Thursday, June 07, 2018

ਗ਼ੈਬੀ ਸ਼ਕਤੀਆਂ ਵਾਲਾ ਬਾਬਾ ਹਵਾਲਾਤ ਦੀਆਂ ਸਲਾਖ਼ਾਂ ਪਿੱਛੇ

Thu, Jun 7, 2018 at 5:19 PM
ਮੈਡਮ ਪੁਰੇਵਾਲ ਨੇ ਤੁਰੰਤ ਕਾਰਵਾਈ ਕਰਕੇ ਦਿਤਾ ਹਵਾਲਾਤ ਦਾ ਹੁਕਮ 
ਲੁਧਿਆਣਾ: 7 ਜੂਨ 2018: (ਪੰਜਾਬ ਸਕਰੀਨ ਬਿਊਰੋ):: 
ਲੋਕਾਂ ਨੂੰ ਤੰਤਰ ਮੰਤਰ ਰਾਹੀਂ ਠੱਗਣ ਦੇ ਮਾਮਲੇ ਵਿੱਚ ਬਣੇ ਹੋਏ ਕਾਨੂੰਨ ਬਹੁਤ ਸਖਤ ਹਨ ਪਰ ਫਿਰ ਵੀ ਅਕਸਰ ਉਹਨਾਂ ਦੀ ਪਾਲਣਾ ਨਹੀਂ ਹੁੰਦੀ। ਨਤੀਜਾ ਇਹ ਹੁੰਦਾ ਹੈ ਕਿ ਅਜਿਹੀਆਂ ਠੱਗੀਆਂ ਕਰਨ ਵਾਲੇ ਅਨਸਰ ਲੰਮੇ ਸਮੇਂ ਤੱਕ ਵਧਦੇ ਫੁੱਲਦੇ ਰਹਿੰਦੇ ਹਨ। ਹੁਣ ਲੁਧਿਆਣਾ ਦੀ ਇੱਕ ਪੁਲਿਸ ਅਧਿਕਾਰੀ ਏ ਸੀ ਪੀ-3 ਮੈਡਮ ਗੁਰਪਰੀਤ ਕੌਰ ਪੁਰੇਵਾਲ ਨੇ ਇਹਨਾਂ ਨੂੰ ਪੁਲਿਸ ਅਤੇ ਕਾਨੂੰਨ ਦੇ ਲੰਮੇ ਹੱਥਾਂ ਦਾ ਅਸਰ ਦਿਖਾਇਆ ਹੈ। 

ਸਥਾਨਕ ਸਾਊਥ ਸਿਟੀ (ਇਆਲੀ ਖ਼ੁਰਦ) ਦੇ ਰਹਿਣ ਵਾਲਾ ਰਾਜਵਿੰਦਰ ਨਾਂ ਦਾ ਵਿਅਕਤੀ ਜੋ ਆਪਣੇ ਵਿੱਚ ਵੱਸ ਗ਼ੈਬੀ ਸ਼ਕਤੀਆਂ ਰਾਹੀਂ ਅਤੇ ਦਵਾਈ ਦਾਰੂ ਕਰਕੇ ਲੋਕਾਂ ਦੇ ਦੁੱਖ ਦੂਰ ਕਰਨ ਦੇ ਦਾਅਵੇ ਕਰਦਾ ਆ ਰਿਹਾ ਸੀ। ਇਸ ਵੱਲੋਂ ਕੀਤੇ ਇਸ ਦਾਅਵੇ ਬਾਰੇ ਸਰਦੂਲ ਸਿੰਘ ਵਾਸੀ ਪਿੰਡ ਤਿਹਾੜਾ ਨੂੰ ਆਪਣੇ ਇਕ ਜਾਣੂ ਵਿਅਕਤੀ ਚਮਕੌਰ ਸਿੰਘ ਵਾਸੀ ਬੀਰਮੀਂ  ਰਾਹੀਂ ਇਹ ਉਪਰੋਕਤ ਜਾਣਕਾਰੀ ਮਿਲੀ। ਸਰਦੂਲ ਸਿੰਘ ਦਾ ਲੜਕਾ ਜੋ ਗਲਤ ਸੰਗਤ ਵਿੱਚ ਪੈਕੇ ਸ਼ਰਾਬ ਪੀਣ ਦਾ ਆਦੀ ਬਣ ਗਿਆ ਸੀ ,ਦੇ ਇਲਾਜ ਲਈ ਸਰਦੂਲ ਸਿੰਘ ਨੇ ਚਮਕੌਰ ਸਿੰਘ ਨੂੰ ਨਾਲ ਲੈਕੇ ਰਾਜਵਿੰਦਰ ਕੋਲ ਉਸ ਦੇ ਕਰਾਏ ਤੇ ਲਏ ਮਕਾਨ ਵਾਲੀ ਰਹਾਇਸ਼ ਤੇ ਪਹੁੰਚ ਕੀਤੀ। ਇਸ ਵੇਲੇ ਰਾਜਵਿੰਦਰ ਨੇ ਦਾਅਵਾ ਕੀਤਾ ਕਿ ਉਹ 2-3 ਦਿਨ ਵਿੱਚ ਹੀ ਸਰਦੂਲ ਸਿੰਘ ਦੇ ਲੜਕੇ ਨੂੰ ਠੀਕ ਕਰ ਦੇਵੇਗਾ, ਪਰ ਇਸ ਨੂੰ ਪੂਜਾ ਕਰਨ ਅਤੇ ਹੋਰ ਦਵਾਈ- ਬੂਟੀ ਆਦਿ ਦੇ ਖ਼ਰਚੇ ਲਈ 5000/- ਰੁ. ਦੇਣੇ ਪੈਣਗੇ। ਅਗਲੇ ਦਿਨ ਸਰਦੂਲ ਸਿੰਘ ਕਿਸੇ ਤੋਂ 4500/-ਰੁ: ਵਿਆਜ ਤੇ ਲੈਕੇ ਚਮਕੌਰ ਸਿੰਘ ਰਾਹੀਂ ਰਾਜਵਿੰਦਰ ਨੂੰ ਦੇ ਗਿਆ। ਇਹ ਰੁਪਏ ਲੈਣ ਸਮੇ ਰਾਜਵਿੰਦਰ ਨੇ ਵਾਅਦਾ ਕੀਤਾ ਕਿ ਜੇ ਸਰਦੂਲ ਸਿੰਘ ਦਾ ਲੜਕਾ ਠੀਕ ਨਾ ਹੋਇਆ ਤਾਂ ਮੈਂ ਇਸ ਤੋਂ ਦੁਗਣੇ ਵਾਪਸ ਕਰਾਂਗਾ। ਜਦੋਂ ਇਸ ਗੱਲ ਨੂੰ ਕਈ ਦਿਨ ਹੋ ਗਏ ਤਾਂ ਸਰਦੂਲ ਸਿੰਘ ਨੇ ਰਾਜਵਿੰਦਰ ਪਾਸੋਂ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਚਮਕੌਰ ਸਿੰਘ ਨੇ ਵੀ ਪੈਸੇ ਵਾਪਸ ਕਰਨ ਲਈ ਜ਼ੋਰ ਪਾਇਆ।ਪਰ ਰਾਜਵਿੰਦਰ ਹਰ ਵਾਰ ਲਾਰੇ ਲੱਪੇ ਲਾਉਂਦਾ ਰਿਹਾ ਤੇ ਅਖੀਰ ਪੈਸੇ ਵਾਪਸ ਕਰਨ ਦੀ ਬਜਾਏ ਲੜਾਈ ਝਗੜਾ ਅਤੇ ਗਾਲੀ ਗਲੋਚ ਕਰਨ ਤੇ ਉਤਰ ਆਇਆ। 
 ਸਰਦੂਲ ਸਿੰਘ ਨੇ ਇਹ ਸਾਰਾ ਮਾਮਲਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਲੁਧਿਆਣਾ ਇਕਾਈ ਦੇ ਲਿਖਤੀ ਰੂਪ ਵਿੱਚ ਧਿਆਨ ‘ਚ ਲਿਆਂਦਾ। ਤਰਕਸ਼ੀਲ ਸੁਸਾਇਟੀ ਦੇ ਜੱਥੇਬੰਦਕ ਮੁੱਖੀ ਜਸਵੰਤ ਜੀਰਖ ਦੀ ਅਗਵਾਈ ਵਿੱਚ ਤਰਕਸ਼ੀਲ ਮੈਂਬਰਾਂ ਦਾ ਵਫ਼ਦ ਪੁਲਿਸ ਕਮਿਸ਼ਨਰ ਲੁਧਿਆਣਾ  ਨੂੰ ਮਿਲਿਆ ਜਿਸ ਵਿੱਚ ਗੁਰਮੇਲ ਸਿੰਘ ਕਨੇਡਾ, ਮਾਂ ਜਰਨੈਲ ਸਿੰਘ, ਬਲਵਿੰਦਰ ਸਿੰਘ ਲਾਲ ਬਾਗ਼ ਸਮੇਤ ਸਰਦੂਲ ਸਿੰਘ ਵੀ ਹਾਜ਼ਰ ਸਨ। ਪੁਲਿਸ ਕਮਿਸ਼ਨਰ ਨੇ ਅਗਲੀ ਕਾਰਵਾਈ ਲਈ ਇਹ ਕੇਸ ਏ ਸੀ ਪੀ-3 ਲੁਧਿਆਣਾ ਸ੍ਰੀਮਤੀ ਪੁਰੇਵਾਲ ਜੀ ਨੂੰ ਭੇਜ ਦਿੱਤਾ। 
ਜਦੋਂ ਅੱਜ ਮੈਡਮ ਪੁਰੇਵਾਲ ਕੋਲ ਉਪਰੋਕਤ ਦੋਸ਼ੀ ਰਾਜਵਿੰਦਰ ਆਪਣੇ ਪ੍ਰਿਵਾਰਿਕ ਮੈਂਬਰਾਂ ਸਮੇਤ ਪੇਸ ਹੋਇਆ ਤਾਂ ਉਹ ਸ਼ਰਾਬੀ ਹਾਲਤ ਵਿੱਚ ਸੀ। ਤਰਕਸ਼ੀਲ ਆਗੂ ਜਸਵੰਤ ਜੀਰਖ, ਆਤਮਾ ਸਿੰਘ ਤੇ ਮਾਸਟਰ ਜਰਨੈਲ ਸਿੰਘ ਵੀ ਇਸ ਸਮੇ ਹਾਜ਼ਰ ਸਨ ਜਿਹਨਾਂ ਨੇ ਪੁਲਿਸ ਅਫਸਰ ਸਾਹਮਣੇ ਤਰਕਸ਼ੀਲ ਸੁਸਾਇਟੀ ਵੱਲੋਂ ਅੰਧਵਿਸ਼ਵਾਸ ਫੈਲਾਉਣ ਅਤੇ ਗ਼ੈਬੀ ਸ਼ਕਤੀਆਂ ਵੱਸ ਹੋਣ ਦੇ ਪਾਖੰਡ ਕਰਕੇ ਲੋਕਾਂ ਦੀ ਲੁੱਟ ਕਰਨ ਵਾਲ਼ਿਆਂ ਤੋਂ ਲੋਕਾਂ ਨੂੰ ਸੁਚੇਤ ਕਰਨ ਦੇ ਆਪਣੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਮੈਡਮ ਪੁਰੇਵਾਲ ਨੂੰ ਜਦੋਂ ਉਪਰੋਕਤ  ਦੋਸ਼ੀ ਰਾਜਵਿੰਦਰ ਵੱਲੋਂ ਸ਼ਰਾਬ ਪੀਤੇ ਹੋਣ ਦੀ ਬਦਬੂ ਆਈ ਤਾਂ ਉਹਨਾਂ ਮੌਕੇ ਤੇ ਹੀ ਪੁਲਿਸ ਮੁਲਾਜ਼ਮਾਂ ਨੂੰ  ਉਸ ਦਾ ਮੁਆਇਨਾ ਕਰਨ ਲਈ ਕਿਹਾ। ਜਦੋਂ ਸ਼ਰਾਬ ਪੀਤੇ ਹੋਣ ਦੀ ਪੁਸ਼ਟੀ ਹੋਈ ਤਾਂ ਉਹਨਾਂ ਉਸੇ ਵੇਲੇ ਉਸਨੂੰ ਹਵਾਲਾਤ ‘ਚ ਬੰਦ ਕਰਨ ਦੇ ਹੁਕਮ ਦੇ ਦਿੱਤੇ। ਰਾਜਵਿੰਦਰ ਦੇ ਪਰਿਵਾਰਕ ਮੈਂਬਰ ਉਸੇ ਵੇਲੇ ਸਰਦੂਲ ਸਿੰਘ ਪਾਸੋਂ ਬਟੋਰੇ 4500/- ਰੁ. ਦੇਣੇ ਮੰਨ ਗਏ ਅਤੇ ਅੱਗੇ ਤੋਂ ਕਿਸੇ ਕਿਸਮ ਦੀ ‘ਸਿਆਣਪ’ ਨਾ ਕਰਨ ਤੋਂ ਵੀ ਲਿਖਤੀ ਤੋਬਾ ਕੀਤੀ। ਇਹ ਵੀ ਮੰਨਿਆਂ ਕਿ ਉਹ ਅੱਗੇ ਤੋਂ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਗੇ। ਇਸ ਅਖੌਤੀ ਬਾਬੇ ਦੇ ਫੜੇ ਜਾਣ ਨਾਲ ਜਿੱਥੇ ਲੋਕਾਂ ਵਿੱਚ ਇੱਕ ਚੰਗਾ ਸੁਨੇਹਾ ਗਿਆ ਹੈ ਉੱਥੇ ਇਹ ਹਕੀਕਤ ਅਜੇ ਵੀ ਬਰਕਰਾਰ ਹੈ ਕਿ ਅਜਿਹੇ ਬਹੁਤ ਸਾਰੇ ਬਾਬੇ ਹਰ ਗਲੀ ਮੁਹੱਲੇ ਦੀ ਕਿਸੇ ਨ ਕਿਸੇ ਨੁੱਕਰੇ ਆਪੋ ਆਪਣਾ ਅੱਡਾ ਬਣਾ ਕੇ ਆਪਣਾ ਧੰਦਾ ਚਲਾ ਰਹੇ ਹਨ। ਇਹਨਾਂ ਦੇ ਖਿਲਾਫ ਐਕਸ਼ਨ ਕਦੋਂ ਹੋਵੇਗਾ ਇਹ ਗੱਲ ਫਿਲਹਾਲ ਸਮੇਂ ਤੇ ਹੀ ਛੱਡੀ ਜਾ ਸਕਦੀ ਹੈ। 
ਬਹੁਤ ਸਾਰੇ ਤਾਂਤਰਿਕ ਉੱਚ ਵਿੱਦਿਆ ਪਰਾਪਤ ਹੁੰਦੇ ਹਨ 


No comments: