ਸੀਨੇ ਖਿਚ ਜਿਨ੍ਹਾਂ ਨੇ ਖਾਧੀ,
ਨਿਹੁੰ ਵਾਲੇ ਨੈਣਾਂ ਦੀ ਨੀਂਦਰ,
ਓਹ ਦਿਨੇ ਰਾਤ ਪਏ ਵਹਿੰਦੇ....!
ਇੱਕੋ ਲਗਨ ਲਈ ਜਾਂਦੀ ਹੈ ਤੋਰ ਅਨੰਤ ਉਹਨਾਂ ਦੀ,
ਵਸ੍ਲੋਂ ਉਰੇ ਮੁਕਾਮ ਨਾ ਕੋਈ,
ਸੋ ਚਾਲ ਪਏ ਨਿੱਤ ਰਹਿੰਦੇ....!
ਵਿਧਾ ਪੰਜਾਬੀ ਨੇ ਆਪਣਾ ਸਫ਼ਰ ਥੋਹੜੀ ਦੇਰ ਪਹਿਲਾਂ ਹੀ ਸ਼ੁਰੂ ਕੀਤਾ ਸੀ. ਤੇਜ਼ੀ ਪਰ ਸੰਤੁਲਨ ਨਾਲ ਤੁਰਦਿਆਂ ਵਿਧਾ ਨੇ ਇੱਕ ਬਹੁਤ ਹੀ ਅਨਮੋਲ ਸੌਗ਼ਾਤ ਪੰਜਾਬੀ ਪਾਠਕਾਂ ਦੀ ਝੋਲੀ ਪਾਈ ਹੈ. ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਵਿੱਚ ਇਹ ਸਹੂਲਤ ਕਾਫੀ ਪ੍ਰਚਲਿਤ ਹੈ ਕਿ ਤੁਸੀਂ ਕੋਈ ਵੀ ਪੁਸਤਕ ਬਿਨਾ ਖਰੀਦਿਆਂ ਸਿਰਫ ਓਨ ਲਾਈਨ ਹੋ ਕੇ ਪੜ੍ਹ ਸਕਦੇ ਹੋ. ਤੁਹਾਡੇ ਵਿੱਚ ਸਿਰਫ ਉਸ ਪੁਸਤਕ ਲਈ ਪ੍ਰੇਮ, ਉਸਨੂੰ ਪੜ੍ਹਨ ਦੀ ਇਛਾ ਅਤੇ ਇੰਟਰਨੈਟ ਦੀ ਸਹੂਲਤ ਹੋਣਾ ਕਾਫੀ ਹੈ. ਪੰਜਾਬੀ ਵਿੱਚ ਜਾਂ ਤਾਂ ਇਹ ਸਹੂਲਤ ਹੈ ਨਹੀਂ ਸੀ ਤੇ ਜਾਂ ਫੇਰ ਅਜੇ ਇਸਦਾ ਪਤਾ ਸਾਰੀਆਂ ਨੂੰ ਨਹੀਂ ਸੀ ਲੱਗਿਆ. ਹੁਣ ਇਸਨੂੰ ਪੰਜਾਬੀ ਪਾਠਕਾਂ ਲਈ ਪੇਸ਼ ਕੀਤਾ ਹੈ ਵਿਧਾ ਨੇ. ਇਸ ਓਨ ਲਾਈਨ ਲਾਇਬ੍ਰੇਰੀ ਵਿੱਚ ਤੁਸੀਂ ਆਪਣੀ ਪੁਸਤਕ ਸਜਾ ਵੀ ਸਕਦੇ ਹੋ ਅਤੇ ਇਸ ਵਿੱਚ ਸਜੀ ਹੋਈ ਕੋਈ ਵੀ ਪੁਸਤਕ ਪੜ੍ਹ ਵੀ ਸਕਦੇ ਹੋ ਸਿਰਫ ਏਥੇ ਕਲਿੱਕ ਕਰਕੇ.
ਬਹੁਤ ਸਾਰੇ ਪੰਜਾਬੀ ਪਰਿਵਾਰ ਅਜਿਹੇ ਵੀ ਹਨ ਜਿਹੜੇ ਆਮ ਬੋਲਚਾਲ ਦੌਰਾਨ ਪੰਜਾਬੀ ਹੀ ਬੋਲਦੇ ਹਨ ਪਰ ਲਿਖਣ ਜਾਂ ਪੜ੍ਹਨ ਲੱਗਿਆਂ ਓਹ ਆਪਣੇ ਆਪ ਨੂੰ ਬੇਬਸ ਜਿਹਾ ਮਹਿਸੂਸ ਕਰਦੇ ਹਨ. ਗੁਰਮੁਖੀ ਲਿੱਪੀ ਨਾ ਆਉਣ ਕਾਰਣ ਓਹ ਮਜਬੂਰ ਜਿਹੇ ਹੋ ਜਾਂਦੇ ਹਨ. ਉਂਝ ਤਾਂ ਹੁਣ ਗੁਰਮੁਖੀ ਲਿਖਣ ਲਈ ਕਾਫੀ ਕੁਝ ਹੋ ਰਿਹਾ ਹੈ ਪਰ ਫਿਰ ਵੀ ਇਹ ਅਜੇ ਕਈਆਂ ਤੱਕ ਨਹੀਂ ਪਹੁੰਚ ਸਕਿਆ.ਇਹਨਾਂ ਪੰਜਾਬੀ ਪਿਆਰਿਆਂ ਚੋਂ ਹੀ ਇੱਕ ਉਪਰਾਲਾ ਹੋਇਆ ਹੈ ਓਪਨ ਬੁਕਸ ਓਨ ਲਾਈਨ ਵੱਲੋਂ ਪੰਜਾਬੀ ਸਾਹਿਤ ਦਾ. ਇਸ ਮੰਚ ਤੇ ਪੰਜਾਬ ਦੇਵਨਾਗਰੀ ਵਿੱਚ ਵੀ ਲਿਖੀ ਜਾਂਦੀ ਹੈ. ਇਹਨਾਂ ਵਿੱਚ ਯੋਗਰਾਜ ਪ੍ਰਭਾਕਰ ਵਰਗੇ ਕਈ ਪੰਜਾਬੀ ਪਿਆਰੇ ਗੁਰਮੁਖੀ ਵਿੱਚ ਵੀ ਲਿਖਦੇ ਹਨ. ਇਸ ਉਪਰਾਲੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਸਿਰਫ ਏਥੇ ਕਲਿੱਕ ਕਰਕੇ.
ਵੈਬ ਮੀਡੀਆ ਵਿੱਚ ਹੀ ਇੱਕ ਹੋਰ ਉਪਰਾਲਾ ਕਾਮਯਾਬੀ ਨਾਲ ਚੱਲ ਰਿਹਾ ਹੈ ਹਿੰਮਤਪੁਰਾ ਦੇ ਨਾਮ ਨਾਲ. ਹਿੰਮਤਪੁਰਾ ਪੁੱਜ ਕੇ ਤੁਸੀਂ ਪੰਜਾਬੀ ਵਿਦਵਾਨਾਂ ਦੇ ਲੇਖ ਵੀ ਪੜ੍ਹ ਸਕਦੇ ਹੋ ਅਤੇ ਓਨ ਲਾਈਨ ਕਿਤਾਬਾਂ ਵੀ.ਗੁਰਮੁਖੀ ਨੂੰ ਯੂਨੀਕੋਡ ਵਿੱਚ ਲਿਖਣ ਦਾ ਤਰੀਕਾ ਵੀ ਅਤੇ ਹਿੰਦੀ ਨੂੰ ਗੁਰਮੁਖੀ ਚ ਤਬਦੀਲ ਕਰਨ ਵਰਗੇ ਤਕਨੀਕੀ ਢੰਗ ਤਰੀਕੇ ਵੀ.ਦੇਸ਼ ਵਿਦੇਸ਼ ਵਿੱਚ ਰਹਿ ਰਹੇ ਪੰਜਾਬੀਆਂ ਨਾਲ ਜੁੜੇ ਮਸਲਿਆਂ ਬਾਰੇ ਵੀ ਤੁਹਾਨੂੰ ਏਥੇ ਕਾਫੀ ਕੁਝ ਮਿਲੇਗਾ ਅਤੇ ਪੰਜਾਬ ਬਾਰੇ ਵੀ.ਪੰਜਾਬ ਦੇ ਦੁੱਖ ਸੁੱਖ ਨੂੰ ਦੂਰ ਦੂਰ ਤੱਕ ਪਹੁੰਚਾ ਇਹ ਓਨ ਲਾਈਨ ਪਰਚਾ ਕਾਫੀ ਦਿਲਚਸਪ ਵੀ ਹੈ. ਹਿੰਮਤਪੁਰਾ ਪਹੁੰਚਣ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ.
......ਤੇ ਅਖੀਰ ਵਿੱਚ ਗੱਲ ਇੱਕ ਸਲਾਹ ਦੀ. ਗਊ ਦੇ ਪੇਸ਼ਾਬ ਦਾ ਵੀ ਦੁਨੀਆਂ ਦੀਆਂ ਵੱਖ ਵੱਖ ਪ੍ਰਯੋਗਸ਼ਲਾਵਾਂ ਵਿਚ ਰਸਾਇਣਕ ਪ੍ਰੀਖਣ ਹੋਣਾ ਚਾਹੀਦਾ ਹੈ। ਇਸ ਪ੍ਰੀਖਣ ਦੇ ਨਾਲ ਨਾਲ ਪ੍ਰੀਖਣ ਕਰਨ ਵਾਲਿਆਂ ਦੀ ਨੀਅਤ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ। ਕਿ ਕੌਣ ਕਿਸ ਚੀਜ਼ ਦਾ ਪ੍ਰਚਾਰ ਕਿਸ ਨੀਅਤ ਨਾਲ ਕਰ ਰਿਹਾ ਹੈ? ਥੋੜੀ ਜਿਹੀ ਘੋਖਵੀ ਨਜ਼ਰ ਗਊ ਦੇ ਪਿਸ਼ਾਬ ਸਬੰਧੀ ਸਾਡਾ ਨਜ਼ਰੀਆ ਦਰੁਸਤ ਕਰ ਸਕਦੀ ਹੈ। ਮੇਘਰਾਜ ਮਿੱਤਰ ਦੀ ਇਹ ਸਲਾਹ ਅਤੇ ਬਹੁਤ ਕੁਝ ਹੋਰ ਤੁਸੀਂ ਪੜ੍ਹ ਸਕਦੇ ਹੋ 5abi.ਕਾਮ ਤੇ ਸਿਰਫ ਏਥੇ ਕਲਿੱਕ ਕਰਕੇ. ਜੇ ਪੰਜਾਬ ਅਤੇ ਪੰਜਾਬੀਅਤ ਲਈ ਤੁਸੀਂ ਵੀ ਕੁਝ ਕਰ ਰਹੇ ਹੋ ਤਾਂ ਆਪਣਾ ਵੇਰਵਾ ਜ਼ਰੂਰ ਭੇਜੋ. ਤੁਸੀਂ ਇਹ ਸਭ ਕੁਝ ਈਮੇਲ ਕਰ ਸਕਦੇ ਹੋ punjabscreen@gmail.com ਵਾਲੇ ਈਮੇਲ ਪਤੇ ਤੇ. ਇਸਦੇ ਨਾਲ ਸੰਬੰਧਤ ਤਸਵੀਰਾਂ ਭੇਜਣਾ ਨਾ ਭੁੱਲਣਾ. --ਰੈਕਟਰ ਕਥੂਰੀਆ
1 comment:
ਜਨਾਬ ਰੇਕਟਰ ਸਾਹਿਬ,
ਬਹੁਤ ਹੀ ਵਧੀਆ ਜਾਣਕਾਰੀ ਦੇਣ ਵਾਲਾ ਲੇਖ ਲਿਖਿਆ ਹੈ ਤੁਸੀਂ, ਮੇਰੀ ਦਿਲੀ ਮੁਬਾਰਕਬਾਦ ਕ਼ਬੂਲ ਫਰਮਾਓ ! ਜਿਥੇ ਤਕ ਪੰਜਾਬੀ/ਗੁਰਮੁਖੀ ਬੋਲਣ ਤੇ ਲਿਖਣ ਦਾ ਸਵਾਲ ਹੈ ਤਾਂ ਮੈਂ ਐਥੇ ਚੰਦ ਜ਼ਾਤੀ ਅਨੁਭਵ ਆਪਦੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗਾ ! ਗੱਲ ਉਸ ਵਕ਼ਤ ਦੀ ਹੈ ਜਦ ਅੱਤਵਾਦ ਦਾ ਕਾਲਾ ਪਰਛਾਵਾਂ ਪੰਜਾਬ ਪ੍ਰਦੇਸ਼ ਉੱਪਰ ਛਾਇਆ ਹੋਇਆ ਸੀ ! ਮੈਂ ਆਪਣੇ ਸਕੂਟਰ ਦੀ ਨੰਬਰ ਪਲੇਟ ਉੱਪਰ "PB-11" ਦੀ ਬਜਾਏ ਪੰਜਾਬੀ ਵਿੱਚ "ਪੰਜਾਬ ੧੧" ਲਿਖਵਾਯਾ ਹੋਇਆ ਸੀ ! ਇੱਕ ਸ਼ਾਮ ਪੁਲਿਸ ਨੇ ਸ਼ਹਿਰ ਦੇ ਮੇਨ ਚੌਕ ਤੇ ਮੈਨੂ ਰੋਕਿਆ ਤੇ ਨੰਬਰ ਪਲੇਟ ਉੱਪਰ ਲਿਖੇ "PB-11" ਨੂੰ ਗਲਤ ਦੱਸਦਿਆਂ ਹੋਇਆਂ ਚਾਲਾਨ ਕਰਨ ਦੀ ਧਮਕੀ ਦਿੱਤੀ ! ਮਗਰ ਮੈਂ ਵੀ ਅੜ ਗਿਆ, ਤੇ ਸਾਫ਼ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਪੰਜਾਬ ਨੂੰ "P.B" ਵਿੱਚ ਬਦਲਣ ਲਈ ਹਰਗਿਜ਼ ਤਿਆਰ ਨਹੀ ! ਇਕ ਸੀਨੀਅਰ ਤੇ ਬਜੁਰਗ ਅਫਸਰ ਨੇ ਮੇਰੇ ਤੋ ਇਸਦਾ ਕਾਰਣ ਪੁਛਿਆ ਤਾਂ ਮੈਂ ਸਾਫ਼ ਸਾਫ਼ ਜਵਾਬ ਦਿੱਤਾ ਕਿ ਮੈਂ ਪੰਜਾਬ ਦਾ ਜੰਮ ਪਲ ਪੰਜਾਬੀ ਦਾ ਸ਼ਾਇਰ ਹਾਂ ਅਤੇ ਮੈਨੂ ਇਹ ਗੱਲ ਕਿਸੀ ਤਰਾਂ ਨਾਲ ਵੀ ਬਰਦਾਸ਼ਤ ਨਹੀ ਕਿ ਪੰਜਾਬ ਜਾਂ ਪੰਜਾਬੀ ਨਾਲ ਕੋਈ ਸਮਝੌਤਾ ਕਰਾਂ ! ਤਾਂ ਉਸ ਅਫਸਰ ਨੇ ਹੱਸਦਿਆਂ ਹੋਇਆਂ ਆਪਣੇ ਨਾਲ ਦਿਆਂ ਨੂੰ ਹਿਦਾਯਤ ਦਿੱਤੀ "ਜਾਣ ਦਿਓ ਯਾਰ ਬਾਊ ਨੂੰ, ਇਹ ਕਵੀ ਹੈ ਜੇ ਇਸਨੁ ਹੋਰ ਰੋਕਿਆ ਤਾਂ ਏਹਨੇ ਆਪਣੀਆਂ ਕਵਿਤਾਵਾਂ ਸੁਣਾਣ ਲੱਗ ਜਾਣਾ ਹੈ !"
ਦੂਸਰੀ ਤੇ ਅਹਮ ਗੱਲ ਇਹ ਕਿ ਮੈਂ ਹਿੰਦੀ/ਅੰਗ੍ਰੇਜ਼ੀ ਮੀਡੀਅਮ ਨਾਲ ਆਪਣੀ ਸਾਰੀ ਸਿਖਿਆ ਪੂਰੀ ਕੀਤੀ ਹੈ, ਮੇਰੇ ਬੱਚੇ ਵੀ ਕੋਨਵੇੰਟ ਦੇ ਪੜ੍ਹੇ ਹੋਏ ਨੇ ਮਗਰ ਅੱਜ ਵੀ ਸਾਡੇ ਘਰ ਵਿਚ ਗੱਲ ਬਾਤ ਸਿਰਫ ਤੇ ਸਿਰਫ ਮਾਤ ਭਾਸ਼ਾ ਪੰਜਾਬੀ 'ਚ ਹੀ ਕੀਤੀ ਜਾਂਦੀ ਹੈ ! ਆਮ ਤੌਰ ਤੇ ਗੈਰ ਪੰਜਾਬੀ ਅਲਫਾਜ਼ ਇਸਤੇਮਾਲ ਕਰਨ ਤੇ ਲਗਭਗ ਪਾਬੰਦੀ ਹੈ ! ਅੱਜ ਵੀ ਸਾਡੇ ਘਰ ਵਿਚ "ਲੰਚ" ਜਾਂ "ਡਿਨਰ" ਨਹੀ ਬਣਦਾ, ਸਗੋਂ "ਰੋਟੀ" ਹੀ ਪੱਕਦੀ ਹੈ ! "ਹੈਲੋ-ਹਾਏ" ਦੀ ਬਜਾਏ ਸਾਡੇ ਘਰ ਵਿੱਚ "ਮਾਥਾ ਟੇਕਣਾ" ਜਾਣ "ਨਮਸਤੇ" ਦਾ ਹੀ ਚਲਨ ਹੈ! ਮੇਰੇ ਪਿਤਾ ਜੀ ਦਾ ਤੇ ਸਵਰਗਵਾਸੀ ਮਾਂ ਵੀ ਇਸ ਪਰੰਪਰਾ ਨੂੰ ਜਿੰਦਾ ਰਖਣ ਵਿੱਚ ਮੁਖ ਯੋਗਦਾਨ ਹੈ !
Post a Comment