Thursday, February 01, 2018

ਬਜਟ ਵਿਚ ਸਿਹਤ ਨੂੰ ਨਜ਼ਰਅੰਦਾਜ਼ ਕੀਤਾ ਗਿਆ-ਡਾ. ਅਰੁਣ ਮਿੱਤਰਾ

Updated on Thu, Feb 1, 2018 at 6:29 PM
ਦੇਸ਼ ਦੇ ਲੋਕਾਂ ਨੂੰ ਅਸਲ ਸਿਹਤ ਵਾਲਾ ਕੋਈ ਲਾਭ ਨਹੀਂ ਮਿਲੇਗਾ
ਲੁਧਿਆਣਾ: 1 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਬਜਟ ਬਾਰੇ ਟਵਿੱਟਰ ਤੇ ਆਇਆ ਇੱਕ ਆਰਟ ਪ੍ਰਤੀਕਰਮ 
ਬਜਟ ਬਾਰੇ ਮਿਲੇ ਜੁਲੇ ਪ੍ਰਤੀਕਰਮ ਬੜੀ ਤੇਜ਼ੀ ਨਾਲ ਆ ਰਹੇ ਹਨ। ਬਹੁਤ ਸਾਰੇ ਪ੍ਰਤੀਕਰਮ ਸਿਆਸਤ ਤੋਂ ਪ੍ਰੇਰਿਤ ਹਨ ਅਤੇ ਬਹੁਤ ਸਾਰੇ ਆਮ ਜਨਤਾ ਉੱਤੇ ਪੈਣ ਵਾਲੇ ਪ੍ਰਭਾਵਾਂ ਉੱਤੇ ਆਧਾਰਿਤ ਹਨ।  ਵਾਤਾਵਰਨ ਅਤੇ ਅਤੇ ਆਮ ਜਨਤਾ ਦੀਆਂ ਤਕਲੀਫ਼ਾਂ ਬਾਰੇ ਸੁਚੇਤ ਰਹਿਣ ਵਾਲੇ ਬੁਧੀਜੀਵੀਆਂ ਵਿੱਚੋਂ ਇੱਕ ਡਾਕਟਰ ਅਰੁਣ ਮਿੱਤਰਾ ਨੇ ਵੀ ਇਸ ਬਾਰੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ। 
ਸਿਹਤ ਬਾਰੇ ਬਜਟ ਸਬੰਧੀ ਤਜਵੀਜਾਂ ‘ਤੇ ਪ੍ਰਤੀਕਿਰਿਆ ਕਰਦੇ ਹੋਏ ਇੰਡੀਅਨ ਡਾਕਟਰਜ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਦੇ ਸੀਨੀਅਰ ਉਪ ਪ੍ਰਧਾਨ ਡਾ. ਅਰੁਣ ਮਿੱਤਰਾ ਨੇ ਕਿਹਾ ਹੈ ਕਿ ਇਹ ਕੇਵਲ ਨਾਟਕੀ ਗੱਲਾਂ ਹਨ।  ਡਾਕਟਰ ਮਿੱਤਰਾ ਨੇ ਸਪਸ਼ਟ ਕਿਹਾ ਕਿ ਇਸ ਬਜਟ ਨਾਲ ਇਸ ਨਾਲ ਦੇਸ਼ ਦੇ ਲੋਕਾਂ ਨੂੰ ਅਸਲ ਸਿਹਤ ਵਾਲਾ ਕੋਈ ਲਾਭ ਨਹੀਂ ਮਿਲੇਗਾ। ਕਿਓਂਕਿ ਇਸ ਬਜਟ ਵਿੱਚ ਵਿਆਪਕ ਸਿਹਤ ਸੇਵਾਵਾਂ ਦਾ ਕੋਈ ਪ੍ਰਸਤਾਵ ਹੀ ਨਹੀਂ ਹੈ। 
ਸਿਹਤ ਦੇ ਸਿੱਧੇ ਤੌਰ ‘ਤੇ ਰਾਜ ਦੇ ਖਰਚਿਆਂ ਦੀ ਬਜਾਏ 10 ਕਰੋੜ ਪਰਿਵਾਰਾਂ ਨੂੰ ਬੀਮਾ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਨਾਲ ਜਨਤਕ ਨਿੱਜੀ ਭਾਈਵਾਲੀ ਰਾਹੀਂ  ਤੇ ਲੋਕਾਂ ਦਾ ਪੈਸਾ ਨਿਜੀ ਖੇਤਰ ਨੂੰ ਵੰਡਿਆ ਜਾਵੇਗਾ।
ਸਰਕਾਰੀ ਖੇਤਰ ਦੇ ਸਿਰਫ 24 ਮੈਡੀਕਲ ਕਾਲਜ ਹੀ ਅਪਗਰੇਡ ਕੀਤੇ ਜਾਣਗੇ। ਇਹ ਪ੍ਰਾਈਵੇਟ ਸੈਕਟਰ ਨੂੰ ਡਾਕਟਰੀ ਸਿੱਖਿਆ ਨੂੰ ਨਿਜੀ ਖੇਤਰ ਦੇ ਲਈ ਖੋਲ੍ਹਣ ਅਤੇ ਇਸ ਨੂੰ ਹੋਰ ਮਹਿੰਗਾ ਬਣਾਉਣ ਦੇ ਰੁਝਾਨ ਨੂੰ ਦਰਸਾਉਂਦਾ ਹੈ ਜਿਸ ਨਾਲ ਮੈਡੀਕਲ ਵਿਦਿਆ ਹੋਰ ਮਹਿੰਗੀ ਹੋ ਜਾਏਗੀ। ਸਿੱਟੇ ਵੱਜੋਂ ਸਿਹਤ ਸੇਵਾਵਾਂ ਵੀ ਜ਼ਿਆਦਾ ਮਹਿੰਗੀਆਂ ਹੋ ਜਾਣਗੀਆਂ। ਸਰਕਾਰ ਟੀ ਬੀ ਨਾਲ ਬੀਮਾਰ ਲੋਕਾਂ ਨੂੰ ਪੋਸ਼ਕ ਤੱਤਾਂ ਵਾਲੀ ਪੌਸ਼ਟਿਕ ਖੁਰਾਕ ਦੇਵੇਗੀ-ਇਹ ਇਕ ਮਜ਼ਾਕ ਹੀ ਲੱਗਦਾ ਹੈ। ਗਰੀਬ ਲੋਕਾਂ ਨੂੰ ਖੁਰਾਕ ਸੁਰੱਖਿਆ ਦੀ ਜਰੂਰਤ ਹੈ ਤਾਂ ਜੋ ਸਮਾਜ ਦੇ ਪੋਸ਼ਕ ਤੱਤਾਂ ਦੀ ਸਥਿਤੀ ਵਿੱਚ ਸੁਧਾਰ ਹੋ ਸਕੇ ਤੇ ਸਮੁੱਚੇ ਤੌਰ ਤੇ ਲੋਕਾਂ ਦੀ ਪੌਸ਼ਟਿਕਤਾ ਵਿੱਚ ਸੁਧਾਰ ਹੋਏ। ਬਿਮਾਰ ਲੋਕਾਂ ਨੂੰ ਕੁਝ ਭੋਜਨ ਦੇਣ ਦਾ ਮਤਲਬ ਅਸਲ ਵਿੱਚ ਕੁਝ ਵੀ ਨਹੀਂ ਹੈ। 
ਡਾਕਟਰ ਮਿਤੱਤਰਾ ਨੇ ਇਹ ਵੀ ਕਿਹਾ ਕਿ ਇਸ ਬਜਟ ਵਿੱਚ ਦਵਾਈਆਂ ਦੀਆਂ ਕੀਮਤਾਂ ਨੂੰ ਸੁਚਾਰੂ ਬਣਾਉਣ ਦੀ ਕੋਈ ਗੱਲ ਨਹੀਂ ਕਹੀ ਗਈ ਹੈ। ਦਵਾਈਆਂ 'ਤੇ ਆਉਣ ਵਾਲਾ ਖਰਚ  ਹੈਲਥ 'ਤੇ ਜੇਬ ਖਰਚੇ ਦਾ 70% ਬਣਦਾ ਹੈ। ਬਜਟ ਵਿੱਚ ਲੱਛੇਦਾਰ ਸ਼ਬਦਾਂ ਵਾਲੇ ਜਾਦੂ ਦਾ ਸਹਾਰਾ ਲੈਂਦਿਆਂ ਇਹ ਤਾਂ ਕਿਹਾ ਗਿਆ ਹੈ ਕਿ ਗਰੀਬ ਲੋਕਾਂ ਲਈ ਡਾਇਲਾਇਸਸ ਮੁਫਤ ਹੋਵੇਗਾ ਪਰ ਇਸ ਵਿੱਚ ਗਰੀਬੀ ਦੀ ਪਰਿਭਾਸ਼ਾ ਨਹੀਂ ਦੱਸੀ ਗਈ ਹੈ। ਇਸ ਕਾਰਨ ਬਹੁਤ ਸਾਰੇ ਲੋਕ ਇਸ ਸਹੂਲਤ ਤੋਂ ਵਾਂਝੇ ਰਹਿ ਜਾਣਗੇ। ਟੈਕਸ ਦਾਤਾ ਤੇ  3% ਤੋਂ 4% ਤੱਕ ਸਿਹਤ ਸੈੱਸ ਵਿਚ ਵਾਧਾ ਆਮ ਲੋਕਾਂ 'ਤੇ ਹੀ ਬੋਝ ਪਾਵੇਗਾ। ਸਮੁੱਚੇ ਤੌਰ ਤੇ ਇਸ ਬਜਟ  ਵਿਚ ਸਿਹਤ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

No comments: