Sunday, December 26, 2010

ਫੇਸਬੁਕ ਦੇ ਮੇਲੇ ਦੀ ਇੱਕ ਸੰਖੇਪ ਜਿਹੀ ਰਿਪੋਰਟ


ਇਮਰੋਜ਼ ਜੀ ਦੇ ਨਾਲ 
ਮਹਿੰਦਰ ਰਿਸ਼ਮ 
ਕਦੇ ਬਹੁਤ ਪਹਿਲਾਂ ਕਤੀਲ ਸ਼ਿਫਾਈ ਹੁਰਾਂ ਨੂੰ ਪੜ੍ਹਿਆ ਸੀ...
ਨਿਕਲ ਹੀ ਆਤੀ ਹੈ ਕੋਈ ਨਾ ਕੋਈ ਗੁੰਜਾਇਸ਼,
ਕਿਸੀ ਕਾ ਪਿਆਰਾ ਕਭੀ ਆਖਿਰੀ ਨਹੀਂ ਹੋਤਾ...
ਉਸ ਤੋਂ ਵੀ ਕੁਝ ਅੱਗੇ ਜਾ ਕੇ ਇੱਕ ਨਵੀਂ ਹਕੀਕਤ ਬਿਆਨ ਕੀਤੀ ਗਈ ਹੈ ਮਹਿੰਦਰ ਰਿਸ਼ਮ ਵੱਲੋਂ ਇਹ ਕਹਿ ਕੇ ......
ਹੁੰਦਾ ਨਹੀਂ ਕੁਝ ਵੀ ਆਖਰੀ, ਦਿਲ ਨੂੰ ਸਮਝਾਉਣਾ ਔਖਾ ਏ
ਕਦਮਾਂ ਦਾ ਜਮੀਂ ਤੋਂ ਟੁਟਣਾ ਵੀ,ਮਾਸੂਮ ਜਿਹਾ ਇਕ ਧੋਖਾ ਏ 
ਗਮਾਂ ਦੇ ਦੌਰ ਵਿੱਚ ਇਹ ਰਚਨਾ ਬਹੁਤ ਹੀ ਹੋਂਸਲਾ ਦੇਣ ਵਾਲੀ ਹੈ...... 
ਇਹ ਛੱਤ ਕੰਧਾਂ ਤੇ ਬੂਹੇ ਵੀ ਪੈਰਾਂ ਨੂੰ ਕਦੀ ਬੰਨ ਲੈਂਦੇ ਨੇ
ਸੱਚ ਹੈ ਜਦ ਚਲ ਪਈਏ ਤਾਂ ਰਾਹ ਹੋਰ ਨਵੇਂ ਤੁਰ ਪੈਂਦੇ ਨੇ....
ਰਿਸ਼ਮ ਜੀ ਦੀ ਇੱਕ ਹੋਰ ਸ਼ਾਨਦਾਰ ਅਤੇ ਜਾਨਦਾਰ ਰਚਨਾ ਲਈ ਬਿਲਕੁਲ ਦਿਲੋਂ ਨਿਕਲੀ ਮੁਬਾਰਕ ਤੋਂ ਬਾਅਦ ਗੱਲ ਕਰਦੇ ਹਾਂ ਇਕ਼ਬਾਲ ਗਿੱਲ ਜੀ ਦੀ ਇਕ ਨਵੀਂ ਪੋਸਟ ਬਾਰੇ. 
ਇਕ਼ਬਾਲ ਗਿੱਲ
ਬਹੁਤ ਹੀ ਸਾਦਗੀ ਅਤੇ ਖੂਬਸੂਰਤੀ ਨਾਲ ਅੱਟਲ ਹਕੀਕਤਾਂ ਨੂੰ ਬਿਆਨ ਕੀਤਾ ਗਿਆ ਹੈ ਇਸ ਰਚਨਾ ਵਿੱਚ.
ਨੁੱਕਰ ਤੇ ਬਣੇ ਮਕਾਨ ਨੂੰ ਜਿਉਂ ਸਦਾ ਹੀ ਖਤਰਾ ਹੈ |
ਮੇਰੇ ਸ਼ਹਿਰ ਚ ਚਾਵਾਂ ਨੂੰ ਇੰਝ ਬੜਾ ਹੀ ਖਤਰਾ ਹੈ |

ਰਖ ਲੁਕਾਕੇ ਸਜਣਾਂ ਤੂੰ ਮੁਖ ਬੁਰੀਆਂ ਵਾਵਾਂ ਨੇ,
ਸੋਹਣਿਆਂ ਤਾਈਂ ਹੁੰਦੀ ਖੁਦ ਦੀ ਅਦਾ ਹੀ ਖਤਰਾ ਹੈ |

ਤੂ ਤੇ ਮਿੱਤਰਾ ਖੁਸ਼ੀ ਨੂੰ ਗੁੱਡੀ ਵਾਂਕਣ ਪਿਆ ਉਡਾਵੇਂ,
ਖੁਦਗਰਜੀ ਖੰਭ ਖੋਹੇ ਖੁਸ਼ੀ ਨੂੰ ਖਰਾ ਹੀ ਖਤਰਾ ਹੈ | 

ਹਕੀਕਤਾਂ ਦੀ ਗੱਲ ਕਰਦਿਆਂ ਸੁਪਨਿਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਓਂਕਿ ਸੁਪਨੇ ਸਾਨੂੰ ਉਹਨਾਂ ਹਕੀਕਤਾਂ ਨਾਲ ਵੀ ਮਿਲਾਉਂਦੇ ਨੇ ਜਿਹਨਾਂ ਦੇ ਰੂ-ਬ-ਰੂ ਅਸੀਂ ਹੋ ਨਹੀਂ ਸਕੇ ਹੁੰਦੇ.ਕੁਝ ਇਹੋ ਜਿਹੀਆਂ ਹਕੀਕਤਾਂ ਦੀ ਗੱਲ ਕਰ ਰਹੇ ਹਨ ਗੁਰਦੀਪ ਸਿੰਘ ਜੀ ਆਪਣੀ ਰਚਨਾ ਰਚਨਾ ਸੁਪਨੇ ਵਿੱਚ.ਜ਼ਰਾ ਇਸ ਅੰਦਾਜ਼ ਦਾ ਆਨੰਦ ਵੀ ਮਾਣੋ.ਇਹ ਬੇਹੱਦ ਖੂਬਸੂਰਤ ਰਚਨਾ ਹੈ ਜੋ ਆਪਣੇ ਨਾਲ ਲੈ ਤੁਰਦੀ ਹੈ.ਸੁਪਨਿਆਂ ਦੀ ਉਸ ਦੁਨੀਆ ਦਾ ਅਹਿਸਾਸ ਵੀ ਕਰਾਉਂਦੀ ਹੈ ਅਤੇ ਉਸ ਦੁਨੀਆ ਦੇ ਗੁਆਚ ਜਾਣ ਮਗਰੋਂ ਜੋ ਦਰਦ ਮਹਿਸੂਸ ਹੁੰਦਾ ਹੈ ਉਸਦੇ ਰੂ-ਬ-ਰੂ ਵੀ ਕਰਾਉਂਦੀ ਹੈ ....! 
ਸੁਪਨ ਦੇਸ਼ ਦੀ ਸੁਪਨ ਪਰੀ ਤੂੰ
ਸੁਪਨੇ ਦੇ ਵਿੱਚ ਆਵੇਂ
ਗੁਰਦੀਪ ਸਿੰਘ ਭੰਮਰਾ ਦਾ ਇੱਕ ਅੰਦਾਜ਼
ਖੋਰੇ ਕਿਹੜੇ ਅੰਬਰ ਵਿੱਚੋਂ
ਸੁਪਨੇ ਲੈ ਕੇ ਆਵੇਂ।

ਰੰਗ ਬਰੰਗੇ ਜਿਵੇਂ ਗੁਬਾਰੇ
ਬਾਂਸ ਕਿਸੇ ਦੇ ਟੰਗੇ
ਸੱਭ ਨੂੰ ਸੁਪਨੇ ਵੰਡਦੀ ਜਾਵੇਂ
ਜਿਹੜੀ ਬੀਹੀ ਲੰਘੇ।

ਯਾਦਾਂ ਨੂੰ ਤੁੰ ਉਂਗਲੀ ਲਾ ਕੇ
ਮੇਲੇ ਵਿੱਚ ਛੱਡ ਆਵੇਂ
ਰੋਂਦੀਆਂ ਤੇ ਕੁਰਲਾਦੀਆਂ ਛੱਡ ਕੇ
ਆਪ ਛਪਨ ਹੋ ਜਾਵੇਂ।

ਕਿਸੇ ਗੁਆਚੇ ਬੱਚੇ ਵਾਂਗੂ
ਰਹੀਏ ਅਸੀਂ ਉਦਾਸੇ
ਕੀ ਰੋਈਏ, ਕੀ ਗਾਈਏ ਹੱਸੀਏ
ਨਾ ਆਸੇ ਨਾ ਪਾਸੇ।

ਦੁਨੀਆਂ ਭੂਲ ਭੁਲਈਆਂ ਜਾਪੇ
ਰਸਤਾ ਹੱਥ ਨਾ ਆਵੇ
ਸੁਪਨੇ ਫੜੀਏ, ਫੜ ਨਾ ਹੋਵੇ
ਇੱਕ ਆਵੇ ਇੱਕ ਜਾਵੇ।

ਇਹ ਸੀ ਇੰਟਰਨੈਟ ਦੀ ਦੁਨੀਆ ਵਿੱਚ ਲੱਗੇ ਫੇਸਬੁਕ ਦੇ ਮੇਲੇ ਦੀ ਇੱਕ ਸੰਖੇਪ ਜਿਹੀ ਰਿਪੋਰਟ. ਤੁਸੀਂ ਇਸ ਮੇਲੇ ਚੋਂ ਕੀ ਦੇਖਿਆ, ਕੀ ਸੁਣਿਆ, ਕੀ ਲਭਿਆ, ਕੀ ਗੁਆਇਆ.....ਜ਼ਰੂਰ ਦਸਣਾ....ਤੁਹਾਡੇ ਵਿਚਾਰਾਂ ਦੀ ਉਡੀਕ ਵੀ ਬਣੀ ਰਹੇਗੀ...ਤੁਹਾਡੀਆਂ ਰਚਨਾਵਾਂ ਦੇ ਵਾਂਗ. --ਰੈਕਟਰ ਕਥੂਰੀਆ  

1 comment:

Unknown said...

Bahut khoobsoorat drish vikhaya Kathuria g