Saturday, January 28, 2017

ਵੋਟ ਤੰਤਰ: ਲੁਧਿਆਣਾ ਵਾਸੀ ਦੋ ਰਿਕਾਰਡ ਬਣਾਉਣ ਦੀ ਤਿਆਰੀ ਵਿੱਚ

'ਲਿਮਕਾ ਬੁੱਕ' ਅਤੇ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿੱਚ ਹੋਵੇਗਾ ਦਰਜ
*30 ਜਨਵਰੀ ਨੂੰ 2500 ਤੋਂ ਵਧੇਰੇ ਵੋਟਰ ਲੈਣਗੇ ਇਕੱਠਿਆਂ 'ਸੈਲਫੀ'
*31 ਜਨਵਰੀ ਨੂੰ 150 ਕਿਲੋਮੀਟਰ ਲੰਬਾਈ ਤੋਂ ਵਧੇਰੇ ਦੀ ਬਣੇਗੀ 'ਮਨੁੱਖੀ ਕੜੀ' 
*ਵਿਧਾਨ ਸਭਾ ਚੋਣਾਂ ਲਈ ਵੋਟਰਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ-ਜ਼ਿਲਾ ਚੋਣ ਅਫ਼ਸਰ
ਲੁਧਿਆਣਾ: 27 ਜਨਵਰੀ 2017: (ਪੰਜਾਬ ਸਕਰੀਨ ਬਿਊਰੋ):  
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਹਰੇਕ ਵੋਟਰ ਦੇ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਜੀਅ ਤੋੜ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਜ਼ਿਲਾ ਲੁਧਿਆਣਾ ਵਾਸੀ ਹੁਣ 'ਸਵੀਪ ਗਤੀਵਿਧੀਆਂ' ਅਧੀਨ ਦੋ ਰਿਕਾਰਡ ਕਾਇਮ ਕਰਨ ਦੀ ਤਿਆਰੀ ਵਿੱਚ ਹਨ। ਪਿਛਲੇ ਸਮੇਂ ਦੌਰਾਨ ਵੋਟਰ ਜਾਗਰੂਕਤਾ ਸੰਬੰਧੀ ਜਿਵੇਂ ਕਈ ਪ੍ਰੋਗਰਾਮ ਕੀਤੇ ਗਏ ਹਨ, ਇਸੇ ਕੜੀ ਨੂੰ ਅੱਗੇ ਤੋਰਦਿਆਂ ਹੁਣ 2500 ਤੋਂ ਵਧੇਰੇ ਵੋਟਰ ਆਪਣੇ ਵੋਟਰ ਸ਼ਨਾਖ਼ਤੀ ਕਾਰਡ ਨਾਲ ਸੈਲਫੀ ਲੈਣਗੇ, ਉਥੇ ਹੀ 150 ਕਿਲੋਮੀਟਰ ਲੰਮੀ 'ਮਨੁੱਖੀ ਕੜੀ' ਬਣਾ ਕੇ ਵੋਟ ਦੇ ਇਸਤੇਮਾਲ ਦਾ ਸੁਨੇਹਾ ਵੀ ਦੇਣਗੇ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਮਿਤੀ 30 ਜਨਵਰੀ ਨੂੰ ਸ਼ਹਿਰ ਲੁਧਿਆਣਾ ਦੇ ਪੱਖੋਵਾਲ ਸੜਕ ਸਥਿਤ ਇੰਡੋਰ ਸਟੇਡੀਅਮ ਵਿਖੇ 2500 ਤੋਂ ਵਧੇਰੇ ਵੋਟਰ (ਜਿਆਦਾਤਰ ਨਵੇਂ ਬਣੇ ਵੋਟਰ) ਇਕੱਠੇ ਹੋਣਗੇ ਅਤੇ ਆਪਣੇ ਵੋਟਰ ਸ਼ਨਾਖ਼ਤੀ ਕਾਰਡ ਨਾਲ ਸੈਲਫੀ ਲੈਣਗੇ। ਇਸ ਮੌਕੇ ਸਰੀਰਕ ਤੌਰ 'ਤੇ ਅਪੰਗ ਕਲਾਕਾਰਾਂ ਵੱਲੋਂ 'ਮਿਰੈਕਲ ਆਨ ਵ•ੀਲਜ਼' ਸੱਭਿਆਚਾਰਕ ਪ੍ਰੋਗਰਾਮ ਅਤੇ ਗੱਤਕਾ ਟੀਮ ਵੱਲੋਂ 'ਗੱਤਕਾ' ਵੀ ਪੇਸ਼ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਪ੍ਰਤੀਯੋਗੀਆਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਵੀ. ਕੇ. ਸਿੰਘ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ। ਸ੍ਰੀ ਭਗਤ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਆਪਣੇ ਵੋਟਰ ਸਨਾਖ਼ਤੀ ਕਾਰਡ ਨਾਲ ਸ਼ਿਰਕਤ ਕਰਨ ਅਤੇ ਸੈਲਫੀ ਖਿੱਚਣ ਵਾਲੇ ਹਰੇਕ ਪ੍ਰਤੀਯੋਗੀ ਨੂੰ ਜ਼ਿਲਾ ਪ੍ਰਸਾਸ਼ਨ ਵੱਲੋਂ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। 
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਮਿਤੀ 31 ਜਨਵਰੀ ਨੂੰ 150 ਕਿਲੋਮੀਟਰ ਲੰਮੀ 'ਮਨੁੱਖੀ ਕੜੀ' ਬਣਾਈ ਜਾਵੇਗੀ, ਜੋ ਕਿ ਚਾਰ ਜ਼ਿਲਿਆਂ ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਸ੍ਰੀ ਫਤਹਿਗੜ ਸਾਹਿਬ ਨੂੰ ਕਵਰ ਕਰੇਗੀ। ਇੱਕ ਹਿੰਦੀ ਅਖ਼ਬਾਰ ਸਮੂਹ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਮਨੁੱਖੀ ਲੜੀ ਜ਼ਿਲਾ ਕਪੂਰਥਲਾ ਦੇ ਕਸਬਾ ਕਰਤਾਰਪੁਰ ਤੋਂ ਸ਼ੁਰੂ ਹੋਵੇਗੀ, ਜਿਸ ਤਹਿਤ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਵਾਲੇ ਲੋਕ ਹੱਥਾਂ ਨਾਲ ਹੱਥ ਜੋੜ ਕੇ ਜਲੰਧਰ, ਫਗਵਾੜਾ, ਗੁਰਾਇਆ, ਫ਼ਿਲੌਰ, ਲਾਡੋਵਾਲ ਬਾਈਪਾਸ, ਜਲੰਧਰ ਬਾਈਪਾਸ, ਲੁਧਿਆਣਾ ਸ਼ਹਿਰ, ਸਾਹਨੇਵਾਲ, ਦੋਰਾਹਾ, ਬੀਜਾ, ਖੰਨਾ, ਮੰਡੀ ਗੋਬਿੰਦਗੜ, ਸਰਹਿੰਦ ਅਤੇ ਫਤਹਿਗੜ ਸਾਹਿਬ ਦੇ ਸਾਰੇ ਰਸਤੇ ਨੂੰ ਕਵਰ ਕਰਨਗੇ। ਸ੍ਰੀ ਭਗਤ ਨੇ ਕਿਹਾ ਕਿ ਇਸ ਪੂਰੀ ਮਨੁੱਖੀ ਕੜੀ ਵਿੱਚ ਜਿੱਥੇ ਡੇਢ ਲੱਖ ਤੋਂ ਵਧੇਰੇ ਲੋਕ ਹਿੱਸਾ ਲੈ ਰਹੇ ਹਨ, ਉਥੇ ਜ਼ਿਲਾ ਲੁਧਿਆਣਾ ਦੇ 70 ਹਜ਼ਾਰ (ਸਭ ਤੋਂ ਵਧੇਰੇ) ਲੋਕ ਜ਼ਿਲਾ ਲੁਧਿਆਣਾ ਅਧੀਨ ਆਉਂਦੀ ਸੜਕ ਨੂੰ ਕਵਰ ਕਰਨਗੇ। ਇਸ ਸਮਾਗਮ ਵਿੱਚ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ, ਜਿਨ੍ਹਾਂ ਨੂੰ ਵੀ ਜ਼ਿਲਾ ਪ੍ਰਸਾਸ਼ਨ ਵੱਲੋਂ ਪ੍ਰਸ਼ੰਸ਼ਾ ਪੱਤਰ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਇੱਕ ਖੇਤਰ ਵਿੱਚ 122 ਕਿਲੋਮੀਟਰ ਲੰਮੀ ਬਣਾਈ 'ਮਨੁੱਖੀ ਕੜੀ' ਰਿਕਾਰਡ ਵਜੋਂ ਦਰਜ ਹੈ।
ਸ੍ਰੀ ਭਗਤ ਨੇ ਅੱਗੇ ਕਿਹਾ ਕਿ ਇਨ੍ਹਾਂ ਦੋਵਾਂ ਵੋਟਰ ਜਾਗਰੂਕਤਾ ਸਮਾਗਮਾਂ ਨੂੰ 'ਲਿਮਕਾ ਬੁੱਕ ਆਫ਼ ਰਿਕਾਰਡਜ਼' ਅਤੇ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿੱਚ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵਾਂ ਸਮਾਗਮਾਂ ਦੌਰਾਨ ਉਕਤ ਕੰਪਨੀਆਂ ਦੇ ਨੁਮਾਇੰਦੇ ਵੀ ਹਾਜ਼ਰ ਰਹਿਣਗੇ। ਸ੍ਰੀ ਭਗਤ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਕਤ ਦੋਵੇਂ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਜਿੱੱਥੇ ਜ਼ਿਲਾ ਲੁਧਿਆਣਾ ਦੇ ਨਾਮ ਇਹ ਰਿਕਾਰਡ ਦਰਜ ਕਰਾਉਣ ਵਿੱਚ ਸਹਿਯੋਗ ਕਰਨ, ਉਥੇ 4 ਫਰਵਰੀ ਨੂੰ ਵੋਟ ਦੇ ਜ਼ਰੂਰੀ ਅਤੇ ਸਹੀ ਇਸਤੇਮਾਲ ਬਾਰੇ ਵੀ ਵੋਟਰਾਂ ਨੂੰ ਜਾਗਰੂਕ ਕਰਨ।

No comments: