Thursday, June 16, 2016

ਸਿੱਖ ਰਹਿਤ ਮਰਿਯਾਦਾ ਗੁਰੂ ਪੰਥ ਵੱਲੋਂ ਪ੍ਰਵਾਨਿਤ ਸਿੱਖ ਵਿਧਾਨ-ਸਿੰਘ ਸਾਹਿਬ

Thu, Jun 16, 2016 at 2:15 PM
ਮਨ-ਮਰਜੀ ਤੇ ਪੰਥਕ ਮਰਿਯਾਦਾ ਇਕੱਠੀਆਂ ਨਹੀਂ ਚਲ ਸਕਦੀਆਂ
ਅੰਮ੍ਰਿਤਸਰ: 16 ਜੂਨ 2016: (ਪੰਜਾਬ ਸਕਰੀਨ ਬਿਊਰੋ):
ਅੱਜ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਗੁਰੂ ਪੰਥ ਵੱਲੋਂ ਪ੍ਰਵਾਨਿਤ ਸਿੱਖ ਵਿਧਾਨ ਹੈ। ਪੰਥਕ ਟਕਸਾਲਾਂ, ਡੇਰੇ, ਸੰਪਰਦਾਵਾਂ ਗੁਰੁ ਪੰਥ ਦੇ ਸਤਿਕਾਰਤ ਹਿੱਸੇ ਹਨ, ਪਰ ਖੁਦ ਗੁਰੂ ਪੰਥ ਨਹੀਂ। ਸਿੱਖ ਰਹਿਤ ਮਰਿਯਾਦਾ ਗੁਰੂ ਪੰਥ ਵੱਲੋਂ 14 ਸਾਲਾਂ ਦੀ ਅਣਥੱਕ  ਘਾਲਣਾ ਪਿੱਛੋਂ ਪ੍ਰਵਾਨਿਤ ਕਰਕੇ ਪ੍ਰਕਾਸ਼ਤ ਕੀਤੀ ਗਈ ਜਿਸ ਨੂੰ ਲਾਗੂ ਕਰਵਾਉਣਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੂਲ ਰੂਪ ਵਿਚ ਜਿੰਮੇਵਾਰੀ ਹੈ। ਸਿੱਖ ਰਹਿਤ ਮਰਿਯਾਦਾ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ ਪ੍ਰਵਾਨਿਤ ਕਰਨ ਉਪਰੰਤ ਨਿਰੰਤਰ ਪ੍ਰਕਾਸਿਤ ਕੀਤਾ ਜਾ ਰਿਹਾ ਹੈ। ਜਦ ਕਿਸੇ ਲਿਖਤੀ ਖਰੜੇ ਨੂੰ ਪ੍ਰਕਾਸਤ ਕੀਤਾ/ਕਰਵਾਇਆਂ ਜਾਂਦਾ ਹੈ ਤਾਂ ਉਹ ਖਰੜਾ ਨਹੀਂ ਰਹਿੰਦਾ ਉਹ ਕਿਤਾਬਚਾ ਜਾਂ ਪੁਸਤਕ ਬਣ ਜਾਂਦੀ ਹੈ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਸਮੇਂ ਤਖ਼ਤਾਂ ਦੇ ਮੁਖ ਸੇਵਾਦਾਰ / ਜਥੇਦਾਰ ਅਤੇ ਮੁਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਂਬਰ ਵੱਜੋਂ ਸਾਮਲ ਹੁੰਦੇ ਹਨ ਤੇ ਉਹਨਾਂ ਦੀ ਸਮੂਲੀਅਤ ਜਨਰਲ ਹਾਊਸ ਦੇ ਮਤਿਆਂ ਨਾਲ ਸਹਿਮਤੀ ਪ੍ਰਗਟ ਕਰਦੀ ਹੈ।
ਉਸ ਸਮੇਂ ਦੇ ਜਥੇਦਾਰ ਸਾਹਿਬਾਨ ਵੱਲੋਂ ਜਾਰੀ ਕੀਤੀ ਗਈ ਸਿੱਖ ਰਹਿਤ ਮਰਿਯਾਦਾ ਨੂੰ ਇਹ ਕਹਿਣਾ ਕਿ ਇਹ ਮਰਿਯਾਦਾ ਪ੍ਰਵਾਨਿਤ ਨਹੀਂ ਉਹ ਕੌਮੀ ਪੱਧਰ ’ਤੇ ਪੰਥਕ ਦੁਫੇੜ ਪਾਉਣ ਦਾ ਕਾਰਨ ਬਣਦੀ ਹੈ।
ਆਪ-ਹੁਦਰੇਪਣ ਨਾਲ ਜਿਥੇ ਪੰਥਕ ਸੋਚ ਤੇ ਮਰਿਯਾਦਾ ਤੋਂ ਟੁਟਣ ਕਾਰਨ ਸਿੱਖ ਸੰਸਥਾਵਾਂ ਦਾ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋ ਚੁਕਾ ਹੈ। ਡੇਰੇ, ਟਕਸਾਲਾਂ, ਸੰਪਰਦਾਵਾਂ ਦੀ ਆਪਣੀ ਮਰਿਯਾਦਾ ਤਾਂ ਹੋ ਸਕਦੀ ਹੈ ਪਰ ਉਸ ਨੂੰ ਪੰਥਕ ਮਰਿਯਾਦਾ ਹੋਣ ਦਾ ਮਾਣ-ਸਤਿਕਾਰ ਨਹੀਂ ਦਿੱਤਾ ਜਾ ਸਕਦਾ। ਮਨ-ਮਰਜੀ ਤੇ ਪੰਥਕ ਮਰਿਯਾਦਾ ਇਕੱਠੀਆਂ ਨਹੀਂ ਚਲ ਸਕਦੀਆਂ। ਸਤਿਗੁਰੂ ਜੀ ਨੇ ਕਿ੍ਰਪਾ ਕਰਕੇ ਸਾਨੂੰ ਸਖ਼ਸੀ ਪੂਜਾ ਤੋਂ ਬਚਾਉਣ ਲਈ ਇਸ ਪੰਥਕ ਮਰਿਯਾਦਾ ਨਾਲ ਜੁੜਨ ਦੀ ਜੁਗਤ ਦੱਸੀ ਹੈ।ਪੰਥਕ ਜੁਗਤ ਵਿਚ ਹੀ ਸਿੱਖ ਰਹਿਤ ਮਰਿਯਾਦਾ ਨਿਰਧਾਰਿਤ ਕੀਤੀ ਗਈ ਹੈ। ਸਿੱਖ ਰਹਿਤ ਮਰਿਯਾਦਾ ਅਨੁਸਾਰ ਹੀ ਸੰਨ 1932 ਤੋਂ ਪਾਵਨ ਗੁਰਬਾਣੀ ਦੀ ਰੌਸ਼ਨੀ ਵਿਚ ਸਿੱਖ ਵਿਚਾਰਧਾਰਾ ਅਨੁਸਾਰ ਹੀ ਸਿੱਖ ਸੰਸਕਾਰ ਜਿਵੇਂ ਨਾਮ ਸੰਸਕਾਰ, ਅਨੰਦ ਸੰਸਕਾਰ, ਅੰਮ੍ਰਿਤ ਸੰਸਕਾਰ, ਮ੍ਰਿਤਕ ਸੰਸਕਾਰ ਦੀ ਸੇਵਾ ਨਿਭਾਈ ਜਾ ਰਹੀ ਹੈ। ਜਿੱਥੇ ਸਵੇਰੇ ਸ਼ਾਮ ਨਿੱਤਨੇਮ ਉਪਰੰਤ ਹਰ ਸਿੱਖ ਅਰਦਾਸ ਵਿਚ ਜੁੜਦਾ ਹੈ ਅਤੇ ਪਾਵਨ ਗੁਰਬਾਣੀ ਦੇ ਰੋਸ਼ਨੀ ਵਿਚ ਸਿੱਖ ਰਹਿਤ ਮਰਿਯਾਦਾ ਅਨੁਸਾਰ ਜੀਵਨ ਜਿਉਣਾ ਸਾਰਥਿਕ ਹੁੰਦਾ ਹੈ। ਸੰਨ 1932 ਤੋਂ ਹੀ ਤਖ਼ਤਾਂ ਦੇ ਜਥੇਦਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਮੁੱਖ ਗ੍ਰੰਥੀ ਇਹ ਸੇਵਾ ਨਿਭਾਅ ਰਹੇ ਹਨ। ਟਕਸਾਲਾਂ, ਡੇਰਿਆਂ, ਸੰਪਰਦਾਵਾਂ ਦੀ ਆਪਣੀ ਮਰਿਯਾਦਾ ਹੁੰੰਦੀ ਹੈ ਪਰ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਪੰਥਕ ਮਰਿਯਾਦਾ ‘ਤੇ ਕਿੰਤੂ-ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ ਦਿੱਤਾ ਜਾ ਸਕਦਾ।
ਸਿੱਖ ਰਹਿਤ ਮਰਿਯਾਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਪਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਿਯਾਦਾ ਨਹੀਂ ਬਲਕਿ ਇਹ ਪੰਥ ਦੀ ਮਰਿਯਾਦਾ ਹੈ। ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕਰਕੇ ਲੋਕ ਸੇਵਾ ਹਿੱਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮਿਸ਼ਨਰੀ ਕਾਲਜਾਂ ਤੇ ਪੰਥਕ ਸੰਸਥਾਵਾਂ ਵੱਲੋਂ ਮੋਖ ਰਹਿਤ ਵੰਡਿਆ ਜਾਂਦਾ ਹੈ। ਸਿੱਖ ਰਹਿਤ ਮਰਿਯਾਦਾ ਪੰਥਕ ਏਕਤਾ ਦਾ ਪ੍ਰਤੀਕ ਹੈ। ਜਿਸਨੂੰ ਖੰਡਤ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਅਤੇ ਨਾ ਹੀ ਕਿਸੇ ਇਕ ਸੰਸਥਾਂ ਨੂੰ ਇਸ ਵਿਚ ਕਿਸੇ ਕਿਸਮ ਦਾ ਇਕ ਵੀ ਅੱਖਰ/ਸ਼ਬਦ ਬਦਲਣ ਦਾ ਅਧਿਕਾਰ ਦਿੱਤਾ ਗਿਆ, ਜੇਕਰ ਕਿਸੇ ਕਿਸਮ ਦੇ ਬਦਲਾਅ ਦੀ ਲੋੜ ਮਹਿਸੂਸ ਹੋਵੇ ਤਾਂ ਜਿਸ ਪ੍ਰਕਿਰਿਆ ਰਾਹੀਂ ਇਸ ਨੂੰ ਤਿਆਰ ਕੀਤਾ ਗਿਆ ਸੀ ਉਸੇ ਹੀ ਪ੍ਰਕਿਰਿਆ ਦੁਆਰਾ ਮੁੜ ਇਸ ਵਿਚ ਵਾਧ-ਘਾਟ ਕਰਨ ਸੰਬਧੀ ਵੀਚਾਰ ਕੀਤੀ ਜਾ ਸਕਦੀ ਹੈ। ਮੇਰੀ ਵਿਸ਼ਵਵਿਆਪੀ ਸਿੱਖ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਪੰਥਕ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਬਣਾਉਣ ਵਿਚ ਸਹਿਯੋਗੀ ਬਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਉਪਰ ਪਹਿਰਾ ਦੇਣ।

No comments: