Thursday, October 06, 2016

PAU:ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ 21 ਰੋਜਾ ਸਿਖਲਾਈ ਆਰੰਭ


ਝੋਨੇ ਦੀ ਪਰਾਲੀ ਸੰਬੰਧੀ ਵੀ ਦਿੱਤੀ ਜਾਏਗੀ ਵਿਸ਼ੇਸ਼ ਟਰੇਨਿੰਗ
ਲੁਧਿਆਣਾ: 5 ਅਕਤੂਬਰ 2016: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਦੇ ਸਹਿਯੋਗ ਨਾਲ ਕੁਦਰਤੀ ਸੋਮਿਆਂ ਦੇ ਚੰਗੇਰੇ ਪ੍ਰਬੰਧ ਅਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਸੰਬੰਧੀ 21 ਰੋਜਾ ਸਿਖਲਾਈ ਅੱਜ ਆਰੰਭ ਹੋਈ। ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਆਯੋਜਿਤ ਇਸ ਸਿਖਲਾਈ ਦੇ ਵਿੱਚ ਯੂਨੀਵਰਸਿਟੀ ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਨੀਲਮ ਗਰੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਹਨਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਿਖਲਾਈ ਦੇ ਨਾਲ ਨਿੱਜੀ ਅਦਾਰਿਆਂ, ਵਿਗਿਆਨੀਆਂ ਅਤੇ ਕਿਸਾਨਾਂ ਦੇ ਨਾਲ ਕੁਦਰਤੀ ਸੋਮਿਆਂ ਦੇ ਰਖ-ਰਖਾਵ ਸੰਬੰਧੀ ਵੱਡਮੁੱਲੀ ਜਾਣਕਾਰੀ ਇਕੱਠੀ ਹੋਵੇਗੀ। ਉਹਨਾਂ ਕਿਹਾ ਕਿ ਪਾਣੀ ਦਾ ਡਿੱਗਦਾ ਪੱਧਰ ਅਤੇ ਖਾਣ ਯੋਗ ਵਸਤਾਂ ਦੇ ਵਿੱਚ ਪ੍ਰਦੂਸ਼ਿਤ ਅੰਸ਼ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਖੇਤੀਬਾੜੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਜਸਕਰਨ ਸਿੰਘ ਮਾਹਲ ਨੇ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਕੁਦਰਤੀ ਸੋਮਿਆਂ ਦੇ ਰਖ-ਰਖਾਵ ਲਈ ਯੂਨੀਵਰਸਿਟੀ ਵੱਲੋਂ ਟੈਂਸ਼ੀਓਮੀਟਰ, ਲੇਜ਼ਰ ਕਰਾਹਾ, ਹੈਪੀਸੀਡਰ, ਪੱਤਾ ਰੰਗ ਚਾਰਟ, ਤੁਪਕਾ ਸਿੰਚਾਈ ਆਦਿ ਨੂੰ ਕਿਸਾਨਾਂ ਵਿੱਚ ਹਰਮਨ ਪਿਆਰਾ ਬਣਾਇਆ ਜਾ ਰਿਹਾ ਹੈ। 
ਵਿਭਾਗ ਦੇ ਮੁਖੀ ਡਾ. ਗੁਰਸਾਹਬ ਸਿੰਘ ਨੇ ਪ੍ਰੀਸ਼ਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਲੋੜ ਅਨੁਸਾਰ ਸੂਖਮ ਖੇਤੀ ਲਈ ਮਸ਼ੀਨਰੀ ਵਿਕਸਿਤ ਕਰਨਾ ਵਿਭਾਗ ਦਾ ਮੁੱਖ ਟੀਚਾ ਹੈ । ਵਿਭਾਗ ਦੇ ਵਿਗਿਆਨੀ ਡਾ. ਸੁਰਿੰਦਰ ਸਿੰਘ ਠਾਕੁਰ ਨੇ ਦੱਸਿਆ ਕਿ ਇਸ ਸਿਖਲਾਈ ਦੇ ਵਿੱਚ ਦੇਸ਼ ਭਰ ਤੋਂ 18 ਵਿਗਿਆਨੀ ਭਾਗ ਲੈ ਰਹੇ ਹਨ ਅਤੇ ਇਹਨਾਂ ਵਿਗਿਆਨੀਆਂ ਨੂੰ ਨਵੀਨਤਮ ਵਿਕਸਿਤ ਤਕਨਾਲੋਜੀ ਅਤੇ ਤਕਨੀਕਾਂ ਤੋਂ ਜਾਣੂੰ ਕਰਵਾਇਆ ਜਾਵੇਗਾ । ਅੰਤ ਵਿੱਚ ਧੰਨਵਾਦ ਦੇ ਸ਼ਬਦ ਵਿਭਾਗ ਦੇ ਵਿਗਿਆਨ ਡਾ. ਮਨਜੀਤ ਸਿੰਘ ਨੇ ਕਹੇ।

No comments: