Sunday, January 08, 2017

ਸ਼ਾਹੀ ਇਮਾਮ ਨੇ ਦਿੱਤੀ ਘੱਟ ਗਿਣਤੀਆਂ ਦੇ ਦਰਦ, ਗਮ ਅਤੇ ਗੁੱਸੇ ਨੂੰ ਆਵਾਜ਼

Sun, Jan 8, 2017 at 5:33 PM
ਸਿਆਸੀ ਪਾਰਟੀਆਂ ਚੋਣ ਮੈਨੀਫੇਸਟੋ 'ਚ ਘੱਟਗਿਣਤੀਆਂ ਨੂੰ ਦੇਣ ਵਿਸ਼ੇਸ਼ ਥਾਂ

ਸਿਰਫ ਕਬਰੀਸਤਾਨ ਹੀ ਨਹੀਂ ਸਿੱਖਿਆ ਦੇ ਸੰਸਥਾਨ ਤੇ ਰੋਜ਼ਗਾਰ ਵੀ ਜ਼ਰੂਰੀ 
ਲੁਧਿਆਣਾ: 8 ਜਨਵਰੀ  2017: (ਪੰਜਾਬ ਸਕਰੀਨ ਬਿਊਰੋ): 
ਵੋਟਾਂ ਨੂੰ ਪਿਛਲੇ ਕੁਝ ਦਹਾਕਿਆਂ ਦੌਰਾਨ ਸਿਰਫ ਸਵਾਰਥ, ਲਾਲਚ, ਕਾਰੋਬਾਰ ਅਤੇ ਸੱਤਾ ਪ੍ਰਾਪਤੀ ਦਾ ਮੌਕਾ ਬਣਾ ਦੇਣ ਵਾਲੇ ਅਨਸਰਾਂ ਨੇ ਇਸ ਅਨਮੋਲ ਜਮਹੂਰੀ ਅਮਲ ਨੂੰ ਆਪਣੇ ਪੈਰਾਂ ਹੇਠ ਰੋਲਣ ਵਰਗੀਆਂ ਨਾਪਾਕ ਕੋਸ਼ਿਸ਼ਾਂ ਨਾਲ ਜਿੱਥੇ ਲੋਕਾਂ ਦੀਆਂ ਨਜ਼ਰਾਂ ਵਿੱਚ ਬਦਨਾਮ ਕਰ ਦਿੱਤਾ ਹੈ ਉੱਥੇ ਵੋਟਰਾਂ ਨੂੰ ਵੀ ਸਿਰਫ ਆਪਣਾ ਵੋਟ ਬੈਂਕ ਹੀ ਸਮਝਿਆ ਹੈ। ਉਹ ਵੋਟ ਬੈਂਕ ਜਿਸ ਕੋਲ ਸਿਰਫ ਪੰਜਾਂ ਸਾਲਾਂ ਮਗਰੋਂ ਹੀ ਜਾਣ ਦੀ ਲੋੜ ਮਹਿਸੂਸ ਹੁੰਦੀ ਹੈ। ਅਜਿਹੇ ਲੋਕ ਦੁਸ਼ਮਣ ਅਨਸਰਾਂ ਨੂੰ ਛਾਤੀ ਤਾਣ  ਕੇ ਚੁਣੌਤੀ ਦਿੱਤੀ ਹੈ ਪੰਜਾਬ ਦੇ ਸ਼ਾਹੀ ਇਮਾਮ ਨੇ। ਪੰਜਾਬ 'ਚ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅੱਜ ਇੱਥੇ ਮਜਲਿਸ ਅਹਿਰਾਰ ਇਸਲਾਮ ਹਿੰਦ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਪੰਜਾਬ 'ਚ ਘੱਟਗਿਣਤੀ ਫਿਰਕਿਆਂ ਦੀਆਂ ਸੱਮਸਿਆਵਾਂ ਨੂੰ ਕਦੇ ਵੀ ਕਿਸੇ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਸਿਰਫ ਖੋਖਲੇ ਵਾਅਦੇ ਹੀ ਕੀਤੇ। ਸ਼ਾਹੀ ਇਮਾਮ ਨੇ ਕਿਹਾ ਕਿ ਰਾਜ ਵਿੱਚ ਚੋਣ ਲੜ ਰਹੀ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਨੇ ਕਦੇ ਵੀ ਘੱਟਗਿਣਤੀਆਂ ਲਈ ਚੋਣ ਮੈਨੀਫੇਸਟੋ 'ਚ ਕਬਰਿਸਤਾਨ ਦੀ ਜਗ੍ਹਾਂ ਤੋਂ ਅੱਗੇ ਕੋਈ ਗੱਲ ਨਹੀਂ ਕੀਤੀ।  ਉਹਨਾਂ ਕਿਹਾ ਕਿ ਘੱਟਗਿਣਤੀਆਂ ਨੂੰ ਸਿਰਫ ਕਬਰੀਸਤਾਨ ਹੀ ਨਹੀਂ ਚਾਹੀਦਾ ਸਗੋਂ ਸਿੱਖਿਅਤ ਸੰਸਥਾਨ ਅਤੇ ਰੋਜ਼ਗਾਰ ਦੇ ਮੌਕੇ ਵੀ ਮਿਲਣੇ ਚਾਹੀਦੇ ਹਨ।  ਸ਼ਾਹੀ ਇਮਾਮ ਨੇ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਸਹਿਤ ਹੋਰ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਘੱਟਗਿਣਤੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ-ਆਪਣੀ ਪਾਰਟੀ  ਦੇ ਚੋਣ ਮੈਨੀਫੇਸਟੋ 'ਚ ਘੱਟਗਿਣਤੀਆਂ ਲਈ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਹਾਈ ਸਕੂਲ, ਡਿਗਰੀ ਕਾਲਜ ਬਣਵਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਨੌਕਰੀਆਂ ਦਿੱਤੇ ਜਾਣ ਦਾ ਵਾਦਾ ਕਰਨ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਿਰਫ ਕਬਰੀਸਤਾਨ ਲਈ ਥਾਂ ਦਿੱਤੇ ਜਾਣ ਦੀ ਗੱਲ ਕਰਕੇ ਪ੍ਰਦੇਸ਼ ਦੇ ਲੱਗਭੱਗ 35 ਲੱਖ ਘੱਟਗਿਣਤੀਆਂ ਦੀ ਮੂਲ ਸੱਮਸਿਆਵਾਂ ਨੂੰ ਨਜ਼ਰ  ਅੰਦਾਜ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਦੀ ਅਜਾਦੀ ਦੀ ਲੜਾਈ 'ਚ ਘੱਟਗਿਣਤੀ ਫਿਰਕਿਆਂ ਦੀਆਂ ਕੁਰਬਾਨੀਆਂ ਕਿਸੇ ਤੋਂ ਘੱਟ ਨਹੀਂ ਹਨ ਪਰ  ਬੀਤੇ ਦਿਨੀ ਬਣਾਈ ਗਈ ਅਜਾਦੀ ਦੀ ਯਾਦਗਾਰ 'ਚ ਪੰਜਾਬ ਸਰਕਾਰ ਨੇ ਘੱਟਗਿਣਤੀ ਫਿਰਕੇ ਦੇ ਯੋਗਦਾਨ ਨੂੰ ਨਜ਼ਰ  ਅੰਦਾਜ਼ ਕਰ ਦਿੱਤਾ ਜੋ ਕਿ ਬਹੁਤ ਹੀ ਦੁੱਖਦਾਈ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਮਰਨ ਤੋਂ ਬਾਅਦ ਦੋ ਗਜ ਜ਼ਮੀਨ ਹਾਸਿਲ ਕਰਨਾ ਆਸਾਨ ਹੋ ਗਿਆ ਲੇਕਿਨ ਜੀਉਣ ਲਈ ਕੋਈ ਸਹਾਰਾ ਦੇਣ ਨੂੰ ਤਿਆਰ ਨਹੀਂ। ਚੋਣਾਂ ਮੌਕੇ ਸ਼ਾਹੀ ਇਮਾਮ ਦਾ ਇਹ ਬਿਆਨ ਅਸਲ ਵਿੱਚ ਘੱਟ ਗਿਣਤੀਆਂ ਦੇ ਦਰਦ, ਗਮ ਅਤੇ ਗੁੱਸੇ ਦੀ ਆਵਾਜ਼ ਬਣ ਕੇ ਸਾਹਮਣੇ ਆਇਆ ਹੈ। ਹੁਣ ਐਡਖਣਾ ਹੈ ਕਿ ਇਹ ਬਿਆਨ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਅਤੇ ਵੋਟਰਾਂ ਦੇ ਮਨਾਂ ਉੱਤੇ ਕੀ  ਅਤੇ ਕਿੰਨਾ ਕੁ ਪ੍ਰਭਾਵ ਪਾਉਣ ਵਿੱਚ ਸਫਲ ਰਹਿੰਦਾ ਹੈ। 

No comments: