Thursday, April 28, 2016

ਕਾਫਲਾ ਕਿਓਂ ਹੋ ਗਿਆ ਏਨਾ ਬੇਤਾਲ ਦੱਸੀਂ

Thu, Apr 28, 2016 at 2:20 AM
ਕੁਲਵੰਤ ਸਿੰਘ ਢੇਸੀ ਦੀ ਇੱਕ ਕਾਵਿ ਰਚਨਾ 
ਤਲਖੀਆਂ ਕੀ ਤੇਜ਼ੀਆਂ ਆਇਆ ਉਬਾਲ ਦੱਸੀਂ
ਕਾਫਲਾ ਕਿਓਂ ਹੋ ਗਿਆ ਏਨਾ ਬੇਤਾਲ ਦੱਸੀਂ

ਰਹਿਤੋਂ ਵਿਗੁੱਚੇ ਖਾਹ ਮਖਾਹ ਉਲਝੇ ਨੇ ਰਹਿਤ ਵਿਚ
ਮੈਂ ਮੈਂ ਤੇ ਤੂੰ ਤੂੰ ਬਾਹਰੇ ਪੁਖਤਾ ਖਿਆਲ ਦੱਸੀਂ

ਬਾਬੇ ਨੇ ਸਹਿਜੇ ਸਾਰਖੀ ਆਖੀ ਕਦੀ ਜੋ ਗੱਲ ਸੀ
ਕਾਹਤੋਂ ਬਣੀ ਨਾ ਗੱਲ, ਨਾ ਹੋਇਆ ਕਮਾਲ ਦੱਸੀਂ

ਸ਼ੈਲਫਾਂ ਤੇ ਢੇਰਾਂ ਗੋਲੀਆਂ ਤੇ ਕੰਬਦੇ ਜੁੱਸੇ ਪਏ
ਵਿਗੜੀ ਬਣੂਗੀ ਮੁੜ ਕਿਵੇਂ ਰੁਕਣਾ ਭੂਚਾਲ ਦੱਸੀਂ

ਵੈਦਾਂ ਦਾ ਪੂਰਾ ਵੈਦ ਹੈ ਜੱਗ ਦਾ ਸਾਂਝਾ ਗੁਰੂ
ਸਾਧਾਂ ਦੇ ਹੋਏ ਸਮਾਜ ਹੁਣ ਕਿੰਨੇ ਦਲਾਲ ਦੱਸੀਂ

ਸਾਹਾਂ ਦੇ ਰਿਸ਼ਤੇ ਚਾਰ ਪੈਰ ਟੁਰਕੇ ਹੀ ਤਿੜਕ ਗਏ
ਸਬਰੋਂ ਸਰਾਪੀ ਪ੍ਰੀਤ ਕੀ ਕੱਢੂ ਰੁਮਾਲ ਦੱਸੀਂ

ਰੂਹਾਂ ਨੇ ਦੇਖੋ ਜੰਮੀਆਂ ਸਿਵਿਆਂ ‘ਚ ਅਗਨੀ ਤੇਜ਼ ਹੈ
ਇਸ ਕਾਲ ਖਾਣੇ ਜੱਗ ਨੂੰ ਸ਼ਬਦੀ ਅਕਾਲ ਦੱਸੀਂ

No comments: