Thursday, January 26, 2017

ਮਾਰਕਸਵਾਦੀ ਕਦੇ ਤਕਨੀਕ ਦਾ ਵਿਰੋਧ ਨਹੀਂ ਕਰਦੇ

Thu, Jan 26, 2017 at 4:44 PM
ਰੁਸਤਮ ਪਟੇਲ ਅਖੀਰ 'ਚ ਲਾਲ ਝੰਡੇ ਵਾਲੀ ਟਰੇਡ ਯੂਨੀਅਨ ਨੂੰ ਕੋਸਦਾ ਵੀ ਹੈ
ਇਹ ਫਿਲਮ ਇੱਕ ਟਰੇਡ ਯੂਨੀਅਨ ਐਕਟੀਵਿਸਟ, ਮਾਧਵ ਵਰਮਾ, ਜੋ ਅਧਿਆਪਕ ਦਾ ਕਿੱਤਾ ਛੱਡ ਕੇ ਟਰੇਡ-ਯੂਨੀਅਨ ਐਕਟੀਵਿਸਟ ਦਾ ਕਿੱਤਾ ਚੁਣਦਾ ਹੈ, ਦੇ ਦੁਆਲੇ ਘੁੰਮਦੀ ਹੈ।

ਫਿਲਮ ਦਿਖਾਉਂਦੀ ਹੈ ਮਾਧਵ ਵਰਮਾ ਦੀ ਟਰੇਡ ਯੂਨੀਅਨ ਕਾਫ਼ੀ ਪੁਰਾਣੀ ਹੈ ਅਤੇ ਮਾਨਤਾ ਹਾਸਿਲ ਵੀ ਹੈ। ਪਰ ਸਮੇਂ ਦੇ ਨਾਲ਼ ਇਹ ਮਜ਼ਦੂਰਾਂ ਦੇ ਰੋਹ ਨੂੰ ਭਾਂਪਣ 'ਚ ਨਾਕਾਮ ਸਾਬਿਤ ਹੋਈ ਹੈ। ਇਸ ਕਰਕੇ ਹੋਰ ਅਜਿਹੀਆਂ ਟਰੇਡਯੂਨੀਅਨਾਂ ਜੋ ਗੁੰਡੇ ਬਦਮਾਸ਼ਾਂ ਨੂੰ ਆਪਣੀਆਂ ਆਗੂ ਸਫ਼ਾਂ 'ਚ ਸ਼ਾਮਿਲ ਕਰਦੀਆਂ ਹਨ ਉਹ ਮਜ਼ਦੂਰਾਂ 'ਚ ਆਪਣਾ ਅਧਾਰ ਬਣਾਉਣ 'ਚ ਕਾਮਯਾਬ ਰਹੀਆਂ ਹਨ। ਫਿਲਮ ਵਿਰੋਧੀ ਟਰੇਡ-ਯੂਨੀਅਨ ਦੇ ਕਿਰਦਾਰ ਨੂੰ ਸਹੀ ਤਰਾਂ ਨਹੀਂ ਚਿੱਤਰ ਸਕੀ। ਇੱਕ ਪਾਸੇ ਫਿਲਮ ਦਿਖਾਉਂਦੀ ਹੈ ਕਿ ਉਹ ਮਜ਼ਦੂਰਾਂ ਦੇ ਹਿਤ 'ਚ ਕੰਮ ਕਰਨ ਵਾਲੀ ਵੱਖਰੀ ਵਿਚਾਰਧਾਰਾ ਵਾਲੀ ਟਰੇਡਯੂਨੀਅਨ ਹੈ। ਦੂਜੇ ਪਾਸੇ ਫ਼ਿਲਮ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਰੁਸਤਮ ਪਟੇਲ ਦੀ ਅਗਵਾਈ ਵਾਲੀ ਇਹ ਟਰੇਡ ਯੂਨੀਅਨ, ਫੈਕਟਰੀ ਮਾਲਕਾਂ ਨਾਲ਼ ਤਾਂ ਦਸਤ-ਪੰਜਾ ਲੈਂਦੀ ਹੈ ਪਰ ਕਿਸੇ ਸਿਆਸੀ ਮਸਲੇ 'ਤੇ ਉਸਨੇ ਦਖਲ ਨਹੀਂ ਦਿੰਦੀ। ਇਸ ਲਈ ਸਿਆਸੀ ਆਗੂਆਂ ਨੂੰ ਉਸ ਤੋਂ ਕੋਈ ਦਿੱਕਤ ਨਹੀਂ ਹੈ। ਫਿਲਮ 'ਚ ਸਾਫ਼ ਦਿਖਾਇਆ ਗਿਆ ਹੈ ਇੱਕ ਬੁਰਜੁਆ ਆਗੂ ਜੋ ਉਸ ਸਮੇਂ ਸਰਕਾਰ 'ਚ ਵੀ ਸ਼ਾਮਿਲ ਹੈ। ਰੁਸਤਮ ਪਟੇਲ ਨਾਲ਼ ਸਰਮਾਏਦਾਰਾਂ ਨੂੰ ਖੁਦ ਹੀ ਨਜਿਠਣ ਲਈ ਕਹਿੰਦਾ ਹੈ ਕਿਉਂਕਿ ਉਸ ਕਰਕੇ ਉਹਨਾਂ ਨੂੰ ਕਦੇ ਨਿਯਮ ਅਤੇ ਕਾਨੂੰਨ ਦੀ ਸਮਸਿਆ ਨਹੀਂ ਆਈ। ਪਰ ਇਹ ਗੱਲ ਅਵਿਵਹਾਰਕ ਜਿਹੀ ਲੱਗਦੀ ਹੈ। ਅਸਲੀਅਤ ਇਹ ਹੈ ਕਿ ਬੁਰਜੁਆ ਰਾਜਨੀਤੀਵਾਨ ਤਾਂ ਕੰਮ ਹੀ ਸਰਮਾਏਦਾਰਾਂ ਲਈ ਕਰਦੇ ਹਨ। ਇਸ ਕਰਕੇ ਅਜਿਹਾ ਨਹੀਂ ਹੋ ਸਕਦਾ ਕਿਸੇ ਟਰੇਡ ਯੂਨੀਅਨ ਤੋਂ ਸਰਮਾਏਦਾਰਾਂ ਨੂੰ ਦਿੱਕਤ ਹੋਵੇ ਅਤੇ ਉਹਨਾਂ ਦੇ ਆਗੂਆਂ ਨੂੰ ਨਾ ਹੋਵੇ। ਉਂਝ ਜਿਸ ਦੌਰ 'ਚ ਇਹ ਫਿਲਮ ਬਣੀ ਉਸ ਸਮੇਂ ਵੀ ਮਜ਼ਦੂਰਾਂ ਨੂੰ ਬਹੁਤ ਜਿਆਦਾ ਆਰਥਿਕ ਰਿਆਇਤਾਂ ਦੇਣਾ ਸਰਮਾਏਦਾਰਾਂ ਵੱਲੋਂ ਸੰਭਵ ਨਹੀਂ ਸੀ। ਪਰ ਇੱਕ ਗੱਲ ਸਮਝ ਪੈਂਦੀ ਹੈ ਕਿ ਰੁਸਤਮ ਪਟੇਲ ਆਟੋਮੇਸ਼ਨ ਦਾ ਵਿਰੋਧ ਨਹੀਂ ਸੀ ਕਰ ਰਿਹਾ ਇਸ ਲਈ ਹੋ ਸਕਦਾ ਹੈ ਕਿ ਸਰਮਾਏਦਾਰਾਂ ਨੂੰ ਇਸ ਵਿੱਚ ਲਾਭ ਹੋਵੇ ਕਿ ਮਾਧਵ ਵਰਮਾ ਵਰਗੇ ਐਕਟੀਵਿਸਟਾਂ ਦੀ ਜਗ੍ਹਾਂ ਰੁਸਤਮ ਪਟੇਲ ਲੈ ਲਏ।

ਉਂਝ ਦੇਖਿਆ ਜਾਵੇ ਤਾਂ ਮਾਧਵ ਵਰਮਾ ਅਤੇ ਰੁਸਤਮ ਪਟੇਲ ਦੋਨੋਂ ਇੱਕ ਹੀ ਰਾਜਨੀਤੀ ਦੇ ਦੋ ਪਹਿਲੂ ਹਨ। ਮਾਰਕਸਵਾਦੀ ਕਦੇ ਤਕਨੀਕ ਦਾ ਵਿਰੋਧ ਨਹੀਂ ਕਰਦੇ ਬਲਕਿ ਉਹ ਸਮਝਦੇ ਹਨ ਕਿ ਨਵੀਂ ਤਕਨੀਕ ਆਉਣ ਨਾਲ਼ ਸਮਾਜ 'ਚ ਵਿਦਰੋਅ ਦੀ ਨਵੀਂ ਜਮੀਨ ਤਿਆਰ ਹੁੰਦੀ ਹੈ। ਜਦੋਂ ਕਿ ਸਤਾਲਿਨਵਾਦੀਆਂ ਦੀ ਕੋਸ਼ਿਸ਼ ਇਹ ਰਹੀ ਹੈ ਕਿ ਕਿਵੇਂ ਨਾ ਕਿਵੇਂ ਸਰਮਾਏਦਾਰਾਂ ਅਤੇ ਮਜ਼ਦੂਰਾਂ ਵਿੱਚਕਾਰ ਸਹਿਯੋਗ ਕਾਇਮ ਰਹੇ। ਉਹ ਉਹਨਾਂ ਵਿਚਕਾਰ ਸਿਰਫ਼ ਵਿਚੋਲਗੀ ਦਾ ਕੰਮ ਕਰਦੇ ਰਹੇ ਹਨ। ਜਦੋਂ ਮਾਧਵ ਵਰਮਾ ਵਰਗੇ ਲੋਕ ਇਸ ਕੰਮ ਲਈ ਬਿਹਤਰ ਸਨ ਉਦੋਂ ਤੱਕ ਸਰਮਾਏਦਾਰਾਂ ਨੇ ਉਹਨਾਂ ਦੀ ਖ਼ੂਬ ਵਰਤੋਂ ਕੀਤੀ ਬਾਅਦ 'ਚ ਉਸ ਦੀ ਥਾਂ ਰੁਸਤਮ ਪਟੇਲ ਸਰੀਖਿਆਂ ਨੇ ਲੈ ਲਈ।

ਇਸ ਫ਼ਿਲਮ 'ਚ ਦੋਨੋਂ ਹੀ ਧਿਰਾਂ ਪ੍ਰਤੀਕਿਰਿਆਵਾਦੀ ਸਨ। ਇੱਥੇ ਕੌਣ ਵੱਧ ਪ੍ਰਤੀਕਿਰਿਆਵਾਦੀ ਹੈ ਇਹ ਸਵਾਲ ਬੇਮਾਨੀ ਹੈ। ਜੇਕਰ ਮਾਧਵ ਵਰਮਾ ਦੀ ਯੂਨੀਅਨ ਮਜ਼ਦੂਰਾਂ ਦੇ ਫੌਰੀ ਰੋਹ ਨੂੰ ਜਾਣਨ 'ਚ ਅਸਫਲ ਰਹਿੰਦੀ ਹੈ ਅਤੇ ਇੱਥੋਂ ਤੱਕ ਜਦੋਂ ਉਸ ਮਜ਼ਦੂਰਾਂ ਦੀਆਂ ਉਹਨਾਂ ਹੀ ਮੰਗਾਂ ਨੂੰ ਜਦੋਂ ਰੁਸਤਮ ਪਟੇਲ ਦਾ ਗੁੱਟ ਉਠਾਉਂਦਾ ਹੈ ਤਾਂ ਉਸਦੀ ਹਿਮਾਇਤ ਕਰਨ ਦੀ ਥਾਂ, ਉਹਨਾਂ ਦਾ ਵਿਰੋਧ ਕਰਨ ਲਈ ਡਟ ਜਾਂਦੀ ਹੈ। ਇੱਥੋਂ ਤੱਕ ਮਾਧਵ ਵਰਮਾ ਇਹ ਬੇਹੂਦਾ ਤਰਕ ਦਿੰਦਾ ਹੈ ਕਿ ਜੇਕਰ ਬੋਨਸ ਵੱਧ ਜਾਵੇਗਾ ਤਾਂ ਮਜ਼ਦੂਰਾਂ 'ਤੇ ਉਤਪਾਦਨ ਵੱਧ ਹੋਣ ਦਾ ਦਬਾਅ ਵੀ ਵੱਧ ਜਾਵੇਗਾ। ਜਦੋਂ ਮੈਨੇਜਮੈਂਟ ਮਾਧਵ ਵਰਮਾ ਦੀ ਯੂਨੀਅਨ ਦੀ ਮਾਨਤਾ ਰੱਦ ਕਰਨ ਦੀ ਧਮਕੀ ਦਿੰਦੀ ਹੈ ਤਾਂ ਮਾਧਵ ਵਰਮਾ ਇਸ ਲਈ ਚਿਤੰਤ ਹੋ ਜਾਂਦਾ ਹੈ ਜਦੋਂ ਕਿ ਰੁਸਤਮ ਪਟੇਲ ਦੀ ਯੂਨੀਅਨ ਇਸ ਤੋਂ ਬਿਨਾ ਹੀ ਮੈਨੇਜਮੈਂਟ ਨੂੰ ਗੱਲ ਕਰਨ ਲਈ ਤਿਆਰ ਕਰ ਲੈਂਦੀ ਹੈ।

ਮਾਧਵ ਵਰਮਾ ਜਿਸਨੂੰ ਇੱਕ ਆਦਰਸ਼ਵਾਦੀ ਅਤੇ ਸਿਧਾਂਤਵਾਦੀ ਨੌਜਵਾਨ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਇਹ ਸਮਝਣ 'ਚ ਅਸਫਲ ਹੈ ਕਿ ਵਿਆਪਕ ਜਨਤਾ ਉਸਦੇ ਜਾਗਰਿਤ ਕਰਨ ਨਾਲ਼ ਨਹੀਂ ਸਗੋਂ ਆਪਣੀਆਂ ਜੀਵਨ ਪਰਿਸਥਿਤੀਆਂ ਤੋਂ ਦੁਖੀ ਹੋ ਕੇ ਨਿਜ਼ਾਮ ਦਾ ਵਿਰੋਧ ਕਰਦੀ ਹੈ, ਅਤੇ ਫੌਰੀ ਤੌਰ ਉਸਨੂੰ ਜੋ ਉਸਦੀਆਂ ਜੀਵਨ ਹਾਲਤਾਂ 'ਚ ਸੁਧਾਰ ਕਰਨ ਲਈ ਚੰਗਾ ਲੱਗਦਾ ਹੈ ਉਸਦੀ ਹਿਮਾਇਤ ਕਰਦੀ ਹੈ। ਜਾਗਰਿਤ ਅਤੇ ਪ੍ਰਬੋਧਨ ਕਰਨ ਤਾਂ ਸਿਰਫ਼ ਆਗੂ ਸਫ਼ਾਂ ਦਾ ਕਰਨਾ ਹੁੰਦਾ ਹੈ, ਪਰ ਉਹ ਵੀ ਫ਼ਿਲਮ 'ਚ ਪੂਰੀ ਤਰ੍ਹਾਂ ਗਾਇਬ ਹੈ।

ਮਾਧਵ ਵਰਮਾ ਇਹ ਸਮਝਣ 'ਚ ਵੀ ਅਸਫਲ ਰਹਿੰਦਾ ਹੈ ਕਿ ਵਿਚਾਰਧਾਰਕ ਮਤਭੇਦ ਹੋਣ ਦੇ ਬਾਵਜੂਦ ਇਹ ਵਿਰੋਧੀ ਵਿਚਾਰਧਾਰਾ ਵਾਲੀ ਯੂਨੀਅਨ ਜੋ ਕਿ ਮਜ਼ਦੂਰਾਂ ਦੇ ਰੋਹ ਨੂੰ ਉਸ ਤੋਂ ਪਹਿਲਾਂ ਭਾਂਪਣ 'ਚ ਕਾਮਯਾਬ ਰਹੀ ਹੈ, ਨੇ ਜੇਕਰ ਕੁਝ ਵਧੀਆ ਮੰਗਾਂ ਉਠਾਈਆਂ ਹਨ ਤਾਂ ਉਹਨਾਂ ਦੀ ਹਿਮਾਇਤ ਕਰਨ 'ਚ ਕੋਈ ਬੁਰਾਈ ਨਹੀਂ ਹੈ। ਭਾਵੇਂ ਇੱਕ ਵਾਰ ਮਾਧਵ ਵਰਮਾ ਦੀ ਯੂਨੀਅਨ ਨੂੰ ਨੁਕਸਾਨ ਪਹੁੰਚਦਾ। ਪਰ ਮਾਧਵ ਵਰਮਾ ਦਾ ਮਕਸਦ ਵੀ ਹੋਰ ਸਤਾਲਿਨਵਾਦੀ ਆਗੂਆਂ ਵਾਂਗ ਹਰ ਹਾਲਤ 'ਚ ਮਜ਼ਦੂਰਾਂ 'ਚ ਆਪਣੀ ਟਰੇਡ-ਯੂਨੀਅਨ ਦਾ ਝੰਡਾ ਗੱਡੀ ਰੱਖਣਾ ਹੈ ਨਾ ਕਿ ਮਜ਼ਦੂਰਾਂ ਦੀ ਹੱਕ ਦੀ ਲੜਾਈ ਲੜਨਾ। ਹੋ ਸਕਦਾ ਹਿਮਾਇਤ ਕਰਨ ਨਾਲ਼ ਮਾਧਵ ਵਰਮਾ ਦੀ ਟਰੇਡਯੂਨੀਅਨ ਦੀ ਤਾਕਤ ਘੱਟ ਜਾਂਦੀ ਅਤੇ ਮਜ਼ਦੂਰ ਰੁਸਤਮ ਪਟੇਲ ਵੱਲ ਚੱਲੇ ਜਾਂਦੇ ਪਰ ਸਮੇਂ ਰਹਿੰਦੇ ਉਹ ਰੁਸਤਮ ਪਟੇਲ ਦੀ ਯੂਨੀਅਨ ਨੂੰ ਬੇਨਕਾਬ ਕਰ ਸਕਦੇ ਸਨ ਜਦੋਂ ਉਹ ਆਟੋਮੇਸ਼ਨ ਨਾਲ਼ ਬੇਰੁਜ਼ਗਾਰ ਹੋਏ ਮਜ਼ਦੂਰਾਂ ਲਈ ਕੋਈ ਸੰਘਰਸ਼ ਨਾ ਵਿੱਢਦਾ। ਮਾਧਵ ਵਰਮਾ ਨੂੰ ਆਟੋਮੇਸ਼ਨ ਦਾ ਵਿਰੋਧ ਕਰਨ ਦੀ ਬਜਾਏ, ਆਟੋਮੇਸ਼ਨ ਹੋਣ ਮਗਰੋਂ ਮਜ਼ਦੂਰਾਂ ਦੇ ਉਸ ਗੁੱਸੇ ਨੂੰ ਇਸ ਪੂਰੀ ਵਿਵਸਥਾ ਵਿਰੁੱਧ ਸੇਧਿਤ ਕਰਨਾ ਚਾਹੀਦਾ ਸੀ। ਉਸ ਸਮੇਂ ਇੱਕ ਫੈਕਟਰੀ ਨਹੀਂ ਸਗੋਂ ਸਾਰੀਆਂ ਫੈਕਟਰੀਆਂ ਦੇ ਮਜ਼ਦੂਰਾਂ ਨੂੰ ਜੋ ਆਟੋਮੇਸ਼ਨ ਨਾਲ਼ ਬੇਰੁਜ਼ਗਾਰ ਹੋ ਗਏ ਹਨ ਇਕਜੁਟ ਕਰਕੇ ਇਹ ਦੱਸਣਾ ਚਾਹੀਦਾ ਸੀ ਕਿ ਆਟੋਮੇਸ਼ਨ ਨਹੀਂ ਸਗੋਂ ਸਰਮਾਏਦਾਰੀ ਉਹਨਾਂ ਦੀ ਦੁਸ਼ਮਣ ਹੈ। ਅਜਿਹਾ ਕਰਦੇ ਹੋਏ ਉਹ “ਇਨਕਲਾਬ” ਨੂੰ ਮਜ਼ਦੂਰਾਂ ਲਈ ਕਿਸੇ ਦੂਰ ਭਵਿੱਖ ਦੀ ਲੋੜ ਸਮਝੇ ਬਿਨਾ ਅੱਜ ਦੀ ਫੌਰੀ ਲੋੜ ਬਣਾ ਸਕਦਾ ਸੀ. ਜੋ ਕਿ ਇਕ ਇਨਕਲਾਬੀ ਮਾਰਕਸਵਾਦੀ ਦਾ ਕੰਮ ਹੁੰਦਾ ਹੈ।

ਦੋਨਾਂ ਧਿਰਾਂ 'ਚ ਜੋ ਬੁਨਿਆਦੀ ਫ਼ਰਕ ਜਾਪਦਾ ਹੈ ਉਹ ਇਹੀ ਹੈ ਕਿ ਮਾਧਵ ਵਰਮਾ ਮਜ਼ਦੂਰਾਂ ਨੂੰ ਜਾਗਰਿਤ ਕਰਨ ਦੀ ਗੱਲ ਕਰਦਾ ਹੈ ਜਦੋਂ ਕਿ ਰੁਸਤਮ ਪਟੇਲ ਫੌਰੀ ਸੰਘਰਸ਼ਾਂ ਲਈ ਲੜਨ ਲਈ ਕਹਿੰਦਾ ਹੈ। ਰੁਸਤਮ ਪਟੇਲ ਅਖੀਰ 'ਚ ਲਾਲ ਝੰਡੇ ਵਾਲੀ ਟਰੇਡ ਯੂਨੀਅਨ ਨੂੰ ਕੋਸਦਾ ਵੀ ਹੈ। ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਇਹ ਕੋਈ ਮਜ਼ਦੂਰਾਂ ਦੀ ਨੁਮਾਇੰਦਗੀ ਕਰਨ ਵਾਲੀ ਕੋਈ ਵੱਖਰੀ ਵਿਚਾਰਧਾਰਾ ਵਾਲਾ ਆਗੂ ਨਹੀਂ ਸਗੋਂ ਕੋਈ ਸੱਜੇਪੱਖੀ ਟਰੇਡ ਯੂਨੀਅਨਵਾਦੀ ਲੱਗਦਾ ਹੈ। ਪਰ ਉਸਦੇ ਕਰਿਸ਼ਨਨ ਰਾਜੂ ਦਾ ਖੁਦ ਨੂੰ ਮਿਲੀਟੈਂਟ ਕਹਿਣਾ ਉਸਦੀ ਯੂਨੀਅਨ ਦੇ ਜੁਝਾਰੂ ਹੋਣ ਦਾ ਭੁਲੇਖਾ ਪਾਉਂਦਾ ਹੈ। ਜਦੋਂ ਕਿ ਕੰਮ ਮਾਧਵ ਵਰਮਾ ਵੀ ਉਹੀ ਕਰ ਰਿਹਾ ਹੈ ਪਰ ਉਸ 'ਤੇ ਆਪਣੇ ਸਿਧਾਂਤ ਅਤੇ ਆਦਰਸ਼ਾਂ ਦਾ ਮੁਲੰਮਾ ਚੜਾ ਕੇ।  

ਫਿਲਮ ਦਿਖਾਉਂਦੀ ਹੈ ਕਿ ਟਰੇਡ ਯੂਨੀਅਨਾਂ ਭਾਵੇਂ ਉਹ ਸੱਜੀਆਂ ਹੋਣ ਜਾਂ ਖੱਬੇਪੱਖੀ ਪਾਰਟੀਆਂ ਦੀਆਂ ਹੋਣ ਉਹ ਮਜ਼ਦੂਰਾਂ 'ਤੇ ਆਪਣਾ ਝੰਡਾ ਗੱਡਣ ਦੀ ਕਾਹਲੀ ਵਿੱਚ ਰਹੀਆਂ ਹਨ। ਇਸ ਤਰ੍ਹਾਂ ਕਰਦੇ ਹੋਏ ਉਹਨਾਂ ਨੇ ਸੰਘਰਸ਼ ਨੂੰ ਕਦੇ ਇੱਕਜੁਟ ਨਾ ਹੋਣ ਦਿੱਤਾ ਅਤੇ ਸੱਤਾ ਨੂੰ ਇੱਕਜੁਟ ਹਮਲੇ ਤੋਂ ਬਚਾਈ ਰੱਖਿਆ ਹੈ। ਇੱਕ-ਦੂਜੇ ਨਾਲ਼ ਕੁੱਤੇ-ਬਿੱਲੀਆਂ ਵਾਂਗ ਲੜਦੇ ਹੋਏ ਇਹਨਾਂ ਨੇ ਸੰਘਰਸ਼ ਦੀ ਧਾਰ ਨੂੰ ਸਦਾ ਹੀ ਖੁੰਡਾ ਕੀਤਾ ਹੈ। ਟਰੇਡ ਯੂਨੀਅਨ ਅੰਦੋਲਨ ਵਿਆਪਕ ਹੋਣ ਦੇ ਬਜਾਏ ਕਾਰਖਾਨਿਆਂ ਦੀਆਂ ਵਲਗਣਾਂ ਅੰਦਰ ਹੀ ਦਮ ਤੋੜਦੇ ਰਹੇ ਹਨ। ਇਤਿਹਾਸ ਨੂੰ ''ਕਚਰੇ ਦਾ ਢੇਰ'' ਸਮਝਦੇ ਹੋਏ ਇਹਨਾਂ ਆਗੂਆਂ ਨੇ ਕਦੇ ਇਤਿਹਾਸ ਤੋਂ ਸਬਕ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਕਿ ਇਤਿਹਾਸ 'ਚ ਬਹੁਤ ਟਰੇਡ ਯੂਨੀਅਨਾਂ ਦੀ ਭੂਮਿਕਾ ਅਪ੍ਰਸੰਗਿਕ ਹੋ ਚੁੱਕੀ ਹੈ। ਇਸ ਦੀ ਪੁਸਟੀ ਇਸ ਤੱਥ ਤੋਂ ਹੁੰਦੀ ਹੈ ਕਿ ਅਕਤੁਬਰ ਇਨਕਲਾਬ 'ਚ ਟਰੇਡ ਯੂਨੀਅਨਾਂ ਦੀ ਭੂਮਿਕਾ ਪ੍ਰਤਿਕਿਰਿਆਵਾਦੀ ਰਹੀ। ਇਹ ਸੋਵੀਅਤਾਂ ਸਨ, ਜਿੰਨਾਂ 'ਚ ਜੁਝਾਰੂ ਅਤੇ ਲੜਾਕੂ ਮਜ਼ਦੂਰ ਜਥੇਬੰਦ ਸਨ। ਅਕਤੂਬਰ 1917 ਮਗਰੋਂ ਮੈਨਸ਼ਵਿਕਾਂ ਦੀ ਅਗਵਾਈ ਵਾਲੀਆਂ ਇਹਨਾਂ ਟਰੇਡ-ਯੂਨੀਅਨਾਂ ਨੇ ਇੱਕ ਮਤਾ ਪਾਸ ਕੀਤਾ ਜਿਸ 'ਚ ਲੈਨਿਨ ਅਤੇ ਤਰਾਤਸਕੀ ਨੂੰ  ਸਰਕਾਰ 'ਚ ਨਾ ਰੱਖਣ ਅਤੇ ਬਾਲਸ਼ਵਿਕ ਪਾਰਟੀ ਨੂੰ ਗੈਰ-ਕਾਨੂੰਨੀ ਐਲਾਨਣ ਲਈ ਕਿਹਾ ਗਿਆ ਸੀ।
ਕਈ ਵਾਰ ਨੌਜਵਾਨ ਸਾਥੀ ਟਰੇਡ ਯੂਨੀਅਨਾਂ ਦੀ ਬੋਗਿਸਿਟੀ ਤੋਂ ਪਰੇਸ਼ਾਨ ਹੋ ਕੇ ਬਿਲਕੁਲ ਉਲਟ ਨਤੀਜੇ ‘ਤੇ ਪਹੁੰਚ ਜਾਂਦੇ ਸਨ ਜਿਸ ਨਤੀਜੇ ‘ਤੇ ਕਾਮਰਡੇ ਚਾਰੂ ਪਹੁੰਚੇ ਸਨ. ਕਾਮਰੇਡ ਚਾਰੂ ਨੇ ਪੂਰੇ ਮਜ਼ਦੂਰ ਅੰਦੋਲਨ ਨੂੰ ਹੀ ਟਰੇਡ ਯੂਨੀਅਨ ਵਾਦ ਕਹਿ ਕੇ ਇਸ ਤੋਂ ਕਿਨਾਰਾ ਹੀ ਕਰ ਲਿਆ. ਜੋ ਕਿ ਮਜ਼ਦੂਰ ਲਹਿਰ ਲਈ ਬਹੁਤ ਹੀ ਘਾਤਕ ਸਾਬਿਤ ਹੋਇਆ ਜਿਸਦਾ ਨਤੀਜਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ.

ਇਸ ਲਈ ਨੌਜਵਾਨ ਸਿਆਸੀ ਆਗੂਆਂ ਨੂੰ ਅੱਜ ਮਜ਼ਦੂਰ ਅੰਦੋਲਨ ਨੂੰ ਟਰੇਡ-ਯੂਨੀਅਨਾਂ ਦੇ ਸੀਮਤ ਦਾਇਰੇ ਤੋਂ ਬਾਹਰ ਲਿਆਉਣਾ ਚਾਹੀਦਾ ਹੈ. ਅਜ ਲੋੜ ਨਵੀਂਆਂ ਟਰੇਡ-ਯੂਨੀਅਨਾਂ ਜਥੇਬੰਦ ਕਰਨ ਦੀ ਥਾਂ ਮਜ਼ਦੂਰ ਅੰਦੋਲਨ ਨੂੰ ਟਰੇਡ ਯੂਨੀਅਨਾਂ ਤੋਂ ਬਾਹਰ ਲਿਆਉਣ ਦੀ ਹੈ. ਜਿਥੇ ਕਿਤੇ ਜੂਝਾਰੂ ਅੰਦੋਲਨ ਪੈਦਾ ਹੁੰਦੇ ਹਨ, ਮਜ਼ਦੂਰ ਲੜਨ ਲਈ ਤਿਆਰ ਹੁੰਦੇ ਹਨ ਉਹਨਾਂ ਸਾਹਮਣੇ “ਸੰਘਰਸ਼ ਸੰਮਤੀਆਂ” ਬਣਾਉਣ ਦਾ ਪ੍ਰਸਤਾਵ ਰਖਣਾ ਚਾਹੀਦਾ ਹੈ. ਅਜਿਹੀਆਂ ਸੰਮਤੀਆਂ ਦੇ ਆਗੂ, ਖੁਦ ਮਜ਼ਦੂਰਾਂ ਵਿਚੋਂ ਹੀ ਚੁਣੇ ਗਏ ਹੋਣਗੇ ਅਤੇ ਇਹਨਾਂ ਨੂੰ ਮਜ਼ਦੂਰ ਕਦੇ ਵੀ ਵਾਪਸ ਬੁਲਾ ਸਕਣਗੇ. ਪਰ ਅਜਿਹੀਆਂ ਸੰਮਤੀਆਂ ਦੀ ਪ੍ਰਸੰਗਿਕਤਾ ਸੰਘਰਸ਼ ਦੇ ਦੌਰਾਨ ਹੀ ਰਹੇਗੀ ਕਿਉਂਕਿ ਸੰਘਰਸ਼ ਦੌਰਾਨ ਹੀ ਸਭ ਤੋਂ ਲੜਾਕੂ ਆਗੂਆਂ ਦੀ ਮਜ਼ਦੂਰ ਪਛਾਣ ਕਰਨ ਦੇ ਯੋਗ ਹੋ ਸਕਣਗੇ. ਸੰਘਰਸ਼ ਦੇ ਵੱਧ ਤੋਂ ਵੱਧ ਜੁਝਾਰੂ ਹੋਣ ਨਾਲ਼ ਇਹਨਾਂ ਸੰਮਤੀਆਂ ਦਾ ਕਿਰਦਾਰ ਵੀ ਵੱਧ ਤੋਂ ਵੱਧ ਸੱਤਾ ਵਿਰੋਧੀ ਹੁੰਦਾ ਜਾਵੇਗਾ. ਇਸ ਤਰਾਂ ਇਹ ਸੰਮਤੀਆਂ ਸੱਤਾ ਨਾਲ਼ ਸਿੱਧਾ ਟਕਰਨ ਦਾ ਜੇਰਾ ਕਰਨਗੀਆਂ.   (26/01/2017)

No comments: