Saturday, March 12, 2016

ਸ੍ਰੀ ਮੁਕਤਸਰ ਸਾਹਿਬ ਵਿਖੇ ਲੜਕੀਆਂ ਦੀ ਪਿੰਕ ਮੈਰਾਥਾਨ ਜਾਗਰੂਕ ਰੈਲੀ

Sat, Mar 12, 2016 at 1:12 PM
ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਦੇ ਮੁਕਾਬਲੇ ਘੱਟ ਨਹੀਂ-- DC
ਸ੍ਰੀ ਮੁਕਤਸਰ ਸਾਹਿਬ, 12 ਮਾਰਚ 2016:: (ਪੰਜਾਬ ਸਕਰੀਨ ਬਿਊਰੋ):
ਲੜਕੀਆਂ ਨੂੰ ਖੇਡਾ ਪ੍ਰਤੀ ਉਤਸਾਹਿਤ ਕਰਨ ਅਤੇ ਮਾਤਾ ਪਿਤਾ ਨੂੰ ਲੜਕੀਆਂ ਪ੍ਰਤੀ ਸੁਚਾਰੂ ਸੋਚ ਅਪਨਾਉਣ ਦਾ ਸੁਨੇਹਾ ਦੇ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਲੜਕੀਆਂ ਦੀ ਪਿੰਕ ਮੈਰਾਥਾਨ ਜਾਗਰੂਕ ਦੌੜ ਦਾ ਆਯੋਜਨ ਕੀਤਾ ਜਿਸ ਨੂੰ ਡਾ. ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਤੋਂ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇ ਸ੍ਰੀ ਕੁਲਦੀਪ ਸਿੰਘ ਚਾਹਲ ਐਸ.ਐਸ.ਪੀ., ਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਸ੍ਰੀ ਕੁਲਵੰਤ ਸਿੰਘ ਐਡੀਸ਼ਨਲ  ਡਿਪਟੀ ਕਮਿਸ਼ਨਰ ਵਿਕਾਸ, ਮੈਡਮ ਸਾਕਸ਼ੀ ਸਾਹਨੀ ਪ੍ਰੋਜੈਕਟ ਇੰਚਾਰਜ ਕਮ ਏ.ਸੀ.ਯੂ.ਟੀ, ਡਾ.ਸ਼ਿਵਾਨੀ ਨਾਗਪਾਲ ਜਿਲਾ ਬਲਾ ਸੁਰੱਖਿਆ ਅਫਸਰ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਵੱਖ-ਵੱਖ  ਸਕੂਲਾਂ  ਕਾਲਜਾਂ ਦੀਆਂ ਵਿਦਿਆਰਥਣਾ ਮੌਜੂਦ ਸਨ। 
ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਮੁਕਸਤਰ ਸਾਹਿਬ ਜਿਲੇ ਵਿੱਚ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਬਚਾਉਣ ਲਈ ਜਿਲਾ ਪ੍ਰਸ਼ਾਸਨ ਵਲੋਂ ਬੇਟੀ ਬਚਾਓ - ਬੇਟੀ ਪੜਾਓ ਤਹਿਤ  ਸਪੈਸ਼ਲ ਵੋਮੈਨ ਵੀਕ ਡੇ ਮਨਾਇਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਅੱਜ ਦੀਆਂ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਖੇਤਰ ਭਾਵ ਪੜਾਈ ਲਿਖਾਈ ਅਤੇ ਨੌਕਰੀ ਪੇਸ਼ਾਂ ਵਿੱਚ ਘੱਟ ਨਹੀਂ ਹਨ ਅਤੇ ਜੀਵਨ ਦੇ ਹਰ ਖੇਤਰ ਵਿੱਚ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਹੀਆਂ ਹਨ  ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਇਸ ਪਿੰਕ ਮੈਰਾਥਾਨ ਜਾਗਰੂਕ ਰੈਲੀ ਦਾ ਮੁੱਖ ਮਕਸਦ ਨਾਰੀ ਸ਼ਕਤੀ ਨੂੰ ਮਜਬੂਤ ਬਨਾਉਣ  ਅਤੇ ਮਾਪਿਆਂ ਦੀ ਸੋਚ ਨੂੰ ਲੜਕੀਆਂ ਪ੍ਰਤੀ ਬਦਲਣ ਲਈ ਆਯੋਜਿਤ ਕੀਤੀ ਗਈ ਹੈ ਤਾਂ ਜੋ ਲੜਕੀਆਂ ਦੇ ਮਾਤਾ ਪਿਤਾ ਉਹਨਾਂ ਨਾਲ ਕਿਸੇ ਵੀ ਤਰਾਂ ਮਤਭੇਦ ਨਾ ਕਰਨ ਅਤੇ ਲੜਕੀਆਂ ਨੂੰ ਵੀ ਆਪਣੇ ਪੁੱਤਰਾਂ ਦੀ ਤਰਾਂ ਪੂਰਾ ਮਾਣ ਸਤਿਕਾਰ ਦੇ ਸਕਣ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਉਹਨਾਂ 20 ਪਿੰਡਾਂ ਵਿੱਚ ਜਿੱਥੇ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਸਭ ਤੋਂ ਘੱਟ ਹੈ ਅਤੇ ਜਿਹਨਾਂ ਦੇ ਇੱਕ ਜਾਂ ਦੋ ਲੜਕੀਆਂ ਹਨ, ਜਿਲਾ ਪ੍ਰਸ਼ਾਸਨ ਵਲੋਂ ਉਹਨਾਂ ਦੇ ਮਾਪਿਆ ਨੂੰ ਪਿੰਕ ਕਾਰਡ ਬਣਾ ਕੇ ਦਿੱਤੇ ਜਾਂ ਰਹੇ ਹਨ ਤਾਂ ਜੋ ਉਹਨਾਂ ਨੂੰ ਸਰਕਾਰੀ ਦਫਤਰਾਂ ਖਾਸ ਕਰਕੇ ਡਿਪਟੀ ਕਮਿਸ਼ਨਰ ਦਫਤਰ,ਐਸ.ਐਸ.ਪੀ. ਅਤੇ ਐਸ.ਡੀ.ਐਮਜ਼ ਦਫਤਰਾਂ ਵਿੱਚ ਸਰਕਾਰੀ ਕੰਮ ਕਰਵਾਉਣ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇੇ। 
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਮੈਰਾਥਾਨ ਦੌੜ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਵਧਾਈ ਦਿੱਤੀ ਅਤੇ ਇਸ ਰੈਲੀ ਵਿੱਚ ਪਹਿਲੇ,ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੀਆਂ ਲੜਕੀਆਂ ਅਮਨਦੀਪ ਕੌਰ, ਦਿਵਜੋਤ ਕੌਰ ਅਤੇ ਅਮਰੀਤ ਕੌਰ ਨੂੰ ਕਰਮਵਾਰ ਪੰਜ ਹਜ਼ਾਰ ਰੁਪਏ, ਤਿੰਨ ਹਜ਼ਾਰ ਰੁਪਏ ਅਤੇ ਦੋ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਚੋਥੇ ਤੋਂ ਦਸਵੇਂ ਸਥਾਨ ਤੱਕ ਦੀਆਂ ਲੜਕੀਆਂ ਨੂੂੰ ਮੱਗ ਦਿੱਤੇ ਗਏ। ਇਸ ਰੈਲੀ ਵਿੱਚ ਸਿਮਰਨਜੀਤ ਕੌਰ, ਰਮਨਦੀਪ ਕੌਰ ਅਤੇ ਮਹਿੰਦਰ ਕੌਰ ਔਰਤਾਂ ਨੇ ਵੀ ਭਾਗ ਲਿਆਂ । 
ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਡਮ ਸ਼ਾਕਸੀ ਸਾਹਨੀ ਨੇ ਲੜਕੀਆਂ ਨੂੰ ਵਧਾਈ ਦਿੱਤੀ ਕਿ ਜਿਹਨਾਂ ਨੇ ਪੈਂਦੇ ਮੀਂਹ ਵਿੱਚ ਭਾਗ ਲਿਆਂ ਅਤੇ ਰੈਲੀ ਨੂੰ ਕਾਮਯਾਬ ਕੀਤਾ। ਉਹਨਾਂ ਸਟੇਟ ਬੈਂਕ ਆਫ ਇੰਡੀਆਂ ਦੀ ਇਨਸੋਰੈਂਸ ਕੰਪਨੀ  ਅਤੇ ਵੱਖ-ਵੱਖ ਵਿਭਾਗਾਂ ਦਾ ਵੀ ਉਚੇਚੇ ਤੌਰ ਤੇ ਧੰਨਵਾਦ ਜਿਹਨਾਂ ਨੇ ਇਸ ਮੈਰਾਥਾਨ ਦੌੜ ਸਫਲਤਾਂ ਪੂਰਵਕ ਨੇਪਰੇ ਚੜਾਉਣ ਲਈ ਜਿਲਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ । ਇਸ ਰੈਲੀ ਵਿੱਚ ਖਾਸ਼ ਖਿੱਚ ਦਾ ਕੇਂਦਰ ਇਹ ਸੀ ਕਿ ਰੈਲੀ ਵਿੱਚ ਪੈਂਦੇ ਮੀਂਹ ਵਿੱਚ ਲੜਕੀਆਂ ਜਿਲਾ ਰੈਡ ਕਰਾਸ ਭਵਨ ਤੋਂ ਵਾਇਆ ਕੋਟਕਪੂਰਾ ਰੋਡ ਤੋਂ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਤੱਕ ਪਹੁੰਚੀਆਂ ਅਤੇ ਆਪਣੀ ਮੰਜਿਲ ਨੂੰ ਸਰ ਕੀਤਾ ਅਤੇ ਜਿੱਥੇ ਉਹਨਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜਿਲਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ, ਡਾ. ਨਰੇਸ਼ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ ਵੀ ਹਾਜ਼ਰ ਸਨ। 

No comments: