Friday, October 07, 2016

ਯੂਨੀਫਾਰਮ ਸਿਵਲ ਕੋਡ ਅਤੇ ਵਿੱਦਿਆ ਦੇ "ਕਥਿਤ ਭਗਵਾਕਰਨ" ਵਰਗੇ ਮੁੱਦੇ ਵਿਚਾਰੇ

ਬੀਸੀਐਮ ਸਕੂਲ ਵਿੱਚ ਮਾਡਲ ਯੂਨਾਈਟਿਡ ਨੇਸ਼ਨਜ਼ ਕਾਨਫਰੰਸ ਸ਼ੁਰੂ 
ਲੁਧਿਆਣਾ: 7 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):  
ਜਦੋਂ ਇੱਕ ਪਾਸੇ ਸਿਆਸਤਦਾਨਾਂ ਦਾ ਔਲਾਦ ਮੋਹ ਵੱਧ ਰਿਹਾ ਹੈ ਅਤੇ ਉਹ ਅਪਣੇ ਪੁੱਤਰਾਂ, ਧੀਆਂ, ਨੂੰਹਾਂ, ਜਵਾਈਆਂ ਅਤੇ ਅਤੇ ਹੋਰ ਨੇੜਲੇ ਰਿਸ਼ਤੇਦਾਰਾਂ ਲਈ ਸੱਤਾ ਵਿੱਚ ਸੀਟਾਂ ਪੱਕੀਆਂ ਕਰਨ ਵਿੱਚ ਲੱਗੇ ਹੋਏ ਹਨ ਉਦੋਂ ਲੁਧਿਆਣਾ ਦੇ  ਬੀ. ਸੀ. ਐਮ. ਆਰੀਆ ਮਾਡਲ ਸੀਨੀ: ਸੈਕੰਡਰੀ ਸਕੂਲ ਸ਼ਾਸ਼ਤਰੀ ਨਗਰ  ਵਿਖੇ ਨੌਜਵਾਨ ਪੀੜ੍ਹੀ ਨੂੰ ਦੇਸ਼ ਅਤੇ ਦੁਨੀਆ ਦੇ ਕੰਮਾਂ ਕਾਜਾਂ ਵਿੱਚ ਨਿਪੁੰਨ ਬਣਾਉਣ ਵਾਲਾ ਇੱਕ ਅਜਿਹਾ ਤਜਰਬਾ ਕੀਤਾ ਜਾ ਰਿਹਾ ਜਿਹੜਾ ਕਾਬਲ ਲੋਕਾਂ ਨੂੰ ਅੱਗੇ ਲਿਆਉਣ ਵਿੱਚ ਸਹਾਈ ਹੋਵੇਗਾ। ਇਸ ਕਾਬਲ ਜੈਨਰੇਸ਼ਨ ਸਾਹਮਣੇ ਸਿਰਫ ਉਹੀ ਲੋਕ ਤੀਕ ਸਕਣਗੇ ਜਿਹੜੇ ਇਹਨਾਂ ਤੋਂ ਜ਼ਿਆਦਾ ਕਾਬਲੀਅਤ ਦਿਖਾ ਸਕਣ ਵਰਨਾ ਉਹਨਾਂ ਦੀਆਂ ਸਾਰੀਆਂ ਸਿਫਾਰਸ਼ਾਂ ਅਤੇ ਜੱਦੀ ਪੁਸ਼ਟੀ ਹਕੂਮਤ ਦੀਆਂ ਲਾਲਸਾਵਾਂ ਧਰੀਆਂ ਧਰਾਈਆਂ ਰਹਿ ਜਾਣਗੀਆਂ। ਇਸ ਲਈ ਬੀਸੀਐਮ ਦਾ ਤਜਰਬਾ ਇੱਕ ਨਵੇਂ ਭਵਿੱਖ ਦੀ ਸਿਰਜਣਾ ਕਰ ਰਿਹਾ ਹੈ। 
ਬੀਸੀਐਮ ਸਕੂਲ ਵਿੱਚ ਵਿਦਿਆਰਥੀਆਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਸਮੇਤ ਲੋਕਤੰਤਰੀ ਸੰਸਥਾਵਾਂ ਦੇ ਕੰਮ ਕਾਜ ਤੇ ਤੌਰ ਤਰੀਕਿਆਂ ਤੋਂ ਜਾਣੂ ਕਰਾਉਣ ਲਈ ਕਰਵਾਈ ਜਾ ਰਹੀ 'ਮਾਡਲ ਯੂਨਾਈਟਿਡ ਨੇਸ਼ਨਜ਼ ਕਾਨਫਰੰਸ' ਸ਼ੁਰੂ ਹੋਈ ਅੱਜ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋਈ। ਮਾਹੌਲ ਬਿਲਕੁਲ ਅਸਲੀ ਸੀ।  ਇਸ ਮਕਸਦ ਲਈ ਬਣਾਈਆਂ ਗਈਆਂ 8 ਕਮੇਟੀਆਂ ਅਤੇ ਕੌਂਸਲਾਂ ਇਸ ਸਾਰੇ ਆਯੋਜਨ ਨੂੰ ਹਕੀਕਤ ਵਾਲਾ ਰੰਗ ਪ੍ਰਦਾਨ ਕਰ ਰਹੀਆਂ ਸਨ। ਯੂਨੀਫਾਰਮ ਸਿਵਲ ਕੋਡ ਅਤੇ ਵਿੱਦਿਆ ਦੇ ਕਥਿਤ ਭਗਵਾਕਰਨ ਵਰਗੇ ਅਹਿਮ ਅਤੇ ਚਰਚਿਤ ਮੁੱਦੇ ਵਿਚਾਰੇ ਗਏ। ਕੌਮਾਂਤਰੀ ਅਮਨ ਅਤੇ ਦੱਖਣੀ ਚੀਨ ਵਰਗੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਵੀ ਸਾਰਥਕ ਵਿਚਾਰਾਂ ਹੋਈਆਂ। ਅਜਿਹੇ ਅੰਤਰਰਾਸ਼ਟਰੀ ਮਾਹੌਲ ਨੂੰ ਸਫਲਤਾ ਪੂਰਬਕ ਸਿਰਜਣ ਦੇ ਬਾਵਜੂਦ ਪ੍ਰਬੰਧਕ ਪ੍ਰੋਗਰਾਮ ਦੇ ਆਰੰਭ ਨੂੰ ਭਾਰਤੀ ਰੰਗ ਦੇਣਾ ਨਹੀਂ ਭੁੱਲੇ। ਸ਼ੁਰੂਆਤ ਕਲਾਸੀਕਲ ਡਾਂਸ ਨਾਲ ਕੀਤੀ ਗਈ ਜਿਸਨੂੰ ਸਾਰੀਆਂ ਨੇ ਬੇਹੱਦ ਪਸੰਦ ਕੀਤਾ। ਜਰਮਨੀ ਅਤੇ ਮੈਕਸੀਕੋ ਤੋਂ ਆਏ ਡੈਲੀਗੇਟਾਂ ਨੇ ਇਸਨੂੰ ਹੋਰ ਮਹੱਤਵਪੂਰਨ ਬਣਾਇਆ। ਅਮਨ ਸ਼ਾਂਤੀ ਨੂੰ ਗਰਮਖਿਆਲੀ ਇਸਲਾਮੀ ਦਹਿਸ਼ਤਗਰਦੀ ਤੋਂ ਪੈਦਾ ਹੋਏ ਖਤਰਿਆਂ ਬਾਰੇ ਵੀ ਗੱਲ ਹੋਈ। ਬੱਚਿਆਂ ਅਤੇ ਔਰਤਾਂ ਪ੍ਰਤੀ ਹਿੰਸਾ ਦਾ ਮਾਮਲਾ ਵੀ ਬਹਿਸ ਅਧੀਨ ਆਇਆ। 
ਉਦਘਾਟਨੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਦੀਪਕ ਵੋਹਰਾ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਦਲੇ ਹੋਏ ਯੁੱਗ ਵਿਚ ਨੌਜਵਾਨ ਪੀੜ੍ਹੀ ਨੂੰ ਵਿਸ਼ਵ ਦੇ ਹਰ ਖਿੱਤੇ ਦੀ ਰਾਜਨੀਤਕ, ਸਮਾਜਿਕ ਤੇ ਆਰਥਿਕ ਜਾਣਕਾਰੀ ਰੱਖਣੀ ਜਰੂਰੀ ਹੋ ਗਈ ਹੈ ਜਿਸ ਲਈ ਅਜਿਹੀਆਂ ਕਾਨਫਰੰਸਾਂ ਬੇਹੱਦ ਲਾਭਦਾਇਕ ਹਨ।  ਉਹਨਾਂ ਕਿਹਾ ਕਿ ਅਸਲ ਵਿੱਚ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਕੌਮਾਂਤਰੀ ਹਨ ਜਿਹਨਾਂ ਨੂੰ ਵਿਚਾਰਨ ਲੱਗਿਆਂ ਅਸੀਂ ਬਾਕੀ ਦੇਸ਼ਾਂ ਨੂੰ ਛੱਡ ਕੇ ਨਹੀਂ ਸੋਚ ਸਕਦੇ। ਉਹਨਾਂ ਚੇਤੇ ਕਰਾਇਆ ਕਿ ਅਸੀਂ ਅੱਜ ਵੀ ਦੁਨੀਆ ਲਈ ਚੋਣ ਸਰਬੋਤਮ ਹਾਂ। ਇਸ ਲਾਇ ਸਾਨੂੰ ਦੁਨੀਆ ਦੀ ਅਗਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।  
ਇਸ ਮੌਕੇ ਤੇ ਸੋਨਲ ਸ਼ਰਮਾ, ਗੌਰਵਦੀਪ ਅਤੇ ਮੋਹਕ ਠੁਕਰਾਨ ਨੇ ਵੀ ਵਿਚਾਰ ਸਾਂਝੇ ਕੀਤੇ।  ਪ੍ਰਿੰਸੀਪਲ  ਡਾ: ਪਰਮਜੀਤ ਕੌਰ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਸਕੂਲ ਦੀਆਂ ਅਹਿਮਤ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨਫਰੰਸ ਦੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਲੈਫ: ਜਨਰਲ ਏ. ਕੇ. ਬਖਸ਼ੀ ਹੋਣਗੇ।  ਲੈਫ: ਜਨਰਲ ਮਿਲਨ ਨਾਇਡੂ, ਆਰਮੀ ਸਕੂਲ ਦਿੱਲੀ ਦੀ ਪ੍ਰਿੰਸੀਪਲ ਮਾਲਿਨੀ ਨਰਾਇਣਨ ਅਤੇ ਹੋਰ ਸਿੱਖਿਆ ਮਾਹਿਰ ਵੀ ਵਿਦਿਆਰਥੀਆਂ ਨਾਲ਼ ਵਿਚਾਰ ਸਾਂਝੇ ਕਰਨਗੇ। ਕੁਲ ਮਿਲਾ ਕੇ ਇੱਕ ਅਜਿਹਾ ਆਯੋਜਨ ਜਿਹੜਾ ਝਲਕ ਦੇਂਦਾ ਹੈ ਉਹਨਾਂ ਤਿਆਰੀਆਂ ਦੀ ਜਿਹੜੀਆਂ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਮਕਸਦ ਨਾਲ ਬੜੀ ਖਾਮੋਸ਼ੀ ਨਾਲ ਹੋ ਰਹੀਆਂ ਹਨ। ਆਓ ਇਹਨਾਂ ਕੋਸ਼ਿਸ਼ਾਂ ਦੇ ਸਫਲ ਹੋਣ ਦੀ ਦੁਆ ਕਰੀਏ। 

No comments: