Saturday, May 28, 2016

ਪਹਿਲੀ ਜੂਨ ਤੋਂ ਸਭ ਕੁਝ ਮਹਿੰਗਾ ਹੋਣ ਵਾਲਾ ਹੈ

ਸਰਵਿਸ ਟੈਕਸ 'ਚ ਇਹ ਵਾਧਾ ਕਿਸਾਨ ਸੈਸ ਲਾਉਣ ਕਰਕੇ 
ਨਵੀਂ ਦਿੱਲੀ: 27 ਮਈ 2016: (ਪੰਜਾਬ ਸਕਰੀਨ ਬਿਊਰੋ):  
ਇੱਕ ਜੂਨ ਤੋਂ ਸਭ ਕੁਝ ਮਹਿੰਗਾ ਹੋਣ ਵਾਲਾ ਹੈ, ਜਦੋਂ ਸਰਵਿਸ ਟੈਕਸ ਸਾਢੇ 14 ਤੋਂ ਵੱਧ ਕੇ 15 ਫ਼ੀਸਦੀ ਹੋਣ ਵਾਲਾ ਹੈ। ਇਸ ਦੇ ਨਾਲ ਹੀ ਰੇਲਵੇ, ਬੈਂਕਿੰਗ ਤੋਂ ਲੈ ਕੇ ਕਾਲੇ ਧਨ ਤੱਕ ਸਾਰੇ ਨਿਯਮ ਬਦਲਣ ਵਾਲੇ ਹਨ। ਇਸ ਤੋਂ ਇਲਾਵਾ ਬੀਮਾ ਸਕੀਮ ਲੈਣਾ ਅਤੇ ਬੈੰਕਿੰਗ ਸਰਵਿਸ ਆਦਿ ਸਭ ਕੁਝ ਮਹਿੰਗਾ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਸਰਵਿਸ ਟੈਕਸ 'ਚ ਇਹ ਵਾਧਾ ਕਿਸਾਨ ਸੈਸ ਲਾਏ ਜਾਣ ਨਾਲ ਹੋ ਰਿਹਾ ਹੈ, ਇਸ ਦੇ ਨਾਲ ਹੀ ਬਿਜਲੀ ਅਤੇ ਮੋਬਾਇਲ ਬਿੱਲ ਵੀ ਵੱਧ ਜਾਵੇਗਾ। ਸਰਵਿਸ ਟੈਕਸ 'ਚ ਵਾਧੇ ਨਾਲ ਬੈਂਕ ਡਰਾਫਟ, ਫੰਡ ਟਰਾਂਸਫਰ ਲਈ ਆਈ ਐਮ ਪੀ ਐਸ, ਐਸ ਐਮ ਐਸ ਅਲਰਟ ਵਰਗੀਆਂ ਸੇਵਾਵਾਂ ਲਈ ਜੇਬ ਹੋਰ ਢਿੱਲੀ ਕਰਨੀ ਪਵੇਗੀ। ਸਿਨੇਮਾ ਦੇਖਣਾ ਮਹਿੰਗਾ ਹੋਵੇਗਾ। ਹਵਾਈ ਟਿਕਟ ਲਈ 15 ਫ਼ੀਸਦੀ ਸਰਵਿਸ ਟੈਕਸ ਦੇਣਾ ਪਵੇਗਾ। ਰੈਸਟੋਰੈਂਟ 'ਚ ਖਾਣਾ, ਮਾਲ ਦੀ ਢੋਆ-ਢੁਆਈ, ਪੰਡਾਲ, ਕੈਟਰਿੰਗ, ਆਈ ਟੀ, ਸਲੂਨ, ਹੋਟਲ ਬੈਕਿੰਗ ਆਦਿ ਸੇਵਾਵਾਂ ਮਹਿੰਗੀਆਂ ਹੋਣਗੀਆਂ। ਨਵਾਂ ਘਰ, ਕਾਰ, ਸਿਹਤ ਪਾਲਸੀ ਲੈਣ ਜਾਂ ਉਸ ਨੂੰ ਰਿਨਿਊ ਕਰਨ 'ਤੇ ਵਧਿਆ ਹੋਇਆ ਟੈਕਸ ਭਰਨਾ ਹੋਵੇਗਾ। ਟੂਰ ਅਪਰੇਟਰ ਅਤੇ ਕੰਪਨੀਆਂ ਤੋਂ ਟੂਰ ਪੈਕਿਜ ਲੈ ਕੇ ਦੇਸ਼ ਜਾਂ ਵਿਦੇਸ਼ ਘੁੰਮਣ 'ਤੇ ਵਧਿਆ ਟੈਕਸ ਦੇਣਾ ਹੋਵੇਗਾ। ਦੇਸ਼ 'ਚ ਹੋਟਲ ਸਰਵਿਸ ਲੈਣੀ ਮਹਿੰਗੀ ਹੋਵੇਗੀ। ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਹੁਣ ਰੇਲ ਟਿਕਟ ਲੈਣ 'ਤੇ ਪਹਿਲੀ ਜੂਨ ਤੋਂ ਟ੍ਰਾਂਜੈਕਸ਼ਨ ਚਾਰਜ ਨਹੀਂ ਦੇਣਾ ਪਵੇਗਾ। ਇਹ ਸਹੂਲਤ ਰੇਲਵੇ ਕਾਊਂਟਰ ਤੋਂ ਰੇਲ ਟਿਕਟ ਲੈਣ 'ਤੇ ਹੀ ਮਿਲੇਗੀ। ਇਸ ਵੇਲੇ ਮੁਸਾਫ਼ਰ ਨੂੰ ਡੈਬਿਟ ਜਾਂ ਕਰੈਡਿਟ ਕਾਰਡ ਰਾਹੀਂ ਟਿਕਟ ਲੈਣ 'ਤੇ 30 ਰੁਪਏ ਦਾ ਵਾਧੂ ਟੈਕਸ ਦੇਣਾ ਪੈਂਦਾ ਹੈ।  
ਜੇ ਕਿਸੇ ਮੁਸਾਫ਼ਰ ਦਾ ਏ ਸੀ ਫਸਟ ਕਲਾਸ ਦਾ ਟਿਕਟ ਕਨਫਰਮ ਨਹੀਂ ਹੁੰਦਾ ਹੈ ਤਾਂ ਉਸ ਨੂੰ ਰੇਲ ਗੱਡੀ ਦੀ ਥਾਂ 'ਤੇ ਜਹਾਜ਼ ਰਾਹੀਂ ਸਫ਼ਰ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਸਕੀਮ ਦਾ ਫਾਇਦਾ ਏ ਸੀ ਸੈਕਿੰਡ ਦੀ ਟਿਕਟ 'ਤੇ ਵੀ ਮਿਲ ਸਕਦਾ ਹੈ।
ਪੈਸੇ ਦੇ ਖੁਲਾਸੇ ਲਈ ਸਰਕਾਰ ਨੇ ਬੱਜਟ 2016-17 'ਚ ਸਰਕਾਰ ਨੇ ਆਮਦਨ ਐਲਾਨਣ ਵੀ ਸਕੀਮ ਐਲਾਨੀ ਸੀ, ਇਸ ਵਿੱਚ 45 ਫ਼ੀਸਦੀ ਟੈਕਸ ਅਦਾ ਕਰਕੇ ਕਾਲੇ ਧਨ ਦਾ ਖੁਲਾਸਾ ਕੀਤਾ ਜਾ ਸਕਦਾ ਹੈ। ਇਹ ਵਿਸ਼ੇਸ਼ ਖਿੜਕੀ ਪਹਿਲੀ ਜੂਨ ਤੋਂ 30 ਸਤੰਬਰ ਤੱਕ ਲਈ ਖੁੱਲ੍ਹੀ ਹੈ।

No comments: