Saturday, June 16, 2018

ਭਾਰਤ ਸਮੂਹ ਧਰਮਾਂ ਦਾ ਗੁਲਦਸਤਾ, ਇਸਨੂੰ ਬਿਖਰਣ ਨਹੀਂ ਦੇਵਾਗੇਂ:ਸ਼ਾਹੀ ਇਮਾਮ ਪੰਜਾਬ

Jun 16, 2018, 11:28 AM
ਈਦ-ਉਲ-ਫਿਤਰ ਮੌਕੇ 'ਤੇ ਲੁਧਿਆਣਾ ਜਾਮਾ ਮਸਜਿਦ 'ਚ ਨਮਾਜ ਅਦਾ 
ਲੁਧਿਆਣਾ:16 ਜੂਨ 2018:(ਪੰਜਾਬ ਸਕਰੀਨ ਬਿਊਰੋ):: 
ਈਦ ਦਾ ਦਿਨ ਨਫਰਤਾਂ ਨੂੰ ਮੁਹੱਬਤ 'ਚ ਬਦਲਣ ਦਾ ਸੁਨੇਹਾ ਦਿੰਦਾ ਹੈ। ਜੋ ਫਿਰਕਾਪ੍ਰਸਤ ਤਾਕਤਾਂ ਦੇਸ਼ 'ਚ ਨਫਰਤ ਦੀ ਰਾਜਨੀਤੀ ਕਰਨਾ ਚਾਹੁੰਦੀਆਂ ਹਨ, ਉਹਨਾਂ ਨੂੰ ਮੁੰਹ-ਤੋੜ ਜਵਾਬ ਦਿੱਤਾ ਜਾਵੇਗਾ। ਇਹ ਗੱਲ ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ 'ਚ ਈਦ ਉਲ ਫਿਤਰ ਦੇ ਮੌਕੇ 'ਤੇ ਆਯੋਜਿਤ ਰਾਜ ਪੱਧਰੀ ਸਮਾਗਮ ਦੇ ਦੌਰਾਨ ਹਜ਼ਾਰਾਂ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਹੀ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦਾ ਦਿਨ ਰੋਜ਼ਾ ਰੱਖਣ ਵਾਲਿਆਂ ਲਈ ਅੱਲਾਹ ਤਆਲਾ ਵੱਲੋਂ ਇਨਾਮ ਹੈ। ਉਹਨਾਂ ਕਿਹਾ ਕਿ ਅਸੀ ਦੁਆ ਕਰਦੇ ਹਨ ਕਿ ਅੱਜ ਦਾ ਦਿਨ ਦੁਨੀਆ ਭਰ  ਦੇ ਲੋਕਾਂ ਲਈ ਅਮਨ ਦਾ ਸੁਨੇਹਾ ਲੈ ਕੇ ਆਏ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਦੀ ਸ਼ਕਲ 'ਚ ਰਹਿ ਰਹੇ ਕਰੋੜਾਂ ਹਿੰਦੂ,  ਮੁਸਲਮਾਨ,  ਸਿੱਖ,  ਈਸਾਈ,  ਦਲਿਤ ਆਦਿ ਇੱਕ ਗੁਲਦਸਤਾ ਹਨ ਅਤੇ ਇਸ ਗੁਲਦਸਤੇ ਨੂੰ ਕਿਸੇ ਕੀਮਤ 'ਤੇ ਬਿਖਰਣ ਨਹੀਂ ਦਿੱਤਾ ਜਾਵੇਗਾ।  ਉਹਨਾਂ ਕਿਹਾ ਕਿ ਜਾਮਾ ਮਸਜਿਦ ਲੁਧਿਆਣਾ ਤੋਂ  ਹਮੇਸ਼ਾ ਆਪਸੀ ਭਾਈ ਚਾਰੇ ਦਾ ਸੁਨੇਹਾ ਦਿੱਤਾ ਗਿਆ ਹੈ,  ਜਿਸਦੀ ਮਿਸਾਲ ਅੱਜ ਈਦ ਦੇ ਪੱਵਿਤਰ ਮੌਕੇ 'ਤੇ ਇੱਥੇ ਮੌਜੂਦ ਸਾਰੇ ਧਰਮਾਂ ਦੇ ਧਾਰਮਿਕ ਅਤੇ ਰਾਜਨੀਤਕ ਪਾਰਟੀਆਂ  ਦੇ ਨੇਤਾਵਾਂ ਦੀ ਹਾਜ਼ਰੀ ਹੈ। ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਅੰਗਰੇਜਾਂ ਦੇ ਖਿਲਾਫ ਦੇਸ਼ ਦੀ ਆਜ਼ਾਦੀ ਲਈ ਲੜੀ ਗਈ ਜੰਗ ਤੋਂ ਲੈ ਕੇ ਅੱਜ ਤੱਕ ਮੁਸਲਮਾਨਾਂ ਨੇ ਆਪਣੇ ਦੇਸ਼ ਲਈ ਬੇਸ਼ੁਮਾਰ ਕੁਰਬਾਨੀਆਂ ਦਿੱਤੀਆਂ ਹਨ। ਜਿਹਨਾਂ ਨੂੰ ਨਜਰਅੰਦਾਜ਼ ਨਹੀਂ ਕੀਤਾ ਜਾ ਸਕਦਾ।  ਉਹਨਾਂ ਕਿਹਾ ਕਿ ਅੱਜ ਮੈਂ ਈਦ ਦੇ ਇਸ ਮੁਬਾਰਕ ਮੌਕੇ 'ਤੇ ਜਿੱਥੇ ਪੰਜਾਬ ਦੇ ਸਾਰੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਉਥੇ ਹੀ ਅੱਲਾਹ ਤੋਂ ਦੁਆ ਕਰਦਾ ਹਾਂ ਕਿ ਅੱਜ ਦਾ ਦਿਨ ਇਸ ਦੇਸ਼ ਅਤੇ ਸਾਡੇ ਰਾਜ ਲਈ ਰਹਿਮਤ ਅਤੇ ਬਰਕਤ ਦਾ ਪੈਗਾਮ ਲੈ ਕੇ ਆਏ।
ਵਿਧਾਇਕ ਰਾਕੇਸ਼ ਪਾਂਡੇ ਨੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਈਦ ਦਾ ਦਿਨ ਹਰ ਇੱਕ ਭਾਰਤੀ  ਲਈ ਖੁਸ਼ੀ ਦਾ ਦਿਨ ਹੈ । ਉਹਨਾਂ ਕਿਹਾ ਕਿ ਭਾਰਤ ਦੁਨੀਆ ਦਾ ਇੱਕ ਸਿਰਫ ਅਜਿਹਾ ਦੇਸ਼ ਹੈ ਜਿੱਥੇ ਹਰ ਇੱਕ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ 'ਚ ਮਿਲ ਕੇ ਮਨਾਉਂਦੇ ਹਨ। ਪਾਂਡੇ  ਨੇ ਕਿਹਾ ਕਿ ਸ਼ਾਹੀ ਇਮਾਮ ਸਾਹਿਬ ਨੇ ਹਮੇਸ਼ਾ ਹੀ ਪੰਜਾਬ 'ਚ ਅਮਨ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਹੈ।  ਉਹਨਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਤੋਂ ਆਪਣੇ ਤਮਾਮ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦਾ ਹਾਂ।
 ਵਿਧਾਇਕ ਸੁਰਿੰਦਰ ਡਾਬਰ ਨੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੇ ਸਭ ਲਈ ਵੱਡੀ ਖੁਸ਼ੀ ਦਾ ਦਿਨ ਹੈ।  ਉਹਨਾਂ ਨੇ ਕਿਹਾ ਕਿ ਲੁਧਿਆਣਾ ਸ਼ਹਿਰ 'ਚ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ।  ਇਸਦੇ ਸਾਰੇ ਫੁਲ ਆਪਣੀ ਖੁਸ਼ਬੂ ਦੇ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਰੱਖਦੇ ਹਾਂ।  ਉਹਨਾਂ ਕਿਹਾ ਕਿ ਲੁਧਿਆਣਾ ਦੀ ਇਹ ਇਤਹਾਸਿਕ ਜਾਮਾ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ, ਉਥੇ ਹੀ ਇਹ ਤਮਾਮ ਧਰਮਾਂ  ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਹੈ।
ਇਸ ਮੌਕੇ 'ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਲੁਧਿਆਣਾ ਤੋਂ ਜਿਲਾ ਕਾਂਗਰਸ ਪਰਧਾਨ ਗੁਰਪਰੀਤ ਗੋਗੀ ਨੇ ਕਿਹਾ ਕਿ ਈਦ ਦਾ ਦਿਨ ਸਿਰਫ  ਮੁਸਲਮਾਨ ਭਰਾਵਾਂ ਲਈ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ। ਗੋਗੀ ਨੇ ਕਿਹਾ ਕਿ ਮੈਂ ਦੁਆ ਕਰਦਾ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਜ ਹੀ ਚੱਲਦੀ ਰਹੇ।
 ਇਸ ਮੌਕੇ 'ਤੇ ਜਿਲਾ ਅਕਾਲੀ ਦਲ ਸ਼ਹਿਰੀ ਪਰਧਾਨ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਸ ਤਪਦੀ ਹੋਈ ਗਰਮੀ 'ਚ ਪੂਰਾ ਮਹੀਨਾ ਮੁਸਲਮਾਨ ਰੋਜ਼ਾ ਰੱਖਦਾ ਹੈ ਅਤੇ ਆਪਣੇ ਖੁਦਾ ਦੀ ਇਬਾਦਤ ਕਰਦਾ ਹੈ,  ਜਿਸਦੇ ਬਦਲੇ 'ਚ ਅੱਲਾਹ ਤਆਲਾ ਆਪਣੇ ਬੰਦਿਆਂ ਨੂੰ ਈਦ ਦਾ ਪੱਵਿਤਰ ਤਿਉਹਾਰ ਤੋਹਫੇ  ਦੇ ਤੌਰ 'ਤੇ ਦਿੰਦਾ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਹਰ ਮੁਸਲਮਾਨ ਆਪਣੇ ਸਾਰੇ ਗਿਲੇ ਸ਼ਿਕਵੇ ਭੁੱਲ ਕੇ  ਇੱਕ ਦੂੱਜੇ ਨੂੰ ਗਲੇ ਲਗਾਉਂਦਾ ਹੈ।
ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਸਾਬਕਾ ਜੇਲ ਮੰਤਰੀ ਜਥੇ.  ਹੀਰਾ ਸਿੰਘ  ਗਾਬੜੀਆ ਨੇ ਕਿਹਾ ਕਿ ਸਾਨੂੰ ਇਸ ਗੱਲ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਭਾਰਤ ਸੰਸਾਰ ਦਾ ਇੱਕਮਾਤਰ ਧਰਮ ਨਿਰਪੱਖ ਦੇਸ਼ ਹੈ ਜਿੱਥੇ ਸਾਰੇ ਧਰਮਾਂ  ਦੇ ਲੋਕ ਆਪਸ 'ਚ ਮਿਲਜੁਲ ਕੇ ਹਰ ਤਿਉਹਾਰ ਨੂੰ ਬਹੁਤ ਖੁਸ਼ੀ ਨਾਲ ਮਨਾਉਂਦੇ ਹਨ। ਇਸ ਮੌਕੇ 'ਤੇ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਐਲਾਨ ਕੀਤਾ ਕਿ ਆਉਣ ਵਾਲੀ 24 ਜੂਨ ਨੂੰ ਗੁਰਦੁਆਰਾ ਫੇਰੂਮਾਨ ਵਿੱਚ ਸ਼ਾਹੀ ਇਮਾਮ ਪੰਜਾਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 
ਇਸ ਮੌਕੇ 'ਤੇ ਜਾਮਾ ਮਸਜਿਦ ਲੁਧਿਆਣਾ 'ਚ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ  ਦੇ ਪਰਧਾਨ ਪ੍ਰਿਤਪਾਲ ਸਿੰਘ, ਦੁਸ਼ਯੰਤ ਪਾਂਡੇ, ਗੁਲਾਮ ਹਸਨ ਕੈਸਰ, ਕੋਂਸਲਰ ਪਰਮਿੰਦਰ ਮੇਹਿਤਾ, ਕੋਂਸਲਰ ਗੁਰਪ੍ਰੀਤ ਸਿੰਘ ਗੋਪੀ, ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ  ਉਸਮਾਨ ਰਹਿਮਾਨੀ ਲੁਧਿਆਣਵੀ, ਹਰਭਜਨ ਸਿੰਘ ਸੋਹਲ, ਸੀਨੀਅਰ ਅਕਾਲੀ ਨੇਤਾ ਬਲਜੀਤ ਸਿੰਘ ਬਿੰਦਰਾ, ਸ਼ਰਣਜੀਤ ਮਿੱਡਾ,  ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਗੁਪਤਾ,  ਬਨਵਾਰੀ ਲਾਲ ਅਤੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ  ਮੁਸਤਕੀਮ ਅਹਿਰਾਰੀ ਵਿਸ਼ੇਸ਼ ਰੂਪ 'ਚ ਮੌਜੂਦ ਸਨ।

No comments: