Friday, September 06, 2013

'ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ....

ਸਿੰਘ ਸਭਾ ਲਹਿਰ ਦੇ ਬਾਨੀ, ਮਹਾਨ ਚਿੰਤਕ, ਲਿਖਾਰੀ ਅਤੇ ਬੁਲਾਰੇ ਭਾਈ ਦਿੱਤ ਸਿੰਘ ਦੀ ਯਾਦ ਨੂੰ ਸਮਰਪਿਤ :
                                                                                --Dr. Amarjit Singh washington D.C.
6 ਸਤੰਬਰ, 2013 ਨੂੰ, ਭਾਈ ਦਿੱਤ ਸਿੰਘ ਜੀ ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕੀਤਿਆਂ 112 ਵਰ੍ਹੇ ਪੂਰੇ ਹੋ ਜਾਣੇ ਹਨ। ਸਿੱਖ ਕੌਮ ਦਾ ਇਹ ਮੁੱਢਲਾ ਸੁਭਾਅ ਬਣ ਗਿਆ ਹੈ ਕਿ ਅਸੀਂ ਆਪਣੇ ਵਿਦਵਾਨਾਂ, ਸੱਚੇ ਪੰਥ ਸੇਵਕਾਂ ਅਤੇ ਸਾਫ-ਗੋਅ ਕਾਰਜਕਰਤਾਵਾਂ ਨੂੰ ਬੇਇੱਜ਼ਤ ਜਾਂ ਅਣਗੌਲਿਆਂ ਕਰਦੇ ਹਾਂ ਅਤੇ ਫਿਰ ਸਮਾਂ ਲੰਘ ਜਾਣ ਤੋਂ ਬਾਅਦ, ਉਨ੍ਹਾਂ ਦੇ ਨਾਂ ਦੀ ਦੁਹਾਈ ਦੇ ਕੇ ਕਹਿੰਦੇ ਹਾਂ - 'ਫਲਾਣਾ ਠੀਕ ਹੀ ਕਹਿੰਦਾ ਸੀ - ਅਸੀਂ ਉਦੋਂ ਉਹ ਦੀ ਗੱਲ ਨਹੀਂ ਸੁਣੀ।' ਅੱਜ ਦੇ ਦੌਰ ਵਿਚ ਵੀ ਅਸੀਂ ਇਮਾਨਦਾਰ ਪੰਥਪ੍ਰਸਤਾਂ ਨੂੰ ਰੋਲਿਆ ਹੈ ਅਤੇ ਲਗਾਤਾਰ ਰੋਲ ਰਹੇ ਹਾਂ ਪਰ ਨਾਲ ਹੀ ਸ਼ਾਹ ਮੁਹੰਮਦ ਦੇ ਇਸ ਅਖਾਣ ਦਾ ਤੋਤਾ-ਰਟਨ ਵੀ ਜ਼ਰੂਰ ਕਰਦੇ ਹਾਂ - 
'ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।' 
19ਵੀਂ ਸਦੀ ਦੇ ਦੂਸਰੇ ਅੱਧ ਵਿਚ, ਸਿੱਖ ਕੌਮ ਨੂੰ ਈਸਾਈ ਮਿਸ਼ਨਰੀਆਂ, ਆਰੀਆ ਸਮਾਜੀਆਂ ਅਤੇ ਬ੍ਰਾਹਮਣਵਾਦੀ ਕਰਮ ਕਾਂਡਾਂ ਵਾਲੇ ਸਨਾਤਨੀ ਸਿੱਖਾਂ ਦੀ ਜਕੜ ਵਿਚੋਂ ਕੱਢ ਕੇ, ਇੱਕ 'ਆਜ਼ਾਦ ਧਰਮ' ਵਜੋਂ ਸਥਾਪਤ ਕਰਨ ਵਿਚ, ਜਿਸ ਸਿੰਘ ਸਭਾ ਲਹਿਰ ਨੇ ਕੇਂਦਰੀ ਰੋਲ ਅਦਾ ਕੀਤਾ, ਭਾਈ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਭਾਈ ਜਵਾਹਰ ਸਿੰਘ ਇਸ ਲਹਿਰ ਦੇ ਬਾਨੀਆਂ ਵਿਚੋਂ ਸਨ।
ਭਾਈ ਦਿੱਤ ਸਿੰਘ ਦਾ ਜਨਮ 21 ਅਪ੍ਰੈਲ, 1850 ਨੂੰ, ਪਿੰਡ ਕਲੌੜ (ਨੰਦਪੁਰ), ਉਸ ਸਮੇਂ ਦੀ ਰਿਆਸਤ ਪਟਿਆਲਾ, ਹੁਣ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਦੀਵਾਨ ਸਿੰਘ ਸੀ। ਉਹ ਇੱਕ ਸਾਧੂ ਬਿਰਤੀ ਇਨਸਾਨ ਸਨ, ਗੁਲਾਬ ਦਾਸੀਏ ਪਰੰਪਰਾ ਨੂੰ ਮੰਨਣ ਵਾਲਿਆਂ 'ਚੋਂ ਸਨ। ਭਾਈ ਸਾਹਿਬ ਦਾ ਪਰਿਵਾਰ, ਇੱਕ ਗ਼ਰੀਬ ਕਿਰਤੀ (ਦਲਿਤ) ਪਰਿਵਾਰ ਸੀ ਅਤੇ ਪਿਤਾ-ਪੁਰਖੀ ਕਿੱਤਾ ਕੱਪੜਾ ਬੁਣਨਾ ਸੀ। ਭਾਈ ਦਿੱਤ ਸਿੰਘ ਹੋਰਾਂ ਨੇ ਮੁੱਢਲੀ ਵਿੱਦਿਆ, ਸਿੱਖਿਆ, ਦੀਖਿਆ, ਗੁਲਾਬ ਦਾਸੀਆਂ ਤੋਂ ਲਈ ਅਤੇ ਫਿਰ ਉਨ੍ਹਾਂ ਦੇ 'ਪ੍ਰਚਾਰਕ' ਬਣ ਕੇ ਵਿਚਰਨ ਲੱਗੇ। ਬਹੁਤ ਜਲਦੀ ਗੁਲਾਬ-ਦਾਸੀਆਂ ਦਾ ਪ੍ਰਭਾਵ ਲੱਥਾ ਅਤੇ ਫਿਰ ਸਵਾਮੀ ਦਿਆ ਨੰਦ (ਆਰੀਆ ਸਮਾਜ) ਤੋਂ ਪ੍ਰਭਾਵਿਤ ਹੋਏ। ਅੰਦਰੋਂ ਸੱਚ ਦੀ ਭਾਲ ਜਾਰੀ ਸੀ। ਗਿਆਨ ਲਈ ਵਿਆਕੁਲ ਬੁੱਧੀ ਅਤੇ ਸ਼ੁੱਧ ਆਤਮਾ, ਅਜੇ ਬੇਚੈਨੀ ਦਾ ਸ਼ਿਕਾਰ ਸਨ। ਪ੍ਰੋ. ਗੁਰਮੁਖ ਸਿੰਘ, ਓਰੀਐਂਟਲ ਕਾਲਜ ਲਾਹੌਰ ਦੀ ਸੰਗਤ ਨੇ, ਗੂੜ੍ਹਾ ਸਿੱਖੀ ਰੰਗ ਚਾੜ੍ਹਿਆ ਅਤੇ ਫਿਰ ਰੱਤੜੇ ਚੋਲ਼ੇ ਵਾਲੇ ਭਾਈ ਦਿੱਤ ਸਿੰਘ ਪੰਜ ਦਰਿਆਵਾਂ ਦੀ ਧਰਤੀ 'ਤੇ ਆਪਣੀ ਤਕਰੀਰ ਤੇ ਤਹਿਰੀਰ (ਭਾਸ਼ਣ ਤੇ ਲਿਖਤ) ਦਾ ਸਿੰਘ-ਨਾਦ ਵਜਾਉਣ ਲੱਗੇ। ਗੁਰੂ ਬਖਸ਼ਿਸ਼ ਦਾ ਐਸਾ ਸੋਮਾ ਭਾਈ ਸਾਹਿਬ ਦੇ ਅੰਤਹਕਰਣ ਵਿਚ ਫੁੱਟਿਆ, ਜਿਸ ਦੀ ਮਿਠਾਸ ਨਾਲ, ਉਨ੍ਹਾਂ ਨੇ ਸਮੁੱਚਾ ਜੀਵਨ ਬਿਨਾ ਵੈਰ-ਵਿਰੋਧ, ਸ਼ਿਕਾਇਤ-ਗਿਲੇ ਦੇ ਪੰਥ ਦੀ ਸੇਵਾ ਵਿਚ ਅਰਪਣ ਕਰ ਦਿੱਤਾ। 
ਉਨ੍ਹਾਂ ਦੀ ਸਿੰਘ ਗਰਜਣ ਨੇ ਸਾਧੂ ਦਯਾਨੰਦ ਨੂੰ ਦੰਦਲ਼ਾਂ ਪਾਈਆਂ, ਈਸਾਈ ਮਿਸ਼ਨਰੀ ਆਪਣੀਆਂ ਬਾਈਬਲਾਂ ਕੱਛੇ ਮਾਰ ਰਾਹੇ ਪਏ ਅਤੇ ਹਰਿਮੰਦਰ ਸਾਹਿਬ ਅਕਾਲ ਤਖ਼ਤ 'ਤੇ ਕਾਬਜ਼ ਬੇਦੀ-ਸੋਢੀ ਬਾਬੇ ਅਤੇ ਮਹੰਤ, ਕੌਮ ਦੇ ਚੁਰਾਹੇ ਵਿਚ ਅਪਰਾਧੀਆਂ ਵਾਂਗ ਲਿਆ ਖੜ੍ਹੇ ਕੀਤੇ। ਸਿੰਘ ਸਭਾ ਲਹਿਰ ਨੇ, 1849 ਵਿਚ ਸਿੱਖ ਰਾਜ ਜਾਣ ਤੋਂ ਬਾਅਦ ਮੁਰਦੇਹਾਣੀ ਦਾ ਸ਼ਿਕਾਰ ਹੋਈ ਸਿੱਖ ਕੌਮ ਵਿਚ, ਇੱਕ ਨਵੀਂ ਰੂਹ ਫ਼ੂਕ ਦਿੱਤੀ। ਕਿੱਥੇ ਅੰਗਰੇਜ਼ ਚਿੰਤਕ ਤੇ ਮਰਦਮਸ਼ੁਮਾਰੀ ਦੇ ਅੰਕੜੇ, ਅਗਲੇ ਕੁੱਝ ਵਰ੍ਹਿਆਂ ਵਿਚ ਸਿੱਖ ਕੌਮ ਦੇ 'ਖ਼ਤਮ' ਹੋ ਕੇ, ਹਿੰਦੂਆਂ ਵਿਚ ਜਜ਼ਬ ਹੋਣ ਦੀਆਂ ਭਵਿੱਖ ਬਾਣੀਆਂ ਕਰ ਰਹੇ ਸਨ ਅਤੇ ਕਿੱਥੇ ਉਸ ਮੰਦਹਾਲੀ ਦੇ ਦੌਰ 'ਚੋਂ, ਗੁਰੂ-ਕਿਰਪਾ ਸਦਕਾ, ਸਿੱਖ ਕੌਮ ਪੂਰੀ ਤਰ੍ਹਾਂ 'ਸੁਰਖ਼ਰੂ' ਹੋ ਕੇ ਨਿਕਲੀ। ਪੰਜਾਬ ਭਰ ਵਿਚ ਵਿੱਦਿਅਕ ਸੰਸਥਾਵਾਂ (ਖ਼ਾਲਸਾ ਸਕੂਲਾਂ, ਸਿੱਖ ਕੰਨਿਆ ਪਾਠਸ਼ਾਲਾਵਾਂ) ਖੁੱਲ੍ਹੀਆਂ, ਥਾਂ-ਥਾਂ ਸਿੰਘ ਸਭਾਵਾਂ ਨੇ ਗੁਰਦੁਆਰੇ ਸਥਾਪਤ ਕੀਤੇ, ਧੜਾਧੜ ਗੁਰਮਤਿ ਲਿਟਰੇਚਰ ਲਿਖਿਆ ਤੇ ਪੜ੍ਹਿਆ ਜਾਣ ਲੱਗਿਆ, ਸਨਾਤਨੀ ਸਿੱਖਾਂ ਦੀਆਂ 'ਮਨਮਤੀਆਂ' ਹਰ ਥਾਂ ਚੈਲੰਜ ਹੋਣ ਲੱਗੀਆਂ, 1891-92 ਵਿਚ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਸਥਾਪਨਾ ਇੱਕ ਬੜਾ ਰੌਸ਼ਨ ਮੀਲ-ਪੱਥਰ ਸਾਬਤ ਹੋਇਆ, ਥਾਂ-ਥਾਂ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਮਾਹੌਲ ਸਿਰਜਿਆ ਗਿਆ। 
ਭਾਈ ਦਿੱਤ ਸਿੰਘ ਨੇ 17-18 ਸਾਲ ਦੀ ਉਮਰ ਦੇ ਵਿਚ ਹੀ ਆਪਣੀ ਵਿਦਵਤਾ ਦੇ ਝੰਡੇ ਗੱਡ ਦਿੱਤੇ ਸਨ। ਭਾਈ ਸਾਹਿਬ ਨੂੰ ਪੰਜਾਬੀ ਪੱਤਰਕਾਰੀ ਦਾ 'ਪਿਤਾਮਾ' ਕਿਹਾ ਜਾ ਸਕਦਾ ਹੈ। ਲਗਭਗ 51 ਸਾਲ ਦੀ ਉਮਰ ਵਿਚ ਇਸ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਭਾਈ ਸਾਹਿਬ ਨੇ ਲਗਭਗ 52 ਪੁਸਤਕਾਂ ਲਿਖੀਆਂ, ਜਿਨ੍ਹਾਂ ਦੀ ਮੌਲਿਕਤਾ ਤੇ ਤਾਜ਼ਗੀ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਧਰਮ ਪਤਨੀ ਬੀਬੀ ਬਿਸ਼ਨ ਕੌਰ ਨੇ, ਉਨ੍ਹਾਂ ਦਾ ਹਰ ਕਦਮ 'ਤੇ ਸਾਥ ਦਿੱਤਾ। ਭਾਈ ਸਾਹਿਬ ਦੇ ਦੋਵੇਂ ਬੱਚੇ-ਬੇਟਾ ਡਾ. ਬਲਦੇਵ ਸਿੰਘ ਅਤੇ ਪੁੱਤਰੀ ਵਿਦਿਆਵੰਤ ਕੌਰ, ਉਨ੍ਹਾਂ ਦੀਆਂ ਅੱਖਾਂ ਸਾਹਮਣੇ ਚੜ੍ਹਾਈ ਕਰ ਗਏ ਪਰ ਉਨ੍ਹਾਂ ਨੇ ਨਿੱਜੀ ਸਦਮਿਆਂ ਦੇ ਬਾਵਜੂਦ, ਪੰਥਕ ਸੇਵਾ ਦੇ ਪਿੜ ਵਿਚ ਕੋਈ ਕਮਜ਼ੋਰੀ ਨਹੀਂ ਆਣ ਦਿੱਤੀ। ਭਾਈ ਸਾਹਿਬ ਆਰਥਿਕ ਤੰਗ ਦਸਤੀ ਨਾਲ ਸਾਰੀ ਉਮਰ ਜੂਝੇ, ਉਨ੍ਹਾਂ ਨਾਲ ਅਕਾਲ ਤਖ਼ਤ 'ਤੇ ਕਾਬਜ਼ ਪੁਜਾਰੀ 'ਛੇਕਿਆਂ' ਵਰਗਾ ਵਰਤਾਰਾ ਕਰਦੇ ਸਨ, ਉੱਚੀਆਂ ਜਾਤਾਂ ਦੇ ਜਾਤ-ਅਭਿਮਾਨੀ ਸਿੱਖ, ਉਨ੍ਹਾਂ ਨੂੰ 'ਨੀਵੀਂ ਜਾਤ' ਦਾ ਗਰਦਾਨ ਕੇ ਨਫ਼ਰਤ ਕਰਦੇ ਸਨ, ਸਿੱਖਾਂ ਵਿਚ ਬੜੇ ਮਕਬੂਲ ਬਾਬਾ ਖੇਮ ਸਿੰਘ ਬੇਦੀ (ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗਦੇਲਾ ਲਾ ਕੇ ਬੈਠਦਾ ਸੀ ਅਤੇ ਆਪਣੇ ਆਪ ਨੂੰ 13ਵਾਂ ਗੁਰੂ ਅਖਵਾਉਂਦਾ ਸੀ) ਭਾਈ ਦਿੱਤ ਸਿੰਘ ਨੂੰ ਉਨ੍ਹਾਂ ਦੀ ਗੁਰੂ-ਡੰਮ੍ਹ ਵਿਰੋਧੀ ਲਿਖਤ ਕਰ ਕੇ ਅਦਾਲਤ ਵਿਚ ਲੈ ਗਏ ਅਤੇ ਜੁਰਮਾਨਾ ਕਰਵਾਇਆ। ਇਨ੍ਹਾਂ ਸਭ ਔਕੜਾਂ ਦੇ ਬਾਵਜੂਦ, ਭਾਈ ਦਿੱਤ ਸਿੰਘ ਨੇ ਸਿੱਖੀ ਦਾ ਝੰਡਾ ਬੁਲੰਦ ਰੱਖਿਆ। 
ਭਾਈ ਦਿੱਤ ਸਿੰਘ ਨੂੰ, ਪੰਥ-ਦਰਦੀ ਸਿੱਖ ਅੰਤਾਂ ਦਾ ਪਿਆਰ ਕਰਦੇ ਸਨ ਅਤੇ ਅੱਜ ਵੀ ਉਨ੍ਹਾਂ ਦੇ ਕਦਰਦਾਨ ਹਨ। ਰੋਪੜ ਨਿਵਾਸੀ ਸੱਚਖੰਡ ਵਾਸੀ ਕਵੀਰਾਜ ਗੁਰਬਖ਼ਸ਼ ਸਿੰਘ ਦੀਆਂ ਇਹ ਸਤਰਾਂ ਭਾਈ ਸਾਹਿਬ ਦੀ ਕੌਮ ਪ੍ਰਤੀ ਦੇਣ ਨੂੰ ਬਿਆਨ ਦੀਆਂ ਹਨ - 
'ਜਿਸ ਦਾ ਨਾਮ ਲੈਂਦਿਆਂ, ਦਿਲ ਵਿਚ ਜੋਸ਼ ਉੱਠੇ, 
ਨਿਵ ਜਾਏ ਧੌਣ, ਵੱਡੇ-ਵੱਡੇ ਅਭਿਮਾਨੀ ਦੀ। 
ਸੁੱਤੀ ਘੂਕ ਪਈ ਕੌਮ ਆਣ ਕੇ ਜਗਾਈ ਜਿਸ, 
ਅੱਜ ਤੱਕ ਧੁੰਮ ਪਈ ਹੋਈ, ਜਿਸ ਦੀ ਕਾਨੀ ਦੀ। 
ਕੌਣ ਐਸਾ ਬੀਰ, ਜਿਸ ਭਰਮ ਲੀਰੋ ਲੀਰ ਕੀਤੇ, 
ਆਈ ਯਾਦ ਅੱਜ, ਉਸ ਸਿੰਘ ਸਭਾ ਦੇ ਬਾਨੀ ਦੀ। 
