Tuesday, August 03, 2010

ਇੱਕ ਹੋਰ ਸੋਗੀ ਖਬਰ

ਸਟੇਜ ਦੀ ਦੁਨੀਆ ਦਾ ਪ੍ਰਸਿਧ ਅਦਾਕਾਰ ਸੁਰਜੀਤ ਗਾਮੀ ਅੱਜ ਸਵੇਰੇ ਅਸੂਲਾਂ ਦੀ ਲੜਾਈ ਜਿੱਤ ਗਿਆ ਪਰ 
ਜਾਨ 
ਦੀ ਬਾਜ਼ੀ ਹਾਰ ਗਿਆ. ਗਰੀਬੀ ਅਤੇ ਬਿਮਾਰੀ ਨਾਲ ਸੰਘਰਸ਼ ਕਰਦਿਆਂ ਇੱਕ ਹੋਰ ਹੀਰਾ ਸਾਡੇ ਹਥੋਂ ਹਮੇਸ਼ਾ ਲਈ ਗੁਆਚ ਗਿਆ. ਉਸਦੇ ਗੰਭੀਰ ਬੀਮਾਰ ਹੋਣ ਦੀ ਇਤਲਾਹ ਸਾਡੇ ਹਰਮਨ ਪਿਆਰੇ  ਸ਼ਾਇਰ ਵੀਰ ਅਮਰਦੀਪ ਗਿੱਲ ਹੁਰਾਂ ਨੇ ਵੀ ਅਜੇ ਕੁਝ ਦਿਨ ਪਹਿਲਾਂ ਹੀ ਦਿੱਤੀ ਸੀ. ਉਹਨਾਂ ਨੇ ਇਸ ਨਾਜ਼ੁਕ ਘੜੀ ਵਿੱਚ
 ਮਦਦ ਦੀ ਅਪੀਲ ਵੀ ਕੀਤੀ ਸੀ.ਇਸ ਗੱਲ ਦਾ ਖਦਸ਼ਾ ਮੌਜੂਦ ਸੀ ਅਤੇ ਭਾਣਾ ਵਰਤ ਕੇ ਹੀ ਰਿਹਾ. ਸੁਰਜੀਤ ਗਾਮੀ ਚਾਹੁੰਦਾ ਤਾਂ ਗੁਰਬਤ ਦੇ ਇਸ ਜੰਜਾਲ ਚੋਂ ਬੜੀ ਹੀ ਆਸਾਨੀ ਨਾਲ ਨਿਕਲ ਸਕਦਾ ਸੀ ਪਰ ਉਸਨੂੰ ਆਪਣੇ ਅਸੂਲ ਵੀ ਪਿਆਰੇ ਸਨ ਅਤੇ ਵਿਚਾਰਧਾਰਾ ਵੀ. ਪਲ ਪਲ ਰੰਗ ਬਦਲਦੀ ਮੁਖੌਟਿਆਂ ਵਾਲੀ ਇਹ ਦੁਨੀਆ ਉਸਨੂੰ ਰਾਸ ਕਿਵੇਂ ਆ ਸਕਦੀ ਸੀ.  
‘ਕਲੀ-ਕੂਚੀ’, ਸੁਰਜੀਤ ਗਾਮੀ ਦਾ ਇਹ ਕਿੱਤਾ ਹੈ, ਨਾਟਕ ਨਹੀਂ। ਨਾਟਕ ਨੇ ਗਾਮੀ ਦੇ ਅੰਦਰਲੀ ਤ੍ਰੇਹ ਤਾਂ ਬੁਝਾਈ ਪਰ ਢਿੱਡ ਦਾ ਉਲਾਭਾਂ ਸਿਰ ਰੱਖਿਆ। ਜੱਗੋਂ ਤੇਹਰਵੀਂ ਹੋ ਜਾਏਗੀ, ਇਹ ਚੇਤਾ ਉਸਨੂੰ ਨਹੀਂ ਸੀ। ਨਿੱਕੇ ਹੁੰਦੇ ‘ਪਰੀਆਂ’ ਦੀ ਨਹੀਂ,‘ਗੁਰਬਤ’ ਦੀ ਬਾਤ ਸੁਣੀ। ਖੇਡਣ ਉਡਣ ਦੀ ਉਮਰ ਪਿਛਾਂਹ ਮੁੜ ਦੇਖਿਆ ਤਾਂ ਪਿਛੇ ‘ਗਰੀਬੀ’ ਸੀ। ਇਕਵੱਜਾਂ ਵਰ੍ਹਿਆਂ ਮਗਰੋਂ ਵੀ ਪਿਛੇ ਪੁਰਾਣੀ ‘ਸਾਥਣ’ ਖੜੀ ਹੈ। ਮਾਨਸਾ ਵਾਲਾ ਸੁਰਜੀਤ ਗਾਮੀ ਥਿਏਟਰ ਦਾ ਉਹ ਹੀਰਾ ਹੈ ਜੋ ਗੁਰਬਤ ਦੀ ਧੂੜ ’ਚ ਗੁਆਚ ਗਿਆ ਹੈ। ਕਿਸੇ ਵੇਲੇ ਚਰਨਜੀਤ ਭੁੱਲਰ ਨੇ ਉਸ ਬਾਰੇ ਇਹ ਵਿਸ਼ੇਸ਼ ਲੇਖ ਲਿਖਿਆ ਸੀ ਜਿਸ ਨੂੰ ਪੂਰਾ ਪੜ੍ਹਨ ਲਈ ਤੁਸੀਂ ਏਥੇ ਕਲਿੱਕ  ਕਰ ਸਕਦੇ ਹੋ. ਮਿੱਟੀ ਫਿਲਮ 'ਚ ਇੱਕ ਯਾਦਗਾਰੀ ਭੂਮਿਕਾ ਨਿਭਾਉਣ ਵਾਲੇ ਇਸ ਕਲਾਕਾਰ ਦੀ ਇਮਦਾਦ ਲਈ ਪਹਿਲਾਂ ਵੀ ਆਵਾਜ਼ ਉੱਠੀ ਸੀ. ਸੁਤੰਤਰ ਪੱਤਰਕਾਰ ਕੁਲਵੰਤ ਬੰਗੜ ਨੇ ਸੁਰਜੀਤ ਗਾਮੀ ਦੀ ਮਾੜੀ ਆਰਥਿਕ ਹਾਲਤ ਨੂੰ ਦਰਸਾਉਂਦੀਆਂ ਕਈ ਤਸਵੀਰਾਂ ਵੀ ਖਿੱਚੀਆਂ ਸਨ. ਇਸ ਅਪੀਲ ਅਤੇ ਤਸਵੀਰਾਂ ਨੂੰ ਦੇਖ ਕੇ ਤੁਸੀਂ ਹੁਣ ਵੀ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਸਿਰੜੀ ਮਨੁੱਖ ਨੇ ਜ਼ਿੰਦਗੀ  ਭਰ ਕਦੇ ਸਮਝੌਤਾ ਨਹੀਂ ਕੀਤਾ ਹੋਣਾ. ਇਸ ਬਾਰੇ ਅਖਬਾਰਾਂ ਵਿੱਚ ਵੀ ਕਾਫੀ ਕੁਝ ਛਪਿਆ. ਪਰ ਗਾਮੀ ਫਿਰ ਵੀ ਬਚ ਨਾ ਸਕਿਆ. ਉਹ ਸਾਥੋਂ ਹਮੇਸ਼ਾਂ ਕਈ ਵਿੱਛੜ ਗਿਆ ਹੈ. ਅੱਜ ਮਾਨਸਾ ਵਿੱਚ ਉਸਦਾ ਅੰਤਮ ਸੰਸਕਾਰ ਹੈ. ਆਓ ਦੁੱਖ ਦੀ ਇਸ ਘੜੀ ਵਿੱਚ ਉਸਦੇ ਵਿਚਾਰਾਂ ਦੀ ਗੱਲ ਕਰੀਏ.ਵਿਚਾਰਾਂ ਦੇ ਨਾਲ ਪ੍ਰਤੀਬ੍ਧ੍ਤਾ ਰਖਣ ਵਾਲੇ ਗਾਮੀ ਵਰਗੇ ਯੋਧਿਆਂ ਨੂੰ ਏਸ ਸਭ ਕੁਝ ਦਾ ਪਹਿਲਾਂ ਹੀ ਪਤਾ ਹੁੰਦਾ ਹੈ....ਓਹ ਫੇਰ ਵੀ ਇਹੀ ਰਾਹ ਚੁਣਦੇ ਹਨ....ਓਹ ਲੋਕਾਂ ਦਾ ਸਾਥ ਹੀ ਦੇਂਦੇ ਹਨ...ਜੋਕਾਂ ਦੇ ਖਿਲਾਫ਼ ਖੜੇ ਹੁੰਦੇ ਹਨ...ਲੋਕਾਂ ਨੂੰ ਏਸ ਦੁਖ ਦੀ ਘੜੀ ਵਿੱਚ ਆਪਣੀ ਮਜ਼ਬੂਤੀ ਦਾ ਕੋਈ ਅਜਿਹਾ ਰਾਹ ਇੱਕ ਵਾਰ ਫੇਰ ਸੋਚਣਾ ਚਾਹੀਦਾ ਹੈ ਜਿਹੜਾ ਸਾਡੀ ਕਲਾਸ ਦੇ ਦੁਸ਼ਮਣਾਂ ਸਾਹਮਣੇ ਗੋਡੇ ਟੇਕ ਕੇ ਨਾ ਜਾਂਦਾ ਹੋਵੇ...ਗਾਮੀ ਕਿਸੇ ਸ਼ਹੀਦ ਨਾਲੋਂ ਘੱਟ ਨਹੀਂ...ਉਸ ਕੋਲੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਤਿਲ ਤਿਲ  ਕਰਕੇ ਮਰਨਾ ਪ੍ਰਵਾਨ ਕਰ ਲਈਦਾ ਹੈ ਪਰ ਵਿਚਾਰਾਂ ਨੂੰ ਕਦੇ ਪਿਠ ਨਹੀਂ ਦੇਈਦੀ. ਉਹ ਵਿਚਾਰਧਾਰਾ ਦਾ ਸ਼ਹੀਦ ਹੈ....ਲੋਕਾਂ ਦਾ ਨਾਇਕ ਹੈ...ਰੰਗਮੰਚ ਦਾ ਬਹਾਦਰ ਸਿਪਾਹੀ ਹੈ...ਮੈਨੂੰ  ਇੱਕ ਵਾਰ ਫੇਰ ਅੰਕਲ ਮਦਨ ਲਾਲ ਦੀਦੀ ਹੁਰਾਂ ਦੀਆਂ ਸਤਰਾਂ ਚੇਤੇ ਆ ਰਹੀਆਂ ਹਨ....!

ਜਦੋਂ ਹਾਰ ਜਿੰਦੜੀ ਦੇ ਪੈ ਜਾਏ ਪਿੱਛੇ,
ਜਦੋਂ ਨਾ-ਉਮੀਦੀ ਪਿਛਾਹਾਂ ਨੂੰ ਖਿੱਚੇ,

ਜਦੋਂ ਰਾਤ ਕਾਲੀ ਚ ਤਾਰਾ ਨਾ ਦਿੱਸੇ, 
ਦਿਲਾਂ ਵਾਲਿਆਂ ਨੇ ਜ਼ਫਰਨਾਮੇ ਲਿੱਖੇ ...!  --ਰੈਕਟਰ ਕਥੂਰੀਆ 

No comments: