Tuesday, May 01, 2018

ਮਈ ਦਿਵਸ ਮੌਕੇ ਬੇਨਕਾਬ ਕੀਤੇ ਗਏ ਲੋਕ ਵਿਰੋਧੀ ਸਾਜ਼ਿਸ਼ੀ ਇਰਾਦੇ

ਲੁਧਿਆਣਾ ਦੇ ਬੱਸ ਅੱਡੇ 'ਚ ਲਾਲ ਝੰਡੇ ਨਾਲ ਲਏ ਗਏ ਸੰਘਰਸ਼ਾਂ ਦੇ ਸੰਕਲਪ 
ਲੁਧਿਆਣਾ:  1 ਮਈ 2018: (ਪੰਜਾਬ ਸਕਰੀਨ ਟੀਮ)::
ਲੇਬਰ ਸੁਧਾਰਾਂ ਦੇ ਨਾਂ ਤੇ ਕੋਡ ਆਫ ਵੇਜਿਜ 2017 ਦਾ ਬਿੱਲ ਲਿਆਉਣ ਨਾਲ ਤਣਖਾਹਾਂ ਨੂੰ ਸਮੇਂ ਸਮੇਂ ਸਿਰ ਸੋਧਣ ਦਾ ਕੰਮ ਬੰਦ ਕਰ ਦਿੱਤਾ ਜਾਏਗਾ, ਦਿਹਾੜੀ ਦੀ ਥਾਂ ਤੇ ਤਣਖਾਹ ਘੰਟਿਆਂ ਦੇ ਹਿਸਾਬ ਨਾਲ ਦਿੱਤੀ ਜਾਏਗੀ, ਸਰਕਾਰੀ ਨੌਕਰੀਆਂ ਖਤਮ ਕਰਕੇ ਸਾਰੇ ਕੰਮ ਠੇਕੇ ਤੇ ਦਿੱਤੇ ਜਾਣਗੇ,  ਮਹਿੰਗਾਈ ਭੱਤਾ ਜਾਮ ਕਰ ਦਿੱਤਾ ਜਾਏਗਾ ਜਿਸ ਨਾਲ ਤਨਖਾਹਾਂ ਅਤੇ ਪੈਨਸਨਾਂ ਤੇ ਸੱਟ ਵੱਜੇਗੀ ਅਤੇ ਐਫ ਆਰ ਡੀ ਆਈ ਬਿੱਲ ਦੇ ਨਾਲ ਲੋਕਾਂ ਦਾ ਬੈਂਕਾਂ ਵਿੱਚ ਜਮਾਂ ਪੈਸਾ ਧਨਾਢਾਂ ਦਾ ਨਾ ਮੋੜਿਆ ਕਰਜਾ ਮਾਫ ਕਰਨ ਲਈ ਵਰਤਿਆ ਜਾਵੇਗਾ।  ਇਹਨਾਂ ਦਾ ਵਿਰੋਧ ਕਰਨ ਦੇ ਲਈ ਅੱਜ  ਮਈ ਦਿਵਸ ਤੇ ਕਾਮਿਆਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਦੇ ਨਾਲ ਨਾਲ ਸੰਘ ਪਰੀਵਾਰ ਦੀ ਸਮਾਜ ਨੰੂ ਫ਼ਿਰਕੂ ਲੀਹਾਂ ਤੇ ਵੰਡਣ ਅਤੇ ਮਜ਼ਦੂਰ ਲਹਿਰਾਂ ਨੂੰ ਤੋੜਨ ਦੀ ਸਾਜ਼ਿਸ਼ ਦੇ ਖਿਲਾਫ਼ ਸੰਘਰਸ਼ ਕਰਨ ਦਾ ਬਿਗੁਲ ਵਜਾਇਆ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਨੇਕਤਾ ਵਿੱਚ ਏਕਤਾ ਦੀ ਰਾਖੀ ਕਰਨ ਦਾ ਪ੍ਰਣ ਲਿਆ। ਇਸ ਮੌਕੇ ਤੇ  ਜਾਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਦੇ ਝੰਡੇ ਹੇਠ ਵੱਖ ਵੱਖ ਯੂਨੀਅਨਾਂ ਵਲੋਂ ਸਹੀਦ ਸੁਖਦੇਵ ਅੰਤਰਰਾਜੀ ਬੱਸ ਅੱਡਾ ਲੁਧਿਆਣਾ ਵਿਖੇ ਆਯੋਜਿਤ ਰੈਲੀ ਨੂੰ ਸੰਬੋਧਨ ਕਰਦੇ ਹੋਏ ਏਟਕ ਪੰਜਾਬ ਦੇ ਮੀਤ ਪ੍ਰਧਾਨ ਅਤੇ ਜਾਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਡੀ ਪੀ ਮੌੜ ਨੇ ਕਿਹਾ ਕਿ ਆਰ ਐਸ ਐਸ ਦੀ ਅਗਵਾਈ ਹੇਠ ਚਲ ਰਹੀ ਕੇਂਦਰ ਵਿੱਚ ਕਾਬਜ਼ ਮੌਜੂਦਾ ਮੋਦੀ ਸਰਕਾਰ ਖੁੱਲ੍ਹੇ ਆਮ ਦੇਸ਼ ਨੂੰ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣ ਲੱਗੀ ਹੈ ਜਿਸਦੇ ਕਾਰਨ ਸਾਡੇ ਦੇਸ਼ ਦੀ ਪੂੰਜੀ ਦੇਸੀ ਅਤੇ ਵਿਦੇਸ਼ੀ ਪੂਜੀਪਤੀਆਂ ਦੇ ਕਬਜੇ ਵਿੱਚ ਜਾ ਰਹੀ ਹੈ ਤੇ ਦੇਸ ਦੀ ਤਰੱਕੀ ਦੇ ਲਾਭ ਆਮ ਜਨਤਾ ਤੋਂ ਖੁੱਸ ਰਹੇ ਹਨ। ਨੌਕਰੀਆਂ ਵਿੱਚ ਬਹੁਤ ਕਮੀ ਆਈ ਹੈ ਤੇ ਬੇਰੁਜ਼ਗਾਰੀ ਬਹੁਤ ਵਧ ਗਈ ਹੈ। ਖ਼ੁਦ ਸਰਕਾਰ ਵਲੋਂ ਮਜਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਲੇਬਰ ਸੁਧਾਰਾਂ ਦੇ ਨਾਂ ਤੇ ਸਮੱੁਚੇ ਕਾਨੂੰਨ ਪੰੂਜੀਪਤੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ।  ਠੇਕੇਦਾਰੀ ਨੂੰ ਵਧਾਇਆ ਜਾ ਰਿਹਾ ਹੈ ਜਿੱਥੇ ਕਿ ਮਜ਼ਦੂਰਾਂ ਨੁੰ ਦਿੱਤੇ ਜਾਣ ਵਾਲੇ ਕੋਈ ਹੱਕ ਲਾਗੂ ਨਹੀਂ ਹੁੰਦੇ ਤੇ ਘੱਟੋ ਘੱਟ ਉਜਰਤ ਵੀ ਨਹੀਂ ਦਿੱਤੀ ਜਾਂਦੀ।  ਇਸ ਮੌਕੇ ਤੇ ਬੋਲਦਿਆਂ ਡਾ: ਅਰੁਣ ਮਿੱਤਰਾ ਨੇ ਕਿਹਾ ਕਿ  ਸੋਸ਼ਲ ਸਿਕਿਉਰਿਟੀ ਕੋਡ ਬਣਾਉਣ ਦੇ ਲਈ ਟ੍ਰੇਡ ਯੂਨੀਅਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਜਾ ਰਿਹਾ। ਇਸ ਕੋਡ ਵਿੱਚ ਤਬਦੀਲੀਆਂ ਲਿਆ ਕੇ ਈ ਐਸ ਆਈ ਵਰਗੀਆਂ ਸਕੀਮਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਮਾਜਿਕ ਸੁੱਰਖਿਆ ਦੀਆਂ ਸਾਰੀਆਂ ਸਕੀਮਾਂ ਨੂੰ ਇੱਕੋ ਛੱਤ ਥੱਲੇ ਲਿਆਉਣ ਦੇ ਨਾਂ ਤੇ ਇਹਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਏਟਕ ਆਗੂ ਕਾ: ਚਮਕੌਰ ਸਿੰਘ ਅਤੇ ਬੈਂਕ ਯੂਨੀਅਨ ਆਗੂ ਐਮ ਐਸ ਭਾਟੀਆ ਨੇ ਕਿਹਾ ਕਿ   ਹਰ ਕੰਮ ਨੂੰ ਆਉਟ ਸੋਰਸ ਕਰਕੇ ਠੇਕੇ ਤੇ ਦੇ ਕੇ ਪੱਕੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵਲੋਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਤਾਂ ਥੋਥੀ ਸਾਬਤ ਹੋਈ ਹੈ ਕਿੳੰਕਿ ਕੇਵਲ ਇੱਕ ਲੱਖ 35 ਹਜ਼ਾਰ ਨੌਕਰੀਆਂ ਹੀ ਨਿਕਲੀਆਂ ਹਨ।  ਇਸ ਮੌਕੇ ਬੋਲਦਿਆਂ ਅਤੇ ਰਾਮ ਪ੍ਰਤਾਪ ਨੇ  ਕਿਹਾ ਕਿ ਹੌਜ਼ਰੀ ਵਿੱਚ  ਪੀਸ  ਰੇਟ ਵਿੱਚ ਕਈ ਸਾਲਾਂ ਤੋਂ ਕੋਈ ਵਾਧਾ ਨਹੀਂ ਹੋਇਆ ਜਦੋਂ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਹੌਜ਼ਰੀ ਮਜ਼ਦੂਰਾਂ ਲਈ ਕਿਰਤ ਕਾਨੂੰਨ ਨਾਂਹ ਦੇ ਬਰਾਬਰ ਹਨ।  ਨਾਂ ਤਾਂ ਈ ਐਸ ਆਈ ਲਾਗੂ ਹੁੰਦਾ ਹੈ, ਨਾਂ ਹੀ ਪ੍ਰਾਵੀਡੰਟ ਫ਼ੰਡ ਲਾਗੂ ਹੁੰਦਾ ਹੈ ਤੇ ਨਾਂ ਹੀ ਸਹੀ ਢੰਗ ਦੇ ਨਾਲ ਹਾਜ਼ਰੀ ਲਗਦੀ ਹੈ ਜਿਸ ਕਰਕੇ ਹੌਜ਼ਰੀ ਮਜ਼ਦੂਰ ਲਗਾਤਾਰ ਦਬਾਅ ਹੇਠ ਹੈ। 12-12 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਹੌਜ਼ਰੀ ਮੲਦੂਰਾਂ ਦੀ ਹਾਲਤ ਸੁਧਾਰਨ ਦੇ ਲਈ  ਕਿਰਤ ਕਾਨੂੰਨ ਲਾਗੂ ਕਰਵਾਵਾਂ ਗੇ। 
ਇਸ ਮੌਕੇ ਤੇ ਬੱਸ ਅੱਡੇ ਤੇ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਕਾਮਿਆਂ ਨੂੰ ਕੱਢਣ ਦੀ ਨਿਖੇਧੀ ਕਰਦਿਆਂ ਉਹਨਾ ਦੀ ਬਹਾਲੀ ਦੀ ਮੰਗ ਕੀਤੀ ਗਈ।
ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਚਰਨ ਸਰਾਭਾ, ਕਾਮਰੇਡ ਪਰਵੀਨ ਕੁਮਾਰ, ਕਾਮਰੇਡ ਓ ਪੀ ਮਹਿਤਾ, ਕਾਮਰੇਡ ਲਾਲ ਚੰਦ, ਕਾਮਰੇਡ ਵਿਜੈ, ਕਾਮਰੇਡ ਦਲਜੀਤ ਸਿੰਘ,  ਕਾਮਰੇਡ ਗੁਰਮੇਲ ਮੈਡਲੇ, ਕਾਮਰੇਡ ਹਰਬੰਸ ਸਿੰਘ, ਕਾਮਰੇਡ ਰਣਧੀਰ ਸਿੰਘ, ਕਾਮਰੇਡ ਮਨਜੀਤ ਗਿੱਲ, ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਰਾਮਾਧਾਰ ਸਿੰਘ, ਮਨਜੀਤ ਮਨਸੁੂਰਾਂ,  ਅਦਿ  ਸ਼ਾਮਿਲ ਸਨ। ਸਤਨਾਮ ਸਿੰਘ ਮਲਿਕਪੁਰ ਦੇ ਕਵੀਸਰੀ ਜੱਥੇ ਅਤੇ ਕਾਮਰੇਡ ਸੁਰਿੰਦਰ ਸਚਦੇਵਾ  ਨੇ ਇਨਕਲਾਬੀ ਗੀਤ ਪੇਸ਼ ਕੀਤੇ। 

No comments: