Wednesday, December 07, 2016

ਇਨਕਲਾਬੀ ਤਾਕਤਾਂ ਵਲੋਂ ਸਾਂਝੀ ਰੈਲੀ ਅਤੇ ਵਿਖਾਵਾ

ਇੱਕਜੁੱਟ ਅਤੇ ਬਝਵੀਂ ਇਨਕਲਾਬੀ ਲੋਕ ਲਹਿਰ ਉਸਾਰਣ ਦਾ ਸੱਦਾ ਵੀ ਦਿੱਤਾ
ਲੁਧਿਆਣਾ//ਮੋਗਾ : 5 ਦਸੰਬਰ 2016: (ਸਤੀਸ਼ ਸਚਦੇਵਾ/ਪੰਜਾਬ ਸਕਰੀਨ):

ਮਲਕਾਨਗਿਰੀ, ਕਸ਼ਮੀਰ, ਸਿੰਮੀ ਕਾਰਕੁੰਨਾ ਦੇ ਕਤਲੇਆਮ ਖਿਲਾਫ ਇਨਕਲਾਬੀ ਤਾਕਤਾਂ ਵਲੋਂ ਸਾਂਝੀ ਰੈਲੀ ਅਤੇ ਵਿਖਾਵਾ। ਇੱਥੋਂ 60 ਕਿਲੋਮੀਟਰ ਦੂਰ ਮੋਗਾ ਵਿਖੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੀਆਂ ਪ੍ਰਤੀਨਿਧ ਸਖਸ਼ੀਅਤਾਂ ਦਰਸ਼ਨ ਖਟਕੜ,ਅਜਮੇਰ ਸਿੰਘ, ਐਨ ਕੇ ਜੀਤ, ਅਮੋਲਕ ਸਿੰਘ, ਕੰਵਲਜੀਤ ਖੰਨਾ, ਨਰਾਇਣ ਦੱਤ, ਬਲਵੰਤ ਮੱਖੂ, ਸੁਖਵਿੰਦਰ ਕੋਰ, ਸ਼ਿੰਦਰ ਨੱਥੂਵਾਲਾ, ਅਤੇ ਰਾਜੇਸ਼ ਮਲਹੋਤਰਾ ਦੀ ਅਗਵਾਈ ਚ  ਬਣੀ ਹਕੂਮਤੀ ਜਬਰਵਿਰੋਧੀ ਕਮੇਟੀ, ਪੰਜਾਬ ਵਲੋਂ ਅੱਜ ਸਥਾਨਕ ਨਹਿਰੂ ਪਾਰਕ ਵਿੱਚ ਹਕੂਮਤੀ ਜਬਰ ਵਿਰੋਧੀ ਸਾਂਝੀ ਸੂਬਾਈ ਰੈਲੀ ਕੀਤੀ ਗਈ। ਰੈਲੀ ਉਪਰੰਤ ਵਿਸ਼ਾਲ ਗਿਣਤੀ ਵਿੱਚ ਜੁੜੇ ਲੋਕ ਕਾਫਲਿਆਂ ਨੇ ਸ਼ਹਿਰ ਦੇ ਮੁੱਖ ਬਜਾਰਾਂ ਅੰਦਰ ਰੋਹ ਭਰਿਆ ਵਿਖਾਵਾ ਕੀਤਾ ਜੋ ਬੱਸ ਅੱਡੇ ਸਾਹਮਣੇ ਜੋਗਿੰਦਰ ਸਿੰਘ ਚੌਕ ਵਿੱਚ ਜਾ ਕੇ ਸਮਾਪਤ ਹੋਇਆ।
    ਅੱਜ ਦੀ ਰੈਲੀ ਦੇ ਪ੍ਰਧਾਨਗੀ ਮੰਚ ਤੇ ਸੁਸ਼ੋਭਿਤ ਬੁਲਾਰੇ ਕੰਵਲਜੀਤ ਖੰਨਾ, ਲਾਲ ਸਿੰਘ ਗੋਲੇਵਾਲਾ, ਦਰਸ਼ਨ ਖਟਕੜ,ਐਨ ਕੇ ਜੀਤ ਅਤੇ ਸੁਖਵਿੰਦਰ ਕੌਰ ਨੇ ਇੱਕਠ ਨੂੰ ਸੰਬੋਧਨ ਕੀਤਾ।
    ਬੁਲਾਰਿਆਂ ਨੇ ਕਿਹਾ ਕਿ ਭਾਰਤੀ ਹਾਕਮ ਜਮਾਤਾਂ ਦਾ ਕਿਰਤੀ ਲੋਕਾਂ ਖਿਲਾਫ਼ ਵਿਢਿੱਆ ਚੌਤਰਫਾ ਹੱਲਾ ਦਿਨੋ ਦਿਨ ਤਿੱਖਾ ਕੀਤਾ ਜਾ ਰਿਹਾ ਹੈ। ਲੋਕਾਂ ਦੁਆਰਾ ਜਲ, ਜੰਗਲ, ਜਮੀਨਾਂ ਦੀ ਰਾਖੀ ਲਈ ਕਰਜੇ, ਭੁੱਖਮਰੀ, ਬੇਰੁਜ਼ਗਾਰੀ, ਫਿਰਕੂ ਦਹਿਸ਼ਤਗਰਦੀ, ਕੌਮੀ ਜਨੂੰਨ ਅਤੇ ਵਿਚਾਰਾਂ ਦੀ ਆਜਾਦੀ ਉੱਪਰ ਹੱਲਿਆਂ ਖਿਲਾਫ ਉਠਾਈ ਜਾ ਰਹੀ ਆਵਾਜ਼ ਦਾ ਗਲ ਘੁੱਟਣ ਲਈ ਝੂਠੇ ਮੁਕਾਬਲਿਆਂ, ਕਾਲੇ ਕਾਨੂੰਨਾਂ ਅਤੇ ਵਹਿਸ਼ੀ ਜਬਰ ਦਾ ਚੱਕਰ ਚਲਾਇਆ ਜਾ ਰਿਹਾ ਹੈ ।
    ਉਹਨਾਂ ਕਿਹਾ ਕਿ ਉੜੀਸਾ ਦੇ ਮਲਕਾਨ ਗਿਰੀ ਜਿਲ੍ਹੇ ਅੰਦਰ ਮਾਓਵਾਦੀ ਕਮਿਊਨਿਸਟ ਇਨਕਲਾਬੀਆਂ ਅਤੇ ਆਮ ਆਦਿਵਾਸੀਆਂ ਦੇ ਕਤਲੇਆਮ ਨੇ ਰਾਜ ਭਾਗ ਦੇ ਫਾਸ਼ੀ ਚਰਿੱਤਰ ਦੇ ਪ੍ਰਤੱਖ ਦਿਦਾਰ ਕਰਵਾ ਦਿੱਤੇ ਹਨ।
   ਬੁਲਾਰਿਆਂ ਦੋਸ਼ ਲਾਇਆ ਕਿ ਮੀਟਿੰਗ ਕਰ ਰਹੇ ਮਾਓਵਾਦੀ ਕਾਰਕੁੰਨਾ ਨੂੰ ਚੁਫੇਰਿਓਂ ਘੇਰ ਕੇ ਕਤਲ ਕੀਤਾ ਗਿਆ। ਉਹਨਾਂ ਨੇ ਪੰਜਾਬ ਅੰਦਰ ਸੱਤਰਵਿਆਂ ਦੇ ਦੌਰ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਤਾਂਡਵ ਨਾਚ ਦਾ ਵੀ ਜਿਕਰ ਕੀਤਾ। ਪੰਜਾਬ ਅੰਦਰ ਅਤੇ ਮੁਲਕ ਦੇ ਹੋਰਨਾਂ ਖੇਤਰ ਅੰਦਰ ਅੱਜ ਕਿਰਤੀ, ਕਿਸਾਨਾਂ, ਵਿਦਿਆਰਥੀ ਨੌਜਵਾਨਾਂ, ਬੇਰੋਜਗਾਰਾਂ, ਠੇਕਾ ਕਾਮਿਆਂ, ਨਰਸਾਂ,ਆਂਗਣਵਾੜੀ ਕਾਮਿਆਂ, ਦਸਤਕਾਰਾਂ ਉੱਪਰ ਢਾਹੇ ਜਾ ਰਹੇ ਜਬਰ ਖਿਲਾਫ, ਜਮੀਨ ਪ੍ਰਾਪਤੀ ਲਈ ਜੂਝਦੇ ਕਾਮਿਆਂ ਉੱਪਰ ਕਹਿਰ ਢਾਹੁਣ ਖਿਲਾਫ ਜੂਝਦੇ ਲੋਕਾਂ ਨੂੰ ਨਿਰੰਤਰ, ਇੱਕਜੁੱਟ ਅਤੇ ਬਝਵੀਂ ਇਨਕਲਾਬੀ ਲੋਕ ਲਹਿਰ ਉਸਾਰਣ ਦਾ ਬੁਲਾਰਿਆਂ ਸੱਦਾ ਦਿੱਤਾ।
    ਲੋਕ ਹੱਕਾਂ ਲਈ ਜੂਝਦੇ ਸ਼ਹੀਦਾਂ ਸੂਰਮੇ ਸ਼ਹੀਦਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਅਰਪਤ ਕਰਦੇ ਹੋਏ ਭਰੇ ਇੱਕਠ ਵਿੱਚ ਬੁਲਾਰਿਆਂ ਨੇ ਕਸ਼ਮੀਰ ਸਮੱਸਿਆ ਬਾਰੇ ਬੋਲਦਿਆਂ ਕਿਹਾ ਕਿ ਭਾਰਤੀ ਹਾਕਮ ਕਸ਼ਮੀਰੀ ਲੋਕਾਂ ਦੇ ਹੱਕੀ ਸੰਗਰਾਮ ਨੂੰ ਲਹੂ ਵਿਚ ਡਬੋਣ ਲਈ ਜਿੰਵੇ ਮਰਜੀ ਅੱਡੀ ਚੋਟੀ ਦਾ ਜੋਰ ਲਾਉਂਦੇ ਰਹਿਣ, ਕਸ਼ਮੀਰ ਦੇ ਬਹਾਦਰ ਲੋਕਾਂ ਦੇ ਕੌਮੀ ਸਵੈ ਨਿਰਣੇ ਦੇ ਅਧਿਕਾਰ ਨੂੰ ਖੋਹਿਆ ਨਹੀਂ ਜਾ ਸਕਦਾ। ਕਸ਼ਮੀਰੀ ਲੋਕਾਂ ਉੱਪਰ ਪੈਲੇਟ ਗੰਨਾਂ, ਬਾਰੂਦ ਦੀ ਵਰਖਾ ਕਰਨ, ਸੈਂਕੜੇ ਲੋਕਾਂ ਨੂੰ ਕਤਲ ਅਤੇ ਹਜਾਰਾਂ ਉੱਪਰ ਕੁਟਾਪਾ ਚਾੜਣ, ਕਸ਼ਮੀਰੀ ਲੋਕਾਂ ਦੀਆਂ ਸ਼ਹਿਰੀ ਆਜਾਦੀਆਂ ਸੰਗੀਨਾਂ ਦੀ ਨੋਕ ਤੇ ਟੰਗਣ ਦੇ ਕਾਰਿਆਂ ਦੇ ਖਿਲਾਫ  ਕਸ਼ਮੀਰ ਅਤੇ ਪੂਰੇ ਮੁਲਕ ਦੇ ਲੋਕ ਹੋਰ ਵੀ ਵਿਆਪਕ ਅਤੇ ਪ੍ਰਚੰਡ ਲੋਕ ਲਹਿਰ ਦੀ ਉਸਾਰੀ ਕਰਨਗੇ।
     ਸਿੰਮੀ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਜੇਲ੍ਹ ਵਿਚੋਂ ਕੱਢ ਕੇ ਮਾਰ ਮੁਕਾਉਣ, ਧਾਰਮਿਕ ਘੱਟ ਗਿਣਤੀਆਂ ਉੱਪਰ ਹੱਲਾ ਬੋਲਣ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਅਤੇ ਦਲਿਤ ਵਰਗ ਨੂੰ  ਚੋਣਵਾਂ ਨਿਸ਼ਾਨਾ ਬਣਾਉਣ ਦਾ ਵੀ ਬੁਲਾਰਿਆਂ ਨੇ ਸਖਤ ਨੋਟਿਸ ਲਿਆ।
   ਬੁਲਾਇਆ ਨੇ ਸੱਦਾ ਦਿੱਤਾ ਕਿ ਵੇਲਾ ਆ ਗਿਆ ਹੈ ਕਿ ਭਾਰਤੀ ਹਾਕਮਾਂ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ, ਮਲਕਾਨ ਗਿਰੀ, ਕਸ਼ਮੀਰ ਅਤੇ ਸਿੰਮੀ ਕਾਰਕੁੰਨਾਂ ਦੇ ਕਤਲਾਂ ਖਿਲਾਫ ਸਮੁੱਚੀ ਇਨਕਲਾਬੀ  ਜਮਹੂਰੀ ਲਹਿਰ ਨੂੰ ਦ੍ਰਿੜਤਾ ਪੂਰਵਕ ਸਾਂਝਾ ਸੰਗਰਾਮ ਛੇੜਿਆ ਜਾਵੇ।
   ਅੱਜ ਦੇ ਸਮਾਗਮ ਦਾ ਮੰਚ ਸੰਚਾਲਨ ਹਕੂਮਤੀ ਜਬਰ ਵਿਰੋਧੀ ਕਮੇਟੀ, ਪੰਜਾਬ ਦੇ  ਮੈਂਬਰ ਬਲਵੰਤ ਮਖੂ ਨੇ ਕੀਤਾ।

No comments: