾਜ਼ਿਸ਼ਾਂ ਦੀ ਤਿੱਖੀ ਨਿਖੇਧੀ
ਲੁਧਿਆਣਾ: 25 ਜੁਲਾਈ 2017:(ਪੰਜਾਬ ਸਕਰੀਨ ਬਿਊਰੋ)::
ਅੱਜ ਲੇਖਕਾਂ ਨੇ ਜਦੋਂ ਪਾਸ਼ ਦੀ ਕਵਿਤਾ ਐਨ.ਸੀ.ਈ.ਆਰ.ਟੀ. ਦੀ ਪੁਸਤਕ ਵਿਚੋਂ ਹਟਾਉਣ ਦੀ ਸਿਫ਼ਾਰਸ਼ ਦੀ ਖ਼ਬਰ ਆਈ ਤਾਂ ਪੰਜਾਬੀ ਲੇਖਕਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪਾਸ਼ ਦੀ ਕਵਿਤਾ ਉਪਰੋਕਤ ਸਿਲੇਬਸ ਵਿਚ ਹੋਣਾ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੈ। ਪਾਸ਼ ਸਾਡੇ ਸਮਿਆਂ ਦਾ ਚਿੰਤਕ ਕਵੀ ਹੈ। ਪਾਸ਼ ਦੀ ਕਵਿਤਾ ਸਾਡੀ ਜ਼ਿੰਦਗੀ ਨੂੰ ਮਕੈਨਕੀ ਦ੍ਰਿਸ਼ਟੀਕੋਣ ਛੱਡ ਕੇ ਜ਼ਿੰਦਗੀ ਦੀ ਨਿਰੰਤਰ ਤਬਦੀਲੀ ਵਿਚ ਵੇਖਦੀ ਹੈ। ਇਸ ਤਰ੍ਹਾਂ ਫ਼ਿਰਕੂ ਸਮਝ ਅਧੀਨ ਕਿਸੇ ਚਿੰਤਕ ਦੀ ਪਰਖ ਕਰਨੀ ਸਾਡੇ ਸਮਿਆਂ ਦਾ ਦੁਖਾਂਤ ਹੀ ਹੋ ਸਕਦਾ ਹੈ। ਫ਼ਿਰਕੂ ਪਹੁੰਚ ਦੀ ਇੰਤਹਾ ਤਾਂ ਰਵਿੰਦਰ ਨਾਥ ਟੈਗੋਰ ਦੇ ਵਿਚਾਰਾਂ, ਮਿਰਜ਼ਾ ਗਾਲਿਬ ਦੀ ਕਵਿਤਾ ਅਤੇ ਐਮ.ਐਫ਼.ਹੁਸੈਨ ਦੀ ਸਵੈ ਜੀਵਨੀ ਦੀਆਂ ਟੂਕਾਂ ਨੂੰ ਵੀ ਸਹਿਣ ਨਹੀਂ ਕਰਨਾ ਚਾਹੁੰਦੀ। ਜ਼ਿਕਰਯੋਗ ਹੈ ਕਿ ਆਰਐਸਐਸ ਵਿਚਾਰਧਾਰਕ ਦੀਨਾਨਾਥ ਬੱਤਰਾ ਵੱਲੋਂ ਐਨਸੀਈਆਰਟੀ ਦੀ ਪਾਠ ਪੁਸਤਕ ਵਿੱਚੋਂ ਪਾਸ਼ ਦੀ ਕਵਿਤਾ ਹਟਾਉਣ ਲਈ ਕਿਹਾ ਗਿਆ ਹੈ। ਪਾਸ਼ ਦੀ ਕਵਿਤਾ ਐਨ.ਸੀ.ਈ.ਆਰ.ਟੀ ਦੀ ਪੁਸਤਕ ਵਿਚੋਂ ਹਟਾਉਣ ਦੀ ਸਿਫ਼ਾਰਸ਼ ’ਤੇ ਪੰਜਾਬੀ ਸਾਹਿਤ ਅਕਾਦਮੀ ਨੇ ਤਿੱਖੇ ਰੋਹ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧ ਵਿੱਚ ਤਿੱਖਾ ਪ੍ਰਤੀਕਰਮ ਆਉਣਾ ਲਗਾਤਾਰ ਜਾਰੀ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪਾਸ਼ ਨੂੰ ਪੰਜਾਬ ਦੀਆਂ ਕੁਝ ਤਾਕਤਾਂ ਨੇ ਜਾਨੋਂ ਵਾਂਝਾ ਕੀਤਾ ਤੇੇ ਉਸੇ ਪਹੁੰਚ ਅਧੀਨ ਹੁਣ ਆਰ.ਐਸ.ਐਸ. ਵਿਚਾਰਧਾਰਕ ਦੀਨਾ ਨਾਥ ਬੱਤਰਾ ਪਾਸ਼ ਦੀ ਕਵਿਤਾ ਨੂੰ ਸਹਿਣ ਨਹੀਂ ਕਰਨਾ ਚਾਹੁੰਦਾ। ਪੰਜਾਬੀ ਲੇਖਕ ਇਸ ਸਿਫ਼ਾਰਸ਼ ’ਤੇ ਤਿੱਖਾ ਵਿਰੋਧੀ ਪ੍ਰਤੀਕਰਮ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਪਾਸ਼ ਦੀ ਕਵਿਤਾ ਹਟਾਉਣ ਦਾ ਘਿਨਾਉਣਾ ਯਤਨਕਿਸੇ ਕੀਮਤ ਤੇ ਨਹੀਂ ਹੋਣਾ ਚਾਹੀਦਾ। ਦੇਸ਼ ਭਗਤੀ ਦੀ ਕੋਈ ਫ਼ਿਰਕੂ ਅਤੇ ਕੌਮਵਾਦੀ ਪਰਿਭਾਸ਼ਾ ਨਵੇਂ ਸਿਰਿਉ ਦੇਣਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਬਣ ਸਕਦਾ ਹੈ।
ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਮਹਿਸੂਸ ਕੀਤਾ ਕਿ ਪਾਸ਼ ਦੀ ਕਵਿਤਾ ਖ਼ਾਸ ਕਰਕੇ ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ’ ਸਾਨੂੰ ਜ਼ਿੰਦਗੀ ਨਾਲ ਮੁਹੱਬਤ ਕਰਨਾ ਸਿਖਾਉਦੀ ਹੈ। ਦਰਅਸਲ ਕਵਿਤਾ ਦਾ ਮੰਤਵ ਵੀ ਇਹੋ ਹੁੰਦਾ ਹੈ। ਇਹ ਦੇਸ਼ ਇਸ ਧਰਤੀ ’ਤੇ ਵੱਸਣ ਵਾਲੇ ਲੋਕਾਂ ਦਾ ਸਾਂਝਾ ਦੇਸ਼ ਹੈ ਅਤੇ ਉਨ੍ਹਾਂ ਦੀਆਂ ਇੱਛਾਂਵਾਂ, ਅਕਾਂਖਿਆਵਾਂ ਹੀ ਦੇਸ਼ ਭਗਤੀ ਹੈ। ਸਾਹਿਤਕਾਰ ਹਮੇਸ਼ਾ ਕਿਸੇ ਦੇਸ਼ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ। ਉਨ੍ਹਾਂ ਨੂੰ ਚਿੰਤਨ ਦੀ ਦਿ੍ਰਸ਼ਟੀ ਤੋਂ ਹੀ ਵੇਖਿਆ ਜਾਣਾ ਚਾਹੀਦਾ ਹੈ। ਅਮੂਰਤ ਦੇਸ਼ ਨਾਲੋਂ ਸੁਖੀ ਵਸਦੇ ਲੋਕਾਂ ਦੇ ਦੇਸ਼ ਵਾਲੀ ਦੇਸ਼ ਭਗਤੀ ਦੁਨੀਆ ਭਰ ਵਿਚ ਪ੍ਰਵਾਨ ਹੋਈ ਹੈ।
ਪ੍ਰਤੀਕਰਮ ਦਰਜ ਕਰਵਾਉਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਪ੍ਰੋ. ਨਰਿੰਜਨ ਤਸਨੀਮ, ਪਿ੍ਰੰ. ਪ੍ਰੇਮ ਸਿੰਘ ਬਜਾਜ, ਖੁਸ਼ਵੰਤ ਬਰਗਾੜੀ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਡਾ. ਸਰਬਜੀਤ ਸਿੰਘ, ਭੁਪਿੰਦਰ ਸਿੰਘ ਸੰਧੂ, ਅਜੀਤ ਪਿਆਸਾ, ਸਿਰੀ ਰਾਮ ਅਰਸ਼, ਡਾ. ਭਗਵੰਤ ਸਿੰਘ, ਡਾ. ਹਰਪ੍ਰੀਤ ਸਿੰਘ ਹੁੰਦਲ, ਡਾ. ਹਰਵਿੰਦਰ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਹਰਦੇਵ ਸਿੰਘ ਗਰੇਵਾਲ ਸਮੇਤ ਸਥਾਨਕ ਲੇਖਕ ਸ਼ਾਮਲ ਹਨ।
ਅਕਾਡਮੀ ਦੇ ਲੋਕ ਸੰਪਰਕ ਅਧਿਕਾਰੀ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪ੍ਰਤੀਕਰਮ ਦੇਣ ਵਾਲੇ ਲੇਖਕਾਂ ਵਿਚ ਬੜਾ ਗੁੱਸਾ ਹੈ ਅਤੇ ਉਹ ਕਹਿ ਰਹੇ ਹਨ ਕਿ ਕਵਿਤਾ ਅਤੇ ਪੰਜਾਬੀ ਵਿਰੋਧੀ ਹਰਕਤ ਸਹਿਣ ਨਹੀਂ ਕੀਤੀ ਜਾਵੇਗੀ।
ਇਸੇ ਦੌਰਾਨ ਪ੍ਰਸਿੱਧ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਇੱਕ ਫੋਨ ਵਾਰਤਾ ਵਿੱਚ ਇਸ ਘਟਨਾਕ੍ਰਮ ਉੱਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਪਾਸ਼ ਤਾਂ ਭਾਰਤੀ ਸਟੇਟ ਨੂੰ ਸਭ ਤੋਂ ਵੱਧ ਫਿੱਟ ਬੈਠਦਾ ਹੈ। ਇਸੇ ਲਈ ਕਰਨਾਲ ਦੀ ਪੁਲਿਸ ਲਾਈਨ ਵਿੱਚ ਸਰਕਾਰ ਨੇ ਆਪ ਪਾਸ਼ ਦੇ ਨਾਮ 'ਤੇ ਲਾਇਬ੍ਰੇਰੀ ਬਣਾਈ ਸੀ।
No comments:
Post a Comment