Saturday, August 22, 2015

92 % ਤੋਂ ਵੱਧ ਮੁਸਲਿਮ ਔਰਤਾਂ ਬੋਲ ਕੇ ਤਲਾਕ ਦੇਣ ਦੇ ਖਿਲਾਫ਼

ਤਿੰਨ ਵਾਰੀ ਤਲਾਕ ਕਹਿਣ ਨਾਲ ਰਿਸ਼ਤਾ ਖਤਮ ਹੋਣ ਦਾ ਨਿਯਮ ਇਕਤਰਫਾ
ਨਵੀਂ ਦਿੱਲੀ: 21 ਅਗਸਤ 2015: (ਪੰਜਾਬ ਸਕਰੀਨ ਬਿਊਰੋ): 
ਸੰਨ 1982 ਵਿੱਚ ਇੱਕ ਫਿਲਮ ਆਈ ਸੀ ਨਿਕਾਹ। ਸਲਮਾ ਆਗਾ ਅਤੇ ਰਾਜ ਬੱਬਰ ਸਮੇਤ ਬਹੁਤ ਸਾਰੇ  ਕੋਟੀ ਦੇ ਕਲਾਕਾਰਾਂ 'ਤੇ ਆਧਾਰਿਤ ਇਸ ਫਿਲਮ ਰਾਹੀ ਬੀ ਆਰ ਚੋਪੜਾ ਨੇ ਸ਼ਰੀਅਤ ਦੇ ਕਾਨੂੰਨ ਤਲਾਕ ਉੱਪਰ ਬਹੁਤ ਜਿਆਦਾ ਵਿੰਗ ਕੀਤਾ ਸੀ। ਸਲਮਾ ਆਗਾ ਆਖਦੀ ਹੈ--ਇੱਕ ਨੇ ਤਲਾਕ ਪੱਥਰ ਵਾਂਗ ਮਾਰਿਆ ਅਤੇ ਦੂਜਾ ਹੁਣ ਤੋਹਫ਼ੇ ਵਾਂਗ ਤਲਾਕ ਦੇ ਰਿਹਾ ਹੈ? ਅਜਿਹੀਆਂ ਜਾਗ੍ਰਤੀ ਭਰੀਆਂ ਫਿਲਮਾਂ ਅਤੇ ਹੋਰ ਕੋਸ਼ਿਸ਼ਾਂ ਦੇ ਬਾਵਜੂਦ ਆਮ ਮੁਸਲਿਮ ਔਰਤ ਅਜੇ ਵੀ ਇਸ ਕਾਨੂੰਨ ਦੇ ਤਹਿਤ ਹੁੰਦੀ ਬੇਇਨਸਾਫੀ ਦਾ ਸ਼ਿਕਾਰ ਹੈ।  ਤਿੰਨ ਵਾਰ ਤਲਾਕ ਤਲਾਕ ਆਖ ਕੇ ਵਿਆਹੁਤਾ ਜ਼ਿੰਦਗੀ ਤੋਂ ਬੇਦਖਲ ਕੀਤਾ ਜਾ ਸਕਦਾ ਹੈ। ਵਿਆਹ ਦੇ ਜਿਸ ਸੰਬੰਧ ਨੂੰ ਹਿੰਦੂ ਸਮਾਜ ਸੱਤ ਜਨਮਾਂ ਦਾ ਸੰਬੰਧ ਮੰਨਦਾ ਹੈ ਉਸ ਨੂੰ ਮੁਸਲਿਮ ਸਮਾਜ ਇੱਕੋ ਝਟਕੇ ਵਿੱਚ ਤੋੜ ਕੇ ਪਰ੍ਹਾਂ ਸੁੱਟ ਸਕਦਾ ਹੈ। ਇਸ ਰਿਵਾਜ ਦੇ ਖਿਲਾਫ਼ ਪਹਿਲਾਂ ਵੀ ਕਈ ਵਾਰ ਆਵਾਜ਼ ਉੱਠੀ ਹੈ ਪਰ ਉਸਦਾ ਓਨਾ ਕੁ ਫਾਇਦਾ ਮੁਸਲਿਮ ਔਰਤਾਂ ਨੂੰ ਨਹੀਂ ਪਹੁੰਚਿਆ ਜਿੰਨਾ ਕੁ ਪਹੁੰਚਨਾ ਚਾਹਿਦਾ ਸੀ। ਹੁਣ ਭਾਰਤੀ ਮੁਸਲਿਮ ਮਹਿਲਾ ਅੰਦੋਲਨ ਨੇ ਫਿਰ ਇਸ ਮਸਲੇ ਨੂੰ ਚੁੱਕਿਆ ਹੈ ਇੱਕ ਸਰਵੇਖਣ ਦੇ ਰਾਹੀਂ।
ਇਸ ਸੰਸਥਾ ਵੱਲੋਂ ਮੁਸਲਿਮ ਪਰਵਾਰਕ ਕਾਨੂੰਨ ਬਾਰੇ ਮੁਸਲਮਾਨ ਮਹਿਲਾਵਾਂ ਦੀ ਵਰਤਮਾਨ ਸੋਚ ਬਾਰੇ ਇੱਕ ਰਾਇਸ਼ੁਮਾਰੀ ਕੀਤੀ ਗਈ ਹੈ। ਇਸ ਸਰਵੇ ਤਹਿਤ ਇੱਕ ਗੈਰ-ਕਾਨੂੰਨੀ ਸੰਸਥਾ ਭਾਰਤੀ ਮੁਸਲਿਮ ਮਹਿਲਾ ਅੰਦੋਲਨ ਨੇ ਦੇਸ਼ 'ਚ 471 ਮੁਸਲਿਮ ਮਹਿਲਾਵਾਂ ਦੀ ਰਾਇ ਲਈ। ਸਰਵੇ ਦੌਰਾਨ ਸ਼ਾਦੀ, ਤਲਾਕ, ਇੱਕ ਤੋਂ ਵੱਧ ਵਿਆਹ, ਘਰੇਲੂ ਹਿੰਸਾ ਅਤੇ ਸ਼ਰੀਆ ਅਦਾਲਤਾਂ ਬਾਰੇ ਮਹਿਲਾਵਾਂ ਨੇ ਖੁੱਲ੍ਹ ਕੇ ਰਾਇ ਦਿੱਤੀ। ਇਸ ਸਰਵੇਖਣ ਦੌਰਾਨ ਮਹਿਲਾ ਵਰਗ ਦੀ ਆਵਾਜ਼ ਖੁਲ੍ਹ ਕੇ ਸਾਹਮਣੇ ਆਈ ਹੈ। ਉਹਨਾਂ ਪਰਿਵਾਰਿਕ ਜ਼ਿੰਦਗੀ  ਅਤੇ ਵਿਆਹੁਤਾ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਬਾਰੇ ਖੁਲ੍ਹ ਕੇ ਗੱਲਾਂ ਕੀਤੀਆਂ ਹਨ। ਇਹਨਾਂ ਵਿਛ੍ਕ ਵਿਆਹ ਦੀ ਉਮਰ, ਆਰਥਿਕ ਸਥਿਤੀ ਅਤੇ ਤਲਾਕ ਵਰਗੇ ਕਈ ਮਹਤਵਪੂਰਣ ਪਹਿਲੂ ਸ਼ਾਮਿਲ ਹਨ। 
ਇਸ ਸਰਵੇ 'ਚ ਬਹੁਤੀਆਂ ਮੁਸਲਿਮ ਮਹਿਲਾਵਾਂ ਨੇ ਇੱਕ ਸ਼ਬਦ ਤਿੰਨ ਵਾਰੀ ਬੋਲ ਕੇ  ਤਲਾਕ ਦੇਣ ਦੀ ਪ੍ਰੰਪਰਾ ਨੂੰ ਬਦਲਣ ਦੀ ਮੰਗ ਕੀਤੀ ਹੈ। ਦੇਸ਼ ਦੀਆਂ 92 ਫੀਸਦੀ ਮੁਸਲਮਾਨ ਮਹਿਲਾਵਾਂ ਨੇ ਕਿਹਾ ਹੈ ਕਿ ਤਿੰਨ ਵਾਰੀ ਤਲਾਕ ਕਹਿਣ ਨਾਲ ਰਿਸ਼ਤਾ ਖਤਮ ਹੋਣ ਦਾ ਨਿਯਮ ਇਕਤਰਫਾ ਹੈ ਅਤੇ ਇਸ ਉਪਰ ਰੋਕ ਲੱਗਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਇਹ ਸਿਲਸਿਲਾ ਲੰਮੇ ਸਮੇਂ ਤੋ ਤੁਰਿਆ ਆ ਰਿਹਾ ਹੈ।
ਇਸ ਇਤਿਹਾਸਿਕ ਸਰਵੇ 'ਚ ਸ਼ਾਮਲ 55 ਫੀਸਦੀ ਔਰਤਾਂ ਦਾ ਵਿਆਹ 18 ਸਾਲ ਤੋਂ ਘੱਟ ਉਮਰ 'ਚ ਹੋਇਆ ਅਤੇ 44 ਫੀਸਦੀ ਮਹਿਲਾਵਾਂ ਕੋਲ ਆਪਣਾ ਨਿਕਾਹਨਾਮਾ ਵੀ ਨਹੀਂ ਹੈ। ਸਰਵੇ ਮੁਤਾਬਕ 53.2 ਫੀਸਦੀ ਮੁਸਲਿਮ ਮਹਿਲਾਵਾਂ ਘਰੇਲੂ ਹਿੰਸਾ ਦਾ ਸ਼ਿਕਾਰ ਹਨ। ਇਸ ਸਭਕੁਝ ਨੂੰ ਉਹਨਾਂ ਆਪਣੀ ਤਕ਼ਦੀਰ ਸਮਝ ਲਿਆ ਹੈ। ਇਸ ਨਿਰਾਸ਼ਾ ਦੇ ਬਾਵਜੂਦ ਮੁਸਲਿਮ ਸਮਾਜ ਦੀਆਂ ਕੁਝ ਔਰਤਾਂ ਇਹਨਾਂ ਰਿਵਾਜਾਂ ਦੇ ਖਿਲਾਫ਼ ਉਠ ਖੜ੍ਹੀਆਂ ਹਨ ਅਤੇ ਖੁਲ੍ਹ ਕੇ ਆਵਾਜ਼ ਬੁਲੰਦ ਕਰ ਰਹੀਆਂ ਹਨ। ਇਸ ਤਰਾਂ ਇਹ ਆਵਾਜ਼ਾਂ ਇੱਕ ਅੰਦੋਲਨ ਦਾ ਰੂਪ ਬਣ ਚੁੱਕੀਆਂ ਹਨ। ਭਾਰਤੀ ਮੁਸਲਿਮ ਮਹਿਲਾ ਅੰਦੋਲਨ  ਵੱਲੋਂ ਕੀਤੇ ਗਏ ਇੱਕ ਸਰਵੇਖਣ ਨੇ ਇਹਨਾਂ ਆਵਾਜ਼ਾਂ ਨੂੰ ਇੱਕ ਮੌਕਾ ਪ੍ਰਦਾਨ ਕੀਤਾ ਹੈ। 

75 ਫੀਸਦੀ ਔਰਤਾਂ ਚਾਹੁੰਦੀਆਂ ਹਨ ਕਿ ਲੜਕੀ ਦਾ ਵਿਆਹ 18 ਸਾਲ ਦੀ ਉਮਰ ਤੋਂ ਬਾਅਦ ਹੋਵੇ, ਸਰਵੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ 40 ਫੀਸਦੀ ਮਹਿਲਾਵਾਂ ਨੂੰ ਇੱਕ ਹਜ਼ਾਰ ਤੋਂ ਘੱਟ ਰਕਮ ਦਾਜ ਦੇ ਰੂਪ 'ਚ ਮਿਲੀ ਹੈ, ਜਦੋਂ ਕਿ 44 ਫੀਸਦੀ ਔਰਤਾਂ ਨੂੰ ਕੁਝ ਵੀ ਨਹੀਂ ਮਿਲਿਆ ਹੈ। ਸਰਵੇ 'ਚ ਸ਼ਾਮਲ 525 ਤਲਾਕਸ਼ੁਦਾ ਔਰਤਾਂ 'ਚੋਂ 65.2 ਫੀਸਦੀ ਦਾ ਜ਼ਬਾਨੀ ਤਲਾਕ ਹੋਇਆ, ਜਦਕਿ 78 ਫੀਸਦੀ ਦਾ ਇਕਤਰਫਾ ਤਰੀਕੇ ਨਾਲ ਤਲਾਕ ਹੋਇਆ। 83.3 ਫੀਸਦੀ ਮੁਸਲਿਮ ਮਹਿਲਾਵਾਂ ਨੂੰ ਲੱਗਦਾ ਹੈ ਕਿ ਮੁਸਲਿਮ ਕਾਨੂੰਨ ਲਾਗੂ ਹੋਵੇ ਤਾਂ ਉਨ੍ਹਾਂ ਦੀਆਂ ਪਰਵਾਰਕ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਇਸ ਅਧਿਐਨ 'ਚ ਸ਼ਾਮਲ 73.1 ਫੀਸਦੀ ਮਹਿਲਾਵਾਂ ਅਜਿਹੀਆਂ ਹਨ, ਜਿਨ੍ਹਾਂ ਦੇ ਪਰਵਾਰ ਦੀ ਸਾਲਾਨਾ ਆਮਦਨ 5 ਹਜ਼ਾਰ ਤੋਂ ਵੀ ਘੱਟ ਹੈ। ਸਰਵੇ 'ਚ ਸ਼ਾਮਲ 95.5 ਫੀਸਦੀ ਮੁਸਲਿਮ ਮਹਿਲਾਵਾਂ ਨੇ ਆਲ ਇੰਡੀਆ ਮੁਸਲਿਮ ਲਾਅ ਬੋਰਡ ਦਾ ਨਾਂਅ ਹੀ ਨਹੀਂ ਸੁਣਿਆ। ਅੱਜ ਦੇ ਆਧੁਨਿਕ ਯੁਗ ਵਿੱਚ ਵੀ ਜੇ ਕਿਸੇ ਵਰਗ ਵਿਸ਼ੇਸ਼ ਦੀਆਂ ਔਰਤਾਂ ਨਾਲ ਇਸ ਤਰਾਂ ਦਾ ਖਤਰਨਾਕ ਵਿਤਕਰਾ ਹੁੰਦਾ ਹੈ ਤਾਂ ਇਹ ਸਾਰੇ ਸਮਾਜ ਲਈ ਨਮੋਸ਼ੀ ਵਾਲੀ ਗੱਲ ਹੈ। 

No comments: