Friday, April 04, 2014

ਅਫਗਾਨਿਸਤਾਨ ਵਿਚ 2 ਔਰਤ ਪੱਤਰਕਾਰਾਂ 'ਤੇ ਕਾਤਲਾਨਾ ਹਮਲਾ

ਦੋਹਾਂ ਨੂੰ ਪੁਲਿਸ ਵਰਦੀ ਵਿੱਚ ਮਾਰੀਆਂ ਗੋਲੀਆਂ
1 ਦੀ ਮੌਤ-ਮ੍ਰਿਤਕਾ ਜਰਮਨੀ ਦੀ ਪੱਤਰਕਾਰ 
ਖੋਸਟ 4 ਅਪ੍ਰੈਲ 2014: (ਪੰਜਾਬ ਸਕਰੀਨ):

ਮੀਡੀਆ ਦੇ ਖਿਲਾਫ਼ ਹਮਲੇ ਜਾਰੀ ਹਨ। ਮੀਡੀਆ ਦੇ ਦੁਸ਼ਮਣ ਮਹਿਲਾ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਦੇ। ਨਵਾਂ ਮਾਮਲਾ ਸਾਹਮਣੇ ਆਇਆ  ਅਫਗਾਨਿਸਤਾਨ ਵਿੱਚ। ਰਾਸ਼ਟਰਪਤੀ ਚੋਣਾਂ ਮੌਕੇ ਅਫਗਾਨਿਸਤਾਨ ਦੇ ਪੂਰਬੀ ਪ੍ਰਾਂਤ ਖੋਸਟ ਵਿਚ ਅੱਤਵਾਦੀਆਂ ਵਲੋਂ ਚਲਾਈਆਂ ਗੋਲੀਆਂ 'ਚ ਇਕ ਪੱਛਮੀ ਔਰਤ ਪੱਤਰਕਾਰ ਦੀ ਮੌਤ ਹੋ ਗਈ ਜਨੇ ਦ ਕਿ ਉਸ ਦੀ ਸਾਥਣ ਪੱਤਰਕਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਖੋਸਟ ਪ੍ਰਾਂਤ ਦੇ ਬੁਲਾਰੇ ਮੋਬਾਰੇਜ਼ ਮੁਹੰਮਦ ਜ਼ਾਰਡਨ ਨੇ ਦਸਿਆ ਕਿ ਅੱਜ ਸਵੇਰੇ ਜ਼ਿਲ੍ਹਾ ਪੁਲਿਸ ਦੇ ਮੁੱਖ ਦਫਤਰ ਵਿਚ 2 ਔਰਤ ਪੱਤਰਕਾਰਾਂ ਨੂੰ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਤੇ ਦੂਸਰੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਹਮਲਾਵਰਾਂ ਨੇ ਪੁਲਿਸ ਦੀਆਂ ਵਰਦੀਆਂ ਪਾਈਆਂ ਹੋਈਆਂ ਸਨ। ਚੋਣਾਂ ਦੌਰਾਨ ਅੱਤਵਾਦੀ ਹਿੰਸਾ 'ਚ ਇਹ ਦੂਸਰੇ ਪੱਛਮੀ ਪੱਤਰਕਾਰ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ 11 ਮਾਰਚ ਨੂੰ ਕਾਬਲ ਵਿਚ ਸਵੀਡਿਸ਼ ਪੱਤਰਕਾਰ ਨਿਲਸ ਹਾਰਨਰ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ। ਹਾਲ ਹੀ ਵਿੱਚ 20 ਮਾਰਚ ਨੂੰ ਕਾਬਲ ਦੇ ਉੱਚ ਸੁਰੱਖਿਆ ਵਾਲੇ ਸੇਰੇਨਾ ਹੋਟਲ ਵਿਚ ਅੱਤਵਾਦੀਆਂ ਨੇ 4 ਵਿਦੇਸ਼ੀਆਂ ਸਮੇਤ 9 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ ਜਿਨ੍ਹਾਂ ਵਿਚ ਏ.ਐਫ.ਪੀ ਦਾ ਸੀਨੀਅਰ ਅਫਗਾਨਿਸਤਾਨੀ ਰਿਪੋਰਟਰ ਸਰਦਾਰ ਅਹਿਮਦ, ਉਸ ਦੀ ਪਤਨੀ ਤੇ 2 ਬੱਚੇ ਵੀ ਸ਼ਾਮਿਲ ਸਨ। ਜਿੱਥੇ ਇਹ ਗੱਲ ਇੱਕ ਫਖਰ ਵਾਲੀ ਹੈ ਕਿ ਅਜਿਹੇ ਹਮਲਿਆਂ ਦੇ ਬਾਵਜੂਦ ਮੀਡੀਆ ਨੇ ਨਿਰਪੱਖ ਰਿਪੋਰਟਿੰਗ ਬੰਦ ਨਹੀਂ ਕੀਤੀ ਉੱਥੇ ਇਹ ਬਹੁਤ ਹੀ ਦੁੱਖ ਦੀ ਗੱਲ ਵੀ ਹੈ ਕਿ ਅਜਿਹੇ ਸ਼ਰਮਨਾਕ ਹਮਲਿਆਂ ਦੇ ਬਾਵਜੂਦ ਸਮਾਜ ਨੇ ਆਪਣਾ ਬਣਦਾ ਫਰਜ਼ ਪਛਾਣਦਿਆਂ ਮੀਡੀਆ ਦੁਸ਼ਮਨਾਂ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਨਹੀਂ ਕੀਤੀ। ਜੇ ਇਹ ਖਾਮੋਸ਼ੀ ਜਾਰੀ ਰਹੀ ਤਾਂ ਇਹ ਪੂਰੇ ਸਮਾਜ ਲਈ ਖਤਰਨਾਕ ਹਾਲਤਾਂ ਨੂੰ ਸੱਦਾ ਦੇ ਰਹੀ ਹੋਵੇਗੀ। 

No comments: