Friday, September 29, 2017

MCL: ਅੱਠ ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਨਹੀਂ ਮਿਲੀ ਤਨਖਾਹ

ਤਨਖਾਹ ਨਾ ਮਿਲਣ ਕਾਰਨ 5 ਸੰਗਠਨਾਂ ਨੇ ਕੀਤਾ ਰੋਹ ਭਰਿਆ ਰੋਸ ਵਿਖਾਵਾ 

ਲੁਧਿਆਣਾ: 29 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::               
ਸਤੰਬਰ ਮਹੀਨਾ ਮੁੱਕਣ ਵਾਲਾ ਹੈ ਪਰ ਨਗਰ ਨਿਗਮ ਲੁਧਿਆਣਾ ਦੇ 8 ਹਜ਼ਾਰ ਤੋਂ ਵੀ ਵੱਧ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ। ਸਾਰੇ ਵਰਗਾਂ ਨੂੰ ਮਿਲਾ ਕੇ ਇਹ ਗਿਣਤੀ ਦਸ ਹਜ਼ਾਰ ਤੋਂ ਵੱਧ ਬਣ ਜਾਂਦੀ ਹੈ। ਤਨਖਾਂ ਤੋਂ ਬਿਨਾ ਇਹਨਾਂ ਕਰਮਚਾਰੀਆਂ ਦੇ ਘਰਾਂ ਵਿੱਚ ਆਰਥਿਕ ਸੰਕਟ ਛਾਇਆ ਹੋਇਆ ਹੈ ਪਰ ਨਗਰ ਨਿਗਮ ਦੇ ਅਧਿਕਾਰੀ ਇਸ ਬਾਰੇ ਅਜੇ ਵੀ ਕੁਝ ਸਪਸ਼ਟ ਕਹਿਣ ਲਈ ਤਿਆਰ ਨਹੀਂ ਹਨ। ਕੁਝ ਤਿਓਹਾਰੀ ਛੁੱਟੀਆਂ ਆ ਜਾਨ ਕਾਰਨ ਸਥਿਤੀ ਹੈ ਕਿਓਂਕਿ ਕਰਮਚਾਰੀਆਂ ਦੀਆਂ ਜੇਬਾਂ ਖਾਲੀ ਹਨ। ਤਨਖਾਹ ਨਾ ਮਿਲਣ ਕਾਰਣ ਇਹਨਾਂ ਸਾਰੇ ਗਰੀਬ ਅਤੇ ਮਧਵਰਗੀ ਕਰਮਚਾਰੀਆਂ ਦੇ ਤਿਓਹਾਰ ਫਿੱਕੇ ਹੋ ਰਹੇ ਹਨ। ਖਾਲੀ ਰਸੋਈ ਵਿੱਚ ਤਿਓਹਾਰ ਨਹੀਂ ਸੁੱਝਦੇ। More Pics on Facebook
ਆਪਣੀ ਬਣਦੀ ਤਨਖਾਹ ਦੀ ਮੰਗ ਨੂੰ ਲੈ ਕੇ ਇਹਨਾਂ ਹਜ਼ਾਰਾਂ ਕਰਮਚਾਰੀਆਂ ਵੱਲੋਂ ਅੱਜ 29 ਸਤੰਬਰ 2017 ਨੂੰ ਨਗਰ ਨਿਗਮ ਏ ਜ਼ੋਨ ਵਾਲੇ ਦਫਤਰ ਦੇ ਬਾਹਰ ਭਾਰੀ ਰੋਸ ਵਿਖਾਵਾ ਕੀਤਾ ਗਿਆ। ਇਹਨਾਂ ਨੇ ਆਪਣੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜੀਆਂ ਹੋਈਆਂ ਸਨ। ਇਸ ਰੋਸ ਵਖਾਵੇ ਵਿੱਚ ਸਿਆਸੀ ਵਖਰੇਵਿਆਂ ਨੂੰ ਭੁਲਾ ਕੇ ਭਾਰਤੀ ਮਜ਼ਦੂਰ ਸੰਘ ਅਤੇ ਇੰਟਕ ਨੇ ਵੀ ਸ਼ਿਰਕਤ ਕੀਤੀ।  ਇਸਦਾ ਸੱਦਾ ਨਗਰ ਨਿਗਮ ਕਰਮਚਾਰੀਆਂ ਦੀਆਂ ਪੰਜ ਸੰਗਠਨਾਂ ਦੇ ਸਾਂਝੀ ਮਿਉਂਸਿਪਲ ਕਰਮਚਾਰੀ ਸੰਯੁਕਤ ਕਮੇਟੀ ਨੇ ਦਿੱਤਾ ਸੀ। ਇਹ ਜਾਣਕਾਰੀ ਦੇਂਦਿਆਂ ਕਾਮਰੇਡ ਵਿਜੇ ਕੁਮਾਰ, ਕਾਮਰੇਡ ਭਗੀਰਥ ਪਾਲੀਵਾਲ, ਗੁਰਜੀਤ ਸਿੰਘ ਜਗਪਾਲ, ਕਾਮਰੇਡ ਮਹੀਪਾਲ ਅਤੇ ਦੀਪਕ ਹੰਸ ਨੇ ਮੀਡੀਆ ਨੂੰ ਦੱਸਿਆ ਕਿ ਰੋਸ ਵਿਖਾਵਾ ਸਵੇਰੇ 11 ਵਜੇ ਸ਼ੁਰੂ ਹੋਇਆ ਅਤੇ ਬਾਅਦ ਦੁਪਹਿਰ ਡੇਢ ਵਜੇ ਤਕ ਜਾਰੀ ਰਿਹਾ। ਮੁਲਾਜ਼ਮ ਆਗੂਆਂ ਵੱਲੋਂ ਇਹ ਕਦਮ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਕਈ ਮੁਲਾਕਾਤਾਂ ਮਗਰੋਂ ਚੁੱਕਿਆ ਗਿਆ। ਇਸ ਮੁਲਾਕਾਤ ਵਿੱਚ ਵੀ ਇਹਨਾਂ ਅਧਿਕਾਰੀਆਂ ਨੇ ਇਹਨਾਂ ਮੁਲਾਜ਼ਮਾਂ ਨੂੰ ਤਨਖਾਹ ਬਾਰੇ ਕੋਈ ਠੋਸ ਦਿਨ ਜਾਂ ਤਾਰੀਖ ਦੱਸਣ ਦੀ ਬਜਾਏ ਸਿਰਫ ਤਾਲ ਮਟੋਲ ਕੀਤਾ ਅਤੇ ਕਿਹਾ ਕਿ ਸਾਡੇ ਕੋਲ ਖਜ਼ਾਨਾ ਪੂਰੀ ਤਰ੍ਹਾਂ ਖਾਲੀ ਹੈ। ਹਰ ਮੁਲਾਕਾਤ ਵਿੱਚ ਇਹਨਾਂ ਨੂੰ ਨਵੀਂ ਤਾਰੀਖ ਦੇ ਕੇ ਤਾਲ ਦਿੱਤਾ ਜਾਂਦਾ।  More Pics on Facebook
ਉਹਨਾਂ  ਦੱਸਿਆ ਕਿ ਇਹਨਾਂ ਮੁਲਾਜ਼ਮਾਂ ਵਿੱਚੋਂ ਇੱਕ ਵਰਗ ਤਾਂ ਅਜਿਹਾ ਹੈ ਜਿਸਨੂੰ ਪਿਛਲੇ ਤਿੰਨਾਂ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਸ ਵਰਗ ਦਾ ਅੱਜਕਲ੍ਹ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਕੀ ਹਾਲ ਹੋਇਆ ਹੋਣਾ ਹੈ ਜਰਾ ਅੰਦਾਜ਼ਾ ਲਗਾਓ। ਰਾਸ਼ਨ ਪਾਣੀ ਦੇ ਨਾਲ ਨਾਲ ਹੋਰ ਜ਼ਰੂਰੀ ਖਰਚੇ ਵੀ ਰੁਕੇ ਪਏ ਹਨ। ਕਰਮਚਾਰੀ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਅਜੇ ਵੀ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਦੇ ਕੰਨਾਂ ਉੱਤੇ ਜੂੰ ਨਾ ਸਰਕੀ ਤਾਂ ਸਾਨੂੰ ਅਜਿਹੇ ਰੋਸ ਮੁਜ਼ਾਹਰੇ ਹਰ ਰੋਜ਼ ਕਰਨੇ ਪੈਣਗੇ। ਜੇ ਫਿਰ ਵੀ ਗੱਲ ਨਾ ਬਣੀ ਤਾਂ ਅਸੀਂ ਆਪਣੀ ਰਣਨੀਤੀ ਮੁਤਾਬਿਕ ਸਖਤ ਐਕਸ਼ਨ ਵੀ ਲਵਾਂਗੇ।  More Pics on Facebook
ਕਰਮਚਾਰੀਆਂ ਦੇ ਰੋਹ ਤੋਂ ਡਰੇ ਨਿਗਮ ਅਧਿਕਾਰੀਆਂ ਨੇ ਅੱਜ ਨਗਰ ਨਿਗਮ ਜ਼ੋਨ ਏ  ਦੇ ਮੁਖ ਦਰਵਾਜ਼ੇ ਵਾਲਾ ਗੇਟ ਵੀ ਬੰਦ ਕਰ ਲਿਆ। ਜੇ ਕੋਈ ਸਾਧਾਰਨ ਨਾਗਰਿਕ ਵੀ ਆਪਣੇ ਕਿਸੇ ਕੰਮ ਲਈ ਆਉਂਦਾ ਤਾਂ ਨਿਗਮ ਦਾ ਸੁਰੱਖਿਆ ਵਿਭਾਗ ਉਸ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ ਦੇ ਰਿਹਾ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਖੱਜਲ ਖੁਆਰੀ ਵੀ ਹੋਈ। ਇਸ ਦੌਰਾਨ ਰੋਜ਼ ਮੁਜ਼ਾਹਰਾ ਕਰ ਰਹੇ ਮੁਲਾਜ਼ਮਾਂ ਨੇ ਆਪੋ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਚਾਹ ਪਾਣੀ ਵੀ ਪੁੱਛਿਆ, ਤਕਲੀਫ ਦੀ ਮੁਆਫੀ ਵੀ ਮੰਗੀ ਅਤੇ ਦਫਤਰ ਅੰਦਰ ਜਾਣ ਦਾ ਦੂਸਰਾ ਰਸਤਾ ਵੀ ਦਿਖਾਇਆ।
  More Pics on Facebook

No comments: