Thursday, July 14, 2016

ਮੁਸਲਮਾਨਾਂ ਨੂੰ ਬਚਾਉਣ ਲਈ ਜਾਨ ਜੋਖਮ ਵਿਚ ਪਾਈ ਸੀ ਕਾਮਰੇਡ ਭਰਤ ਪ੍ਰਕਾਸ਼ ਨੇ

ਕੁਰਬਾਨੀਆਂ ਦਿੱਤੀਆਂ ਪਰ ਅਡੋਲਤਾ ਨਹੀਂ ਛੱਡੀ 
ਚੰਡੀਗੜ੍ਹ//ਖੰਨਾ//ਲੁਧਿਆਣਾ: (ਪੰਜਾਬ ਸਕਰੀਨ ਬਿਊਰੋ):
ਮੌਤ ਸਿਰ ਤੇ ਕੂਕਦੀ ਹੋਏ....ਭਰਾ ਸ਼ਹੀਦ ਹੋ ਗਿਆ ਹੋਵੇ--ਜਵਾਈ ਸ਼ਹੀਦ ਹੋ ਗਿਆ ਹੋਵੇ ਤੇ ਬੰਦਾ ਆਪਣੀ ਵਿਚਾਰਧਾਰਾ ਤੇ ਫਿਰ ਵੀ ਅਡੋਲ ਰਹੇ--ਆਖ਼ਿਰੀ ਸਾਹਾਂ ਤੀਕ ਪਹਿਰਾ ਦੇਵੇ---ਇਹ ਕ੍ਰਿਸ਼ਮਾ ਕਾਮਰੇਡ ਭਰਤ ਪ੍ਰਕਾਸ਼ ਨੇ ਕਰਕੇ ਦਿਖਾਇਆ। ਇਸਦੇ ਨਾਲ ਨਾਲ ਸੰਤੁਲਨ ਕਾਇਮ ਰੱਖਣਾ ਅਤੇ ਪਾਰਟੀ ਦੇ ਕੰਮ ਨੂੰ ਅੱਗੇ ਲਿਜਾਣਾ ਇਹ ਹਰ ਕਿਸੇ ਦੇ ਲਈ ਸੰਭਵ ਨਹੀਂ ਹੁੰਦਾ। ਅਜਿਹਾ ਉਹੀ ਵਿਅਕਤੀ ਕਰ ਸਕਦਾ ਹੈ ਜਿਹੜਾ ਕਹਿਣੀ ਅਤੇ ਕਰਨੀ ਵਿੱਚ ਇੱਕ ਸੁਰ ਹੋਵੇ। ਇਸ ਦੇਹਾਂਤ ਨਾਲ ਹਰ ਪਾਸੇ ਸੋਗ ਹੀ ਸੋਗ। 
ਉਹਨਾਂ ਦੇ ਤੁਰ ਜਾਣ ਨਾਲ ਪ੍ਰਗਤੀਸ਼ੀਲ, ਦੇਸ਼ਭਗਤ ਤੇ ਅਮਨ ਸਨੇਹੀ ਹਲਕਿਆਂ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਪ੍ਰਸਿੱਧ ਸਿਰਕੱਢ ਕਮਿਊਨਿਸਟ ਅਤੇ ਅਮਨ ਸੰਗ੍ਰਾਮੀ ਆਗੂ ਕਾਮਰੇਡ ਭਰਤ ਪ੍ਰਕਾਸ਼ ਦੇ ਦਿਹਾਂਤ ਦੀ ਦੁੱਖਦਾਈ ਖਬਰ ਮਿਲੀ। ਸਾਥੀ ਭਰਤ ਪ੍ਰਕਾਸ਼ ਆਜ਼ਾਦੀ ਦੇ ਸਮੇਂ ਵਿਚ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਉਹਨਾਂ 47 ਦੇ ਫਸਾਦਾਂ ਸਮੇਂ ਆਪਣੇ ਖੰਨਾ ਇਲਾਕੇ ਵਿਚ ਮੁਸਲਮਾਨਾਂ ਨੂੰ ਬਚਾਉਣ ਲਈ ਜਾਨ ਜੋਖਮ ਵਿਚ ਪਾ ਕੇ ਇੱਕ ਮਿਸਾਲੀ ਕੰਮ ਕੀਤਾ ਸੀ। ਉਹ ਖੰਨੇ ਦੇ ਚੌਧਰੀ ਪਰਵਾਰ ਵਿਚ 1921 'ਚ ਜਨਮ ਲੈ ਕੇ ਵੀ ਦੱਬੇ-ਕੁਚਲੇ ਤੇ ਲੁੱਟੇ-ਪੁੱਟੇ ਲੋਕਾਂ ਨੂੰ ਪ੍ਰਣਾਈ ਕਮਿਊਨਿਸਟ ਪਾਰਟੀ ਦੇ ਲੱਗਭੱਗ 7 ਦਹਾਕੇ ਮੋਹਰੀ ਕਤਾਰ ਦੇ ਆਗੂ ਜਰਨੈਲ ਰਹੇ। ਅਸਲ ਵਿੱਚ ਇਸ ਉਦਾਸ ਖਬਰ ਦੇ ਆਉਣ ਦਾ ਇਹ ਖਦਸ਼ਾ ਪਿਛਲੇ ਕਈ ਦਿਨਾਂ ਤੋਂ ਬਣਿਆ ਹੋਇਆ ਸੀ। ਉਹਨਾਂ ਨਾਲ ਮੁਲਾਕਾਤ ਦਾ ਸਮਾਂ ਕਈ ਵਾਰ ਮੁਲਤਵੀ ਕਰਨਾ ਪਿਆ। ਉਹਨਾਂ 'ਤੇ ਇੱਕ ਡਾਕੂਮੈਂਟਰੀ ਬਣਾਉਣ ਦੀ ਗੱਲ ਬਸ ਹੁਣ ਇੱਕ ਸੁਪਨਾ ਬਣ ਕੇ ਰਹੀ ਗਈ। 
ਡਾਕਟਰ ਅਰੁਣ ਮਿੱਤਰਾ ਅਤੇ ਐਮ ਐਸ ਭਾਟੀਆ ਜੀ ਅਕਸਰ ਉਹਨਾਂ ਦੀਆਂ ਗੱਲਾਂ ਸੁਣਾਉਂਦੇ। ਪ੍ਰਦੀਪ ਸ਼ਰਮਾ ਜੀ ਵੀ ਉਹਨਾਂ ਦੀਆਂ ਯਾਦ ਸਾਂਝੀਂ ਕਰਦੇ। ਬਹੁਤ ਲੰਬਾ ਸਮਾਂ ਉਹ ਜ਼ਿਲ੍ਹਾ ਲੁਧਿਆਣਾ ਦੀ ਕਮਿਊਨਿਸਟ ਪਾਰਟੀ ਦੇ ਸਕੱਤਰ ਰਹੇ ਅਤੇ ਉਹਨਾਂ ਨੇ ਕਮਿਊਨਿਸਟ ਲਹਿਰ ਵਿਚ ਫੁੱਟ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਵਿਚ ਅਤੇ ਪੰਜਾਬ ਭਰ ਵਿਚ ਸੀ ਪੀ ਆਈ ਨੂੰ ਮੋਹਰੀ ਕਮਿਊਨਿਸਟ ਪਾਰਟੀ ਬਣਾਉਣ ਵਿਚ ਯੋਗਦਾਨ ਪਾਇਆ। ਉਹ ਕਮਿਊਨਿਸਟ ਪਾਰਟੀ ਦੀ ਪੰਜਾਬ ਸੂਬਾ ਕੌਂਸਲ ਅਤੇ ਸੂਬਾ ਕਾਰਜਕਾਰਨੀ ਦੇ ਦਹਾਕਿਆਂਬੱਧੀ ਮੈਂਬਰ ਰਹੇ। ਉਹ ਪਾਰਟੀ ਦੀ ਕੌਮੀ ਕੌਂਸਲ ਦੇ ਵੀ ਮੈਂਬਰ ਰਹੇ। ਕਮਿਊਨਿਸਟ ਪਾਰਟੀ ਦੇ ਕੰਮ ਦੇ ਨਾਲ-ਨਾਲ ਉਹਨਾਂ ਦਾ ਮੁੱਖ ਕਾਰਜ ਖੇਤਰ ਅਮਨ ਤੇ ਇਕਮੁੱਠਤਾ ਲਹਿਰ ਸੀ। ਉਹ ਲੰਮਾ ਸਮਾਂ ਐਪਸੋ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਰਹੇ ਅਤੇ ਕੌਮੀ ਅਤੇ ਕੌਮਾਂਤਰੀ ਅਮਨ ਕਾਨਫਰੰਸਾਂ ਵਿਚ ਯੋਗਦਾਨ ਪਾਉਂਦੇ ਰਹੇ। ਉਹ ਦ੍ਰਿੜ੍ਹ ਸਾਮਰਾਜ-ਵਿਰੋਧੀ, ਅਮਨ-ਸਦਭਾਵਨਾ ਦੇ ਮੁਦਈ ਅਤੇ ਧਰਮ-ਨਿਰਪੱਖਤਾ ਦੇ ਅਲੰਬਰਦਾਰ ਸਨ। ਉਹ ਕਮਿਊਨਿਸਟ ਕਹਿਣੀ ਤੇ ਕਰਨੀ ਦਾ ਸ਼ਾਨਦਾਰ ਸੁਮੇਲ ਸਨ। ਵਿਚਾਰਾਂ ਵਿੱਚ ਵਿਰੋਧ ਦੇ ਬਾਵਜੂਦ ਬੜੀ ਆਉਭਗਤ ਨਾਲ ਮਿਲਣਾ ਉਹਨਾਂ ਦੀ ਇੱਕ ਵੱਡੀ ਖੂਬੀ ਸੀ। 
ਉਹਨਾਂ ਦਾ ਅਮਲੀ ਜੀਵਨ ਵੀ ਬੜਾ ਸਾਦਾ ਅਤੇ ਖੱਬੇਪੱਖੀ ਵਿਚਾਰਾਂ ਨੂੰ ਪ੍ਰਣਾਇਆ ਹੋਇਆ ਸੀ। ਉਹਨਾਂ ਆਪਣੀਆਂ ਸਾਰੀਆਂ ਛੇ ਲੜਕੀਆਂ ਦੀ ਸਾਦਾ ਸ਼ਾਦੀ ਕਮਿਊਨਿਸਟ ਕਾਰਕੁਨਾਂ ਨਾਲ ਕੀਤੀ ਅਤੇ ਹੁਣ ਉਹ ਇਕ ਵੱਡੇ ਕਮਿਊਨਿਸਟ ਪਰਿਵਾਰ ਦੇ ਮੁਖੀ ਸਨ। ਪੰਜਾਬ ਵਿੱਚ ਝੁੱਲੀ ਖੂਨੀ ਹਨੇਰੀ ਦੌਰਾਨ ਉਹਨਾਂ ਦਹਿਸ਼ਤਗਰਦ-ਵਿਰੋਧੀ ਅਤੇ ਪੰਜਾਬ ਦੀ ਏਕਤਾ ਲਈ ਪਾਰਟੀ ਲਹਿਰ ਵਿਚ ਸਿਰੜ ਨਾਲ ਕੰਮ ਕੀਤਾ, ਜਿਸ ਦੌਰਾਨ ਉਹਨਾਂ ਦੇ ਵੱਡੇ ਭਰਾ ਕਾਂਗਰਸੀ ਆਗੂ ਚੌਧਰੀ ਭੀਸ਼ਮ ਪ੍ਰਕਾਸ਼ ਨੂੰ ਅਤੇ ਦਾਮਾਦ ਕਮਿਊਨਿਸਟ ਆਗੂ ਕਾਮਰੇਡ ਹਰਪਾਲ ਖੋਖਰ ਨੂੰ ਸ਼ਹੀਦ ਵੀ ਕਰ ਦਿੱਤਾ ਗਿਆ ਸੀ। ਇਹਨਾਂ ਸ਼ਹਾਦਤਾਂ ਨੇ ਉਹਨਾਂ ਨੂੰ ਹੋਰ ਮਜ਼ਬੂਤ ਕੀਤਾ। ਅੱਜ-ਕੱਲ੍ਹ ਉਹ ਆਪਣੇ ਲੜਕੇ ਸਾਬਕਾ ਬੈਂਕ ਮੁਲਾਜ਼ਮ ਆਗੂ ਮਹਿੰਦਰਜੀਤ ਵਾਲੀਆ ਕੋਲ ਰਾਜਪੁਰੇ ਰਹਿੰਦੇ ਸਨ। ਪਿਛਲੇ ਕੁਝ ਮਹੀਨਿਆਂ ਤੋਂ ਉਹ ਬਿਮਾਰ ਚਲੇ ਆਉਂਦੇ ਸਨ। ਉਹਨਾਂ ਦੀ ਉਮਰ 95 ਸਾਲ ਸੀ। ਮੈਕਸ ਮੋਹਾਲੀ ਹਸਪਤਾਲ ਤੋਂ ਉਹਨਾਂ ਨੂੰ ਜਨਮ ਭੂਮੀ ਅਤੇ ਕਰਮਭੂਮੀ ਖੰਨੇ ਉਹਨਾਂ ਦੇ ਜੱਦੀ ਘਰ ਲਿਆਂਦਾ ਗਿਆ, ਜਿਥੇ ਉਨ੍ਹਾਂ ਦੀ ਦੇਹ 'ਤੇ ਪਾਰਟੀ ਦੀ ਕੌਮੀ ਕੌਂਸਲ ਵੱਲੋਂ ਬੀਬੀ ਅਮਰਜੀਤ ਕੌਰ ਅਤੇ ਕੌਮੀ ਕੌਂਸਲ ਦੇ ਮੈਂਬਰ ਡਾਕਟਰ ਜੋਗਿੰਦਰ ਦਿਆਲ, ਹਰਦੇਵ ਸਿੰਘ ਅਰਸ਼ੀ, ਭੁਪਿੰਦਰ ਸਾਂਬਰ, ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ ਨੇ ਲਾਲ ਝੰਡਾ ਪਾਇਆ। ਪਾਰਟੀ ਦੇ ਸੂਬਾ ਸਕੱਤਰੇਤ ਵੱਲੋਂ ਉਪਰੋਕਤ ਆਗੂਆਂ ਅਤੇ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਕਰਤਾਰ ਸਿੰਘ ਬੁਆਣੀ ਤੇ ਗੁਰਨਾਮ ਕੰਵਰ ਨੇ ਲਾਲ ਝੰਡਾ ਪਾਇਆ। ਜ਼ਿਲ੍ਹਾ ਲੁਧਿਆਣਾ ਦੀ ਪਾਰਟੀ ਵੱਲੋਂ ਕਾਮਰੇਡ ਕਰਤਾਰ ਸਿੰਘ ਬੁਆਣੀ, ਡਾਕਟਰ ਅਰੁਣ ਮਿਤਰਾ, ਓਮ ਪ੍ਰਕਾਸ਼ ਮਹਿਤਾ, ਗੁਲਜ਼ਾਰ ਪੰਧੇਰ, ਗੁਲਜ਼ਾਰ ਗੋਰੀਆ, ਜਸਬੀਰ ਝੱਜ ਅਤੇ ਅਵਤਾਰ ਸਿੰਘ ਨੇ ਪੁਸ਼ਮ ਮਾਲਾ ਅਰਪਿਤ ਕੀਤੀ। ਖੰਨੇ ਦੀ ਕਮਿਊਨਿਸਟ ਪਾਰਟੀ ਵੱਲੋਂ ਸਾਥੀ ਪਰਮਜੀਤ ਸਿੰਘ ਐਡਵੋਕੇਟ, ਸਾਥੀ ਗੁਰਮੀਤ ਸਿੰਘ ਅਤੇ ਹੋਰ ਸਾਥੀਆਂ ਨੇ ਲਾਲ ਝੰਡਾ ਪਾਇਆ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਵੀ ਇਸ ਸੋਗ ਵਿੱਚ ਸ਼ਿਰਕਤ ਕੀਤੀ। 
ਹਜ਼ਾਰਾਂ ਸੇਜਲ ਅੱਖਾਂ ਨੇ ਕਾਮਰੇਡ ਭਰਤ ਪ੍ਰਕਾਸ਼ ਨੂੰ ਲਾਲ ਸਲਾਮ, ਕਾਮਰੇਡ ਭਰਤ ਜੀ ਅਮਰ ਰਹੇ, ਸਾਥੀ ਭਰਤ ਜੀ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, ਆਕਾਸ਼ ਗੂੰਜਾਊ ਨਾਅਰਿਆਂ ਦੌਰਾਨ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਦੋ ਪੋਤਿਆਂ ਮਨਦੀਪ ਵਾਲੀਆ ਅਤੇ ਨਵਦੀਪ ਵਾਲੀਆ ਨੇ ਦਿਖਾਈ। ਉਹਨਾਂ ਦੀ ਅੰਤਮ ਯਾਤਰਾ ਵਿਚ ਮਰਹੂਮ ਸਰਦਾਰ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਐੱਲ ਐੱਲ ਏ, ਸਰਵਸਾਥੀ ਦੇਵੀ ਦਿਆਲ ਸ਼ਰਮਾ, ਪ੍ਰੀਤਮ ਸਿੰਘ ਹੁੰਦਲ, ਮਹਿੰਦਰਪਾਲ ਸਿੰਘ ਮੋਹਾਲੀ, ਦਿਲਦਾਰ ਸਿੰਘ, ਹਰਚੰਦ ਸਿੰਘ ਬਾਠ, ਜਸਪਾਲ ਦੱਪਰ, ਰਬਿੰਦਰ ਨਾਥ ਸ਼ਰਮਾ, ਸੋਹਣ ਲਾਲ ਬਾਂਸਲ, ਪ੍ਰੀਤਮ ਸੁੱਖੀ, ਸੰਪੂਰਨ ਝਾਜਲੀ, ਬੀਬੀ ਮੌੜਠ ਚਰਨ ਗਿੱਲ, ਰਘਬੀਰ ਸਿੰਘ ਅਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਵੱਡੀ ਗਿਣਤੀ ਵਿਚ ਸ਼ਾਮਲ ਸਨ। ਹਰ ਅੱਖ ਭਰੀ ਹੋਈ ਸੀ। ਹਰ ਚੇਹਰਾ ਉਦਾਸ ਸੀ। 
ਇਸੇ ਦੌਰਾਨ ਸਾਥੀ ਅਰਸ਼ੀ ਨੇ ਦੱਸਿਆ ਕਿ ਉਹਨਾਂ ਦੇ ਸਤਿਕਾਰ ਵਜੋਂ ਪਾਰਟੀ ਦਫਤਰ ਉਤੇ ਲਾਲ ਝੰਡਾ ਨੀਵਾਂ ਕਰ ਦਿੱਤਾ ਗਿਆ।ਉਹਨਾਂ ਦੀ ਯਾਦ ਵਿਚ ਸਮਾਗਮ 19 ਜੁਲਾਈ ਦਿਨ ਮੰਗਲਵਾਰ ਨੂੰ ਰਾਮਗੜ੍ਹੀਆ ਭਵਨ ਜੀ ਟੀ ਰੋਡ ਖੰਨਾ ਵਿਖੇ 11-00 ਵਜੇ ਤੋਂ 1-00 ਵਜੇ ਤੱਕ ਹੋਵੇਗਾ। ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਨੇ ਵੀ ਇਸ ਵਿਛੋੜੇ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਦੇ ਸਥਾਨਕ ਸਹਾਇਕ ਸਕੱਤਰ ਡਾਕਟਰ ਅਰੁਣ ਮਿੱਤਰਾ ਨੇ ਦੱਸਿਆ ਕਿ ਕਾਮਰੇਡ ਭਾਰਤ ਪ੍ਰਕਾਸ਼ ਵਰਲਡ ਪੀਸ ਕੌਂਸਿਲ ਨਾਲ ਵੀ ਜੁੜੇ ਹੋਏ ਸਨ ਅਤੇ ਕੁੱਲ ਹਿੰਦ ਅਮਨ ਅਤੇ ਇੱਕਜੁੱਟਤਾਸੰਗੱਠਣ (ਐਪਸੋ) ਨਾਲ ਵੀ ਸਬੰਧਤ ਸਨ। ਡਾਕਟਰ ਮਿੱਤਰਾ ਨੇ ਕਾਮਰੇਡ ਭਾਰਤ ਪ੍ਰਕਾਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਦਿੱਤੇ ਯੋਗਦਾਨ ਅਤੇ ਆਜ਼ਾਦੀ ਆਉਣ ਮਗਰੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਾਰਨ ਲਈ ਘਾਲੀਆਂ ਘਾਲਣਾਵਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਅੱਜ ਪਾਰਟੀ ਦੇ ਬਹੁਤ ਸਾਰੇ ਉੱਘੇ ਆਗੂ ਮੌਜੂਦ ਰਹੇ। 

No comments: