Fri, Mar 10, 2017 at 4:29 PM
ਸਿਖਲਾਈ ਤੋਂ ਬਾਅਦ ਵੀ ਯੂਨੀਵਰਸਿਟੀ ਦੇ ਸੰਪਰਕ ਵਿਚ ਰਹਿਣ ਦਾ ਸੱਦਾ
ਲੁਧਿਆਣਾ: 10 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ: 10 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ ਦੁੱਧ ਉਤਪਾਦਾਂ ਦੀ ਗੁਣਵੱਤਾ ਵਧਾਉਣ ਸੰਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਅੱਜ ਸੰਪੂਰਨ ਹੋ ਗਿਆ।
ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ, ਡਾ. ਹਰੀਸ਼ ਕੁਮਾਰ ਵਰਮਾ ਨੇ ਸਿੱਖਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੁੱਧ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਆਰਥਿਕ ਤੌਰ 'ਤੇ ਵਧੀਆ ਮੁਨਾਫਾ ਕਮਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਪ੍ਰਾਸੈਸਿੰਗ ਕਰਨਾ ਚਾਹੁੰਦੇ ਹਨ ਉਹਨਾਂ ਵਾਸਤੇ ਇਹ ਸਿਖਲਾਈ ਕੋਰਸ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗਾ। ਉਹਨਾਂ ਸਿੱਖਿਆਰਥੀਆਂ ਨੂੰ ਇਹ ਵੀ ਮਸ਼ਵਰਾ ਦਿੱਤਾ ਕਿ ਉਹ ਸਿਖਲਾਈ ਲੈਣ ਤੋਂ ਬਾਅਦ ਵੀ ਯੂਨੀਵਰਸਿਟੀ ਦੇ ਸੰਪਰਕ ਵਿਚ ਰਹਿਣ ਤਾਂ ਜੋ ਨਵੇਂ ਗਿਆਨ ਨਾਲ ਸਾਂਝ ਜੁੜੀ ਰਹੇ।
ਡੇਅਰੀ ਸਾਇੰਸ ਕਾਲਜ ਦੇ ਡੀਨ, ਡਾ. ਏ ਕੇ ਪੂਨੀਆ ਨੇ ਸੁਝਾਅ ਦਿੱਤਾ ਕਿ ਕਿਸਾਨਾਂ ਨੂੰ ਹੁਣ ਦੁੱਧ ਉਤਪਾਦਕਾਂ ਦੀ ਭੂਮਿਕਾ ਤੋਂ ਅੱਗੇ ਵੱਧ ਕੇ ਦੁੱਧ ਪ੍ਰਾਸੈਸਰ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਨਵੀਆਂ ਮੰਡੀਕਾਰੀ ਜੁਗਤਾਂ ਕਿੱਤੇ ਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਵਿਚ ਲੈ ਆਉਂਦੀਆਂ ਹਨ। ਵੇਚਣ ਲਈ ਬਿਹਤਰ ਥਾਵਾਂ ਤੋਂ ਮੁਨਾਫਾ ਵੀ ਵੱਧਦਾ ਹੈ।
ਸਿਖਲਾਈ ਪ੍ਰੋਗਰਾਮ ਦੇ ਸੰਯੋਜਕ, ਡਾ. ਪ੍ਰਣਵ ਕੁਮਾਰ ਸਿੰਘ, ਡਾ. ਗੋਪਿਕਾ ਤਲਵਾੜ ਅਤੇ ਡਾ. ਸੰਤੋਸ਼ ਕੁਮਾਰ ਮਿਸ਼ਰਾ ਨੇ ਸਿਖਲਾਈ ਪ੍ਰੋਗਰਾਮ ਦੀ ਸਾਰੀ ਰੂਪ ਰੇਖਾ ਬਾਰੇ ਦੱਸਿਆ। ਉਹਨਾਂ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਪ੍ਰੋਗਰਾਮ ਵਿਚ ਸ਼ਬਦੀ ਗਿਆਨ ਦੇਣ ਦੇ ਨਾਲ ਸਿੱਖਿਆਰਥੀਆਂ ਨੂੰ ਮਿਲਕ ਕੇਕ, ਪਨੀਰ, ਸੁਗੰਧਿਤ ਦਹੀਂ, ਲੱਸੀ, ਦੁੱਧ, ਮੌਜ਼ਰੈਲਾ ਚੀਜ਼ ਅਤੇ ਪਨੀਰ ਦੇ ਪਾਣੀ ਦੇ ਪਦਾਰਥ ਬਨਾਉਣ ਸੰਬੰਧੀ ਸਿੱਖਿਅਤ ਕੀਤਾ ਗਿਆ। ਇਹਨਾਂ ਵਸਤਾਂ ਨੂੰ ਬਨਾਉਣ ਲਈ ਪ੍ਰਯੋਗਿਕ ਤੌਰ 'ਤੇ ਕੰਮ ਕਰਵਾਇਆ ਗਿਆ। ਆਏ ਹੋਏ ਸਿੱਖਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਇਸ ਸਿਖਲਾਈ ਕੋਰਸ ਤੋਂ ਬੜਾ ਲਾਹੇਵੰਦ ਦੱਸਿਆ ਜਿਸ ਨਾਲ ਉਹਨਾਂ ਨੂੰ ਆਪਣਾ ਕਿੱਤਾ ਸ਼ੁਰੂ ਕਰਨ ਵਿਚ ਬਹੁਤ ਸਹਾਇਤਾ ਮਿਲੇਗੀ।
No comments:
Post a Comment