ਭਾਵੇਂ ਪਾਈ ਨਾ ਕਦਰ, ਉਹਦੀ ਸਿੱਖ ਕੌਮ ਨੇ ਹੈ,
ਭਾਸੇ ਅੱਜ ਲੋੜ ਫੇਰ ਦਿੱਤ ਸਿੰਘ ਗਿਆਨੀ ਦੀ।'
ਭਾਈ ਦਿੱਤ ਸਿੰਘ ਔਰਾਂ ਦੀ ਲਿਖਣ-ਸ਼ੈਲੀ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿਚ, ਸਧਾਰਣ ਸਮਝ ਗੋਚਰੇ ਆ ਸਕਣ ਵਾਲੀ, ਨਾਟਕੀ ਪਰ ਵਿਅੰਗਮਈ ਅੰਦਾਜ਼ ਦੀ ਸ਼ੈਲੀ ਸੀ- ਜਿਸ ਵਿਚ ਨਵੀਨਤਾ ਦੀ ਭਾਅ ਸੀ। ਉਨ੍ਹਾਂ ਦੀਆਂ ਲਿਖਤਾਂ ਲਗਾਤਾਰਤਾ ਨਾਲ 'ਖ਼ਾਲਸਾ ਅਖ਼ਬਾਰ, ਲਾਹੌਰ' ਵਿਚ ਛਪਦੀਆਂ ਸਨ - ਜਿਸ ਦੇ ਉਹ ਬਾਨੀ ਸੰਪਾਦਕ ਸਨ। ਉਹ ਕਵਿਤਾ ਤੇ ਲੇਖ ਇੱਕੋ ਜਿਹੀ ਯੋਗਤਾ ਨਾਲ ਲਿਖਦੇ ਸਨ। ਉਨ੍ਹਾਂ ਦੀਆਂ ਪ੍ਰਮੁੱਖ ਲਿਖਤਾਂ ਵਿਚ - ਗੁਰੂ ਨਾਨਕ ਪ੍ਰਬੋਧ, ਗੁਰੂ ਅਰਜਨ ਚਰਿੱਤਰ, ਦੰਭ ਬਿਦਾਰਨ, ਦੁਰਗਾ ਪ੍ਰਬੋਧ, ਪੰਧ ਪ੍ਰਬੋਧ, ਰਾਜ ਪ੍ਰਬੋਧ, ਮੇਰਾ ਅਤੇ ਸਾਧੂ ਦਯਾਨੰਦ ਦਾ ਸੰਵਾਦ ਆਦਿਕ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਾਚੀਨ ਸਿੱਖ ਸ਼ਹੀਦਾਂ ਸਬੰਧੀ ਵੀ ਕਿਤਾਬਚੇ ਲਿਖੇ, ਜਿਨ੍ਹਾਂ ਵਿਚ ਸ਼ਹੀਦ ਭਾਈ ਤਾਰਾ ਸਿੰਘ ਵਾਂਅ, ਭਾਈ ਸੁਬੇਗ ਸਿੰਘ, ਭਾਈ ਮਤਾਬ ਸਿੰਘ ਮੀਰਾਂਕੋਟੀਆ, ਭਾਈ ਤਾਰੂ ਸਿੰਘ ਆਦਿ ਸ਼ਾਮਲ ਹਨ। ਭਾਈ ਸਾਹਿਬ ਦਾ ਭਾਸ਼ਣ ਸੁਣਨ ਲਈ, ਸਿੱਖ ਸੰਗਤਾਂ ਦੂਰੋਂ-ਦੂਰੋਂ ਆਉਂਦੀਆਂ ਸਨ। ਉਹ ਬੜੇ ਸੁਖੈਨ ਅੰਦਾਜ਼ ਅਤੇ ਹਾਸ ਰਸੀ ਭਾਵ ਵਿਚ, ਅਨਮਤੀਆਂ ਤੇ ਮਨਮਤੀਆਂ ਦੇ ਛੱਕੇ ਛਡਾਉਂਦੇ ਅਤੇ ਸਿੱਖੀ ਦੀ ਮਹਾਨਤਾ ਦਾ ਪ੍ਰਚਾਰ ਕਰਦੇ ਸਨ। ਪ੍ਰੋ. ਗੁਰਮੁਖ ਸਿੰਘ ਅਤੇ ਭਾਈ ਜਵਾਹਰ ਸਿੰਘ, ਮੁੱਢਲੇ ਦਿਨਾਂ ਤੋਂ ਉਨ੍ਹਾਂ ਦੇ ਸਹਾਇਕ, ਸਹਿਯੋਗੀ ਤੇ ਪ੍ਰੇਰਨਾ-ਸਰੂਪ ਸਨ। ਸਮੇਂ ਦੇ ਬੀਤਣ ਨਾਲ ਇਹ ਕਾਫ਼ਲਾ ਵੱਡਾ ਹੁੰਦਾ ਗਿਆ। ਇਸ ਕਾਫ਼ਲੇ ਵਿਚ ਭਾਈ ਸਾਹਿਬ ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ ਵਰਗੇ ਵਿਦਵਾਨ ਵੀ ਸ਼ਾਮਲ ਹੋਏ। ਜਦੋਂ ਪ੍ਰੋ. ਗੁਰਮੁਖ ਸਿੰਘ (1898 ਵਿਚ ਚੜ੍ਹਾਈ ਕੀਤੀ) ਅਤੇ ਭਾਈ ਦਿੱਤ ਸਿੰਘ (6 ਸਤੰਬਰ, 1901 ਨੂੰ ਚੜ੍ਹਾਈ ਕੀਤੀ) ਆਪਣੇ ਜੀਵਨ ਲੇਖੇ ਲਾ ਕੇ ਗੁਰਪੁਰੀ ਸਿਧਾਰੇ, ਉਦੋਂ ਤੱਕ, ਉਨ੍ਹਾਂ ਦੀ ਮਿਹਨਤ ਅਤੇ ਗੁਰੂ ਦੀ ਬਖਸ਼ਿਸ਼ ਸਦਕਾ, ਸਿੱਖ ਕੌਮ ਆਪਣੀ 'ਗ਼ਫ਼ਲਤ' 'ਚੋਂ ਜਾਗ ਚੁੱਕੀ ਸੀ ਅਤੇ ਸਿੱਖ ਨਵ-ਚੇਤਨਾ ਅੰਗੜਾਈਆਂ ਲੈ ਰਹੀ ਸੀ।
6 ਸਤੰਬਰ, 1901 ਨੂੰ ਭਾਈ ਦਿੱਤ ਸਿੰਘ ਦੇ ਚੜ੍ਹਾਈ ਕਰ ਜਾਣ ਨੂੰ, ਭਾਈ ਵੀਰ ਸਿੰਘ ਹੋਰਾਂ ਨੇ ਕਿਵੇਂ ਮਹਿਸੂਸ ਕੀਤਾ, ਇਸ ਦਾ ਪ੍ਰਗਟਾਵਾ ਉਨ੍ਹਾਂ ਨੇ ਆਪਣੀ ਅਖ਼ਬਾਰ 'ਖ਼ਾਲਸਾ ਸਮਾਚਾਰ' ਵਿਚ ਦਿੱਤੀ ਸ਼ਰਧਾਂਜਲੀ ਨਾਲ ਇਉਂ ਕੀਤਾ - 
'ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ।
ਕੌਮ ਬੈਠੀ ਸਿਰਾਣੇ ਜਗਾਵੇ।
ਕਿਉਂ ਕੀਤੀ ਨੀਂਦ ਪਿਆਰੀ,
ਕਿਉਂ ਜਾਗ ਤੁਹਾਨੂੰ ਨਾ ਆਵੇ।
ਕਦੀ ਕੌਮ ਜਗਾਈ ਸੀ ਤੈਨੇ,
ਹਾਂ, ਲੰਮੇ ਕੱਢ ਕੱਢ ਵੈਣ ਤੇ ਹਾਵੇ।
ਜਗਾ ਕੇ ਕੌਮ ਭੁਲੱਕੜ
ਆਪ ਸੌਂ ਗਏ ਹੋ ਬੇਦਾਵੇ।'

No comments: