Monday, October 07, 2013

ਸ਼ਿਵ ਸੈਨਾ ਪੰਜਾਬ ਨੇ ਕੀਤਾ ਵਿਧਾਇਕ ਢਿੱਲੋਂ ਦੇ ਘਰ ਦਾ ਘਿਰਾਓ

Sun, Oct 6, 2013 at 5:52 PM
3 ਲੱਖ ਗਊਆਂ ਦੀ ਸੁਰਖਿਆ ਲਈ ਮੰਗਿਆ 500 ਕਰੋੜ ਦਾ ਪੈਕੇਜ
ਲੁਧਿਆਣਾ, 6 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ)- ਸ਼ਿਵ ਸੈਨਾ ਪੰਜਾਬ ਅਤੇ ਗਊ ਸੇਵਾ ਦਲ ਵਲੋਂ ਪੰਜਾਬ ਦੀਆਂ ਸੜਕਾਂ ਫਿਰ ਰਹੀਆਂ 3 ਲੱਖ ਗਊਆਂ ਦੀ ਸੁਰਖਿਆ ਅਤੇ ਹਿੰਦੂ ਇਤਿਹਾਸਿਕ ਮੰਦਰਾਂ ਨੂੰ ਹੋਰ ਖੂਬਸੂਰਤ ਬਣਾਉਣ ਲਈ ਮੰਗੇ ਜਾ ਰਹੇ ਪੈਕੇਜ ਦੇ ਸੰਬੰਧ ਵਿਚ ਅੱਜ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੇ ਨਿਵਾਸ ਅਸਥਾਨ ਸਾਹਮਣੇ ਗਊਆਂ ਦੇ ਨਾਲ ਸੈਨਾ ਦੇ ਚੇਅਰਮੈਨ ਰਾਜੀਵ ਟੰਡਨ, ਪੰਜਾਬ ਪ੍ਰਧਾਨ ਸੰਜੀਵ ਘਨੌਲੀ, ਜ਼ਿਲਾ ਪ੍ਰਧਾਨ ਜਿੱਪੀ ਸ਼ਰਮਾ, ਸ਼ਹਿਰੀ ਪ੍ਰਧਾਨ ਅਸ਼ਵਨੀ ਚੋਪੜਾ, ਯੂਥ ਪ੍ਰਧਾਨ ਭਾਨੂੰ ਪ੍ਰਤਾਪ ਰਾਜ ਪੁਰੋਹਿਤ, ਲੇਵਰ ਸੈਲ ਦੇ ਪ੍ਰਧਾਨ ਅਜੈ ਵਰਮਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਇਕ ਮੰਗ ਪੱਤਰ ਸੌਂਪਿਆ ਗਿਆ।
ਇਸ ਦੌਰਾਨ ਆਪਣੇ ਸੰਬੋਧਨ ਵਿਚ ਸ੍ਰੀ ਟੰਡਨ ਅਤੇ ਘਨੌਲੀ ਨੇ ਸਾਰੇ ਪੰਜਾਬ ਵਿਚ ਤਿੰਨ ਲੱਖ ਤੋਂ ਵੱਧ ਗਊਆਂ ਸੜਕਾਂ 'ਤੇ ਆਵਾਰਾ ਫਿਰ ਰਹੀਆਂ ਹਨ, ਜਿਹਨਾਂ ਦੀ ਦੇਖਭਾਲ ਲਈ ਕੋਈ ਉਚਿਤ ਪ੍ਰਬੰਧ ਨਹੀਂ ਹਨ। ਗਊਆਂ ਦੀ ਸੁਰਖਿਆ ਲਈ ਪੰਜਾਬ ਸਰਕਾਰ ਗਊ ਸੇਵਾ ਦਲ ਨੂੰ 5 ਸੌ ਕਰੋੜ ਰੁਪਏ ਦਾ ਪੈਕੇਜ ਦੇਵੇ ਤਾਂ ਜੋ ਗਊਆਂ ਲਈ ਆਧੁਨਿਕ ਗਊਸ਼ਾਲਾਵਾਂ ਬਣਾ ਕੇ ਉਹਨਾਂ ਦੀ ਦੇਖਭਾਲ ਹੋ ਸਕੇ। ਇਸ ਤੋਂ ਇਲਾਵਾ ਗਊਆਂ ਨੂੰ ਚਰਾਉਣ ਵਾਲੀਆਂ ਥਾਵਾਂ 'ਤੇ ਕੀਤੇ ਗਏ ਨਾਜਾਇਜ਼ ਕਬਜਿਆਂ ਨੂੰ ਹਟਾ ਕੇ ਮੁੱਕਤ ਕਰਵਾ ਕੇ ਦਲ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗਊ ਦੀ ਪ੍ਰਾਚੀਨ ਸਮੇਂ ਤੋਂ ਹੀ ਹਿੰਦੂ ਧਰਮ ਵਿਚ ਪੂਜਾ ਕੀਤੀ ਜਾਂਦੀ ਰਹੀ ਹੈ। ਇਸ ਪੂਜਨੀਕ ਗਊਆਂ ਦੀ ਤਸਕਰੀ 'ਤੇ ਵੀ ਪ੍ਰਤੀਬੰਧ ਲਗਾਉਣ ਲਈ ਕਾਨੂੰਨ ਬਨਾ ਕੇ ਤੁਰੰਤ ਪ੍ਰਭਾਵ ਵਿਚ ਲਾਗੂ ਕੀਤੇ ਜਾਣ।
ਗਊ ਸੇਵਾ ਦਲ ਦੇ ਸੂਬਾਈ ਪ੍ਰਧਾਨ ਭੂਪਿੰਦਰ ਸ਼ਰਮਾ, ਰਾਜੇਸ਼ ਪਲਟਾ ਅਤੇ ਭਾਰਤੀ ਆਂਗਰਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਗਊਆਂ ਦੀ ਦੇਖਭਾਲ ਕਰਨਾ, ਜਿਥੇ ਹਰ ਭਾਰਤੀ ਨਾਗਰਿਕ ਦਾ ਫਰਜ਼ ਹੈ, ਉਥੇ ਸਰਕਾਰਾਂ ਨੂੰ ਵੀ ਇਸ ਦੇ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਕਈ ਗਊਆਂ ਸੜਕਾਂ 'ਤੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਆਪਣੇ ਪ੍ਰਾਣ ਤਿਆਗ ਦਿੰਦੀਆ ਹਨ ਤੇ ਕਈ ਜਖਮੀ ਹੋਕੇ ਇਲਾਜ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਗਾਊਆਂ ਦੀ ਸੇਵਾ ਮੁਫ਼ਤ ਕਰਨ ਤਾਂ ਜੋ ਉਹਨਾਂ ਨੂੰ ਜੀਵਨ ਵਿਚ ਹਰ ਸੁੱਖ ਦੀ ਪ੍ਰਾਪਤੀ ਹੋਵੇ।
ਜਿੱਪੀ ਸ਼ਰਮਾ, ਅਸ਼ਵਲੀ ਚੋਪੜਾ ਨੇ ਕਿਹਾ ਕਿ ਸਰਕਾਰਾਂ ਹਿੰਦੁਆਂ ਦੇ ਪ੍ਰਤੀ ਉਦਾਸੀਨਤਾ ਵਾਲਾ ਰਵੈਇਆ ਤਿਆਗ ਕੇ ਹਿੰਦੂ ਹਿੱਤਾਂ ਵਿਚ ਵੀ ਕੰਮ ਕਰਨ ਅਤੇ ਉਹਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਧਿਆਨ ਵਿਚ ਰੱਖਦੇ ਹੋਏ ਗਊ ਸੁਰਖਿਆ ਲਈ ਪੈਕੇਜ ਜਾਰੀ ਕਰਨ। ਸ਼੍ਰੀ ਟੰਡਨ ਅਤੇ ਘਨੌਲੀ ਨੇ ਕਿਹਾ ਕਿ ਹਿੰਦੂਆਂ ਦੇ ਪ੍ਰਾਚੀਣ ਇਤਿਹਾਸਕ ਮੰਦਰਾਂ ਦਾ ਉਚਿਤ ਰਖ-ਰਖਾਅ ਨਾ ਹੋਣ ਕਾਰਣ ਖੰਡਰਾਂ ਦਾ ਰੂਪ ਧਾਰਣ ਕਰ ਗਏ ਹਨ, ਜਿਹਨਾਂ ਨੂੰ ਸੁੰਦਰ ਬਣਾਉਣ ਲਈ 100 ਕਰੋੜ ਦਾ ਪੈਕੇਜ ਤੁਰੰਤ ਜਾਰੀ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਜਪਾ ਆਪਣੇ ਹਿੰਦੂਤਵ ਵਾਲੇ ਸੰਕਲਪ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਕੰਮ ਕਰੇ।
ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਅੱਤਵਾਦੀਆਂ ਦੇ ਹੱਥੋਂ ਸ਼ਹੀਦ ਹੋਏ ਹਿੰਦੂਆਂ ਅਤੇ ਸੈਨਿਕਾਂ ਦੀ ਯਾਦ ਵਿਚ ਰੋਪੜ ਅਤੇ ਲੁਧਿਆਣਾ ਵਿਚ ਇੱਕ ਯਾਦਗਾਰ ਬਨਾਉਣ ਲਈ 10 ਕਰੋੜ ਦਾ ਪੈਕੇਜ ਵੀ ਸਰਕਾਰ ਓਸੇ ਤਰ੍ਹਾਂ ਦੇਵੇ ਜਿਸ ਤਰ੍ਹਾਂ ਸਿੱਖਾਂ ਦੇ ਸ਼ਹੀਦਾਂ ਦੀ ਯਾਦ ਵਿਚ ਬਣਾਈ ਗਈ ਯਾਦਗਾਰ 'ਤੇ ਧਨ ਖਰਚ ਕੀਤਾ ਗਿਆ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਮੰਗਾਂ 'ਤੇ ਸਰਕਾਰ ਗੰਭੀਰ ਨਾ ਹੋਈ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਜਦ ਸ਼ਿਵ ਸੈਨਿਕ ਅਤੇ ਗਊ ਸੇਵਾ ਦਲ ਦੇ ਵਰਕਰ ਭਾਰੀ ਗਿਣਤੀ ਵਿਚ ਜਲੂਸ ਦੇ ਰੂਪ ਵਿਚ ਵਿਧਾਇਕ ਢਿੱਲੋਂ ਦੇ ਨਿਵਾਸ 'ਤੇ ਪਹੁੰਚੇ ਤਾਂ ਉਥੇ ਵੱਡੀ ਗਿਣਤੀ ਵਿਚ ਪੁਲਿਸ ਦਲ ਤਾਇਨਾਤ ਸੀ। ਸ਼ਿਵ ਸੈਨਿਕਾਂ ਅਤੇ ਗਊ ਸੇਵਾ ਦਲ ਨੇ ਜਮ ਕੇ ਪ੍ਰਦਰਸ਼ਨ ਕੀਤਾ। ਕੁਝ ਸਮੇਂ ਬਾਅਦ ਵਿਧਾਇਕ ਨੇ ਘਰ ਤੋਂ ਬਾਹਰ ਨਿਕਲ ਕੇ ਗਊ ਨੂੰ ਆਪਣੇ ਹੱਥੀਂ ਚਾਰਾ ਖਿਲਾਇਆ ਅਤੇ ਮੰਗ ਪੱਤਰ ਲੈਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਨਾਂ ਦੀ ਮੰਗ ਨੂੰ ਮੁੱਖ ਮੰਤਰੀ ਪੰਜਾਬ ਤੱਕ ਜਲਦ ਪਹੁੰਚਾ ਕੇ ਗਊਆਂ ਦੀ ਸੁਰਖਿਆ ਲਈ ਗੁਹਾਰ ਲਗਾਉਣਗੇ। ਇਸ ਉਪਰੰਤ ਆਗੂਆਂ ਅਤੇ ਵਰਕਰਾਂ ਨੂੰ ਵਿਧਾਇਕ ਨੇ ਆਪਣੇ ਨਿਵਾਸ 'ਤੇ ਚਾਹ-ਪਾਣੀ ਵੀ ਪਿਲਾਇਆ। 
ਸ਼੍ਰੀ ਟੰਡਨ ਨੇ ਕਿਹਾ ਕਿ ਅਜਿਹਾ ਸ਼ਿਵ ਸੈਨਿਕਾਂ ਦੇ ਨਾਲ ਪਹਿਲੀ ਬਾਰ ਹੋਇਆ ਹੈ ਜਦ ਸ਼ਿਵ ਸੈਨਾ ਕਿਸੇ ਵਿਧਾਇਕ/ਮੰਤਰੀ ਦਾ ਘਿਰਾਓ ਕਰਨ ਜਾਏ ਅਤੇ ਉਹ ਉਹਨਾਂ ਨੂੰ ਚਾਹ-ਪਾਣੀ ਪਿਲਾ ਕੇ ਸਨਮਾਨ ਦੇਵੇ। ਅਕਸਰ ਸ਼ਿਵ ਸੈਨਿਕਾਂ ਤੋਂ ਮੰਗ ਪੱਤਰ ਲੈ ਕੇ ਉਹਨਾਂ ਤੋਂ ਦੂਰੀ ਹੀ ਬਣਾਈ ਜਾਂਦੀ ਰਹੀ ਹੈ। ਇਸ ਮੌਕੇ ਰਾਕੇਸ਼ ਅਰੋੜਾ, ਹਿਤੇਸ਼ ਮਹਿਤਾ ਮੀਤ ਪ੍ਰਧਾਨ ਪੰਜਾਬ ਗਊ ਸੇਵਾ ਦਲ, ਰਵੀ ਸ਼ਰਮਾ ਜ਼ਿਲਾ ਪ੍ਰਧਾਨ ਪਠਾਨਕੋਟ, ਅਸ਼ਵਨੀ ਸ਼ਰਮਾ ਪ੍ਰਧਾਨ ਰੋਪੜ, ਵਿਪਨ ਸ਼ਰਮਾ ਫਗਵਾੜਾ, ਪੰਕਜ ਜੁਨੇਜਾ, ਸ਼ੱਕਤੀ ਡਾਬੀ, ਅਰਵਿੰਦਰ ਸ਼ਰਮਾ, ਨਰਿੰਦਰ ਰਾਜਪੂਤ, ਸੰਜੀਵ ਘਈ, ਬੰਸੀ ਡਾਬੀ, ਜੈ ਰਾਮ ਚਾਵਲਾ, ਮਨੋਜ ਗੁਪਤਾ, ਦਿਨਾਸ਼ ਸਿੰਗਲਾ, ਹਨੀ ਮਹਿਤਾ, ਸ਼ਮਾ ਮਲਹੋਤਰਾ, ਰਛਪਾਲ ਸਿੰਘ, ਸੰਜੈ, ਡਾਕਟਰ ਰਾਕੇਸ਼, ਜਤਿੰਦਰ ਦੀਪੂ, ਵਿੱਕੀ ਆਦਿ ਸ਼ਾਮਲ ਸੀ।

No comments: